Wed, 30 October 2024
Your Visitor Number :-   7238304
SuhisaverSuhisaver Suhisaver

ਹਿੰਦੂ ਰਾਸ਼ਟਰਵਾਦੀ’ ਨਿਰੇਂਦਰ ਦਮੋਦਰ ਦਾਸ ਮੋਦੀ ਜੀ ਦੇ ਨਾਮ ਇੱਕ ਖੁੱਲ੍ਹਾ ਖ਼ਤ

Posted on:- 08-09-2014

ਮੂਲ: ਸ਼ਮਸੁਲ ਇਸਲਾਮ
ਅਨੁਵਾਦ: ਮਨਦੀਪ
ਸੰਪਰਕ: +91 98764 42052



ਨੋਟ: ਹਾਲੀਆ 16ਵੀਂਆਂ ਲੋਕ ਸਭਾਈ ਚੋਣਾਂ ‘ਚ ਬਹੁਰਾਸ਼ਟਰੀ ਕੰਪਨੀਆਂ, ਕਾਰਪੋਰੋਟ ਘਰਾਣਿਆਂ ਅਤੇ ਖਾਸਕਰ ਸੰਘ ਪਰਿਵਾਰ ਦੇ ਪਰਖੇ-ਪ੍ਰਤਿਆਏ ਨੁਮਾਇੰਦੇ ਨਿਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹਕੂਮਤੀ ਗੱਦੀ ਤੇ ਬਿਰਾਜਮਾਨ ਹੋਈ ਹੈ। ਇਸਨੇ ਸੱਤਾਸੀਨ ਹੋਣ ਦੇ ਫੌਰੀ ਬਾਅਦ ਤੇਜੀ ਨਾਲ ਲੋਕਾਂ ਨੂੰ ਮਹਿੰਗਾਈ ਦੇ ਕੌੜੇ ਘੁੱਟ ਭਰਨ, ਬੀਮਾ, ਬੈਂਕ, ਰੇਲਵੇ ਆਦਿ ਖੇਤਰਾਂ ਨੂੰ ਬਹੁਰਾਸ਼ਟਰੀ ਲੁਟੇਰਿਆਂ ਅੱਗੇ ਸਿੱਧੇ ਵਿਦੇਸ਼ੀ ਨਿਵੇਸ਼ ਲਈ ਖੋਲ੍ਹਣ, ਪਬਲਿਕ-ਪ੍ਰਾਈਵੇਟ ਪਾਰਟਨਰਸ਼ਿੱਪ ਤੇ ਨਿੱਜੀਕਰਨ ਨੂੰ ਹੋਰ ਬੜਾਵਾ ਦੇਣ ਦੇ ਲੋਕ ਵਿਰੋਧੀ ਕਦਮ ਚੁੱਕੇ ਹਨ। ਨਵਉਦਾਰਵਾਦੀ ਨੀਤੀਆਂ ਨੂੰ ਬੇਰੋਕ-ਟੋਕ ਹੋਰ ਵੱਧ ਅੱਗੇ ਲਿਜਾਣ ਲਈ ਲੋਕਾਂ ਨੂੰ ਕੌੜੀ ਦਵਾਈ ਦੇ ਘੁੱਟ ਪਿਲਾਏ ਜਾ ਰਹੇ ਹਨ। ਕਾਰਪੋਰੇਟਪੱਖੀ ਵਿਕਾਸ ਮਾਡਲ ਨੂੰ ਹੋਰ ਅੱਗੇ ਲਿਜਾਣ ਲਈ ਜਿੱਥੇ ਅਜਿਹੇ ਲੋਕ ਵਿਰੋਧੀ ਕਦਮ ਚੁੱਕੇ ਜਾ ਰਹੇ ਹਨ ਉੱਥੇ ਯੂਰਪੀ ਫਾਸ਼ੀਵਾਦ-ਨਾਜੀਵਾਦ ਦੇ ਨਮੂਨੇ ਦਾ ਭਾਰਤੀ ਹਿੰਦੂ ਫਾਸ਼ੀਵਾਦ ਦਾ ਏਜੰਡਾ ਵੀ ਪੂਰੀ ਵਿਊਂਤਬੰਦੀ ਤੇ ਜੋਰਸ਼ੋਰ ਨਾਲ ਲਾਗੂ ਕੀਤਾ ਜਾ ਰਿਹਾ ਹੈ। ਯੂਨੀਫਾਰਮ ਸਿਵਲ ਕੋਡ ਲਾਗੂ ਕਰਨ, ਰਾਮ ਮੰਦਰ ਬਣਾਉਣ, ਧਾਰਾ 370 ਖਤਮ ਕਰਨ, ਵਿੱਦਿਆ, ਸਾਹਿਤ, ਕਲਾ ਤੇ ਸੱਭਿਆਚਾਰ ਦਾ ਭਗਵਾਂਕਰਨ ਕਰਨ ਆਦਿ ਦੇ ਇਕ ਤੋਂ ਬਾਅਦ ਇਕ ਵਿਵਾਦਿਤ ਬਿਆਨ ਆ ਰਹੇ ਹਨ। ਜਮਹੂਰੀਅਤ, ਭਿੰਨਤਾ ਤੇ ਅਸਹਿਮਤੀ ਦੀ ਅਵਾਜ਼ ਨੂੰ ਜਬਰੀ ਬੰਦ ਕੀਤਾ ਜਾ ਰਿਹਾ ਹੈ। ਹਿੰਦੂ ਫਾਸ਼ੀਵਾਦ ਦਾ ਖਤਰਨਾਕ ਚਿਹਰਾ ਸੱਤਾ ‘ਤੇ ਕਬਜੇ ਬਾਅਦ ਲਗਾਤਾਰ ਤੇਜੀ ਨਾਲ ਉਘੜਕੇ ਸਾਹਮਣੇ ਆ ਰਿਹਾ ਹੈ। ਸੰਘ ਦੇ ਲੁਕਵੇਂ ਤੇ ਪ੍ਰਤੱਖ ਦੋਵੇਂ ਤਰ੍ਹਾਂ ਦੇ ਏਜੰਡਿਆਂ, ਇਸਦੇ ਫਿਰਕੂ, ਗੈਰਜਮਹੂਰੀ, ਸ਼ਹੀਦਾਂ ਦੇ ਅਪਮਾਨ ਕਰਨ ਤੇ ਲੋਕਵਿਰੋਧੀ ਕਿਰਦਾਰ ਬਾਰੇ, ਦਲਿਤਾਂ, ਔਰਤਾਂ ਤੇ ਵੱਖ-ਵੱਖ ਘੱਟ ਗਿਣਤੀਆਂ ਪ੍ਰਤੀ ਤੁਅਸਬੀ ਤੇ ਨੀਚ ਨਜਰੀਏ ਬਾਰੇ ਅਤੇ ਫਾਸ਼ੀਵਾਦ-ਨਾਜੀਵਾਦ ਦੀ ਪੈਰੋਕਾਰੀ ਬਾਰੇ ਇਤਿਹਾਸਕ ਹਵਾਲਿਆਂ ਸਹਿਤ ਚਾਨਣਾ ਪਾਉਂਦਾ ਇਕ ਖੁੱਲ੍ਹਾ ਖਤ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਹ ਖਤ ਦਿੱਲੀ ਯੂਨੀਵਰਸਿਟੀ ਦੇ ਰਾਜਨੀਤੀਸ਼ਾਸ਼ਤਰ ਦੇ ਮੁੱਖ ਬੁਲਾਰੇ ਤੇ ਉੱਘੇ ਰੰਗਕਰਮੀ ਸ਼ਮਸੁਲ ਇਸਲਾਮ ਦੂਆਰਾ ਮੋਦੀ ਨੂੰ ਉਸ ਵਕਤ ਲਿਖਿਆ ਗਿਆ ਸੀ ਜਦੋਂ ਉਸਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਕੇ ਸੰਘ ਦੇ ਏਜੰਡੇ ਨੂੰ ਲਾਗੂ ਕਰਨ ਲਈ ਮੁੱਖ ਸੂਤਰਧਾਰ ਦੀ ਭੂਮਿਕਾ ਅਦਾ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਮੋਦੀ ਨੂੰ ਜੋ ਸਵਾਲ ਉਸ ਵਕਤ ਇਸ ਖੁੱਲ੍ਹੇ ਪੱਤਰ ‘ਚ ਕੀਤੇ ਗਏ ਸਨ ਉਹ ਅੱਜ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਤੇ ਅਹਿਮ ਹਨ। - ਅਨੁ.



ਸ਼੍ਰੀਮਾਨ!
ਆਸ ਹੈ ਤੁਸੀਂ ਠੀਕ ਹੋਵੋਂਗੇ। ਬੀਤੀ 22 ਜੁਲਾਈ ਨੂੰ ਯੂਰਪੀਨ ਨਿਊਜ਼ ਏਜੰਸੀ ਦੇ ਦੋ ਪੱਤਰਕਾਰਾਂ, ਰਾਸ ਕੋਲੇਵਿਨ ਅਤੇ ਗੋਤਪਤੀ ਨਾਲ ਗੱਲ ਕਰਦੇ ਹੋਏ ਤੁਸੀਂ ਆਪਣੇ ਆਪ ਨੂੰ ‘ਹਿੰਦੂ ਰਾਸ਼ਟਰਵਾਦੀ’ ਘੋਸ਼ਿਤ ਕੀਤਾ ਅਤੇ ਤੁਹਾਡੇ ‘ਚ ਇਕ ਦੇਸ਼ਭਗਤ ਹੋਣ ਦੀ ਭਾਵਨਾ ਦਾ ਸੰਚਾਰ ਕਰਨ ਲਈ ਤੁਸੀਂ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਸ਼ੁਕਰੀਆ ਅਦਾ ਕੀਤਾ। ਇਹ ਆਰ.ਐਸ.ਐਸ. ਦੀ ਸਿਖਲਾਈ ਹੈ ਕਿ ‘ਤੁਸੀਂ ਜੋ ਵੀ ਕੰਮ ਕਰਦੇ ਹੋ, ਤੁਹਾਨੂੰ ਲਗਦਾ ਹੈ ਕਿ ਤੁਸੀਂ ਦੇਸ਼ ਦੀ ਭਲਾਈ ਲਈ ਇਹ ਕਰ ਰਹੇ ਹੋ? ਇਹ ਬੁਨਿਆਦੀ ਸਿਖਲਾਈ ਹੈ। ਹੋਰ ਬੁਨਿਆਦੀ ਸਿਖਲਾਈ ਅਨੁਸ਼ਾਸ਼ਨ ਹੈ। ਤੁਹਾਡੇ ਜੀਵਨ ਨੂੰ ਅਨੁਸ਼ਾਸ਼ਿਤ ਹੋਣਾ ਚਾਹੀਦਾ ਹੈ।’1

ਨਿਊਜ਼ ਏਜੰਸੀ ਦਾ ਦਾਅਵਾ ਹੈ ਕਿ ਇਹ ਤੁਹਾਡੇ ਅਧਿਕਾਰਤ ਗਾਂਧੀ ਨਗਰ ਨਿਵਾਸ ਤੇ ਲਈ ਗਈ ਇਕ ‘ਦੁਰਲੱਭ ਇੰਟਰਵਿਊ’ ਹੈ। ਇਸ ਇੰਟਰਵਿਊ ਨੂੰ ਪੜ੍ਹਕੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਤੁਸੀਂ ਇਕ ਸਧਾਰਨ ਭਾਰਤੀ ਨਾਗਰਿਕ ਦੀ ਹੈਸੀਅਤ ਤੋਂ ਨਹੀਂ ਬਲਕਿ ਭਾਰਤ ਦੇ ਲੋਕਤੰਤਰਿਕ ਧਰਮ ਨਿਰਪੱਖ ਸੰਵਿਧਾਨ ਦੇ ਅਧੀਨ ਆਉਣ ਵਾਲੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ‘ਚ ਗੱਲ ਕਰ ਰਹੇ ਸੀ। ਕਿਉਂਕਿ ਤੁਸੀਂ ਪਾਰਦਰਸ਼ਤਾ ਰੱਖਣ ਦਾ ਦਾਅਵਾ ਕਰਦੇ ਹੋ ਇਸ ਲਈ ਮੈਂ ਇਸ ਉਮੀਦ ਨਾਲ ਇਹ ਖੁਲ੍ਹੀ ਚਿੱਠੀ ਲਿਖ ਰਿਹਾਂ ਹਾਂ ਕਿ ਤੁਸੀਂ ਮੇਰੇ ਦੁਆਰਾ ਉਠਾਏ ਸਵਾਲਾਂ ਦੇ ਉੱਤਰ ਜਰੂਰ ਦੇਵੋਗੇ।


ਆਰ.ਐਸ.ਐਸ. ਦੇ ਇਕ ਪ੍ਰਪੱਕ ਪ੍ਰਚਾਰਕ ਅਤੇ ਕੁਲਵਕਤੀ ਵਰਕਰ ਹੋਣ ਦੇ ਨਾਤੇ ਤੁਸੀਂ ਆਪਣੀਆਂ ਜੜ੍ਹਾਂ ਬਾਰੇ ਮੇਰੇ ਨਾਲੋਂ ਬੇਹਤਰ ਜਾਣਦੇ ਹੋਵੋਂਗੇ। ਮੈਂ ਤੁਹਾਡਾ ਧਿਆਨ ਇਸ ਤੱਥ ਵੱਲ ਲਿਜਾਣਾ ਚਾਹਾਂਗਾ ਕਿ ‘ਹਿੰਦੂ ਰਾਸ਼ਟਰਵਾਦੀ’ ਸ਼ਬਦ ਦੀ ਉਤਪਤੀ ਬਿ੍ਰਟਿਸ਼ ਸਾਮਰਾਜਵਾਦ ਵਿਰੁੱਧ ਭਾਰਤ ਦੇ ਅਜ਼ਾਦੀ ਸੰਗਰਾਮ ਦੌਰਾਨ ਇਕ ਇਤਿਹਾਸਕ ਸੰਦਰਭ ‘ਚ ਹੋਈ ਸੀ।

ਇਹ ਅਜ਼ਾਦੀ ਸੰਘਰਸ਼ ਮੁੱਖ ਰੂਪ ‘ਚ ਸੁਤੰਤਰ ਲੋਕਤੰਤਰ ਧਰਮ ਨਿਰਪੱਖ ਭਾਰਤ ਲਈ ਕਾਂਗਰਸ ਦੀ ਅਗਵਾਈ ‘ਚ ਲੜ੍ਹਿਆ ਗਿਆ ਸੀ। ‘ਮੁਸਲਿਮ ਰਾਸ਼ਟਰਵਾਦੀਆਂ’ ਨੇ ਮੁਸਲਿਮ ਲੀਗ ਦੇ ਬੈਨਰ ਹੇਠ ਅਤੇ ‘ਹਿੰਦੂ ਰਾਸ਼ਟਰਵਾਦੀਆਂ’ ਨੇ ‘ਹਿੰਦੂ ਮਹਾਂਸਭਾ’ ਤੇ ‘ਆਰ.ਐਸ.ਐਸ.’ ਦੇ ਬੈਨਰ ਹੇਠ ਇਸ ਅਜ਼ਾਦੀ ਘੋਲ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਹਿੰਦੂ ਅਤੇ ਮੁਸਲਿਮ ਦੋ ਅਲੱਗ ਰਾਸ਼ਟਰ ਹਨ। ਅਜ਼ਾਦੀ ਸੰਗਰਾਮ ਨੂੰ ਅਸਫਲ ਕਰਨ ਲਈ ਇਨ੍ਹਾਂ ਹਿੰਦੂ ਤੇ ਮੁਸਲਿਮ ਰਾਸ਼ਟਰਵਾਦੀਆਂ ਨੇ ਆਪਣੇ ਬਸਤੀਵਾਦੀ ਅਕਾਵਾਂ ਨਾਲ ਹੱਥ ਮਿਲਾ ਲਿਆ ਤਾਂ ਕਿ ਉਹ ਆਪਣੀ ਪਸੰਦ ਦੇ ਧਾਰਮਿਕ ਰਾਜ ‘ਹਿੰਦੂ ਸਤਾਨ ; ਜਾਂ ‘ਹਿੰਦੂ ਰਾਸ਼ਟਰ’ ਅਤੇ ਪਾਕਿਸਤਾਨ ਜਾਂ ਇਸਲਾਮੀ ਰਾਸ਼ਟਰ ਹਾਸਲ ਕਰ ਸਕਣ।

