ਚਿੰਤਾ ਦਾ ਸਬੱਬ ਬਣੀ ਇਸਲਾਮਿਕ ਸਟੇਟ - ਗੁਰਪ੍ਰੀਤ ਸਿੰਘ ਖੋਖਰ
Posted on:- 12-09-2014
ਦੁਨੀਆਂ ਦੀਆਂ ਸਭ ਤੋਂ ਪ੍ਰਾਚੀਨ ਸੱਭਿਆਤਾਵਾਂ ’ਚੋਂ ਇੱਕ ਇਰਾਕ ਅੱਜ ਆਪਣੀ ਹੋਂਦ ਲਈ ਜੂਝ ਰਿਹਾ ਹੈ । ਪੁਰਾਣੇ ਸਮੇਂ ’ਚ ‘ਮੈਸੋਪਟਾਮੀਆ ਸੱਭਿਅਤਾ’ ਦੇ ਨਾਂਅ ਨਾਲ ਜਾਣਿਆ ਜਾਣ ਵਾਲਾ ਇਹ ਮੁਲਕ ਸਿੱਖਿਆ, ਵਪਾਰ, ਤਕਨੀਕ, ਸਮਾਜਿਕ ਵਿਕਾਸ, ਸੱਭਿਅਤਾ ਨੂੰ ਲੈ ਕੇ ਕਾਫੀ ਖੁਸ਼ਹਾਲ ਰਿਹਾ ਹੈ, ਪਰ ਪਿਛਲੀ ਸਦੀ ਦੇ ਆਖਰੀ ਦਹਾਕੇ ’ਚ ਇਸ ਪ੍ਰਾਚੀਨ ਸੱਭਿਅਤਾ ਨੂੰ ਆਧੁਨਿਕ ਮਹਾਂਸ਼ਕਤੀਆਂ ਦੀ ਨਜ਼ਰ ਲੱਗ ਗਈ। ਇਸ ਦਾ ਕਾਰਨ ਬਣਿਆ ਤੇਲ । ਅਮਰੀਕਾ ਤੇ ਇਸ ਦੇ ਸਾਥੀ ਦੇਸ਼ਾਂ ਵੱਲੋਂ ਇਰਾਕ ਦੀ ਤਤਕਾਲੀ ਸੱਦਾਮ ਸਰਕਾਰ ਕੋਲ ਖ਼ਤਰਨਾਕ ਜੈਵਿਕ ਹਥਿਆਰਾਂ ਹੋਣ ਦਾ ਬਹਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ । ਖ਼ਤਰਨਾਕ ਜੈਵਿਕ ਹਥਿਆਰ ਤਾਂ ਮਿਲੇ ਨਹੀਂ, ਪਰ ਸਥਿਰ ਇਰਾਕ ਆਈ.ਐੱਸ. ਜਿਹੇ ਖ਼ਤਰਨਾਕ ਤੇ ਕੱਟੜ ਅੱਤਵਾਦੀ ਸੰਗਠਨ ਦੇ ਚੁੰਗਲ ’ਚ ਫਸ ਕੇ ਭਿਆਨਕ ਮੱਧਯੁੱਗ ਦੇ ਦੌਰ ’ਚ ਪਹੁੰਚ ਗਿਆ ਦਿਖਾਈ ਦਿੰਦਾ ਹੈ ।
ਆਪਣੇ ਆਪ ਨੂੰ ਦੁਨੀਆ ਭਰ ’ਚ ਲੋਕਤੰਤਰ ਦੇ ਸਭ ਤੋਂ ਵੱਡੇ ਰਖਵਾਲੇ ਵਜੋਂ ਪੇਸ਼ ਕਰਨ ਵਾਲੇ ਪੱਛਮੀ ਮੁਲਕਾਂ ਨੇ ਆਪਣੇ ਹਿੱਤਾਂ ਖ਼ਾਤਿਰ ਸਿਲਸਿਲੇਵਾਰ ਤਰੀਕੇ ਨਾਲ ਇੱਕ ਤੋਂ ਬਾਅਦ ਇੱਕ ਇਰਾਕ ’ਚ ਸੱਦਾਮ ਹੁਸੈਨ, ਮਿਸਰ ’ਚ ਹੁਸਨੀ ਮੁਬਾਰਕ ਅਤੇ ਲੀਬੀਆ ’ਚ ਕਰਨਲ ਗੱਦਾਫੀ ਆਦਿ ਨੂੰ ਉਨ੍ਹਾਂ ਦੀ ਸੱਤਾ ਤੋਂ ਬੇਦਖਲ ਕੀਤਾ ਹੈ । ਇਨ੍ਹਾਂ ਹੁਕਮਰਾਨਾਂ ਦਾ ਆਚਰਣ ਰਵਾਇਤੀ ਤੌਰ ’ਤੇ ਸੈਕੂਲਰ ਰਿਹਾ ਹੈ । ਅੱਜ ਇਹ ਸਾਰੇ ਮੁਲਕ ਭਿਆਨਕ ਖ਼ੂਨ-ਖਰਾਬੇ ਅਤੇ ਅਸਥਿਰਤਾ ਦੇ ਦੌਰ ’ਚ ਗੁਜ਼ਰ ਰਹੇ ਹਨ ਅਤੇ ਹੁਣ ਇੱਥੇ ਕੱਟੜਪੰਥੀਆਂ ਦਾ ਬੋਲਬਾਲਾ ਹੈ । ‘ਇਸਲਾਮਿਕ ਸਟੇਟ’ ਵੀ ਇਸੇ ਦੀ ਦੇਣ ਹੈ । ਇਸਲਾਮਿਕ ਸਟੇਟ ਇਰਾਕ ਅਤੇ ਸੀਰੀਆ ਦੇ ਇੱਕ ਵੱਡੇ ਹਿੱਸੇ ’ਤੇ ਆਪਣਾ ਕਬਜ਼ਾ ਜਮਾ ਚੁੱਕਿਆ ਹੈ । ਉਨ੍ਹਾਂ ਦਾ ਮਕਸਦ 14 ਵੀਂ ਸਦੀ ਦੇ ਸਮਾਜਿਕ- ਰਾਜਨੀਤਕ ਢਾਂਚੇ ਨੂੰ ਫਿਰ ਤੋਂ ਲਾਗੂ ਕਰਨਾ ਹੈ, ਜਿੱਥੇ ਅਸਹਿਮਤੀਆਂ ਲਈ ਕੋਈ ਜਗ੍ਹਾ ਨਹੀਂ ਹੈ । ਉਨ੍ਹਾਂ ਦੀ ਸੋਚ ਹੈ ਕਿ ਜਾਂ ਤਾਂ ਤੁਸੀਂ ਉਨ੍ਹਾਂ ਦੀ ਤਰ੍ਹਾਂ ਬਣ ਜਾਵੋ ਨਹੀਂ ਤਾਂ ਤੁਹਾਡਾ ਸਫਾਇਆ ਕਰ ਦਿੱਤਾ ਜਾਵੇਗਾ।
ਧਰਮ ਦੇ ਨਾਂਅ ’ਤੇ ਆਪਣੀਆਂ ਗਤੀਵਿਧੀਆਂ ਚਲਾਉਣ ਵਾਲੇ ਇਸਲਾਮਿਕ ਸਟੇਟ ਨੇ ਇੰਟਰਨਨੈੱਟ ’ਤੇ ਪੰਜ ਮਿੰਟ ਦਾ ਦਿਲ ਦਹਿਲਾਉਣ ਵਾਲਾ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ’ਚ ਇੱਕ ਨਕਾਬਪੋਸ਼ ਅੱਤਵਾਦੀ ਅਮਰੀਕੀ ਪੱਤਰਕਾਰ ਜੇਮਸ ਰਾਈਟ ਫੋਲੇਅ ਦੀ ਗਰਦਨ ਚਾਕੂ ਨਾਲ ਕੱਟ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਰਿਹਾ ਹੈ । ਇਸ ਤੋਂ ਪਹਿਲਾਂ ਵੀ ਪੂਰੀ ਦੁਨੀਆ ਇਰਾਕ ’ਚ ਆਈ.