Wed, 30 October 2024
Your Visitor Number :-   7238304
SuhisaverSuhisaver Suhisaver

ਇੱਕ ‘ਲੋਹ ਔਰਤ’ ਦੇ ਸਿਰੜ ਦੀ ਦਾਸਤਾਨ - ਮਨਦੀਪ

Posted on:- 03-09-2014

suhisaver

ਇਹ ਦਰਦਨਾਕ ਦਾਸਤਾਨ ਭਾਰਤ ਦੇ ਉੱਤਰ ਪੂਰਬ ਦੇ ਛੋਟੇ ਜਿਹੇ ਸੂਬੇ ‘ਮਨੀਪੁਰ ਦੀ ਲੋਹ ਔਰਤ’ ਕਹੀ ਜਾਣ ਵਾਲੀ ਸੰਗਰਾਮਣ ਇਰੋਮ ਚਾਨੂ ਸ਼ਰਮੀਲਾ ਦੀ ਹੈ। ਇਹ ਸਿਰੜੀ ਮਨੀਪੁਰੀ ਮਹਿਲਾ 14 ਵਰ੍ਹਿਆਂ ਤੋਂ ਲਗਾਤਾਰ ਸੰਘਰਸ਼ ਦੇ ਰਾਹ ’ਤੇ ਹੈ। ਪਿਛਲੇ ਦਿਨੀਂ ਉਸਨੂੰ ਚੌਦਾਂ ਵਰ੍ਹਿਆਂ ਦੀ ਕੈਦ ‘ਚੋਂ ਸਿਰਫ ਦੋ ਦਿਨ ਲਈ ਖੁਲ੍ਹੀ ਹਵਾ ‘ਚ ਚੱਲਣ-ਫਿਰਨ ਤੇ ਸਾਹ ਲੈਣ ਲਈ ਅਜ਼ਾਦ ਕੀਤਾ ਗਿਆ ਸੀ। ਅਜ਼ਾਦ ਹੋਣ ਦੇ ਫੌਰੀ ਬਾਅਦ ਉਹ ਮਹਾਨ ਸੰਗਰਾਮਣ ਫਿਰ ਤੋਂ ਆਪਣੇ ਮਕਸਦ ਦੀ ਪ੍ਰਾਪਤੀ ਲਈ ਦ੍ਰਿੜਤਾ ਨਾਲ ਸੰਘਰਸ਼ ਦੇ ਮੈਦਾਨ ‘ਚ ਆ ਗਈ। ਉਸਦੀ ਇਸ ਜੁਅਰਤਮੰਦ ਅਵਾਜ਼ ਨੂੰ ਉੱਤਰੀ ਇੰਫਾਲ ਦੀ ਮੁੱਖ ਨਿਆਂਇਕ ਅਦਾਲਤ ਨੇ ਆਈ. ਪੀ. ਸੀ. ਦੀ ਧਾਰਾ 309 ਤਹਿਤ ਆਤਮਦਾਹ ਕਰਨ ਦੇ ਕਾਨੂੰਨਨ ਜੁਰਮ ਹੇਠ ਸੀਖਾਂ ਪਿੱਛੇ ਬੰਦ ਕਰ ਦਿੱਤਾ।