ਭਾਰਤ ਨੂੰ ਵੰਡਣ ‘ਚ ਮੁਸਲਿਮ ਲੀਗ ਦੀ ਭੂਮਿਕਾ ਅਤੇ ਇਸਦੀ ਰਾਜਨੀਤੀ ਦੇ ਵਿਸ਼ੇ ਨਾਲ ਲੋਕ ਚੰਗੀ ਤਰ੍ਹਾਂ ਜਾਣੂ ਹਨ ਪਰ ਮੈਨੂੰ ਲਗਦਾ ਹੈ ਕਿ ਅਜ਼ਾਦੀ ਪ੍ਰਾਪਤ ਹੋਣ ਦੇ ਬਾਅਦ ਅਜ਼ਾਦੀ ਸੰਗਰਾਮ ਦੌਰਾਨ ‘ਹਿੰਦੂ ਰਾਸ਼ਟਰਵਾਦੀਆਂ’ ਨੇ ਕਿਹੋ ਜਿਹੀ ਘਟੀਆ ਅਤੇ ਕਪਟੀ ਭੂਮਿਕਾ ਅਦਾ ਕੀਤੀ। ਇਸ ਵਿਸ਼ੇ ਸਬੰਧੀ ਤੁਹਾਡੀ ਯਾਦਦਾਸਤ ਤਾਜ਼ਾ ਕਰਨੀ ਜ਼ਰੂਰੀ ਹੈ।

ਨਰੇਂਦਰ ਜੀ ! ‘ਹਿੰਦੂ ਰਾਸ਼ਟਰਵਾਦੀ’ ਮੁਸਲਿਮ ਲੀਗ ਦੀ ਤਰ੍ਹਾਂ ਹੀ ਤੁਸੀਂ ਵੀ ਦੋ ਰਾਸ਼ਟਰੀ ਸਿਧਾਂਤ ‘ਚ ਯਕੀਨ ਰੱਖਦੇ ਹੋ। ਮੈਂ ਤੁਹਾਡਾ ਧਿਆਨ ਇਸ ਤੱਥ ਵੱਲ ਦਿਵਾਉਣਾ ਚਾਹਾਂਗਾ ਕਿ ਹਿੰਦੂਤਵ ਦੇ ਜਨਮਦਾਤਾ ਵੀ. ਡੀ. ਸਾਵਰਕਰ ਅਤੇ ਆਰ.ਐਸ.ਐਸ. ਦੋਵਾਂ ਦੀ ਦੋ ਰਾਸ਼ਟਰੀ ਸਿਧਾਂਤ ਵਿੱਚ ਸਾਫ-ਸਾਫ ਸਮਝਣ ਵਾਲੀ ਸ਼ਰਧਾ ਰਹੀ ਹੈ ਕਿ ਹਿੰਦੂ ਅਤੇ ਮੁਸਲਿਮ ਦੋ ਅਲੱਗ-ਅਲੱਗ ਰਾਸ਼ਟਰ ਹਨ। ਮੁਹੰਮਦ ਅਲੀ ਜਿਨਾਹ ਦੀ ਅਗਵਾਈ ਵਿੱਚ ਮੁਸਲਿਮ ਲੀਗ ਨੇ 1940 ‘ਚ ਭਾਰਤ ਦੇ ਮੁਸਲਮਾਨਾਂ ਲਈ ਪਾਕਿਸਤਾਨ ਦੀ ਸ਼ਕਲ ਵਿਚ ਇਕ ਅਲੱਗ ਹੋਮਲੈਂਡ ਦੀ ਮੰਗ ਦਾ ਪ੍ਰਸਤਾਵ ਪੇਸ਼ ਕੀਤਾ ਸੀ, ਪਰ ਸਾਵਰਕਰ ਨੇ ਤਾਂ ਇਸਤੋਂ ਕਾਫੀ ਪਹਿਲਾਂ 1937 ‘ਚ ਹੀ ਜਦੋਂ ਉਹ ਅਹਿਮਦਾਬਾਦ ਦੇ ਹਿੰਦੂ ਸਭਾ ਦੇ 19ਵੇਂ ਸੰਮੇਲਨ ਵਿੱਚ ਪ੍ਰਧਾਨਗੀ ਭਾਸ਼ਣ ਦੇ ਰਹੇ ਸਨ, ਉਦੋਂ ਹੀ ਉਨ੍ਹਾਂ ਨੇ ਐਲਾਨ ਕਰ ਦਿੱਤਾ ਸੀ ਕਿ ਹਿੰਦੂ ਅਤੇ ਮੁਸਲਮਾਨ ਦੋ ਅਲੱਗ ਰਾਸ਼ਟਰ ਹਨ।

‘ਫਿਲਹਾਲ ਭਾਰਤ ਵਿਚ ਦੋ ਦੁਸ਼ਮਣ ਰਾਸ਼ਟਰ ਕੋਲ-ਕੋਲ ਰਹਿ ਰਹੇ ਹਨ। ਕਈ ਕੱਚਘਰੜ ਰਾਜਨੀਤੀਵਾਨ ਇਹ ਮੰਨ ਕੇ ਵੱਡੀ ਗਲਤੀ ਕਰ ਬੈਠਦੇ ਹਨ ਕਿ ਹਿੰਦੋਸਤਾਨ ਪਹਿਲਾਂ ਤੋਂ ਹੀ ਇਕ ਸਦਭਾਵਪੂਰਨ ਰਾਸ਼ਟਰ ਦੇ ਰੂਪ ‘ਚ ਢਲ ਗਿਆ ਹੈ ਜਾਂ ਕੇਵਲ ਸਾਡੀ ਇੱਛਾ ਹੋਣ ਦੇ ਰੂਪ ‘ਚ ਬਦਲ ਜਾਵੇਗਾ। ਇਸ ਤਰ੍ਹਾਂ ਦੇ ਸਾਡੇ ਨੇਕਨੀਤੀ ਵਾਲੇ ਪਰ ਕੱਚੀ ਸੋਚ ਵਾਲੇ ਦੋਸਤ ਕੇਵਲ ਸੁਪਨਿਆ ਨੂੰ ਸਚਾਈ ‘ਚ ਬਦਲਣਾ ਚਾਹੁੰਦੇ ਹਨ। ਇਸ ਲਈ ਉਹ ਫਿਰਕਾਪ੍ਰਸਤ ਉਲਝਣਾਂ ਤੋਂ ਬੇਚੈਨ ਹੋ ਉੱਠਦੇ ਹਨ ਤੇ ਇਸ ਲਈ ਉਹ ਫਿਰਕਾਪ੍ਰਸਤ ਜੱਥੇਬੰਦੀਆਂ ਨੂੰ ਜਿੰਮੇਵਾਰ ਠਹਿਰਾਉਂਦੇ ਹਨ। ਪਰ ਠੋਸ ਤੱਥ ਇਹ ਹੈ ਕਿ ਤੱਥਹੀਣ ਫਿਰਕਾਪ੍ਰਸਤ ਸਵਾਲ ਹੋਰ ਕੁਝ ਨਹੀਂ ਸਗੋਂ ਸੈਂਕੜੇ ਸਾਲਾਂ ਤੋਂ ਹਿੰਦੂ ਅਤੇ ਮੁਸਲਮਾਨ ਵਿਚਕਾਰ ਸੱਭਿਆਚਾਰਕ ਧਾਰਮਿਕ ਅਤੇ ਕੌਮੀ ਦੁਸ਼ਮਣੀ ਦੇ ਨਤੀਜੇ ਸਾਡੇ ਤੱਕ ਪਹੁੰਚੇ ਹਨ। ਸਾਨੂੰ ਇਨ੍ਹਾਂ ਨਾਖੁਸ਼ਗਵਾਰ ਤੱਥਾਂ ਦਾ ਹਿੰਮਤ ਨਾਲ ਸਾਹਮਣਾ ਕਰਨਾ ਚਾਹੀਦਾ ਹੈ। ਅੱਜ ਇਹ ਬਿਲਕੁਲ ਨਹੀਂ ਮੰਨਿਆ ਜਾ ਸਕਦਾ ਕਿ ਹਿੰਦੋਸਤਾਨ ਏਕਤਾ ‘ਚ ਪਰੋਇਆ ਹੋਇਆ ਰਾਸ਼ਟਰ ਹੈ, ਇਸਦੇ ਉਲਟ ਹਿੰਦੋਸਤਾਨ ਵਿਚ ਮੁੱਖ ਦੋ ਰਾਸ਼ਟਰ ਹਨ, ਹਿੰਦੂ ਅਤੇ ਮੁਸਲਮਾਨ।’2

ਸ਼੍ਰੀਮਾਨ!, ਆਰ.ਐਸ.ਐਸ. ਨੇ ਹਮੇਸ਼ਾਂ ‘ਵੀਰ’ ਸਾਵਰਕਰ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਇਸ ਵਿਚਾਰ ਨੂੰ ਖਾਰਿਜ ਕੀਤਾ ਹੈ ਕਿ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈਆਂ ਨੇ ਮਿਲਕੇ ਇਕ ਰਾਸ਼ਟਰ ਦਾ ਗਠਨ ਕੀਤਾ ਹੈ। ਅਜ਼ਾਦੀ ਤੋਂ ਪਹਿਲੀ ਸਵੇਰ (14 ਅਗਸਤ 1947) ਨੂੰ ਪ੍ਰਕਾਸ਼ਿਤ ਆਰ.ਐਸ.ਐਸ. ਦੇ ਅੰਗਰੇਜੀ ਦੇ ਮੁੱਖ ਪੱਤਰ ‘ਆਰਗੇਨਾਇਜ਼ਰ’ ਵਿਚ ‘ਕਿੱਧਰ’ () ਸਿਰਲੇਖ ਹੇਠ ਪ੍ਰਕਾਸ਼ਿਤ ਸੰਪਾਦਕੀ ਵਿਚ ਇਕ ਵਾਰ ਪੂਰਨ ਦੋ ਰਾਸ਼ਟਰੀਸਿਧਾਂਤ ਵਿਚ ਵਿਸ਼ਵਾਸ਼ ਇਨ੍ਹਾਂ ਸ਼ਬਦਾਂ ਰਾਹੀ ਪੇਸ਼ ਕੀਤਾ ਗਿਆ।
‘ਰਾਸ਼ਟਰ ਦੀਆਂ ਗਲਤ ਧਾਰਨਾਵਾਂ ਤੋਂ ਗੁਮਰਾਹ ਹੋਣ ਤੋਂ ਬਚਣਾ ਚਾਹੀਦਾ ਹੈ ਕਿ ਬਹੁਤ ਸਾਰੇ ਦਿਮਾਗੀ ਭਰਮ ਅਤੇ ਵਰਤਮਾਨ ਅਤੇ ਭਵਿੱਖ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਜੇ ਅਸੀਂ ਇਸ ਸੌਖੇ ਤੱਥ ਨੂੰ ਸਵੀਕਾਰੀਏ ਕਿ ਹਿੰਦੂਸਤਾਨ ਵਿਚ ਸਿਰਫ ਹਿੰਦੂ ਹੀ ਰਾਸ਼ਟਰ ਦਾ ਨਿਰਮਾਣ ਕਰਦਾ ਹੈ ਅਤੇ ਰਾਸ਼ਟਰ ਦਾ ਢਾਂਚਾ ਉਸ ਸੁਰੱਖਿਅਤ ਅਤੇ ਸਹੀ ਬੁਨਿਆਦ ਤੇ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ।...ਸਵੈ ਰਾਸ਼ਟਰ ਨੂੰ ਹਿੰਦੂਆਂ ਦੁਆਰਾ ਹਿੰਦੂ ਰੀਤੀ-ਰਿਵਾਜ਼ਾਂ, ਸੱਭਿਆਚਾਰ, ਵਿਚਾਰਾਂ ਅਤੇ ਇਛਾਵਾਂ ਦੇ ਅਧਾਰ ਤੇ ਹੀ ਗਠਿਤ ਕੀਤਾ ਜਾਣਾ ਚਾਹੀਦਾ ਹੈ।’

‘ਮੇਰਾ ‘ਸੈਕੂਲਰਿਜ਼ਮ, ਇੰਡੀਆਂ ਫਸਟ’ ਵਾਲਾ ਤੁਹਾਡਾ ਦਾਅਵਾ ਵੀ ਸਮੱਸਿਆਗ੍ਰਸਤ ਹੈ। ਤੁਸੀਂ ਆਪਣੇ ਆਪ ਨੂੰ ‘ਭਾਰਤੀ ਰਾਸ਼ਟਰਵਾਦੀ’ ਨਹੀਂ ਬਲਕਿ ‘ਹਿੰਦੂ ਰਾਸ਼ਟਰਵਾਦੀ’ ਮੰਨਦੇ ਹੋ। ਜੇ ਤੁਸੀਂ ‘ਹਿੰਦੂ ਰਾਸ਼ਟਰਵਾਦੀ’ ਹੋ, ਤਾਂ ਨਿਸ਼ਚਿਤ ਰੂਪ ਨਾਲ ਫਿਰ ਤਾਂ ਦੇਸ਼ ਵਿਚ ‘ਮੁਸਲਿਮ ਰਾਸ਼ਟਰਵਾਦੀ’, ‘ਸਿੱਖ ਰਾਸ਼ਟਰਵਾਦੀ’, ‘ਇਸਾਈ ਰਾਸ਼ਟਰਵਾਦੀ’ ਅਤੇ ਹੋਰ ‘ਰਾਸ਼ਟਰਵਾਦੀ’ ਵੀ ਹੋਣਗੇ। ਇਸ ਤਰ੍ਹਾਂ ਤੁਸੀ ਭਾਰਤ ਵੰਡ ਲਈ ਜਮੀਨ ਤਿਆਰ ਕਰ ਰਹੇ ਹੋ। ਲਾਜ਼ਮੀ ਤੌਰ ਤੇ ਇਹ ਤੁਹਾਡੇ ਸੰਗਠਨ ਦੇ ਦੋ ਰਾਸ਼ਟਰੀ ਸਿਧਾਂਤ ‘ਚ ਅਟੁੱਟ ਵਿਸ਼ਵਾਸ਼ ਕਾਰਨ ਹੈ।

‘ਹਿੰਦੂ ਰਾਸ਼ਟਰਵਾਦੀ’ ਰਾਸ਼ਟਰੀ ਝੰਡੇ ਤਿਰੰਗੇ ਦੀ ਨਿੰਦਾ ਕਰਦੇ ਹਨ।

ਸ਼੍ਰੀਮਾਨ ਮੋਦੀ ਜੀ! ਆਰ.ਐਸ.ਐਸ. ਦੇ ਇਕ ਵੱਡੇ ਅਤੇ ਪੁਰਾਣੇ ਕਾਰਕੁੰਨ ਹੋਣ ਕਰਕੇ ਤੁਸੀ ਚੰਗੀ ਤਰ੍ਹਾਂ ਜਾਣਦੇ ਹੋਵੋਂਗੇ ਕਿ ਆਰ.ਐਸ.ਐਸ. ਦੇ ਮੁੱਖ ਪੱਤਰ ‘ਆਰਗੇਨਾਇਜ਼ਰ’ ਨੇ ਅਜ਼ਾਦੀ ਪ੍ਰਾਪਤੀ ਦੀ ਪਹਿਲੀ ਸਵੇਰ ਤੇ ਰਾਸ਼ਟਰੀ ਝੰਡੇ ਲਈ ਇਸ ਭਾਸ਼ਾ ਦੀ ਵਰਤੋਂ ਕੀਤੀ ਸੀ-‘ਉਹ ਲੋਕ ਜੋ ਕਿਸਮਤ ਦੇ ਬਲ ਨਾਲ ਸੱਤਾ ਤੱਕ ਪਹੁੰਚੇ ਹਨ ਉਹ ਭਲਾਂ ਹੀ ਸਾਡੇ ਹੱਥਾਂ ‘ਚ ਤਿਰੰਗਾ ਦੇ ਦੇਣ, ਪਰ ਹਿੰਦੂਆਂ ਦੁਆਰਾ ਨਾ ਇਸਨੂੰ ਕਦੇ ਸਨਮਾਣਿਤ ਕੀਤਾ ਜਾ ਸਕੇਗਾ ਨਾ ਅਪਣਾਇਆ ਜਾ ਸਕੇਗਾ। ਤਿੰਨ ਦਾ ਅੰਕੜਾ ਆਪਣੇ ਆਪ ‘ਚ ਅਸ਼ੁੱਭ ਹੈ ਅਤੇ ਇਕ ਐਸਾ ਝੰਡਾ ਜਿਸ ਵਿਚ ਤਿੰਨ ਰੰਗ ਹੋਣ, ਬੇਹੱਦ ਖਰਾਬ ਮਨੋਵਿਗਿਆਨਕ ਅਸਰ ਪਾਵੇਗਾ ਅਤੇ ਦੇਸ਼ ਲਈ ਨੁਕਸਾਨਦਾਇਕ ਹੋਵੇਗਾ।‘3

‘ਹਿੰਦੂ ਰਾਸ਼ਟਰਵਾਦੀਆਂ’ ਨੇ 1942-43 ‘ਚ ਮੁਸਲਿਮ ਲੀਗ ਨਾਲ ਮਿਲਕੇ ਗੱਠਜੋੜ ਸਰਕਾਰ ਚਲਾਈ

ਸੰਨ 1942 ਭਾਰਤ ਦੇ ਅਜ਼ਾਦੀ ਸੰਗਰਾਮ ਦੇ ਇਤਿਹਾਸ ‘ਚ ਬਹੁਤ ਹੀ ਮਹੱਤਵਪੂਰਨ ਵਰ੍ਹਾ ਹੈ। ਅੰਗਰੇਜ਼ਾਂ ਖਿਲਾਫ ਇਕ ਦੇਸ਼ਵਿਆਪੀ ਸੱਦਾ ‘ਅੰਗਰੇਜੋ ਭਾਰਤ ਛੱਡੋ’ ਦਿੱਤਾ ਗਿਆ ਸੀ। ਇਸਦੇ ਜਵਾਬ ‘ਚ ਬਿ੍ਰਟਿਸ਼ ਸ਼ਾਸ਼ਕਾਂ ਨੇ ਦੇਸ਼ ਨੂੰ ਨਰਕ ‘ਚ ਬਦਲ ਦਿੱਤਾ ਸੀ। ਬਿ੍ਰਟਿਸ਼ ਹਥਿਆਰਬੰਦ ਦਸਤਿਆਂ ਨੇ ਪੂਰੀ ਤਰ੍ਹਾਂ ਨਾਲ ਕਾਨੂੰਨ ਦੇ ਸ਼ਾਸ਼ਨ ਦੀ ਅਣਦੇਖੀ ਕਰਦੇ ਹੋਏ ਵੱਡੇ ਪੈਮਾਨੇ ਤੇ ਆਮ ਭਾਰਤੀਆਂ ਨੂੰ ਮਾਰ ਦਿਤਾ। ਲੱਖਾਂ ਲੋਕਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਅਤੇ ਹਜ਼ਾਰਾਂ ਨੂੰ ਭਿਆਨਕ ਦਮਨ ਤੇ ਸਜਾਵਾਂ ਦਾ ਸਾਹਮਣਾ ਕਰਨਾ ਪਿਆ। ਬਿ੍ਰਟਿਸ਼ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਸ਼ਾਸ਼ਨ ਕਰ ਰਹੀਆਂ ਕਾਂਗਰਸੀ ਸਰਕਾਰਾਂ ਬਰਖਾਸਤ ਕਰ ਦਿੱਤੀਆਂ ਗਈਆਂ। ਕੇਵਲ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਹੀ ਐਸੇ ਰਾਜਨੀਤਿਕ ਸੰਗਠਨ ਸਨ ਜਿਨ੍ਹਾਂ ਨੂੰ ਆਪਣਾ ਕੰਮ ਜਾਰੀ ਰੱਖਣ ਦੀ ਆਗਿਆ ਦਿੱਤੀ ਗਈ। ਇਨ੍ਹਾਂ ਦੋਨਾਂ ਸੰਗਠਨਾਂ ਨੇ ਨਾ ਕੇਵਲ ਬਿ੍ਰਟਿਸ਼ ਸ਼ਾਸ਼ਕਾਂ ਦੀ ਸੇਵਾ ਕੀਤੀ ਬਲਕਿ ਮਿਲਕੇ ਗੱਠਜੋੜ ਸਰਕਰਾਂ ਵੀ ਚਲਾਈਆਂ। ਆਰ.ਐਸ.ਐਸ. ਦੇ ਮਹਾਂਪ੍ਰਭੂ ‘ਵੀਰ’ ਸਾਵਰਕਰ ਨੇ 1942 ‘ਚ ਕਾਨਪੁਰ ‘ਚ ਹਿੰਦੂ ਮਹਾਂਸਭਾ ਦੇ 24ਵੇਂ ਮਹਾਂਸੰਮੇਲਨ ਵਿਚ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਸਦੀ ਪੁਸ਼ਟੀ ਕੀਤੀ ਕਿ.... ‘ਵਿਵਹਾਰਕ ਰਾਜਨੀਤੀ ਵਿੱਚ ਵੀ ਹਿੰਦੂ ਮਹਾਂਸਭਾ ਜਾਣਦੀ ਹੈ ਕਿ ਸਾਨੂੰ ਤਰਕਸੰਗਤ ਸਮਝੌਤੇ ਕਰਕੇ ਅੱਗੇ ਵੱਧਣਾ ਚਾਹੀਦਾ ਹੈ। ਇਸ ਤੱਥ ‘ਤੇ ਧਿਆਨ ਦੇਵੋ ਕਿ ਹਾਲ ਹੀ ਵਿਚ ਸਿੰਧ ਹਿੰਦੂ ਮਹਾਂਸਭਾ ਨੇ ਸੱਦੇ ਦੇ ਬਾਅਦ ਮੁਸਲਿਮ ਲੀਗ ਨਾਲ ਮਿਲੀ-ਜੁਲੀ ਸਰਕਾਰ ਚਲਾਉਣ ਦੀ ਜਿੰਮੇਵਾਰੀ ਲਈ। ਬੰਗਾਲ ਦਾ ਮਾਮਲਾ ਸਰਵਵਿਆਪੀ ਹੈ। ਲੀਗੀਆਂ (ਮੁਸਲਿਮ ਲੀਗ ਦੇ ਮੈਂਬਰ) ਨੂੰ ਕਾਂਗਰਸ ਵੀ ਆਪਣੇ ਦਾਬੂਪਣ ਦੇ ਬਾਵਜੂਦ ਖੁਸ਼ ਨਹੀਂ ਰੱਖ ਸਕੀ, ਪਰ ਜਦੋਂ ਉਹ ਹਿੰਦੂ ਮਹਾਂਸਭਾ ਦੇ ਸੰਪਰਕ ਵਿਚ ਆਏ ਤਾਂ ਕਾਫੀ ਤਰਕਸੰਗਤ ਸਮਝੌਤਿਆਂ ਤੇ ਸਮਾਜਿਕ ਵਿਵਹਾਰ ਲਈ ਤਿਆਰ ਹੋ ਗਏ ਅਤੇ ਸ਼੍ਰੀ ਫਜੁਲ-ਉਲ-ਹੱਕ ਦੇ ਪ੍ਰਧਾਨ ਮੰਤਰੀ ਪਦ ( ਉਨ੍ਹਾਂ ਦਿਨਾਂ ‘ਚ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਹੀ ਕਿਹਾ ਜਾਂਦਾ ਸੀ) ਅਤੇ ਹਿੰਦੂ ਮਹਾਂਸਭਾ ਦੇ ਕਾਬਿਲ ਤੇ ਸਨਮਾਣਯੋਗ ਨੇਤਾ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜ਼ੀ ਦੀ ਕਾਬਿਲ ਅਗਵਾਈ ਵਿਚ ਇਹ ਸਰਕਾਰ ਦੋਵਾਂ ਫਿਰਕਿਆਂ ਦੇ ਫਾਇਦੇ ਲਈ ਇਕ ਸਾਲ ਤੋਂ ਵੀ ਵੱਧ ਚੱਲੀ। ਅਤੇ ਸਾਡੇ ਸਨਮਾਣਿਤ ਮਹਾਂਸਭਾ ਨੇਤਾ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜ਼ੀ ਅਤੇ ਸਰਕਾਰ ਕਰੀਬ ਇਕ ਸਾਲ ਤੱਕ ਦੋਵਾਂ ਸਮੂਹਾਂ ਦੇ ਹਿੱਤਾਂ ‘ਚ ਸਫਲਤਾਪੂਰਵਕ ਚੱਲੀ।’4
ਜਦੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਲੜ੍ਹ ਰਹੇ ਸਨ ਤਦ ‘ਹਿੰਦੂ ਰਾਸ਼ਟਰਵਾਦੀ’ ਬਿ੍ਰਟਿਸ਼ ਹਕੂਮਤ ਅਤੇ ਬਿ੍ਰਟਿਸ਼ ਸੈਨਾ ਨੂੰ ਤਾਕਤਵਾਰ ਬਣਨ ਵਿਚ ਮਦਦ ਕਰ ਰਹੇ ਸਨ।

ਸ਼੍ਰੀਮਾਨ! ਮੈਂ ਸਮਝਦਾ ਹਾਂ ਕਿ ਤੁਸੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਮ ਤੋਂ ਜਰੂਰ ਜਾਣੂ ਹੋਵੋਂਗੇ। ਜਿਨ੍ਹਾਂ ਨੇ ਜਰਮਨੀ ਅਤੇ ਜਪਾਨ ਦੀ ਸੈਨਾ ਦੇ ਸਹਿਯੋਗ ਨਾਲ ਭਾਰਤ ਨੂੰ ਅਜ਼ਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ, ਇਸ ਸਮੇਂ ਦੌਰਾਨ ‘ਹਿੰਦੂ ਰਾਸ਼ਟਰਵਾਦੀਆਂ’ ਨੇ ਬਜਾਏ ਨੇਤਾ ਜੀ ਦੀ ਮਦਦ ਕਰਨ ਦੇ, ਨੇਤਾ ਜੀ ਦੇ ਅਜ਼ਾਦੀ ਸੰਘਰਸ਼ ਨੂੰ ਹਰਾਉਣ ‘ਚ ਬਿ੍ਰਟਿਸ਼ ਸ਼ਾਸ਼ਕਾਂ ਦੇ ਹੱਥ ਮਜ਼ਬੂਤ ਕੀਤੇ। ਹਿੰਦੂ ਮਹਾਂਸਭਾ ਨੇ ‘ਵੀਰ’ ਸਾਵਰਕਰ ਦੀ ਅਗਵਾਈ ਵਿਚ ਬਿ੍ਰਟਿਸ਼ ਫੌਜ਼ ਵਿਚ ਭਰਤੀ ਲਈ ਕੈਂਪ ਲਾਏ। ਹਿੰਦੂਤਵੀਆਂ ਨੇ ਅੰਗਰੇਜ਼ ਸਰਕਾਰ ਦੇ ਸਾਹਮਣੇ ਪੂਰਨ ਸਮਰਪਣ ਕਰ ਦਿੱੱਤਾ ਸੀ ਜੋ ‘ਵੀਰ’ ਸਾਵਰਕਰ ਦੇ ਹੇਠ ਦਿੱਤੇ ਭਾਸ਼ਣ ਤੋਂ ਹੋਰ ਵੀ ਸਾਫ ਹੋ ਜਾਂਦਾ ਹੈ-‘ਜਿੱਥੋਂ ਤੱਕ ਭਾਰਤ ਦੀ ਸੁਰੱਖਿਆ ਦਾ ਸਵਾਲ ਹੈ, ਹਿੰਦੂ ਸਮਾਜ ਨੂੰ ਭਾਰਤ ਸਰਕਾਰ ਦੇ ਯੁੱਧ ਸਬੰਧੀ ਯਤਨਾਂ ਵਿਚ ਪੂਰਨ ਸਹਿਯੋਗ ਦੀ ਭਾਵਨਾ ਨਾਲ ਬੇਜਿਝਕ ਜੁੜ ਜਾਣਾ ਚਾਹੀਦਾ ਹੈ ਜਦੋਂ ਤੱਕ ਇਹ ਹਿੰਦੂ ਹਿੱਤਾਂ ਦੇ ਫਾਇਦੇ ‘ਚ ਹੋਵੇ। ਹਿੰਦੂਆਂ ਨੂੰ ਵੱਡੀ ਸੰਖਿਆ ‘ਚ ਥਲ ਸੈਨਾ, ਨੌਸੈਨਾ ਅਤੇ ਹਵਾਈ ਸੈਨਾ ‘ਚ ਸ਼ਾਮਿਲ ਹੋਣਾ ਚਾਹੀਦਾ ਹੈ ਅਤੇ ਸਾਰੇ ਯੁੱਧ, ਗੋਲਾ-ਬਾਰੂਦ, ਅਤੇ ਜੰਗ ਦਾ ਸਮਾਨ ਬਣਾਉਣ ਵਾਲੇ ਕਾਰਖਾਨੇ ਵਗੈਰਾ ‘ਚ ਦਾਖਲ ਹੋਣਾ ਚਾਹੀਦਾ ਹੈ...ਜਿਕਰਯੋਗ ਹੈ ਕਿ ਯੁੱਧ ‘ਚ ਜਪਾਨ ਦੇ ਕੁੱਦਣ ਕਾਰਨ ਅਸੀਂ ਬਿ੍ਰਟੇਨ ਦੇ ਦੁਸ਼ਮਣਾਂ ਦੇ ਹਮਲਿਆਂ ਦੇ ਸਿੱਧੇ ਨਿਸ਼ਾਨੇ ਤੇ ਆ ਗਏ ਹਾਂ। ਇਸ ਲਈ ਅਸੀਂ ਚਾਹੁੰਦੇ ਹੋਈਏ ਜਾਂ ਨਾ, ਸਾਨੂੰ ਯੁੱਧ ਦੇ ਕਹਿਰ ਤੋਂ ਸਾਡੇ ਪਰਿਵਾਰਾਂ ਅਤੇ ਘਰ ਨੂੰ ਬਚਾਉਣਾ ਹੈ ਅਤੇ ਇਹ ਭਾਰਤ ਦੀ ਸੁਰੱਖਿਆ ਦੇ ਸਰਕਾਰੀ ਯੁੱਧ ਯਤਨਾਂ ਨੂੰ ਤਾਕਤ ਪਹੁੰਚਾ ਕੇ ਹੀ ਕੀਤਾ ਜਾ ਸਕਦਾ ਹੈ। ਇਸ ਲਈ ਹਿੰਦੂ ਮਹਾਂਸਭਾਈਆਂ ਨੂੰ ਖਾਸਕਰ ਬੰਗਾਲ ਅਤੇ ਅਸਮ ਦੇ ਸੂਬਿਆਂ ‘ਚ, ਜਿਨ੍ਹਾਂ ਅਸਰਦਾਰ ਤਰੀਕੇ ਨਾਲ ਸੰਭਵ ਹੋਵੇ, ਹਿੰਦੂੂਆਂ ਨੂੰ ਤੁਰੰਤ ਸੈਨਾ ‘ਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।‘5

ਆਰ.ਐਸ.ਐਸ. ਆਪਣੇ ਕਾਰਕੁੰਨਾਂ ‘ਚ ਕਿਹੋ ਜਿਹੀ ਭਾਵਨਾ ਭਰਦਾ ਹੈ ?

ਸ਼੍ਰੀਮਾਨ! ਤੁਸੀਂ ਆਪਣੀ ਇੰਟਰਵਿਊ ‘ਚ ਦਾਅਵਾ ਕੀਤਾ ਕਿ ਆਰ.ਐਸ.ਐਸ. ਆਪਣੇ ਕਾਰਕੁੰਨਾਂ ਦੇ ਮਨ ‘ਚ ਦੇਸ਼ਭਗਤੀ ਦੀ ਭਾਵਨਾ, ਰਾਸ਼ਟਰ ਦੀ ਭਲਾਈ ਲਈ ਕੰਮ ਕਰਨਾ ਅਤੇ ਅਨੁਸ਼ਾਸ਼ਨ ਦੀ ਭਾਵਨਾ ਭਰਦਾ ਹੈ। ਜਦੋਂ ਤੋਂ ਆਰ.ਐਸ.ਐਸ. ‘ਹਿੰਦੂ ਰਾਸ਼ਟਰ’ ਲਈ ਖੜ੍ਹਾ ਹੋਇਆ ਹੈ ਕੋਈ ਸਧਾਰਨ ਵਿਅਕਤੀ ਵੀ ਸਮਝ ਸਕਦਾ ਹੈ ਕਿ ਆਰ.ਐਸ.ਐਸ. ਦੇ ਹੱਥਾਂ ‘ਚ ਲੋਕਤੰਤਰੀ ਧਰਮ ਨਿਰਪੱਖ ਭਾਰਤ ਦਾ ਕੀ ਭਵਿੱਖ ਹੋ ਸਕਦਾ ਹੈ। ਤੁਹਾਡੇ ਨਾਲ ਸੰਘ ਦੇ ਪ੍ਰਮੁੱਖ ਪ੍ਰਚਾਰਕ ਗੋਵਾਲਕਰ ਦੇ ਉਸ ਭਾਸ਼ਣ ਨੂੰ ਵੀ ਸਾਂਝਾ ਕਰਨਾ ਚਾਹੀਦਾ ਹੈ ਕਿ ਆਰ.ਐਸ.ਐਸ. ਇਕ ਸਵੈ ਸੇਵਕ ਤੋਂ ਕੀ ਆਸਾਂ ਰੱਖਦਾ ਹੈ। 16 ਮਾਰਚ 1954 ਨੂੰ ਸਿੰਧੀ (ਵਰਧਾ) ‘ਚ ਸੰਘ ਦੇ ਉੱਚ ਅਗੂਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਸੀ ‘ਜੇਕਰ ਅਸੀਂ ਕਿਹਾ ਕਿ ਅਸੀਂ ਸੰਗਠਨ ਦੇ ਅੰਗ ਹਾਂ, ਅਸੀਂ ਉਸਦਾ ਅਨੁਸ਼ਾਸ਼ਨ ਮੰਨਦੇ ਹਾਂ ਤਾਂ ਫਿਰ ‘ਸਿਲੈਕਟਿਵਨੈਸ’ (ਪਸੰਦ) ਦਾ ਜੀਵਨ ‘ਚ ਕੋਈ ਥਾਂ ਨਾ ਹੋਵੇ। ਜੋ ਕਿਹਾ ਉਹੀ ਕਰਨਾ। ਕਬੱਡੀ ਕਿਹਾ ਤਾਂ ਕਬੱਡੀ ; ਬੈਠਕ ਕਿਹਾ, ਤਾਂ ਬੈਠਕ ਜਿਵੇਂ ਆਪਣੇ ਕੁਝ ਮਿੱਤਰਾਂ ਨੂੰ ਕਿਹਾ ਕਿ ਰਾਜਨੀਤੀ ਵਿੱਚ ਜਾ ਕੇ ਕੰਮ ਕਰੋ, ਤਾਂ ਉਸਦਾ ਅਰਥ ਇਹ ਨਹੀਂ ਕਿ ਉਹਨਾਂ ਨੂੰ ਇਸ ਲਈ ਬੜੀ ਦਿਲਚਸਪੀ ਜਾਂ ਪ੍ਰੇਰਨਾ ਹੈ। ਉਹ ਰਾਜਨੀਤਿਕ ਕੰਮਾਂ ਲਈ ਇਸ ਪ੍ਰਕਾਰ ਨਹੀਂ ਤੜਫਦੇ ਜਿਵੇਂ ਪਾਣੀ ਬਿਨਾਂ ਮੱਛੀ। ਪਰ ਉਨ੍ਹਾਂ ਨੂੰ ਰਾਜਨੀਤੀ ਵਿੱਚੋਂ ਵਾਪਸ ਆਉਣ ਲਈ ਕਿਹਾ ਤਾਂ ਵੀ ਇਸ ਵਿਚ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ। ਆਪਣੇ ਵਿਵੇਕ ਦੀ ਕੋਈ ਲੋੜ ਨਹੀਂ। ਜੋ ਕੰਮ ਸੌਂਪਿਆਂ ਗਿਆ ਹੋਵੇ ਉਸਦੀ ਯੋਗਤਾ ਪ੍ਰਾਪਤ ਕਰਨਗੇ ਅਜਿਹਾ ਨਿਸ਼ਚਾ ਕਰਕੇ ਹੀ ਇਹ ਲੋਕ ਚੱਲਦੇ ਹਨ।’6

ਗੁਰੂ ਗੋਵਾਲਕਰ ਦਾ ਦੂਜਾ ਭਾਸ਼ਣ ਵੀ ਇਸ ਬਾਰੇ ਮਹੱਤਵਪੂਰਨ ਹੈ।

‘ਸਾਨੂੰ ਇਹ ਵੀ ਪਤਾ ਹੈ, ਕਿ ਸਾਡੇ ਕੁਝ ਸਵੈਸੇਵਕ ਰਾਜਨੀਤੀ ਵਿਚ ਕੰਮ ਕਰਦੇ ਹਨ। ਉੱਥੇ ਉਨ੍ਹਾਂ ਨੂੰ ਉਸ ਕਾਰਜ ਦੀ ਜਰੂਰਤ ਅਨੁਸਾਰ ਜਲਸੇ, ਜਲੂਸ ਆਦਿ ਕਰਨੇ ਪੈਂਦੇ ਹਨ, ਨਾਅਰੇ ਲਗਾਉਣੇ ਹੁੰਦੇ ਹਨ। ਇਨ੍ਹਾਂ ਸਭ ਗੱਲਾਂ ਦਾ ਸਾਡੇ ਕੰਮ ਵਿੱਚ ਕੋਈ ਥਾਂ ਨਹੀਂ। ਪਰੰਤੂ ਨਾਟਕ ਦੇ ਪਾਤਰ ਦੀ ਤਰ੍ਹਾਂ ਜੋ ਭੂਮਿਕਾ ਲਈ, ਉਹ ਯੋਗਤਾ ਨਾਲ ਤਾਂ ਨਿਭਾਉਣੀ ਹੀ ਚਾਹੀਦੀ ਹੈ। ਪਰ ਇਸ ਨਟ ਦੀ ਭੂਮਿਕਾ ਤੋਂ ਅੱਗੇ ਵੱਧਕੇ ਕੰਮ ਕਰਦੇ-ਕਰਦੇ ਕਦੇ-ਕਦੇ ਲੋਕਾਂ ਦੇ ਮਨ ਵਿਚ ਉਸਦੀ ਦਿ੍ਰੜਤਾ ਪੈਦਾ ਹੋ ਜਾਂਦੀ ਹੈ। ਇਥੋਂ ਤੱਕ ਕਿ ਫਿਰ ਇਸ ਕਾਰਜ ਵਿਚ ਆਉਣ ਲਈ ਉਹ ਆਪਾਤਰ ਸਿੱਧ ਹੋ ਜਾਂਦੇ ਹਨ। ਇਹ ਤਾਂ ਠੀਕ ਨਹੀਂ। ਇਸ ਤਰ੍ਹਾਂ ; ਸਾਨੂੰ ਆਪਣੇ ਸੰਜਮਪੂਰਨ ਕਾਰਜ ਦੀ ਦਿ੍ਰੜਤਾ ਦਾ ਭਲੀਭਾਂਤ ਧਿਆਨ ਰੱਖਣਾ ਹੋਵੇਗਾ। ਲੋੜ ਹੋਈ ਤਾਂ ਅਸੀਂ ਅਸਮਾਨ ਤੱਕ ਵੀ ਉੱਛਲ-ਕੁੱਦ ਕਰ ਸਕਦੇ ਹਾਂ। ਪਰ ਬਲ ਦਿੱਤਾ ਤਾਂ ਬਲ ਵਿਚ ਹੀ ਖੜ੍ਹੇ ਹੋਵਾਂਗੇ।’7

ਸ਼੍ਰੀਮਾਨ ਮੋਦੀ! ਇਥੱੇ ਅਸੀਂ ਵੇਖਦੇ ਹਾਂ ਕਿ ਗੋਵਾਲਕਰ ਸੰਘ ਦੇ ਰਾਜਨੀਤਿਕ ਜੇਬੀ ਸੰਗਠਨਾਂ ਨੂੰ ਉਧਾਰ ਦਿੱਤੇ ਗਏ ਸਵੈਸੇਵਕਾਂ ਨੂੰ ਇਕ ‘ਨਟ’ ਜਾਂ ‘ਅਭਿਨੇਤਾ’ ਦਾ ਨਾਮ ਦਿੰਦੇ ਹਨ ਜੋ ਆਰ.ਐਸ.ਐਸ. ਦੀ ਤਾਲ ਤੇ ਨਾਚ ਕਰਨ। ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਗੋਵਾਲਕਰ ਨੇ ਆਪਣੇ ਰਾਜਨੀਤਿਕ ਸੰਗਠਨ ਨੂੰ ਕੰਟਰੋਲ ਕਰਨ ਦਾ ਉਪਰੋਕਤ ਡਿਜ਼ਾਇਜ ਮਾਰਚ 1960 ‘ਚ ਭਾਰਤੀ ਜਨਸੰਘ (ਭਾਜਪਾ ਦਾ ਪੂਰਵ ਰੂਪ) ਦੇ ਗਠਨ ਦੇ ਲੱਗਭਗ ਨੌਂ ਸਾਲ ਬਾਅਦ ਪੇਸ਼ ਕੀਤਾ ਸੀ। ਮੈਂ ਤੁਹਾਡੇ ਕੋਲੋਂ੍ਹ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਭਾਰਤ ਦੀ ਧਰਮ ਨਿਰਪੱਖ ਲੋਕਤੰਤਰਿਕ ਰਾਜਨੀਤੀ ਕਰ ਰਹੇ ਹੋ ਜਾਂ ਤੁਸੀਂ ਇਕ ‘ਨਟ’ ਮਾਤਰ ਹੋ, ਜੋ ਭਾਰਤ ਨੂੰ ਇਕ ਧਾਰਮਿਕ ਰਾਜ ਵਿਚ ਬਦਲਣ ਦਾ ਸੰਘ ਦਾ ਇਕ ਹਥਿਆਰ ਮਾਤਰ ਹੈ। ਸੱਚਾਈ ਇਹ ਹੈ ਕਿ ਸੰਘ ਆਪਣੇ ਸਵੈ ਸੇਵਕਾ ਨੂੰ ਰੀੜ੍ਹਹੀਣ ਬਣਾਉਦਾ ਹੈ।

ਭਾਰਤ ਦੇ ਅਜ਼ਾਦੀ ਸੰਗਰਾਮ ਵਿਚ ਆਰਐਸਐਸ ਦੀ ਗਦਾਰੀ

ਸ਼੍ਰੀਮਾਨ! ਦਸਤਾਵੇਜ਼ਾਂ ਵਿਚ ਦਰਜ ਆਰ.ਐਸ.ਐਸ. ਦੇ ਇਤਿਹਾਸ ਨੂੰ ਵੇਖਦੇ ਹੋਏ ਤੁਹਾਡਾ ਇਹ ਦਾਅਵਾ ਸ਼ੱਕੀ ਹੈ ਕਿ ਆਰ.ਐਸ.ਐਸ. ਨੇ ਤੁਹਾਨੂੰ ਦੇਸ਼ਭਗਤੀ ਦਾ ਪਾਠ ਪੜਾਇਆ। ਮੈਂ ਤੁਹਾਡੇ ਧਿਆਨ ਵਿਚ ਕੁਝ ਤੱਥ ਰੱਖਣਾ ਚਾਹਾਂਗਾ। ਭਾਰਤ ਦੇ ਅਜ਼ਾਦੀ ਸੰਗਰਾਮ ਦੌਰਾਨ ‘ਅਸਹਿਯੋਗ ਅੰਦੋਲਨ’ ਅਤੇ ‘ਭਾਰਤ ਛੱਡੋ ਅੰਦੋਲਨ’ ਮੀਲ ਦੇ ਦੋ ਪੱਥਰ ਹਨ। ਅਤੇ ਇਹ ਇਨ੍ਹਾਂ ਦੋ ਮਹੱਤਵਪੂਰਨ ਘਟਨਾਵਾਂ ਤੇ ਮਹਾਨ ਗੋਵਾਲਕਰ ਦਾ ਮਹਾਨ ਥੀਸਸ ਹੈ-‘ਸੰਘਰਸ਼ ਦੇ ਬੁਰੇ ਨਤੀਜੇ ਹੋਇਆ ਕਰਦੇ ਹਨ। 1920-21 ਦੇ ਅੰਦੋਲਨ ਤੋਂ ਬਾਅਦ ਨੌਜਵਾਨਾਂ ਨੇ ਨਿਰਭੈ ਹੋਣਾ ਸ਼ੁੁਰੂ ਕੀਤਾ। ਇਹ ਨੇਤਾਵਾਂ ਤੇ ਚਿੱਕੜ ਸੁੱਟਣ ਦੇ ਯਤਨ ਨਹੀਂ ਹਨ। ਪਰ ਸੰਘਰਸ਼ ਵਿੱਚੋਂ ਪੈਦਾ ਹੋਣ ਵਾਲੇ ਇਹ ਜਰੂਰੀ ਨਤੀਜੇ ਹਨ। ਗੱਲ ਐਨੀ ਹੀ ਹੈ ਕਿ ਇਨ੍ਹਾਂ ਨਤੀਜਿਆਂ ਨੂੰ ਕਾਬੂ ਰੱਖਣ ਲਈ ਅਸੀਂ ਠੀਕ ਪ੍ਰਬੰਧ ਨਹੀਂ ਕਰ ਸਕੇ। ਸੰਨ 1942 ਤੋਂ ਬਾਅਦ ਕਾਨੂੰਨ ਦਾ ਵਿਚਾਰ ਕਰਨਾ ਹੀ ਜਰੂਰੀ ਨਹੀਂ, ਅਜਿਹਾ ਆਮ ਤੌਰ ਤੇ ਲੋਕ ਸੋਚਣ ਲੱਗੇ।’8

ਇਸ ਤਰ੍ਹਾਂ ਗੁਰੂ ਗੋਵਾਲਕਰ ਇਹ ਚਾਹੁੰਦਾ ਸੀ ਕਿ ਹਿੰਦੋਸਤਾਨੀ ਅੰਗਰੇਜ਼ ਸ਼ਾਸ਼ਕਾਂ ਦੁਆਰਾ ਥੋਪੇ ਗਏ ਦਮਨਕਾਰੀ ਤੇ ਤਾਨਾਸ਼ਾਹ ਕਾਨੂੰਨਾਂ ਦਾ ਸਨਮਾਣ ਕਰਨ! ਸੰਨ 1942 ‘ਚ ਅੰਦੋਲਨ ਤੋਂ ਬਾਅਦ ਉਨ੍ਹਾਂ ਨੇ ਫਿਰ ਸਵੀਕਾਰ ਕੀਤਾ-

‘ਸੰਨ 1942 ਵਿਚ ਵੀ ਅਨੇਕਾਂ ਦੇ ਮਨ ਵਿਚ ਤਿੱਖਾ ਸੰਘਰਸ਼ ਸੀ। ਉਸ ਸਮੇਂ ਵੀ ਸੰਘ ਦਾ ਰੋਜ਼ਾਨਾ ਕਾਰਜ ਚਲਦਾ ਰਿਹਾ। ਪ੍ਰਤੱਖ ਰੂਪ ਵਿਚ ਸੰਘ ਨੇ ਕੁਝ ਨਾ ਕਰਨ ਦਾ ਸੰਕਲਪ ਲਿਆ। ਪਰੰਤੂ ਸੰਘ ਦੇ ਸਵੈ ਸੇਵਕਾਂ ਦੇ ਮਨ ਵਿਚ ਉਥਲ-ਪੁਥਲ ਚੱਲ ਰਹੀ ਸੀ। ਸੰਘ ਇਨ੍ਹਾਂ ਹਮਲਾਵਰ ਲੋਕਾਂ ਦੀ ਸੰਸਥਾਂ ਹੈ, ਇਨ੍ਹਾਂ ਦੀਆਂ ਗੱਲਾਂ ਦਾ ਕੋਈ ਅਰਥ ਨਹੀਂ, ਅਜਿਹਾ ਕੇਵਲ ਬਾਹਰ ਦੇ ਲੋਕਾਂ ਨੇ ਹੀ ਨਹੀਂ, ਕਈ ਆਪਣੇ ਸਵੈ ਸੇਵਕਾਂ ਨੇ ਵੀ ਕਿਹਾ। ਉਹ ਬਹੁਤ ਨਿਰਾਜ ਵੀ ਹੋਏ।’9

ਸ਼੍ਰੀਮਾਨ! ਸਾਨੂੰ ਦੱਸਿਆ ਗਿਆ ਹੈ ਕਿ ਸੰਘ ਨੇ ਸਿੱਧਾ ਕੁਝ ਨਹੀਂ ਕੀਤਾ। ਹਾਲਾਂਕਿ, ਇਕ ਵੀ ਪ੍ਰਕਾਸ਼ਨ ਜਾਂ ਦਸਤਾਵੇਜ਼ ਅਜਿਹਾ ਉਪਲਬਦ ਨਹੀਂ ਜੋ ਇਹ ਚਾਨਣਾ ਪਾਏ ਸਕੇ ਕਿ ਆਰ.ਐਸ.ਐਸ. ਨੇ ਭਾਰਤ ਛੱਡੋ ਅੰਦੋਲਨ ਲਈ ਪ੍ਰਤੱਖ ਰੂਪ ‘ਚ ਕੀ ਕੰਮ ਕੀਤਾ। ਅਸਲ ‘ਚ ਸੰਘ ਦੇ ਰਾਹਦਰਸਾਵੇ ‘ਵੀਰ’ ਸਾਵਰਕਰ ਨੇ ਇਸ ਦੌਰਾਨ ਮੁਸਲਿਮ ਲੀਗ ਨਾਲ ਗੱਠਜੋੜ ਸਰਕਾਰਾਂ ਚਲਾਈਆਂ। ਦਰਅਸਲ ਆਰ.ਐਸ.ਐਸ. ਨੇ ਪ੍ਰਤੱਖ ਜਾਂ ਗੁਪਤ ਤੌਰ ਤੇ ਭਾਰਤ ਛੱਡੋ ਅੰਦੋਲਨ ਦੇ ਹੱਕ ‘ਚ ਕੁਝ ਵੀ ਨਹੀਂ ਕੀਤਾ ਬਲਕਿ ਵਰਤਮਾਨ ‘ਚ, ਉਸਨੇ ਇਸ ਅੰਦੋਲਨ ਜੋ ਇਕ ਮਹਾਨ ਅੰਦੋਲਨ ਸੀ, ਦੇ ਖਿਲਾਫ ਹੀ ਕੰਮ ਕੀਤਾ ਜੋ ਤੁਹਾਨੂੰ ਅਤੇ ਤੁਹਾਡੇ ਸ਼ੁਭਚਿੰਤਕਾਂ ਲਈ ਦੇਸ਼ਭਗਤੀ ਦੇ ਵਿਰੁੱਧ ਸੀ।