ਐੱਸ. ਅੱਤਵਾਦੀਆਂ ਵੱਲੋਂ ਘੱਟ ਗਿਣਤੀ ਯਜੀਦੀ ਭਾਈਚਾਰੇ ਦੇ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਕਤਲੇਆਮ ਨੂੰ ਦੇਖ ਅਤੇ ਸੁਣ ਰਹੀ ਸੀ । ਭਿਆਨਕਤਾ ਦੀਆਂ ਦਾਸਤਾਨਾਂ ਲੂੂ ਕੰਡੇ ਖੜ੍ਹੀਆਂ ਕਰ ਦੇਣ ਵਾਲੀਆਂ ਹਨ । ਯਜੀਦੀ ਭਾਈਚਾਰੇ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਜ਼ਿੰਦਾ ਦਫ਼ਨ ਕੀਤਾ ਜਾ ਰਿਹਾ ਹੈ, ਔਰਤਾਂ ਨੂੰ ਗੁਲਾਮ ਬਣਾਇਆ ਗਿਆ ਹੈ । ਗੈਰ- ਸੁੰਨੀ ਮੁਸਲਮਾਨਾਂ ਖਿਲਾਫ ਵੀ ਇਹੋ ਵਿਵਹਾਰ ਕੀਤਾ ਜਾ ਰਿਹਾ ਹੈ । ਇੱਕ ਅੰਗੀ ਇਸਲਾਮ ’ਚ ਵਿਸ਼ਵਾਸ ਕਰਨ ਵਾਲੇ ਇਸਲਾਮਿਕ ਸਟੇਟ ਦੇ ਕੱਟੜਪੰਥੀ ਕਬਰਾਂ ਅਤੇ ਮਕਬਰਿਆਂ ਨੂੰ ਇਸਲਾਮ ਖਿਲਾਫ ਮੰਨਦੇ ਹਨ । ਇਸ ਲਈ ਉਹ ਪਾਗਲਪਣ ਦੀ ਹੱਦ ਨੂੰ ਪਾਰ ਕਰਦਿਆਂ ਗੈਰ- ਸੁੰਨੀ ਮੁਸਲਮਾਨਾਂ ਦੇ ਇਤਿਹਾਸਕ ਧਾਰਮਿਕ ਸਥਾਨਾਂ ਨੂੰ ਤਬਾਹ ਕਰ ਰਹੇ ਹਨ । ਉਨ੍ਹਾਂ ਦੀ ਸੋਚ ਕਿੰਨੀ ਸੌੜੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਕਿ ਦੁਕਾਨਾਂ ’ਤੇ ਲੱਗੇ ਹੋਏ ਸਾਰੇ ਬੁੱਤਾਂ ਦੇ ਚਿਹਰੇ ਢਕੇ ਹੋਣੇ ਚਾਹੀਦੇ ਹਨ। ਇਹੀ ਨਹੀਂ ਉਨ੍ਹਾਂ ਨੇ ਸੀਰੀਆ ਦੇ ਇੱਕ ਸ਼ਹਿਰ ’ਚ ਰਸਾਇਣ ਸਾਸ਼ਤਰ ਤੇ ਦਰਸ਼ਨ ਸਾਸ਼ਤਰ ਦੀ ਪੜ੍ਹਾਈ ’ਤੇ ਰੋਕ ਲਗਾਉਂਦਿਆਂ ਇਨ੍ਹਾਂ ਨੂੰ ‘ਗੈਰ- ਇਸਲਾਮਿਕ’ ਐਲਾਨਿਆ ਹੈ।
