ਸੰਘ ਨੂੰ ਮਿਲਿਆ ਕਰਾਰਾ ਜਵਾਬ -ਪ੍ਰੋ. ਰਾਕੇਸ਼ ਰਮਨ
Posted on:- 03-09-2014
ਪਿਛਲੀਆਂ ਲੋਕ ਸਭਾ ਚੋਣਾਂ ਮਗਰੋਂ ਸੰਘ ਪਰਿਵਾਰ ਦੀ ਸਮੁੱਚੀ ਪ੍ਰਚਾਰ ਮਸ਼ੀਨਰੀ ਦਾ ਜ਼ੋਰ ਇਨ੍ਹਾਂ ਦੋ ਮਿੱਥਾਂ ਨੂੰ ਸਥਾਪਤ ਕਰਨ ਉੱਪਰ ਲੱਗ ਗਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵਿਅਕਤੀਤਵ ਬੇਜੋੜ ਹੈ ਅਤੇ ਦੇਸ਼ ਨੇ ਆਰ.ਐਸ.ਐਸ ਦੇ ਹਿੰਦੂ ਰਾਸ਼ਟਰਵਾਦ ਦੇ ਏਜੰਡੇ ਨੂੰ ਮਾਨਤਾ ਦੇ ਦਿੱਤੀ ਹੈ। ਦਰਅਸਲ, ਇਨ੍ਹਾਂ ਦੋਵਾਂ ਗੱਲਾਂ ਦਾ ਹੀ ਦੇਸ਼ ਦੀਆਂ ਰਾਜਸੀ ਅਤੇ ਸਭਿਆਚਾਰਕ ਹਕੀਕਤਾਂ ਪੁਸ਼ਟੀ ਨਹੀ ਕਰਦੀਆਂ ਹਨ। ਹੁਣੇ-ਹੁਣੇ ਜ਼ਿਮਨੀ ਚੋਣਾਂ ਨੇ ਤਾਂ ਇਹ ਸਾਬਤ ਵੀ ਕਰ ਦਿੱਤਾ ਹੈ ਕਿ ਆਪਣੀਆਂ ਧਾਰਨਾਵਾਂ ਬਾਰੇ ਉਸ ਦੇ ਦਾਅਵੇ ਬਿਲਕੁਲ ਝੂਠੇ ਅਤੇ ਖੋਖਲੇ ਹਨ। ਨਾ ਤਾਂ ਪ੍ਰਧਾਨ ਮੰਤਰੀ ਦਾ ਵਿਅਕਤੀਤਵ ਹੀ ਬੇਜੋੜ ਹੈ, ਸਗੋਂ ਭਾਜਪਾ ਨੂੰ ਭਾਰਤੀ ਬਹੁਮੱਤ ਨਾਲ ਜਿੱਤਾ ਕੇ ਵੀ ਦੇਸ਼ ਵਾਸੀਆਂ ਨੇ ਹਿੰਦੂ ਰਾਸ਼ਟਰਵਾਦ ਦੇ ਸਹੀ ਹੋਣ ਉੱਪਰ ਮੋਹਰ ਨਹੀਂ ਲਗਾਈ।
ਦਰਅਸਲ, ਦੇਸ਼ ਵਿੱਚ ਹਾਲਾਤ ਹੀ ਕੁਝ ਅਜਿਹੇ ਬਣ ਗਏ ਸਨ, ਜਿਨ੍ਹਾਂ ਅਧੀਨ ਕਾਂਗਰਸ ਨੂੰ ਪਿੱਛੇ ਹੱਟਣਾ ਹੀ ਪੈਣਾ ਸੀ ਤੇ ਕਾਂਗਰਸ ਵੱਲੋਂ ਖ਼ਾਲੀ ਕੀਤੀ ਥਾਂ ਨੂੰ ਮੱਲਣ ਲਈ ਸੰਘ ਪਰਿਵਾਰ ਨੇ ਪੂਰਾ-ਪੂਰਾ ਬੰਦੋਬਸਤ ਕਰ ਲਿਆ ਸੀ। ਦੇਸ਼ ਦੀਆਂ ਭਾਰੂ ਆਰਥਿਕ ਸ਼ਕਤੀਆਂ ਵੀ ਇਸ ਪੱਖੋਂ ਪੂਰੀ ਤਰ੍ਹਾਂ ਸੁਚੇਤ ਸਨ ਕਿ ਕਾਂਗਰਸ ਦੁਆਰਾ ਖਾਲੀ ਕੀਤੀ ਜਗ੍ਹਾਂ ਭਾਜਪਾ ਦੀ ਥਾਂ ਕੋਈ ਹੋਰ ਪਾਰਟੀਆਂ ਨਾ ਲੈ ਲਵੇ ਕਿਉਂਕਿ ਭਾਜਪਾ ਹੀ ਕਾਂਗਰਸ ਤੋਂ ਮਗਰੋਂ ਅਜਿਹੀ ਸਿਆਸੀ ਪਾਰਟੀ ਹੈ, ਜਿਹੜੀ ਨਵਉਦਾਰਵਾਦ ਦੇ ਏਜੰਡੇ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ।
ਆਪਣੇ ਇਨ੍ਹਾਂ ਆਰਥਿਕ ਹਿੱਤਾਂ ਦੇ ਮੱਦੇਨਜ਼ਰ ਕਾਰਪੋਰੇਟ ਜਗਤ ਨੇ ਭਾਜਪਾ ਲਈ ਅਜਿਹੇ ਚੋਣ ਪ੍ਰਚਾਰ ਦਾ ਪ੍ਰਬੰਧ ਕੀਤਾ ਕਿ ਚੋਣ ਪ੍ਰਚਾਰ ਦੌਰਾਨ ਹਰ ਪਾਸੇ ਕੇਵਲ ਭਾਜਪਾ ਹੀ ਦਿਖਾਈ ਦਿੰਦੀ ਸੀ। ਅਸਲ ’ਚ ਇਹ ਚੋਣ ਪ੍ਰਚਾਰ ਨਾ ਕੇਵਲ ਗੁੰਮਰਾਹ-ਕੁੰਨ ਸੀ, ਸਗੋਂ ਗ਼ੈਰ-ਲੋਕਤੰਤਰੀ ਵੀ ਸੀ ਕਿਉਂਕਿ ਚੋਣਾਂ ਦੇ ਪੂਰੇ ਸੀਜ਼ਨ ਦੌਰਾਨ ਸੰਘ ਪਰਿਵਾਰ ਦੀਆਂ ਪਾਰਟੀਆਂ ਵੱਲੋਂ ਲੋਕਤੰਤਰ ਦਾ ਚੌਥਾ ਥੰਮ੍ਹ ਅਪਣਾਉਂਦੇ ਮੀਡੀਆ ਨੂੰ ਪੈਸੇ ਦੇ ਬਲਬੂਤੇ ਆਪਣੇ ਪੱਖ ਵਿੱਚ ਭੁਗਤਾ ਲਿਆ ਗਿਆ ਤੇ ਜਿੱਥੋਂ ਤੱਕ ਹੋ ਸਕਿਆ ਲੋਕ-ਪੱਖੀ ਸਿਆਸੀ ਧਿਰਾਂ ਦੀ ਆਵਾਜ਼ ਨੂੰ ਜਾਂ ਤਾਂ ਬੇਮਤਲਬ ਵਿਵਾਦਾਂ ਵਿੱਚ ਰੋਲ ਦਿੱਤਾ ਗਿਆ ਤੇ ਜਾਂ ਫਿਰ ਹਾਸ਼ੀਏ ’ਤੇ ਧਕੇਲ ਦਿੱਤਾ ਗਿਆ।
ਚੋਣਾਂ ਦੇ ਪ੍ਰਚਾਰ ਦੌਰਾਨ ਕਾਰਪੋਰੇਟ ਮੀਡੀਆ ਨੇ ਨਰੇਂਦਰ ਮੋਦੀ ਨੂੰ ਪੇਸ਼ ਕਰਨ ਵਿੱਚ ਵੀ ਇਕਪਾਸੜ ਅਤੇ ਪੱਖਪਾਤੀ ਭੂਮਿਕਾ ਨਿਭਾਈ। ਧਰਮ-ਨਿਰਪੱਖ ਸਿਆਸੀ ਪਾਰਟੀਆਂ ਦੇ ਅਨੇਕਾਂ ਆਗੂ ਮੋਦੀ ਤੋਂ ਬਿਹਤਰ ਅਕਸ ਅਤੇ ਬਿਹਤਰ ਵਿਅਕਤੀਤਵ ਵਾਲੇ ਸਨ, ਪ੍ਰੰਤੂ ਇਨ੍ਹਾਂ ਨੂੰ ਮੋਦੀ ਦੇ ਟਾਕਰੇ ਵਿੱਚ ਨਹੀਂ ਦਿਖਾਇਆ ਗਿਆ। ਮੋਦੀ ਦੇ ਟਾਕਰੇ ਵਿੱਚ ਕੇਵਲ ਰਾਹੁਲ ਗਾਂਧੀ ਨੂੰ ਪੇਸ਼ ਕੀਤਾ ਗਿਆ ਜਿਹੜਾ ਨਾ ਤਾਂ ਰਾਜਸੀ ਪੱਖੋਂ ਪ੍ਰੌੜ ਸੀ ਅਤੇ ਨਾ ਹੀ ਕੋਈ ਪ੍ਰਭਾਵਸ਼ਾਲੀ ਵਕਤਾ ਸੀ। ਕਾਂਗਰਸ ਨੂੰ ਸ਼ਾਇਦ ਇਹ ਗੱਲ ਪਤਾ ਵੀ ਸੀ, ਪਰ ਦਸ ਸਾਲ ਦੇ ਅਰਸੇ ਬਾਅਦ ਕਿਉਂਕਿ ਉਹ ਖੁਦ ਹੀ ਪਿੱਛੇ ਹਟਣ ਦੇ ਰੌਂਅ ਵਿੱਚ ਸੀ, ਇਸ ਲਈ ਉਸ ਨੇ ਆਪਣੀਆਂ ਸਫਾਂ ਵਿੱਚੋਂ ਵੀ ਮੋਦੀ ਦੇ ਮੁਕਾਬਲੇ ਦਾ ਕੋਈ ਆਗੂ ਅੱਗੇ ਨਹੀਂ ਲਿਆਂਦਾ, ਇਸ ਲਈ, ਚੋਣ ਅਖਾੜੇ ਵਿੱਚ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਨਰੇਂਦਰ ਮੋਦੀ ਨੂੰ ਸਹਿਜੇ ਹੀ ਚੁਣੌਤੀ-ਰਹਿਤ ਬੇਜੋੜ ਵਿਅਕਤੀ ਚੋਣ ਦਾ ਮੌਕਾ ਮਿਲ ਗਿਆ।
ਲੋਕ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਦੇ ਦੋ ਹੀ ਵੱਡੇ ਫੈਕਟਰ ਸਨ, ਇਕ, ਯੂਪੀਏ ਦੀ ਕਾਰਗੁਜ਼ਾਰੀ ਵਿਰੁਧ ਪੈਦਾ ਹੋਇਆ ਨਾਕਾਰਾਤਮਿਕ ਵੋਟ ਰੁਝਾਨ ਅਤੇ ਦੂਜਾ ਕਾਰਪੋਰੇਟ ਮੀਡੀਆ ਦੀ ਇਕਪਾਸੜ ਅਤੇ ਪੱਖਪਾਤੀ ਭੂਮਿਕਾ। ਚੋਣਾਂ ਮਗਰੋਂ ਇਨ੍ਹਾਂ ਦੋਵਾਂ ਫੈਕਟਰਾਂ ਨੂੰ ਇਕ ਪਾਸੇ ਕਰ ਦਿੱਤਾ ਗਿਆ ਅਤੇ ਇਨ੍ਹਾਂ ਦੀ ਥਾਂ ਇਹ ਪ੍ਰਭਾਵ ਪੈਦਾ ਕੀਤਾ ਗਿਆ ਕਿ ਭਾਜਪਾ ਦੇ ਜਿੱਤ ਦਾ ਅਸਲ ਸਿਹਰਾ ਮੋਦੀ ਦੇ ਵਿਅਕਤੀਤਵ ਅਤੇ ਆਰ.ਐਸ.ਐਸ ਦੇ ਹਿੰਦੂ ਰਾਸ਼ਟਰਵਾਦੀ ਏਜੰਡੇ ਉੱਪਰ ਬੱਝਦਾ ਹੈ। ਸੰਘ ਪਰਿਵਾਰ ਨੇ ਇਹ ਸਮਝ ਵੀ ਪੇਸ਼ ਕਰਨ ਦਾ ਯਤਨ ਕੀਤਾ ਕਿ ਭਾਜਪਾ ਸਰਕਾਰ ਕੀ ਕਰਦੀ ਹੈ, ਕੀ ਨਹੀਂ ਕਰਦੀ, ਇਸ ਗੱਲ ਵੱਲ ਦੇਸ਼ ਦੀ ਜਨਤਾ ਦਾ ਧਿਆਨ ਨਹੀਂ ਸਗੋਂ ਜਨਤਾ ਮੋਦੀ ਦੇ ਵਿਅਕਤੀਤਵ ਦੇ ਨਿਰੰਤਰ ਪ੍ਰਭਾਵ ਹੇਠ ਹੈ ਅਤੇ ਆਰ.