ਆਰ.ਐਸ.ਐਸ. ਅਜ਼ਾਦੀ ਸੰਗਰਾਮ ਦੇ ਸ਼ਹੀਦਾਂ ਦਾ ਅਪਮਾਨ ਕਰਦਾ ਹੈ

ਸ਼੍ਰੀਮਾਨ! ਮੋਦੀ ਜੀ, ਮੈਂ ਗੁਰੂ ਜੀ ਦੇ ਉਸ ਭਾਸ਼ਣ ‘ਤੇ ਤੁਹਾਡੀ ਰਾਇ ਜਾਣਨਾ ਚਾਹੁੰਗਾ ਜੋ ਭਗਤ ਸਿੰਘ, ਚੰਦਰ ਸ਼ੇਖ਼ਰ ਅਜ਼ਾਦ ਅਤੇ ਅਸ਼ਫਾਕ ਉਲ੍ਹਾ ਖਾਂ ਦੀ ਕੁਰਬਾਨੀ ਦਾ ਅਪਮਾਨ ਕਰਦਾ ਹੈ। ਇੱਥੇ ਸੰਘ ਕਾਰਕੁੰਨਾਂ ਅਤੇ ਤੁਹਾਡੇ ਲਈ ਗੀਤਾ ਸਮਾਨ ਬਰਾਬਰ ਸੱਚ ‘ਬੰਚ ਆਫ ਥ੍ਰਟਸ’ ‘ਚ ‘ਬਲੀਦਾਨ ਮਹਾਨ ਪਰ ਆਦਰਸ਼ ਨਹੀਂ’ (, 7 2 9) ਦਾ ਇਕ ਅੰਸ਼ ਪੇਸ਼ ਹੈ-

‘ਬਿਨਾ ਸ਼ੱਕ ਅਜਿਹੇ ਮਨੁੱਖ ਜੋ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਹਨ ਮਹਾਨ ਮਨੁੱਖ ਹਨ ਅਤੇ ਉਨ੍ਹਾਂ ਦਾ ਜੀਵਨ ਦਰਸ਼ਨਮੁਖੀ ਮਨੁੱਖਤਾਪੂਰਨ ਹੈ। ਉਹ ਆਮ ਸਧਾਰਨ ਵਿਅਕਤੀਆਂ ਤੋਂ, ਜੋ ਚੁੱਪਚਾਪ ਭਾਗਾਂ ਅੱਗੇ ਸਮਰਪਣ ਕਰ ਦਿੰਦੇ ਹਨ, ਅਤੇ ਭੈਅਭੀਤ ਅਤੇ ਨਿਰਆਸਰੇ ਬਣੇ ਰਹਿੰਦੇ ਹਨ, ਬਹੁਤ ਉੱਚੇ ਹਨ। ਫਿਰ ਵੀ ਅਸੀਂ ਅਜਿਹੇ ਵਿਅਕਤੀਆਂ ਨੂੰ ਸਮਾਜ ਸਾਹਮਣੇ ਆਦਰਸ਼ ਦੇ ਰੂਪ ਨਹੀਂ ਰੱਖਿਆ। ਅਸੀਂ ਕੁਰਬਾਨੀ ਨੂੰ ਮਹਾਨਤਾ ਦਾ ਸਰਵਉੱਚ ਬਿੰਦੂ, ਜਿਸਦੀ ਮਨੁੱਖ ਆਸ ਕਰੇ, ਨਹੀਂ ਮੰਨਿਆ ਹੈ। ਕਿਉਂਕਿ, ਇਸ ਤਰ੍ਹਾਂ ਉਹ ਆਪਣਾ ਉਦੇਸ਼ ਪ੍ਰਾਪਤ ਕਰਨ ‘ਚ ਅਸਫਲ ਹੋਏ ਅਤੇ ਅਸਫਲਤਾ ਦਾ ਅਰਥ ਹੈ ਕਿ ਉਨ੍ਹਾਂ ‘ਚ ਕੋਈ ਗੰਭੀਰ ਤਰੁੱਟੀ ਸੀ।’10
ਸ਼੍ਰੀਮਾਨ! ਕੀ ਇਸ ਤੋਂ ਵੱਧਕੇ ਸ਼ਹੀਦਾਂ ਦੇ ਅਪਮਾਨ ਦਾ ਕੋਈ ਬਿਆਨ ਹੋ ਸਕਦਾ ਹੈ ? ਜਦਕਿ ਆਰ.ਐਸ.ਐਸ. ਦੇ ਸੰਸਥਾਪਕ ਡਾ. ਹੇਡਗੋਵਾਰ ਤਾਂ ਹੋਰ ਇਕ ਕਦਮ ਅੱਗੇ ਚਲੇ ਗਏ।

‘ਜੇਲ੍ਹ ’ਚ ਜਾਣਾ ਹੀ ਕੋਈ ਦੇਸ਼ਭਗਤੀ ਨਹੀਂ ਹੈ। ਐਸੀ ਹੋਛੀ (ਨੀਚ) ਦੇਸ਼ਭਗਤੀ ‘ਚ ਵਹਿਣਾ ਠੀਕ ਨਹੀਂ ਹੈ।’11
ਸ਼੍ਰੀਮਾਨ! ਕੀ ਤੁਹਾਨੂੰ ਨਹੀਂ ਲਗਦਾ ਕਿ ਜੇਕਰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਅਸ਼ਫਾਕਉੱਲ੍ਹਾ ਖਾਂ, ਚੰਦਰ ਸ਼ੇਖਰ ਅਜ਼ਾਦ ਤਤਕਾਲੀਨ ਸੰਘੀ ਅਗਵਾਈ ਦੇ ਸੰਪਰਕ ‘ਚ ਆ ਗਏ ਹੁੰਦੇ ਤਾਂ ਉਨ੍ਹਾਂ ਨੂੰ ‘ਹੋਛੀ (ਨੀਚ) ਦੇਸ਼ਭਗਤੀ’ ਲਈ ਜਾਨ ਦੇਣ ਤੋਂ ਬਚਾਇਆ ਜਾ ਸਕਦਾ ਸੀ ? ਯਕੀਨਨ, ਇਹੀ ਕਾਰਨ ਸੀ ਕਿ ਬਿ੍ਰਟਿਸ਼ ਸ਼ਾਸ਼ਨ ਦੌਰਾਨ ਆਰ.ਐਸ.ਐਸ. ਦੇ ਨੇਤਾਵਾਂ ਅਤੇ ਕਾਰਕੁੰਨਾਂ ਨੂੰ ਕਿਸੇ ਵੀ ਸਰਕਾਰੀ ਦਮਨ ਦਾ ਸਾਹਮਣਾ ਨਹੀਂ ਕਰਨਾ ਪਿਆ। ਅਤੇ ਸੰਘ ਨੇ ਅਜ਼ਾਦੀ ਸੰਗਰਾਮ ਦੌਰਾਨ ਕੋਈ ਸ਼ਹੀਦ ਪੈਦਾ ਨਹੀਂ ਕੀਤਾ। ਸ਼੍ਰੀਮਾਨ! ਕੀ ਅਸੀਂ ‘ਵੀਰ’ ਸਾਵਰਕਰ ਦੁਆਰਾ ਅੰਗਰੇਜ਼ ਸਰਕਾਰ ਨੂੰ ਲਿਖੇ ਗਏ ਚਾਪਲੂਸੀ ਭਰੇ ਮਾਫੀਨਾਮਿਆਂ ਨੂੰ ਸੱਚੀ ਦੇਸ਼ਭਗਤੀ ਮੰਨੀਏ ?

ਆਰ.ਐਸ.ਐਸ. ਲੋਕਤੰਤਰ ਨਾਲ ਨਫਰਤ ਕਰਦਾ ਹੈ

ਮੋਦੀ ਜੀ! ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਪ੍ਰਮੁੱਖ ਨੇਤਾ ਦੇ ਰੂਪ ‘ਚ ਤੁਹਾਡੇ ਤੋਂ ਆਸ ਕੀਤੀ ਜਾਂਦੀ ਹੈ ਕਿ ਤੁਸੀਂ ਭਾਰਤ ਦੀ ਲੋਕਤੰਤਰਿਕ-ਧਰਮਨਿਰਪੱਖ ਨੀਤੀ ਦੇ ਅੰਤਰਗਤ ਕੰਮ ਕਰੋ। ਪਰ ਗੁਰੂ ਗੋਵਾਲਕਰ ਦੇ ਉਸ ਆਦੇਸ਼ ਉੱਤੇ ਤੁਹਾਡਾ ਕੀ ਰੁਖ ਹੈ, ਜੋ ਉਨ੍ਹਾਂ ਨੇ 1940 ‘ਚ ਸੰਘ ਦੇ 1350 ਪ੍ਰਮੁੱਖ ਸਵੈਸੇਵਕਾਂ ਦੇ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਦਿੱਤਾ ਸੀ। ਉਨ੍ਹਾਂ ਅਨੁਸਾਰ ‘ਇਕ ਝੰਡੇ ਦੇ ਥੱਲੇ, ਇਕ ਨੇਤਾ ਦੇ ਮਾਰਗਦਰਸ਼ਨ ‘ਚ, ਇਕ ਹੀ ਵਿਚਾਰ ਨਾਲ ਉਤਸ਼ਾਹਿਤ ਹੋ ਕੇ ਰਾਸ਼ਟਰੀ ਸਵੈ ਸੇਵਕ ਸੰਘ ਹਿੰਦੂਤਵ ਦੀ ਪ੍ਰਚੰਡ ਜੋਤ ਇਸ ਵਿਸ਼ਾਲ ਭੂਮੀ ਦੇ ਕੋਨੇ-ਕੋਨੇ ‘ਚ ਜਗਾ ਰਿਹਾ ਹੈ।’12

ਮੈਂ ਤੁਹਾਡਾ ਧਿਆਨ ਇਸ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ ਵੀਹਵੀਂ ਸਦੀ ਦੇ ਪਹਿਲੇ ਅੱਧ ‘ਚ, ‘ਇਕ ਝੰਡਾ, ਇਕ ਨੇਤਾ, ਇਕ ਵਿਚਾਰਧਾਰਾ’ ਯੂਰਪ ਦੀ ਫਾਸ਼ਿਸ਼ਟ ਅਤੇ ਨਾਜ਼ੀ ਪਾਰਟੀਆਂ ਦਾ ਨਾਅਰਾ ਸੀ। ਸਾਰੀ ਦੁਨੀਆ ਜਾਣਦੀ ਹੈ ਕਿ ਉਨ੍ਹਾਂ ਨੇ ਪਰਜਾਤੰਤਰ ਨਾਲ ਕੀ ਕੀਤਾ।

ਆਰ.ਐਸ.ਐਸ. ਸੰਘੀ ਵਿਵਸਥਾ ਦੇ ਵਿਰੁੱਧ

ਆਰ.ਐਸ.ਐਸ. ਸੰਵਿਧਾਨ ‘ਚ ਦਿੱਤੇ ਗਏ ਸੰਘੀ ਢਾਂਚੇ, ਜੋ ਭਾਰਤੀ ਸੰਵਿਧਾਨਕ ਢਾਂਚੇ ਦਾ ਇਕ ਮੂਲ ਸਿਧਾਂਤ ਹੈ, ਦੇ ਇਕਦਮ ਖਿਲਾਫ ਹੈ। ਇਹ 1961 ‘ਚ ਗੁਰੂ ਗੋਵਾਲਕਰ ਦੁਆਰਾ ਰਾਸ਼ਟਰੀ ਏਕਤਾ ਪ੍ਰੀਸ਼ਦ ਦੇ ਪਹਿਲੇ ਸੰਮੇਲਨ ਨੂੰ ਭੇਜੇ ਗਏ ਪੱਤਰ ਤੋਂ ਸਪੱਸ਼ਟ ਹੈ। ਇਸ ‘ਚ ਸਾਫ ਲਿਖਿਆ ਸੀ ‘ਅੱਜ ਦੀ ਸੰਘਾਤਮਕ (ਫੈਡਰਲ) ਰਾਜ ਵਿਧੀ ਵੱਖਰਤਾ ਦੀ ਭਾਵਨਾਵਾਂ ਦਾ ਨਿਰਮਾਣ ਅਤੇ ਪੋਸ਼ਣ ਕਰਨ ਵਾਲੀ, ਇਕ ਰਾਸ਼ਟਰ ਭਾਵ ਦੇ ਸੱਚ ਨੂੰ ਇਕ ਪ੍ਰਕਾਰ ਨਾਲ ਨਾ ਮੰਨਣ ਵਾਲੀ ਅਤੇ ਵਿਛੇਦ ਕਰਨ ਵਾਲੀ ਹੈ। ਇਸਨੂੰ ਜੜ੍ਹ ਤੋਂ ਹਟਾਕੇ ਤਦਅਨੁਸਾਰ ਸੰਵਿਧਾਨ ਸ਼ੁੱਧ ਕਰਕੇ ਏਕਾਤਮਕ ਸ਼ਾਸ਼ਨ ਸਥਾਪਿਤ ਹੋਵੇ।’13

‘ਹਿੰਦੂਰਾਸ਼ਟਰਵਾਦੀ’, ਜਾਤੀਵਾਦ ਅਤੇ ਔਰਤ ਵਿਰੋਧੀ ਨੀਤੀਆਂ ਦੇ ਹਾਮੀ ਹਨ’

ਜੇਕਰ ਤੁਸੀਂ ਆਰ.ਐਸ.ਐਸ. ਅਤੇ ਇਸਦੇ ਬਗਲਬੱਚਾ ਸੰਗਠਨ, ਜੋ ਭਾਰਤ ‘ਚ ਹਿੰਦੂਤਵ ਦਾ ਸ਼ਾਸ਼ਨ ਚਾਹੁੰਦੇ ਹਨ, ਦੇ ਸਿਲਾਲੇਖਾਂ ’ਚ ਝਾਕ ਕੇ ਵੇਖੋਂ ਤਾਂ ਤੱਤਕਾਲ ਸਪੱਸ਼ਟ ਹੋ ਜਾਏਗਾ ਕਿ ਉਹ ਸਾਰੇ ਦੇ ਸਾਰੇ ਡਾ. ਅੰਬੇਦਕਰ ਦੀ ਅਗਵਾਈ ‘ਚ ਤਿਆਰ ਸੰਵਿਧਾਨ ਨਾਲ ਨਫਰਤ ਕਰਦੇ ਹਨ। ਜਦੋਂ ਭਾਰਤ ਦੀ ਸੰਵਿਧਾਨ ਸਭਾ ਨੇ ਭਾਰਤੀ ਸੰਵਿਧਾਨ ਨੂੰ ਅੰਤਿਮ ਰੂਪ ਦਿੱਤਾ ਤਾਂ ਆਰ.ਐਸ.ਐਸ. ਖੁਸ਼ ਨਹੀਂ ਸੀ। 30 ਨਵੰਬਰ 1949 ਦੇ ਸੰਪਾਦਕੀ ‘ਚ ਇਸਦਾ ਮੁੱਖਪੱਤਰ ‘ਆਰਗੇਨਾਇਜ਼ਰ’ ਸ਼ਿਕਾਇਤ ਕਰਦਾ ਹੈ ਕਿ-‘ਸਾਡੇ ਸੰਵਿਧਾਨ ‘ਚ ਪ੍ਰਾਚੀਨ ਭਾਰਤ ‘ਚ ਵਿਲੱਖਣ ਸੰਵਿਧਾਨਿਕ ਵਿਕਾਸ ਦਾ ਕੋਈ ਜਿਕਰ ਨਹੀਂ ਹੈ। ਮਨੂ ਦੀ ਵਿਧੀ ਸਪਾਰਟ ਦੇ ਲਾਇਕਰਗੂਸ ਜਾਂ ਪਰਸੀਆ ਦੇ ਸੋਲੋਨ ਤੋਂ ਬਹੁਤ ਪਹਿਲਾਂ ਲਿਖੀ ਗਈ ਸੀ। ਅੱਜ ਤੱਕ ਇਸ ਵਿਧੀ ਦੀ ਜੋ ‘ਮਨੂਸਮਿ੍ਰਤੀ’ ‘ਚ ਉਲੇਖਿਤ ਹੈ, ਵਿਸ਼ਵ ਭਰ ‘ਚ ਸ਼ਲਾਘਾ ਕੀਤੀ ਜਾਂਦੀ ਰਹੀ ਹੈ ਅਤੇ ਇਹ ਧਾਰਮਿਕ ਨਿਯਮ-ਪਾਲਣ ਅਤੇ ਸਮਾਨਰੂਪਤਾ ਪੈਦਾ ਕਰਦੀ ਹੈ। ਪਰ ਸਾਡੇ ਸੰਵਿਧਾਨਕ ਪੰਡਿਤਾਂ ਲਈ ਉਸਦਾ ਕੋਈ ਅਰਥ ਨਹੀਂ ਹੈ।’

ਅਸਲ ‘ਚ ਆਰ.ਐਸ.ਐਸ. ‘ਵੀਰ’ ਸਾਵਰਕਰ ਦੁਆਰਾ ਨਿਰਧਾਰਿਤ ਵਿਚਾਰਧਾਰਾ ਦਾ ਪਾਲਣ ਕਰਦਾ ਹੈ। ਸ਼੍ਰੀਮਾਨ! ਜੀ ਤੁਹਾਡੇ ਲਈ ਇਹ ਕੋਈ ਰਾਜ ਨਹੀਂ ਹੈ ਕਿ ‘ਵੀਰ’ ਸਾਵਰਕਰ ਆਪਣੇ ਪੂਰੇ ਜੀਵਨ ‘ਚ ਜਾਤੀਵਾਦ ਅਤੇ ਮਨੂਸਮਿ੍ਰਤੀ ਦੀ ਪੂਜਾ ਦੇ ਵੱਡੇ ਮਜ਼ਬੂਨ ਬਣੇ ਰਹੇ। ‘ਹਿੰਦੂ ਰਾਸ਼ਟਰਵਾਦ’ ਦੀ ਇਸ ਪ੍ਰੇਰਨਾ ਦੇ ਅਨੁਸਾਰ:- ‘ਮਨੂ ਸਮਿ੍ਰਤੀ ਇਕ ਐਸਾ ਧਰਮ ਗ੍ਰੰਥ ਹੈ ਜੋ ਸਾਡੇ ਹਿੰਦੂ ਰਾਸ਼ਟਰ ਲਈ ਵੇਦਾਂ ਦੇ ਬਾਅਦ ਸਰਵਵਿਆਪੀ ਪੂਜਨੀਕ ਹੈ ਅਤੇ ਜੋ ਪ੍ਰਾਚੀਨ ਕਾਲ ਤੋਂ ਹੀ ਸਾਡੇ ਸੱਭਿਆਚਾਰਕ ਰੀਤੀ-ਰਿਵਾਜ਼ਾਂ, ਵਿਚਾਰ ਅਤੇ ਆਚਰਨ ਦਾ ਅਧਾਰ ਹੋ ਗਿਆ ਹੈ। ਸਦੀਆਂ ਤੋਂ ਇਸ ਪੁਸਤਕ ਨੇ ਸਾਡੇ ਰਾਸ਼ਟਰ ਦੀ ਆਤਮਿਕ ਅਤੇ ਦੈਵਿਕ ਮੁਹਿੰਮ ਨੂੰ ਕਲਮਬੱਧ ਕੀਤਾ ਹੈ। ਅੱਜ ਵੀ ਕਰੋੜਾਂ ਹਿੰਦੂ ਆਪਣੇ ਜੀਵਨ ਅਤੇ ਆਚਰਣ ‘ਚ ਜਿਨ੍ਹਾਂ ਨਿਯਮਾਂ ਦਾ ਪਾਲਣ ਕਰਦੇ ਹਨ, ਉਹ ਮਨੂਸਮਿ੍ਰਤੀ ‘ਤੇ ਅਧਾਰਿਤ ਹਨ। ਅੱਜ ਮਨੂਸਮਿ੍ਰਤੀ ਹਿੰਦੂ ਵਿਧੀ ਹੈ।’14

ਹਿੰਦੂਤਵ ਦੇ ਇਕ ਮਹਾਨ ਝੰਡਾਬਰਦਾਰ ਦੇ ਰੂਪ ‘ਚ ਤੁਹਾਨੂੰ ਪਤਾ ਹੀ ਹੋਵੇਗਾ ‘ਹਿੰਦੂ ਰਾਸ਼ਟਰਵਾਦੀ’ ਕਿਸ ਪ੍ਰਕਾਰ ਦਾ ਸਮਾਜ ਬਣਾਉਣਾ ਚਾਹੁੰਦੇ ਹਨ। ਕਿਉਂਕਿ ਤੁਸੀ ਬਹੁਤ ਰੁੱਝੇ ਹੋਏ ਹੋ ਇਸ ਲਈ ਮੈਂ ਦਲਿਤਾਂ, ਅਛੂਤਾਂ ਅਤੇ ਔਰਤਾਂ ਲਈ ਮਨੂਸਮਿ੍ਰਤੀ ਨਾਲ ਉਨ੍ਹਾਂ ਦੇ ਨਿਰਦੇਸ਼ ਪੇਸ਼ ਕਰ ਰਿਹਾ ਹਾਂ। ਇਸ ਵਿਚ ਨਿਰਦੇਸ਼ਿਤ ਅਣਮਨੁੱਖੀ ਪਤਿਤ ਨਿਯਮ ਸਪੱਸ਼ਟ ਹਨ।


ਦਲਿਤਾਂ ਅਤੇ ਅਛੂਤਾਂ ਲਈ ਮਨੂੰ ਦੇ ਸਿਧਾਂਤ

(1) ਅਨਾਦਿ ਬ੍ਰਹਮਾ ਨੇ ਲੋਕ ਕਲਿਆਣ ਲਈ ਆਪਣੇ ਮੂੰਹ, ਬਾਂਹ, ਜਾਂਘ ਅਤੇ ਚਰਨਾਂ ਤੋਂ ਲੜੀਵਾਰ: ਬ੍ਰਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਰਣਾਂ ਨੂੰ ਪੈਦਾ ਕੀਤਾ। (2) ਭਗਵਾਨ ਨੇ ਸ਼ੂਦਰ ਵਰਣ ਦੇ ਲੋਕਾਂ ਲਈ ਇਕ ਹੀ ਕਰਤਵ-ਕ੍ਰਮ ਨਿਰਧਾਰਿਤ ਕੀਤਾ ਹੈ-ਤਿੰਨਾਂ ਉੱਚ ਵਰਣਾਂ ਦੀ ਨਿਰਵਿਕਾਰ ਭਾਵ ਨਾਲ ਸੇਵਾ ਕਰਨੀ। (3) ਸ਼ੂਦਰ ਜੇਕਰ ਉੱਚ ਜਾਤੀਆਂ ਬ੍ਰਹਮਣ, ਖੱਤਰੀ ਅਤੇ ਵੈਸ਼ ਨੂੰ ਗਾਲ ਕੱਢਦਾ ਹੈ ਤਾਂ ਉਸਦੀ ਜੀਭ ਕੱਟ ਦੇਣੀ ਚਾਹੀਦੀ ਹੈ ਕਿਉਂਕਿ ਨੀਵੀਂ ਜਾਤੀ ਦਾ ਹੋਣ ਕਰਕੇ ਉਹ ਇਸੇ ਸਜਾ ਦਾ ਅਧਿਕਾਰੀ ਹੈ। (4) ਸ਼ੂਦਰ ਦੁਆਰਾ ਅਹੰਕਾਰ ਵੱਸ ਨਫਰਤ ਨਾਲ ਉੱਚ ਜਾਤੀਆਂ ਦੇ ਨਾਮ ਭਾਵ ਜਾਤੀ ਉਚਾਰਣ ਕਰਨ ‘ਤੇ ਉਸਦੇ ਮੂੰਹ ‘ਚ ਦਸ ਊਂਗਲੀਆਂ ਲੋਹੇ ਦਾ ਬਲਦਾ ਸਰੀਆ ਠੋਕ ਦੇਣਾ ਚਾਹੀਦਾ ਹੈ। (5) ਸ਼ੂਦਰ ਦੁਆਰਾ ਹੰਕਾਰਵੱਸ ਬ੍ਰਹਮਣਾਂ ਨੂੰ ਧਰਮ ਉਪਦੇਸ਼ ਦੇਣ ਦੀ ਜੁਅਰਤ ਕਰਨ ਤੇ ਰਾਜਾ ਨੂੰ ਉਸਦੇ ਮੂੰਹ ਅਤੇ ਕੰਨ ‘ਚ ਗਰਮ ਤੇਲ ਪਾ ਦੇਣਾ ਚਾਹੀਦਾ ਹੈ। (6) ਜੇਕਰ ਉਹ ਉੱਚ ਜਾਤੀਆਂ ਦੇ ਕਿਸੇ ਵਿਅਕਤੀ ‘ਤੇ ਜਿਸ ਅੰਗ ਨਾਲ ਹਮਲਾ ਕਰਦਾ ਹੈ, ਉਸਦਾ ਉਹ ਅੰਗ ਕੱਟ ਦੇਣਾ ਚਾਹੀਦਾ ਹੈ, ਇਹੀ ਮਨੂ ਦੀ ਸਿੱਖਿਆ ਹੈ। (7) ਜੇ ਲਾਠੀ ਉਠਾਕੇ ਹਮਲਾ ਕਰਦਾ ਹੈ ਤਾਂ ਉਸਦਾ ਹੱਥ ਕੱਟ ਦੇਣਾ ਚਾਹੀਦਾ ਹੈ ਅਤੇ ਜੇ ਉਹ ਕ੍ਰੋਧ ‘ਚ ਆ ਕੇ ਪੈਰ ਨਾਲ ਹਮਲਾ ਕਰਦਾ ਹੈ ਤਾਂ ਉਸਦਾ ਪੈਰ ਕੱਟ ਦੇਣਾ ਚਾਹੀਦਾ ਹੈ। (8) ਉੱਚ ਵਰਗ ਦੇ ਲੋਕਾਂ ਨਾਲ ਬੈਠਣ ਦੀ ਇੱਛਾ ਰੱਖਣ ਵਾਲੇ ਸ਼ੂਦਰ ਦੀ ਢੂਹੀ ਤੇ ਦਾਗ ਕਰਕੇ ਉਸਨੂੰ ਉੱਥੋਂ ਭਜਾ ਦੇਣਾ ਚਾਹੀਦਾ ਹੈ ਅਤੇ ਉਸਦੇ ਚਿੱਤੜਾਂ ਨੂੰ ਸਾਨੂੰ ਇਸ ਤਰ੍ਹਾਂ ਕੱਟ ਦੇਣਾ ਚਾਹੀਦਾ ਹੈ ਜਿਸ ਨਾਲ ਉਹ ਨਾ ਜੀਵੇ ਤੇ ਨਾ ਮਰੇ। (9) ਇਕ ਬ੍ਰਹਮਣ ਦੀ ਹੱਤਿਆ ਅਤੇ ਕੁੱਟਮਾਰ ਨਹੀਂ ਕਰਨੀ ਚਾਹੀਦੀ, ਭਲੇ ਹੀ ਉਸਨੇ ਹਰ ਸੰਭਵ ਅਪਰਾਧ ਕੀਤੇ ਹੋਣ। ਵੱਧ ਤੋਂ ਵੱਧ ਉਸਨੂੰ ਆਪਣੇ ਰਾਜ ਤੋਂ ਕੱਢ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਦੇ ਹੋਏ ਸਾਰਾ ਧਨ ਉਸਨੂੰ ਸੌਂਪ ਦੇਣਾ ਚਾਹੀਦਾ ਹੈ ਭਾਵ ਚੋਟ ਨਹੀਂ ਪਹੁੰਚਾਉਣੀ ਚਾਹੀਦੀ। (ਰਾਜਾ ਨੂੰ ਆਦੇਸ਼)
ਔਰਤਾਂ ਨਾਲ ਸਬੰਧਿਤ ਮਨੂ ਦੇ ਨਿਯਮ