ਇਸੇ ਦਰਮਿਆਨ ਆਈ.ਐੱਸ. ਆਈ.ਐੱਸ. ਦੇ ਗਠਨ ’ਚ ਸੀ.ਆਈ.ਏ. ਅਤੇ ਮੋਸਾਦ ਜਿਹੀਆਂ ਖੁਫ਼ੀਆ ਏਜੰਸੀਆਂ ਦੀ ਸਰਗਰਮ ਭੂਮਿਕਾ ਦੀਆਂ ਖ਼ਬਰਾਂ ਵੀ ਆਈਆਂ ਹਨ । ਅਮਰੀਕੀ ਖੁਫ਼ੀਆ ਏਜੰਸੀ ਸੀ. ਆਈ.ਏ. ਦੇ ਸਾਬਕਾ ਅਧਿਕਾਰੀ ਐਡਵਰਡ ਸਨੋਡੇਨ ਨੇ ਖੁਲਾਸਾ ਕੀਤਾ ਹੈ ਕਿ ਇਸਲਾਮਿਕ ਸਟੇਟ ਦਾ ਮੁਖੀ ਅਬੂ ਬਕਰ ਅਲਬਗਦਾਦੀ ਅਮਰੀਕਾ ਅਤੇ ਇਜ਼ਰਾਇਲ ਦਾ ਏਜੰਟ ਹੈ ਤੇ ਉਸ ਨੂੰ ਇਜ਼ਰਾਇਲ ’ਚ ਸਿਖਲਾਈ ਦਿੱਤੀ ਗਈ। ਐਡਵਰਡ ਸਨੋਡੇਨ ਅਨੁਸਾਰ ਸੀ.ਆਈ.ਏ. ਨੇ ਬਿ੍ਰਟੇਨ ਅਤੇ ਇਜ਼ਰਾਇਲ ਦੀਆਂ ਖੁਫ਼ੀਆ ਏਜੰਸੀਆਂ ਨਾਲ ਮਿਲ ਕੇ ਇਸਲਾਮਿਕ ਸਟੇਟ ਜਿਹਾ ਜਿਹਾਦੀ ਸੰਗਠਨ ਬਣਾਇਆ ਹੈ, ਜੋ ਦੁਨੀਆ ਭਰ ਦੇ ਕੱਟੜਪੰਥੀਆਂ ਨੂੰ ਆਕਰਸ਼ਿਤ ਕਰ ਸਕੇ । ਇਸ ਨੀਤੀ ਨੂੰ ‘ਦੀ ਹਾਰਨੀਟਜ ਨੀਸਟ’ ਦਾ ਨਾਂਅ ਦਿੱਤਾ ਗਿਆ । ਅਮਰੀਕਾ ਦੇ ਪੁਰਾਣੇ ਇਤਿਹਾਸ ਨੂੰ ਦੇਖਦਿਆਂ ਐਡਵਰਡ ਸਨੋਡੇਨ ਦੇ ਇਸ ਖੁਲਾਸੇ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ । ਆਖਰਕਾਰ ਇਹ ਅਮਰੀਕਾ ਹੀ ਸੀ, ਤਾਂ ਜਿਸ ਨੇ ਅਫ਼ਗਾਨਿਸਤਾਨ ’ਚ ਮੁਜ਼ਾਹਿਦੀਨਾਂ ਦੀ ਮੱਦਦ ਕੀਤੀ ਸੀ, ਜਿਸ ਤੋਂ ਅੱਗੇ ਚੱਲ ਕੇ ਅਲ-ਕਾਇਦਾ ਦਾ ਜਨਮ ਹੋਇਆ । ਅਮਰੀਕਾ ਦੇ ਸਹਿਯੋਗੀ ਖਾੜੀ ਦੇਸ਼ਾਂ ’ਤੇ ਆਈ.ਐੱਸ. ਦੀ ਮੱਦਦ ਕਰਨ ਦੇ ਦੋਸ਼ ਹਨ। ਨਾਲ ਹੀ ਇਸ ਸੰਗਠਨ ਕੋਲ ਏਨੇ ਆਧੁਨਿਕ ਹਥਿਆਰ ਕਿੱਥੋਂ ਆਏ, ਇਸ ਨੂੰ ਲੈ ਕੇ ਵੀ ਸਵਾਲ ਪੈਦਾ ਹੁੰਦਾ ਹੈ।