ਐਸ.ਐਸ ਦੀ ਰਣਨੀਤੀ ਦੀ ਗਿ੍ਰਫਤ ਵਿੱਚ ਹੈ, ਪਰ ਜ਼ਿਮਨੀ ਚੋਣਾਂ ਨੇ ਭਾਜਪਾ ਦੀ ਇਸ ਸਮਝ ਨੂੰ ਉਲਟਾ ਦਿੱਤਾ ਹੈ। ਜਨਤਾ ਨੇ ਦਰਸਾ ਦਿੱਤਾ ਹੈ ਕਿ ਉਹ ਭਾਜਪਾ ਦੀ ਕਾਰਗੁਜ਼ਾਰੀ ਨੂੰ ਵੀ ਉਵੇਂ ਹੀ ਦੇਖ ਰਹੀ ਹੈ, ਜਿਵੇਂ ਯੂਪੀਏ-2 ਦੀ ਕਾਰਗੁਜ਼ਾਰੀ ਨੂੰ ਦੇਖ ਰਹੀ ਸੀ। ਜਨਤਾ ਤਾਂ ਇਸ ਤੋਂ ਵੀ ਇਕ ਕਦਮ ਅੱਗੇ ਚੱਲੀ ਗਈ ਹੈ, ਇਸ ਨੇ ਭਾਜਪਾ ਦੇ ਫਿਰਕੂ ਏਜੰਡੇ ਦੇ ਖ਼ਤਰੇ ਨੂੰ ਵੀ ਭਾਂਪ ਲਿਆ ਹੈ।
ਭਾਜਪਾ ਸਰਕਾਰ ਨੇ, ਆਪਣੇ ਹੋਂਦ ਵਿੱਚ ਆਉਣ ਦੇ, ਕੁਝ ਦਿਨਾਂ ਅੰਦਰ ਹੀ ਇਹ ਸੰਕੇਤ ਦੇ ਦਿੱਤੇ ਕਿ ਉਹ ਜਨਤਾ ਦੀਆਂ ਉਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਕੁਝ ਨਹੀਂ ਕਰੇਗੀ, ਜਿਨ੍ਹਾਂ ਕਾਰਨ ਲੋਕਾਂ ਨੇ ਯੂਪੀਏ-2 ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤਾ ਸੀ। ਲੋਕ-ਪੱਖੀ ਸਿਆਸੀ ਚਿੰਤਕਾਂ ਵੱਲੋਂ ਵਾਰ-ਵਾਰ ਪ੍ਰਗਟਾਏ ਗਏ ਖਦਸ਼ੇ ਮੁਤਾਬਿਕ ਇਸ ਸਰਕਾਰ ਨੇ ਨਵਉਦਾਰਵਾਦੀ ਆਰਥਿਕ ਪ੍ਰੋਗਰਾਮ ਨੂੰ ਹੋਰ ਵਿਸਥਾਰ ਦੇਣਾ ਸ਼ੁਰੂ ਕਰ ਦਿੱਤਾ। ਲੋਕਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਮਹਿੰਗਾਈ, ਬੇਰੁਜ਼ਗਾਰੀ ਅਤੇ ਭਿ੍ਰਸ਼ਟਾਚਾਰ ਜਿਨ੍ਹਾਂ ਨੂੰ ਨਰੇਂਦਰ ਮੋਦੀ ਜਲਦ ਹੱਲ ਕਰਨ ਦਾ ਦਾਅਵਾ ਕਰਦੇ ਸਨ, ਭਾਜਪਾ ਦੇ ਸ਼ਾਸਨ ਕਾਲ ਵਿੱਚ ਵੀ ਹੋਰ ਗੰਭੀਰ ਰੂਪ ਧਾਰਨ ਕਰਦੀਆਂ ਜਾਂ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਪ੍ਰਤੀ ਖਾਮੋਸ਼ੀ ਧਾਰਨ ਕਰਕੇ ਭਾਜਪਾ ਨੇ ਨਵੇਂ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ ਹਨ। ਫਿਰਕੂ ਏਜੰਡੇ ਨੂੰ ਨੰਗੇ-ਚਿੱਟੇ ਰੂਪ ਵਿੱਚ ਦੇਸ਼ ਅੰਦਰ ਲਾਗੂ ਕਰਨ ਦੇ ਉਪਰਾਲੇ ਕਰ ਦਿੱਤੇ ਹਨ ਅਤੇ ਵਿਕਾਸ ਦੇ ਨਾਂ ’ਤੇ ਡਿਜ਼ੀਟਲ ਇੰਡੀਆ ਦਾ ਸ਼ੋਸ਼ਾ ਛੱਡ ਦਿੱਤਾ ਗਿਆ ਹੈ।
ਆਰ.ਐਸ.ਐਸ ਵੱਲੋਂ ਭਾਰਤ ਦੀ ਪਛਾਣ ਬਾਰੇ ਜੋ ਬਿਆਨ ਵਾਰ-ਵਾਰ ਦੁਹਰਾਏ ਜਾ ਰਹੇ ਹਨ ਉਹ ਨਾ ਕੇਵਲ ਆਧਾਰਹੀਣ ਤੇ ਤੱਥਾਂ ਤੋਂ ਦੂਰ ਹਨ, ਸਗੋਂ ਘੱਟ ਗਿਣਤੀਆਂ ਦੀ ਵੱਖਰੀ ਪਛਾਣ ਨੂੰ ਵੀ ਨਿਸ਼ਾਨਾ ਬਣਾਉਣ ਵਾਲੇ ਹਨ। ਆਰ.ਐਸ.ਐਸ ਦੇਸ਼ ਦੇ ਫਿਰਕੂ ਸਦਭਾਵਨਾ ਵਾਲੇ ਮਾਹੌਲ ਵਿੱਚ ਆਪਣੇ ਜ਼ਹਿਰੀਲੇ ਪ੍ਰਚਾਰ ਰਾਹੀਂ ਲਗਾਤਾਰ ਖਲਬਲੀ ਪੈਦਾ ਕਰਨ ਦਾ ਯਤਨ ਕਰ ਰਹੀ ਹੈ। ਦੇਸ਼ ਵਿੱਚ ਕਈ ਥਾਵਾਂ ’ਤੇ ਇਸ ਪ੍ਰਚਾਰ ਦੇ ਪ੍ਰਭਾਵ ਕਾਰਨ ਦੰਗੇ-ਫਸਾਦ ਹੋ ਚੁੱਕੇ ਹਨ। ਆਰ.ਐਸ.ਐਸ ਇਹ ਸਭ ਕੁਝ ਭਾਜਪਾ ਦੇ ਸਿਆਸੀ ਲਾਭ ਲਈ ਕਰ ਰਹੀ ਹੈ। ਪਰ ਦੇਸ਼ ਦੀ ਜਨਤਾ ਇਸ ਗੰੁਮਰਾਹਕੁੰਨ ਪ੍ਰਚਾਰ ਦੇ ਖ਼ਤਰੇ ਪ੍ਰਤੀ ਸੁਚੇਤ ਹੋ ਰਹੀ ਹੈ। ਜ਼ਿਮਨੀ ਚੋਣਾਂ ਵਿੱਚ ਭਾਜਪਾ ਨੂੰ ਕਰਾਰੀ ਹਾਰ ਦੇ ਕੇ ਅਸਲ ਵਿੱਚ ਦੇਸ਼ ਦੀ ਜਨਤਾ ਨੇ ਆਰ.ਐਸ.ਐਸ ਦੇ ਕੋਝੇ ਮਨਸੂਬਿਆ ਦਾ ਹੀ ਵਿਰੋਧ ਕੀਤਾ ਹੈ।
ਸੰਪਰਕ: +91 98785 31166