(1) ਮਰਦਾਂ ਨੂੰ ਆਪਣੀਆਂ ਔਰਤਾਂ ਨੂੰ ਰਾਤ-ਦਿਨ ਸਦਾ ਆਪਣੇ ਵੱਸ਼ ‘ਚ ਰੱਖਣਾ ਚਾਹੀਦਾ ਹੈ। (2) ਔਰਤ ਦੀ ਬਾਲ ਉਮਰ ‘ਚ ਪਿਤਾ, ਜਵਾਨੀ ‘ਚ ਪਤੀ ਅਤੇ ਬੁੱਢੀ ਉਮਰੇ ਪੁੱਤਰ ਰੱਖਿਆ ਕਰਦੇ ਹਨ, ਅਤੇ ਉਹ ਉਨ੍ਹਾਂ ਦੇ ਅਧੀਨ ਰਹਿੰਦੀ ਹੈ ਅਤੇ ਉਸਨੂੰ ਅਧੀਨ ਹੀ ਬਣੇ ਰਹਿਣਾ ਚਾਹੀਦਾ ਹੈ; ਇਕ ਔਰਤ ਕਦੇ ਵੀ ਅਜ਼ਾਦੀ ਦੇ ਯੋਗ ਨਹੀਂ ਹੈ। (3) ਵਿਗੜਣ ਦੇ ਛੋਟੇ ਜਿਹੇ ਮੌਕੇ ਤੋਂ ਵੀ ਔਰਤਾਂ ਨੂੰ ਬਲ ਅਤੇ ਕਠੋਰਤਾ ਨਾਲ ਬਚਾਉਣਾ ਚਾਹੀਦਾ ਹੈ, ਕਿਉਂਕਿ ਨਾ ਬਚਾਉਣ ਨਾਲ ਵਿਗੜੀਆਂ ਔਰਤਾਂ (ਪਿਤਾ ਅਤੇ ਪਤੀ ਦੇ) ਵੰਸ਼ ਨੂੰ ਕਲੰਕਿਤ ਕਰਦੀਆਂ ਹਨ।(9/5) (4) ਸਾਰੀਆਂ ਜਾਤਾਂ ਦੇ ਲੋਕਾਂ ਲਈ ਔਰਤ ਨੂੰ ਕੰਟਰੋਲ ‘ਚ ਰੱਖਣਾ ਉਤਮ ਧਰਮ ਦੇ ਰੂਪ ‘ਚ ਜਰੂਰੀ ਹੈ। ਇਹ ਵੇਖ ਕੇ ਦੁਰਬਲ ਪਤੀਆਂ ਨੂੰ ਵੀ ਆਪਣੀਆਂ ਪਤਨੀਆਂ ਨੂੰ ਵੱਸ਼ ‘ਚ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। (5) ਕੋਈ ਵੀ ਆਦਮੀ ਪੂਰੀ ਤਰ੍ਹਾਂ ਨਾਲ ਔਰਤਾਂ ਦੀ ਰੱਖਿਆ ਨਹੀਂ ਕਰ ਸਕਦਾ, ਪਰ ਉਹ ਹੇਠਾਂ ਦਰਜ ਉਪਾਵਾਂ ਨਾਲ ਐਸਾ ਕਰ ਸਕਦੇ ਹਨ। (6) ਪਤੀ ਨੂੰ ਆਪਣੀ ਪਤਨੀ ਨੂੰ ਆਪਣੀ ਜਾਇਦਾਦ ਦੇ ਪਾਲਣ-ਪੋਸ਼ਣ, ਸਾਫ-ਸਫਾਈ, ਧਾਰਮਿਕ ਕਰਤੱਵਾਂ, ਖਾਣਾ ਪਕਾਉਣ ਅਤੇ ਘਰ ਤੇ ਭਾਂਡਿਆਂ ਨੂੰ ਸਾਫ ਕਰਨ ‘ਚ ਲਗਾਉਣਾ ਹੋਵੇਗਾ। (7) ਸੱਚੇ ਅਤੇ ਆਗਿਆਕਾਰੀ ਨੌਕਰਾਂ ਦੇ ਭਰੋਸੇ ਔਰਤਾਂ ਦੀ ਸਹੀ ਸੁਰੱਖਿਆ ਨਹੀਂ ਹੋ ਸਕਦੀ ਪਰ ਜੋ ਆਪਣੀ ਸੁਰੱਖਿਆ ਖੁਦ ਕਰਦੀਆਂ ਹਨ ਉਹ ਜਿਆਦਾ ਸੁਰੱਖਿਅਤ ਹਨ। (8) ਉਹ ਔਰਤਾਂ ਨਾ ਤਾਂ ਮਰਦ ਦੇ ਰੂਪ ਦਾ ਅਤੇ ਨਾ ਹੀ ਉਸਦੀ ਉਮਰ ਦਾ ਵਿਚਾਰ ਕਰਦੀ ਹੈ। ਇਨ੍ਹਾਂ ਨੂੰ ਤਾਂ ਕੇਵਲ ਮਰਦ ਦੇ ਮਰਦ ਹੋਣ ਤੱਕ ਮਤਲਬ ਹੈ।...ਚਾਹੇ ਉਹ ਕਰੂਪ ਹੋਵੇ ਜਾਂ ਸੁੰਦਰ। ਇਹੀ ਕਾਰਨ ਹੈ ਮਰਦ ਨੂੰ ਵੇਖਦੇ ਹੀ ਇਹ ਉਸ ਨਾਲ ਭੋਗ ਲਈ ਪੇਸ਼ ਹੋ ਜਾਂਦੀਆਂ ਹਨ ਚਾਹੇ ਉਹ ਕਰੂਪ ਹੋਵੇ ਜਾਂ ਸੁੰਦਰ। (9) ਮਰਦਾਂ ਪ੍ਰਤੀ ਆਪਣੀ ਚਾਹਤ, ਤਬਦੀਲੀ ਵਾਲਾ ਵਿਵਹਾਰ ਅਤੇ ਆਪਣੀ ਸੁਭਾਵਿਕ ਹਿਰਦੇਹੀਣਤਾ ਨਾਲ ਔਰਤਾਂ ਆਪਣੇ ਪਤੀਆਂ ਪ੍ਰਤੀ ਵੇਵਫਾ ਹੋ ਜਾਂਦੀਆਂ ਹਨ ਚਾਹੇ ਉਹਨਾਂ ਦੀ ਕਿੰਨੀ ਵੀ ਸਾਵਧਾਨੀਪੂਰਵਕ ਦੇਖਭਾਲ ਕੀਤੀ ਜਾਵੇ। (10) ਮਨੂ ਅਨੁਸਾਰ ਬ੍ਰਹਮਾਜੀ ਨੇ ਹੇਠ ਲਿਖਤ ਬਿਰਤੀਆਂ ਸਹਿਜ-ਸੁਭਾਅ ਔਰਤਾਂ ਨੂੰ ਦਿੱਤੀਆਂ ਹਨ-ਉਤਮ ਚੀਜ਼ਾਂ ਅਤੇ ਅਲੰਕਾਰਾਂ ਦੇ ਉਪਭੋਗ ਦਾ ਮੋਹ, ਕਾਮ-ਕ੍ਰੋਧ, ਟੇਡਾਪਣ, ਈਰਖਾ ਧ੍ਰੋਹ ਅਤੇ ਘੁੰਮਣਾ-ਫਿਰਨਾ ਅਤੇ ਸਜ-ਧਜ ਕੇ ਦੂਜਿਆਂ ਨੂੰ ਦਿਖਾਉਣਾ। (11) ਔਰਤਾਂ ਦੇ ਜਾਤਕ੍ਰਮ ਅਤੇ ਨਾਮਕ੍ਰਮ ਆਦਿ ਸੰਸਕਾਰਾਂ ‘ਚ ਵੇਦ ਮੰਤਰਾਂ ਦਾ ਉਚਾਰਨ ਨਹੀਂ ਕਰਨਾ ਚਾਹੀਦਾ। ਇਹੀ ਸ਼ਾਸ਼ਤਰ ਦੀ ਮਰਿਆਦਾ ਹੈ ਕਿਉਂਕਿ ਔਰਤਾਂ ‘ਚ ਗਿਆਨ ਇੰਦਰੀਆਂ ਦੀ ਵਰਤੋਂ ਦੀ ਸਮਰੱਥਾ ਦਾ ਅਭਾਵ (ਭਾਵ ਸਹੀ ਨਾ ਵੇਖਣ, ਸੁਣਨ, ਬੋਲਣ ਵਾਲੀ) ਹੈ।

ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ ਦਸੰਬਰ 1927 ‘ਚ, ਡਾ. ਬੀ. ਆਰ. ਅੰਬੇਦਕਾਰ ਦੀ ਹਾਜ਼ਰੀ ‘ਚ ਇਤਿਹਾਸਕ ਮਹਾੜ ਅੰਦੋਲਨ ਦੇ ਦੌਰਾਨ ਮਨੂਸਮਿ੍ਰਤੀ ਦੀ ਕਾਪੀ ਵਿਰੋਧ ਦੇ ਤੌਰ ਤੇ ਜਲਾਈ ਗਈ ਸੀ।

ਆਰ.ਐਸ.ਐਸ. ਲਈ ਜਾਤੀਵਾਦ ‘ਹਿੰਦੂ ਰਾਸ਼ਟਰ’ ਦਾ ਸਮਾਨਰਥੀ ਹੈ

ਸ਼੍ਰੀਮਾਨ! ਆਰ.ਐਸ.ਐਸ. ਦੇ ਇਕ ਅਨੁਸ਼ਾਸ਼ਿਤ ਅਤੇ ਪ੍ਰਤੀਬੱਧ ਕਾਰਕੁੰਨ ਦੇ ਨਾਤੇ ਤੁਸੀਂ ਇਸ ਤੱਥ ਤੋਂ ਜਾਣੂ ਹੋਵੋਂਗੇ ਕਿ ਜਾਤੀਵਾਦ ‘ਹਿੰਦੂ ਰਾਸ਼ਟਰ’ ਦਾ ਸਾਰ ਹੈ। ਗੁਰੂ ਗੋਵਾਲਕਰ ਨੇ ਤਾਂ ਇੱਥੋਂ ਤੱਕ ਐਲਾਨ ਕੀਤਾ ਕਿ ਜਾਤੀਵਾਦ ‘ਹਿੰਦੂ ਰਾਸ਼ਟਰ’ ਦਾ ਸਮਾਨਰਥੀ ਹੈ। ਉਹਨਾਂ ਅਨੁਸਾਰ ਹਿੰਦੂ ਹੋਰ ਕੋਈ ਨਹੀਂ ਬਲਕਿ ਵਿਰਾਟ ਪੁਰਸ਼ ਹੈ।

‘ਵਿਰਾਟ ਪੁਰਸ਼, ਖੁਦ ਪ੍ਰਗਟ ਹੋਣ ਵਾਲਾ ਪ੍ਰਮੇਸ਼ਰ...(‘ਪੁਰਸ਼ ਮੁਕਤ’ ਦੇ ਮੁਤਾਬਿਕ) ਸੂਰਜ ਅਤੇ ਚੰਦਰਮਾ ਉਸਦੀਆਂ ਅੱਖਾਂ ਹਨ, ਤਾਰੇ ਅਤੇ ਅਕਾਸ਼ ਉਸਦੀ ਧੁੰਨੀ ਨਾਲ ਨਿਰਮਿਤ ਹੁੰਦੇ ਹਨ ਅਤੇ ਬ੍ਰਹਮਣ ਉਸਦਾ ਸਿਰ ਹੈ, ਰਾਜਾ ਹੱਥ ਹੈ, ਵਿਧਵਾ ਜਾਂਘ ਹੈ ਅਤੇ ਸ਼ੂਦਰ ਪੈਰ ਹੈ। ਇਸਦਾ ਅਰਥ ਇਹੀ ਹੈ ਕਿ ਉਹ ਲੋਕ ਜਿਨ੍ਹਾਂ ਕੋਲ ਇਸ ਕਿਸਮ ਦੀ ਚਾਰ ਪਰਤਾਂ ਵਾਲੀ ਵਿਵਸਥਾ ਹੁੰਦੀ ਹੈ ਭਾਵ ਹਿੰਦੂ ਲੋਕ, ਉਹੀ ਸਾਡੇ ਭਗਵਾਨ ਹਨ। ਈਸ਼ਵਰ ਦੇ ਬਾਰੇ ‘ਚ ਐਸੀ ਸਰਵਉੱਚ ਧਾਰਨਾ ਹੀ ‘ਰਾਸ਼ਟਰ ਦੀ ਸਾਡੀ ਅਵਧਾਰਨਾ ਦੀ ਅੰਤਰਵਸਤੂ ਹੈ ਅਤੇ ਉਹ ਸਾਡੇ ਚਿੰਤਨ ‘ਚ ਛਾ ਗਈ ਹੈ ਅਤੇ ਉਸਨੇ ਸਾਡੀ ਸੱਭਿਆਚਾਰਕ ਵਿਰਾਸਤ ਦੀਆਂ ਵਿਭਿੰਨ ਅਨੋਖੀਆਂ ਵਿਸ਼ੇਸ਼ਤਾਵਾਂ ਨੂੰ ਜਨਮ ਦਿੱਤਾ ਹੈ।’15

ਸ਼੍ਰੀਮਾਨ! ਕਿ੍ਰਪਾ ਮੈਨੂੰ ਦੱਸਣ ਦਾ ਕਸ਼ਟ ਕਰੋ ਕਿ ਤੁਸੀਂ ਗੁਰੂ ਦੇ ਨਾਲ ਹੋ ਜਾਂ ਉਸ ਲੋਕਤੰਤਰਿਕ-ਧਰਮਨਿਰਪੱਖ ਰਾਜ ਪ੍ਰਬੰਧ ਦੇ ਨਾਲ ਹੋ ਜਿਸਨੇ ਥੋਨੂੰ ਸੱਤਾਸੀਨ ਕੀਤਾ ਹੈ।ਇਹ ਬਹੁਤ ਗੰਭੀਰ ਮਸਲਾ ਹੈ ਕਿਉਂਕਿ ਇਸਦਾ ਸਬੰਧ ਦਲਿਤਾਂ ਅਤੇ ਔਰਤਾਂ ਦੇ ਅਧਿਕਾਰਾਂ ਨਾਲ ਹੈ।

ਮੈਨੂੰ ਅਫਸੋਸ ਹੈ ਕਿ ਮੇਰਾ ਪੱਤਰ ਲੰਮਾ ਹੁੰਦਾ ਜਾ ਰਿਹਾ ਹੈ। ਮੈਨੂੰ ਆਸ ਹੈ ਕਿ ਤੁਸੀਂ ਮੈਨੂੰ ਮਾਫ ਕਰੋਗੇ ਕਿਉਂਕਿ ਤੁਹਾਡੇ ਆਪਣੇ ਰਾਇਟਸ ਦੇ ਦਿੱਤੇ ਗਏ ਇੰਟਰਵਿਊ ਅਤੇ ਹੋਰ ਕਥਨਾਂ ਅਤੇ ਗਤੀਵਿਧੀਆਂ ਦੇ ਇਕ ਵਿਸ਼ਾਲ ਪਰਿਪੇਖ ‘ਚ ਮੇਰੇ ਕੋਲ ਹੋਰ ਕੋਈ ਬਦਲ ਨਹੀਂ ਹੈ। ਤੁਸੀਂ ਮੇਰੀ ਇਸ ਗੱਲ ਦੀ ਪ੍ਰਸੰਸਾ ਕਰੋਗੇ ਕਿ ਮੈਂ ਹੋਰ ਵਿਅਕਤੀਆਂ ਅਤੇ ਸੰਗਠਨਾਂ ਦੀ ਤਰ੍ਹਾਂ 2002 ਗੁਜਰਾਤ ਜਨਸੰਹਾਰ ਦਾ ਮੁੱਦਾ ਨਹੀਂ ਉਠਾ ਰਿਹਾ। ਮੈਂ ਦਿ੍ਰੜਤਾਪੂਰਵਕ ਮਹਿਸੂਸ ਕਰਦਾ ਹਾਂ ਕਿ ਮੈਨੂੰ ਕੇਵਲ ਉਹ ਮਾਮਲੇ ਉਠਾਉਣੇ ਚਾਹੀਦੇ ਹਨ ਜੋ ਆਮ ਤੌਰ ਤੇ ਛੱਡ ਦਿੱਤੇ ਜਾਂਦੇ ਹਨ। ਤੁਹਾਡਾ ਇਸ ਦੇਸ਼ ਦੇ ਹਿੰਦੂਆਂ ਅਤੇ ਵਰਤਮਾਨ ਲੋਕਤੰਤਰਿਕ-ਧਰਮਨਿਰਪੱਖ ਰਾਜ ਪ੍ਰਬੰਧ ਲਈ ਕੀ ਏਜੰਡਾ ਹੈ ਇਸਤੇ ਚਾਣਨਾ ਪਾਓ ?

ਸ਼੍ਰੀਮਾਨ ਮੈਂ ਦੋ ਹੋਰ ਮੁੱਦੇ ਉਠਾਕੇ ਇਸਨੂੰ ਖਤਮ ਕਰਾਂਗਾ।
‘ਹਿੰਦੂ ਰਾਸ਼ਟਰਵਾਦੀ’ ਗਾਂਧੀ ਹੱਤਿਆ ਦਾ ਜਸ਼ਨ ਮਨਾਉਂਦੇ ਹਨ

ਨਾਥੂਰਾਮ ਗੌਡਸੇ ਅਤੇ ਉਸਦੇ ਸਹਿਯੋਗੀ ਜਿਨ੍ਹਾਂ ਨੇ ਗਾਂਧੀ ਜੀ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚੀ ਸੀ, ਅਤੇ ਉਸਨੂੰ ਸਿਰੇ ਚੜਾਇਆ ਸੀ ਉਹ ‘ਹਿੰਦੂ ਰਾਸ਼ਟਰਵਾਦੀ’ ਹੋਣ ਦਾ ਦਾਅਵਾ ਕਰਦੇ ਸਨ। ਉਨ੍ਹਾਂ ਨੇ ਗਾਂਧੀ ਹੱਤਿਆ ਨੂੰ ਪ੍ਰਭੂ ਦੇ ਹੁਕਮ ਦਾ ਪਾਲਣ ਕਰਨ ਦੇ ਰੂਪ ‘ਚ ਬਿਆਨ ਕੀਤਾ ਸੀ। ਆਰ.ਐਸ.ਐਸ. ਨੇ ਮਿਠਾਈਆਂ ਵੰਡ ਕੇ ਗਾਂਧੀ ਜੀ ਦੀ ਹੱਤਿਆ ਦਾ ਜਸ਼ਨ ਮਨਾਇਆ। ਕੀ ਉਨ੍ਹਾਂ ਦਾ ਹਿੰਦੂਤਵੀਆਂ ਦੁਆਰਾ ਸਨਮਾਣ ਨਹੀਂ ਕੀਤਾ ਜਾਂਦਾ ? ਕੀ ਤੁਸੀਂ ਉਨ੍ਹਾਂ ‘ਚੋਂ ਇਕ ਨਹੀਂ ਹੋ ? ਜੂਨ 2013 ‘ਚ ਭਾਜਪਾ ਦੀ ਕਾਰਜਕਾਰੀ ਕਮੇਟੀ ਦੇ ਲਈ ਤੁਸੀਂ ਜਦੋਂ ਗੋਆ ‘ਚ ਸੀ ਤਦ ਤੁਸੀਂ ਹਿੰਦੂ ਜਨ ਜਾਗਰਨ ਸਮਿਤੀ ਦੁਆਰਾ ਅਯੋਜਿਤ ਹਿੰਦੂ ਰਾਸ਼ਟਰ ਦੀ ਸਥਾਪਨਾ ਲਈ ਅਖਿਲ ਭਾਰਤੀ ਹਿੰਦੂ ਸੰਮੇਲਨ ਲਈ ਇਕ ਸੰਦੇਸ਼ ਭੇਜਿਆ। ਜਿਸ ਵਿਚ ਕਿਹਾ ਗਿਆ-