ਇਸਲਾਮਿਕ ਸਟੇਟ ਦਾ ਮਕਸਦ ਹੈ ਕਿ 15 ਵੀਂ ਸਦੀ ’ਚ ਦੁਨੀਆ ਦੇ ਜਿੰਨੇ ਹਿੱਸੇ ’ਤੇ ਮੁਸਲਮਾਨਾਂ ਦਾ ਕਬਜ਼ਾ ਸੀ, ਉੱਥੇ ਦੁਬਾਰਾ ਉਨ੍ਹਾਂ ਦੀ ਹਕੂਮਤ ਕਾਇਮ ਹੋਵੇ। ਭਾਰਤ ਦੇ ਸਬੰਧ ’ਚ ਗੱਲ ਕਰੀਏ ਤਾਂ ਇੱਥੇ ਵੀ ਕੁਝ ਘਟਨਾਵਾਂ ਵਾਪਰੀਆਂ ਹਨ । ਪਿਛਲੇ ਦਿਨੀਂ ਨਦਵਾ ਜਿਹੇ ਪ੍ਰਸਿੱਧ ਸਿੱਖਿਆ ਕੇਂਦਰ ਦੇ ਇੱਕ ਅਧਿਆਪਕ ਸਲਮਾਨ ਨਦਵੀ ਵੱਲੋਂ ਆਈ.ਐੱਸ. ਆਈ.ਐੱਸ. ਦੇ ਸਰਗਨਾ ਅਬੂਬਕਰ ਬਗਦਾਦੀ ਨੂੰ ਇੱਕ ਚਿੱਠੀ ਲਿਖ ਕੇ ਵਧਾਈ ਦੇਣ ਦੀ ਗੱਲ ਸਾਹਮਣੇ ਆਈ ਹੈ। ਇਸ ਚਿੱਠੀ ’ਚ ਲਿਖਿਆ ਗਿਆ ਹੈ ਕਿ ਤੁਹਾਨੂੰ ਅਮੀਰ- ਉਲ- ਮੋਮੋਨੀਨ (ਖਲੀਫ਼ਾ) ਮੰਨ ਲਿਆ ਹੈ। ਸਲਮਾਨ ਨਦਵੀ ਵਿਸ਼ਵ ਪ੍ਰਸਿੱਧ ਇਸਲਾਮੀ ਵਿਦਵਾਨ ਮਰਹੂਮ ਮੌਲਾਨਾ ਅਬੁਲ ਹਸਨ ਨਦਵੀ ਉਰਫ਼ ਅਲੀ ਮੀਆਂ ਦੇ ਦੋਹਤੇ ਹਨ। ਇਸੇ ਤਰ੍ਹਾਂ ਮਹਾਂਰਾਸ਼ਟਰ ਦੇ ਚਾਰ ਨੌਜਵਾਨ, ਜੋ ਪੜ੍ਹੇ -ਲਿਖੇ ਪ੍ਰੋਫੈਸ਼ਨਲ ਹਨ, ਜਿਹਾਦੀਆਂ ਦਾ ਸਾਥ ਦੇਣ ਲਈ ਇਰਾਕ ਚਲੇ ਗਏ ਹਨ। ਕੁਝ ਮੁਸਲਿਮ ਸਮੂਹਾਂ ਨੇ ਇਸਲਾਮਿਕ ਸਟੇਟ ਦੀਆਂ ਗਤੀਵਿਧੀਆਂ ਦਾ ਜਨਤਕ ਵਿਰੋਧ ਵੀ ਕੀਤਾ ਹੈ, ਪਰ ਜਿਹਾਦੀਆਂ ਦਾ ਸਹਿਯੋਗ ਦੇਣ ਲਈ ਇਰਾਕ ਜਾਣਾ ਅਤੇ ਅਬੂਬਕਰ ਬਗਦਾਦੀ ਨੂੰ ਖ਼ਤ ਲਿਖਣਾ ਚਿੰਤਾ ਦਾ ਸਬੱਬ ਹੈ ।
ਸੰਪਰਕ: +91 86849 41262
jaswant kaur
bahut badhia ji, very knowledgeful