‘ਜੇਕਰ ਹਰੇਕ ਹਿੰਦੂ ਸ਼ਿਵਰ ਨਾਲ ਪ੍ਰੇਮ, ਦਯਾ, ਅੰਤਰਮੁਖੀ ਵਿਵਹਾਰ ਕਰਦਾ ਹੈ, ਅਹਿੰਸਾ ਸੱਚ ਨੂੰ ਮਹੱਤਵ ਦਿੰਦੇ ਹੋਏ ਰਾਖਸ਼ੀ ਪ੍ਰਵਿਰਤੀਆਂ ਨੂੰ ਦੂਰ ਕਰਨਾ ਹਰ ਹਿੰਦੂ ਦੇ ਭਾਗਾਂ ‘ਚ ਹੈ। ਜਬਰ ਖਿਲਾਫ ਅਵਾਜ਼ ਉਠਾਉਣੀ ਅਤੇ ਉਸ ਪ੍ਰਤੀ ਚੁਕੰਨੇ ਰਹਿਣਾ ਸਾਡੀ ਪ੍ਰੰਪਰਾ ਹੈ। ਆਪਣੇ ਸੱਭਿਆਚਾਰ ਦੀ ਰਾਖੀ ਕਰਦੇ ਹੋਏ ਹੀ ਧਰਮ ਚਿੰਨ੍ਹ ਭਾਵ ਏਕਤਾ ਨੂੰ ਅਖੰਡ ਰੱਖਿਆ ਜਾ ਸਕਦਾ ਹੈ...ਰਾਸ਼ਟਰੀਅਤਾ, ਦੇਸ਼ਭਗਤੀ ਅਤੇ ਰਾਸ਼ਟਰ ਪ੍ਰਤੀ ਸਮਰਪਣ ਨਾਲ ਪ੍ਰੇਰਿਤ ਸੰਗਠਨ ਲੋਕਸ਼ਕਤੀ ਦਾ ਸੱਚਾ ਪ੍ਰਗਟਾਵਾ ਹੈ।’
ਤੁਸੀਂ ਹਿੰਦੂ ਜਨਜਾਗਰਨ ਸੰਮਤੀ ਨੂੰ ਚੰਗੀ ਤਰ੍ਹਾਂ ਜਾਣਦੇ ਹੋਏ ਇਹ ਸੁਨੇਹਾ ਭੇਜਿਆ ਹੋਵੇਗਾ। ਜਿਸ ਮੰਚ ਤੇ ਤੁਹਾਡਾ ਵਧਾਈ ਸੰਦੇਸ਼ ਪੜ੍ਹਿਆ ਗਿਆ ਉਸੇ ਮੰਚ ਤੋਂ ਇਕ ਪ੍ਰਮੁੱਖ ਬੁਲਾਰੇ, ਕੇ. ਵੀ. ਸੀਤਾਰਮੱਇਆ ਨੇ ਐਲਾਨ ਕੀਤਾ ਕਿ ‘ਗਾਂਧੀ ਭਿਆਨਕ ਪਾਪੀ ਅਤੇ ਸਰਵਵਿਆਪਕ ਪਾਪੀ ਸੀ।’

ਮਹਾਤਮਾ ਗਾਂਧੀ ਦੀ ਹੱਤਿਆ ‘ਤੇ ਖੁਸ਼ੀ ਮਨਾਉਦੇ ਹੋਏ ਉਨ੍ਹਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ-‘ਜਿਵੇਂ ਕਿ ਭਗਵਾਨ ਸ਼੍ਰੀ ਕਿ੍ਰਸ਼ਨ ਨੇ ਗੀਤਾ ‘ਚ ਕਿਹਾ ਹੈ-‘ਦੁਸ਼ਟਾਂ ਦੇ ਵਿਨਾਸ਼ ਲਈ, ਚੰਗਿਆਂ ਦੀ ਸੁਰੱਖਿਆ ਲਈ ਅਤੇ ਧਰਮ ਦੀ ਸਥਾਪਨਾ ਲਈ, ਮੈਂ ਹਰ ਯੁੱਗ ‘ਚ ਪੈਦਾ ਹੋਇਆ ਹਾਂ...30 ਜਨਵਰੀ 1948 ਦੀ ਸ਼ਾਮ ਸ਼੍ਰੀਰਾਮ, ਨਾਥੂਰਾਮ ਗੌਡਸੇ ਦੇ ਰੂਪ ‘ਚ ਆਏ ਅਤੇ ਗਾਂਧੀ ਦਾ ਜੀਵਨ ਸਮਾਪਤ ਕਰ ਦਿੱਤਾ।’17

ਇੱਥੇ ਇਹ ਦੱਸਣਾ ਵੀ ਠੀਕ ਰਹੇਗਾ ਕਿ ਕੇ. ਵੀ. ਸੀਤਾਰਮੱਇਆ ਨੇ ‘ਗਾਂਧੀ ਧਰਮਧ੍ਰੋਹੀ ਅਤੇ ਦੇਸ਼ਧ੍ਰੋਹੀ’ ਸਿਰਲੇਖ ਹੇਠ ਇਕ ਕਿਤਾਬ ਵੀ ਲਿਖੀ ਹੈ ਜਿਸ ਦੇ ਪਿਛਲੇ ਕਵਰ ਪੇਜ਼ ‘ਤੇ ਮਹਾਂਕਾਵਿ ਮਹਾਂਭਾਰਤ ਨੂੰ ਪੇਸ਼ ਕਰਦੇ ਹੋਏ ਮੰਗ ਕੀਤੀ ਗਈ ਹੈ ਕਿ ‘ਧਰਮਧ੍ਰੋਹੀ ਦੀ ਹੱਤਿਆ ਕੀਤੀ ਜਾਣੀ ਚਾਹੀਦੀ ਹੈ। ਹੱਤਿਆ ਦੇ ਅਧਿਕਾਰੀ ਨੂੰ ਨਾ ਮਾਰਨਾ, ਮਾਰਨ ਨਾਲੋਂ ਵੱਡਾ ਪਾਪ ਹੈ। ਅਤੇ ਇੱਥੇ ਸੰਸਦ ਮੈਂਬਰ ਸਪੱਸ਼ਟ ਰੂਪ ‘ਚ ਸੱਚ ਅਤੇ ਧਰਮ ਦੀ ਹੱਤਿਆ ਦੀ ਆਗਿਆ ਦਿੰਦੇ ਹਨ ਉਨ੍ਹਾਂ ਨੂੰ ਮਰਿਆ ਹੋਇਆ ਹੋਣਾ ਚਾਹੀਦਾ ਹੈ।’

ਨਾਰਵੇ ਦੇ ਨਵ ਨਾਜੀਵਾਦੀ ਸਮੂਹਿਕ ਹਤਿਆਰੇ ਬ੍ਰੈਵਿਕ ਨੇ ‘ਹਿੰਦੂ ਰਾਸ਼ਟਰਵਾਦੀਆਂ’ ਦੀ ਪ੍ਰਸੰਸਾ ਕੀਤੀ
ਅਖੀਰ ‘ਚ ਤੁਸੀਂ ਮੈਨੂੰ ਦੱਸਣ ਦਾ ਕਸ਼ਟ ਕਰੋ ਕਿ ਤੁਸੀਂ ਕਿਸ ਤਰ੍ਹਾਂ ਯੂਰਪੀ ਦੇਸ਼ ਨਾਰਵੇ ਦੇ ਨਵਨਾਜੀਵਾਦੀ ਸਮੂਹਿਕ ਹਤਿਆਰੇ ਏਂਡਰਸ ਬੇਹਰਿੰਗ ਬਿ੍ਰਵਿਕ ਦਾ ਬਿਆਨ ਜਿਸਨੇ ਭਾਰਤ ਦੇ ‘ਹਿੰਦੂ ਰਾਸ਼ਟਰਵਾਦੀ’ ਅੰਦੋਲਨ ਨੂੰ ਵਿਸ਼ਵ ਭਰ ‘ਚ ਲੋਕਤੰਤਰਿਕ ਵਿਵਸਥਾ ਨੂੰ ਕੁਚਲਨ ਦੀ ਮੁਹਿੰਮ ‘ਚ ਪ੍ਰਮੁੱਖ ਸਹਿਯੋਗ ਦਿੱਤਾ ਹੈ, ‘ਤੇ ਪ੍ਰਤੀਕਿ੍ਰਆ ਦੇਵੋ। ਨਾਰਵੇ ‘ਚ ਭਿਅੰਕਰ ਜਨਸੰਹਾਰ ਕਰਨ ਤੋਂ ਪਹਿਲਾਂ ਉਸਨੇ 1518 ਪੰਨਿਆਂ ਦਾ ਇਕ ਮੈਨੀਫੈਸਟੋ ਜਾਰੀ ਕੀਤਾ ਜਿਸ ਵਿਚ 102 ਪੰਨਿਆਂ ‘ਚ ਭਾਰਤ ਦੇ ਹਿੰਦੂਤਵਵਾਦੀ ਅੰਦੋਲਨ ਦੀ ਚਰਚਾ ਅਤੇ ਪ੍ਰਸੰਸਾਂ ਕੀਤੀ ਗਈ ਹੈ। ਉਸਨੇ ਸਨਾਤਨ ਧਰਮ ਅੰਦੋਲਨ ਅਤੇ ‘ਹਿੰਦੂ ਰਾਸ਼ਟਰਵਾਦੀਆਂ’ ਦਾ ਸਹਿਯੋਗ ਕੀਤਾ ਹੈ। ਇਹ ਮੈਨੀਫੈਸਟੋ ਯੂਰਪ ਦੇ ਨਵਨਾਜੀਵਾਦੀਆਂ ਅਤੇ ਭਾਰਤ ਦੇ ਹਿੰਦੂ ਰਾਸ਼ਟਰਵਾਦੀਆਂ’ ਵਿੱਚ ਇਕ ਰਾਜਨੀਤਿਕ ਸਹਿਯੋਗ ਦੀ ਰੂਪਰੇਖਾ ਦੱਸਿਆ ਹੈ। ਇਹ ਮੈਨੀਫੈਸਟੋ ਕਹਿੰਦਾ ਹੈ ਕਿ ਯੂਰਪ ਦੇ ਨਵਨਾਜੀਵਾਦੀਆਂ ਅਤੇ ਭਾਰਤ ਦੇ ਹਿੰਦੂ ਰਾਸ਼ਟਰਵਾਦੀਆਂ’ ਨੂੰ ‘ਇਕ ਦੂਸਰੇ ਤੋਂ ਸਿੱਖਣਾ ਅਤੇ ਜਿੰਨ੍ਹਾਂ ਸੰਭਵ ਹੋਵੇ ਸਹਿਯੋਗ ਕਰਨਾ ਚਾਹੀਦਾ ਹੈ’ ਕਿਉਂਕਿ ‘ਦੋਨਾਂ ਦੇ ਉਦੇਸ਼ ਘੱਟ ਜਾਂ ਵੱਧ ਇਕੋ ਜਿਹੇ ਹਨ।’ ਇਸ ਮੈਨੀਫੈਸਟੋ ‘ਚ ਪ੍ਰਮੁੱਖ ਤੌਰ ਤੇ ਹਿੰਦੂਵਾਦੀ ਸੰਗਠਨਾਂ ਆਰ.ਐਸ.ਐਸ., ਭਾਜਪਾ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਵਰਨਣ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਮੈਨੀਫੈਸਟੋ, ਮੁਸਲਮਾਨਾ ਨੂੰ ਦੇਸ਼ ਤੋਂ ਬਾਹਰ ਕੱਢ ਸੁੱਟਣ ਲਈ ਗ੍ਰਹਿ-ਯੁੱਧ ‘ਚ ਅਤੇ ਪੱਛਮ ਦੀਆਂ ਸੰਯੁਕਤ ਬਹੁਸੰਸਕਿ੍ਰਤ ਸਰਕਾਰਾਂ ਨੂੰ ਉਖਾੜ ਸੁੱਟਣ ਲਈ ਹਿੰਦੂ ਰਾਸ਼ਟਰਵਾਦੀਆਂ ਨੂੰ, ਫੌਜ਼ੀ ਸਹਾਇਤਾ ਦਾ ਭਰੋਸਾ ਦਿੰਦਾ ਹੈ। ਦਰਅਸਲ ਹੁਣ ਮੈਂ ਉਨ੍ਹਾਂ ਮੁੱਦਿਆਂ ਤੇ ਤੁਹਾਡੀ ਪ੍ਰਤੀਕਿਰਿਆ ਚਾਹੁੰਦਾ ਹਾਂ ਜੋ ਰਾਇਟਰਸ ਦੇ ਪੱਤਰਕਾਰਾਂ ਦੁਆਰਾ ਉਠਾਏ ਜਾਣੇ ਚਾਹੀਦੇ ਸਨ।

ਮੈਂ ਬਹੁਤ ਉਤਸੁਕਤਾ ਨਾਲ ਤੁਹਾਡੇ ਉੱਤਰ ਦੀ ਉਡੀਕ ਕਰ ਰਿਹਾ ਹਾਂ। ਮੈਨੂੰ ਪੂਰਨ ਵਿਸ਼ਵਾਸ਼ ਹੈ ਕਿ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਉਪਲਬਦ ਵਿਸ਼ਾਲ ਸਾਧਨਾਂ ਦੇ ਮੱਦੇਨਜ਼ਰ ਤੁਹਾਨੂੰ ਉੱਤਰ ਦੇਣ ‘ਚ ਕੋਈ ਕਸ਼ਟ ਨਹੀਂ ਹੋਵੇਗਾ।
ਧੰਨਵਾਦ।
ਤੁਹਾਡਾ
ਸ਼ਮਸੁਲ ਇਸਲਾਮ


ਫੁੱਟ ਨੋਟ

1.    http://www.ndtv.com/article/india/narindra-modi-defends-himself-on-2002-gujrat-riots-highlights-391361
2.    V.D. Savarkar cited in V.D. Savarkar, Samagra Savarkar Wangmaya: Hindu Rashtra Darshan, vol. 6, Maharashtra Prantik Hindusabha, Poona, 1963, p. 296.
3.    Organizer, August 14, 1947.
4.    V.D. Savarkar cited in V.D. Savarkar, Samagra Savarkar Wangmaya: Hindu Rashtra Darshan, vol. 6, Maharashtra Prantik Hindusabha, Poona, 1963, pp. 479-80
5.    V.D. Savarkar cited in V.D. Savarkar, Samagra Savarkar Wangmaya: Hindu Rashtra Darshan, vol. 6, Maharashtra Prantik Hindusabha, Poona, 1963, p. 460. V.D. Savarkar cited in V.D. Savarkar, Samagra Savarkar Wangmaya: Hindu Rashtra Darshan, vol. 6, Maharashtra Prantik Hindusabha, Poona, 1963, p. 479-80.
6.    SGSD, vol. 3, p. 32.
7.     SGSD, vol. 4, p. 4-5.
8.    SGSD, vol 4, p. 41.
9.    SGSD, vol. 4, p. 40.
10.    MS Gowalkar, Bunch of Thoughts, Sahitya Sindhu, Bangalore, 1996, p. 283.
11.    CP Bhishikar, Sanghvariksh Ke Beej: Dr. Keshavrao Hedgewar, Suruchi, 1994, p. 21.
12.    Gowalkar, M.S., Shri guruji Samagar Darshan ( Collected works of Gowalkar in Hindi), Vol. 1 (Nagpur:Bhartiya Vichar Sadhna, nd), p. 11.
13.    M.S.Gowalkar, Shri guruji Samagar Darshan ( Collected works of Gowalkar in Hindi), Vol. 3 (Nagpur:Bhartiya Vichar Sadhna, nd), p. 128. Hereafter referred as SGSD.
14.    Savarkar V.D., ‘Women in Manusmriti’ in Savarkar Samagar, vol. 4 {Collection of Savarkar’s Writings in Hindi} (New Delhi:Parbhat). 416.
15.    Gowalkar, M.S., We or Our Nationhood Defined, (Nagpur: Bharat Publications, 1939) p. 36.
16.    http://search.yahoo.com/
search?p=http%3A%2F%2Fenmaktoob.news.yahoo.com%2Fmodi-speaks-goa-hindu-convention-111920534.html&fr=moz35
17.    http://www.hindugujrati.org/news/16527_mohandasgandhi-was-terrible-wicked-and-most-sinful.html
18.    http://www.thehindu.com/news/national/norwegian-mass-killers-manifesto-hails-hindutva article 2293829.ece& http://ibnlive.in.com/news/norwegian-killers-anders-breviks-manifesto-supports-hindutva/170496-3.html


Comments

Pritpal Singh

When religious people regress from spirituality to rituals they shut down their third of discriminating through wisdom. You can write till the cows come home there is no body there to smell the roses in the darkness of dogmatic, ritualistic realm. Godblesss

IQBAL GAJJAN

AAP NAE DALEEL SAHIT SUCH BIAYAN KIA HAE.....ES KAA JAWAB MODI KAE PAAS NEHI HAE....ESS SUCH KO LOGO MAE LIJANAE KI JAROORAT HAE.......HUM AAP KAE VICHAR DHARK TUOR SE SATH HAE......

owedehons

play casino http://onlinecasinouse.com/# online casino <a href="http://onlinecasinouse.com/# ">casino online slots </a> online slots

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