ਇਰੋਮ ਮਨੀਪੁਰ ਸਮੇਤ ਭਾਰਤ ‘ਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਚੇਤੰਨ, ਸਰਗਰਮ ਤੇ ਸਿਰੜੀ ਔਰਤ ਹੈ। ਰੋਸ ਪ੍ਰਦਰਸ਼ਨ ਕਰਨ ਦੇ ਬੁਨਿਆਦੀ ਮਨੁੱਖੀ ਤੇ ਹੱਕੀ ਸੰਘਰਸ਼ ਲਈ ਦੇਸ਼-ਦੁਨੀਆ ਭਰ ਅੰਦਰ ਇਨਸਾਫਪਸੰਦ ਤਾਕਤਾਂ ਤੇ ਲੋਕ ਉਸਦੇ ਸੰਘਰਸ਼ ਨੂੰ ਹੱਕੀ ਤੇ ਨਿਆਈਂ ਮੰਨਕੇ ਉਸਦੀ ਹਮਾਇਤ ਕਰ ਰਹੇ ਹਨ। ਉਸਦੀ ਜੱਦੋਜਹਿਦ ਦੇ ਪੱਖ ‘ਚ ਵਿਸ਼ਾਲ ਪੱਧਰ ਤੇ ਦਸਤਖਤੀ ਮੁਹਿੰਮ ਲਾਮਬੰਦ ਕੀਤੀ ਜਾ ਰਹੀ ਹੈ। ਉਸ ਦੁਆਰਾ 14 ਵਰ੍ਹਿਆਂ ਤੋਂ ਨਿਰੰਤਰ ਜਾਰੀ ਸਭ ਤੋਂ ਲੰਮੀ ਭੁੱਖ ਹੜਤਾਲ ਦਾ ਮਹੱਤਵ ਇਤਿਹਾਸ ਦੇ ਅਮਿੱਟ ਪੰਨਿਆਂ ਉਪਰ ਦਰਜ ਹੋ ਚੁੱਕਾ ਹੈ। ਇਸ ਸੰਘਰਸ਼ ਦੀ ਪਿੱਠਭੂਮੀ ‘ਚ ਲੁੱਟ, ਜਬਰ ਤੇ ਅਨਿਆਂ ਖਿਲਾਫ ਆਪਣੇ ਹੀ ਢੰਗ ਨਾਲ ਵਿਰੋਧ ਕਰਨ ਦੀ ਲਾਮਿਸਾਲ ਜੱਦੋਜਹਿਦ ਦਾ ਇਤਿਹਾਸ ਹੈ।

ਮਨੀਪੁਰ ਉੱਤਰ ਭਾਰਤ ਦਾ 30 ਲੱਖ ਦੀ ਅਬਾਦੀ ਵਾਲਾ ਇਕ ਛੋਟਾ ਜਿਹਾ ਸੂਬਾ ਹੈ ਜਿੱਥੇ 11 ਸਤੰਬਰ 1958 ਨੂੰ ਭਾਰਤੀ ਸੰਸਦ ਨੇ ‘ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ’ (ਅਫਸਪਾ) ਨਾਗਾ ਲੋਕਾਂ ਉਪਰ ਜਬਰੀ ਥੋਪਿਆ ਸੀ। ਉਸ ਵਕਤ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਜਾਬਰ ਕਾਨੂੰਨ ਨੂੰ ਛੇ ਮਹੀਨੇ ਦੇ ਅੰਦਰ ਹਟਾ ਦੇਣ ਦਾ ਭਰੋਸਾ ਦਿੱਤਾ ਸੀ ਜੋ ਅੱਜ ਤੱਕ ਵਫਾ ਨਹੀਂ ਹੋਇਆ। ਅਫਸਪਾ ਇਕ ਅਜਿਹਾ ਕਾਨੂੰਨ ਹੈ ਜਿਸ ਤਹਿਤ ਫੌਜ਼ ਨੂੰ ਕਿਸੇ ਦੇ ਵੀ ਘਰ ਦੀ ਬਿਨਾਂ ਵਰੰਟ ਤਲਾਸ਼ੀ ਲੈਣ, ਗ੍ਰਿਫਤਾਰ ਕਰਨ, ਸਿਰਫ ਸ਼ੱਕ ਦੇ ਅਧਾਰ ਤੇ ਅਪਰਾਧੀ ਘੋਸ਼ਿਤ ਕਰਨ ਅਤੇ ਹੱਤਿਆ ਕਰਨ ਤੱਕ ਦਾ ਅਧਿਕਾਰ ਹੈ। ਇਸ ਕਾਲੇ ਕਾਨੂੰਨ ਤਹਿਤ ਮਨੀਪੁਰ ‘ਚ ਹੁਣ ਤੱਕ 300 ਤੋਂ ਉਪਰ ਲੋਕਾਂ ਦੀ ਗੈਰ ਕਾਨੂੰਨੀ ਢੰਗ ਨਾਲ ਹੱਤਿਆ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਇਸ ਜਾਬਰ ਕਾਨੂੰਨ ਤਹਿਤ ਭਾਰਤੀ ਫੌਜ਼ ਨੂੰ ਆਪਣੇ ਹੀ ਦੇਸ਼ ਦੇ ਲੋਕਾਂ ਦੀ ਨਸਲਕੁਸ਼ੀ ਕਰਨ ਦੇ ਬੇਲਗਾਮ ਅਧਿਕਾਰ ਦਿੱਤੇ ਜਾ ਰਹੇ ਹਨ।

ਇਰੋਮ ਚਾਨੂ ਸ਼ਰਮੀਲਾ ਨੇ 2 ਨਵੰਬਰ 2000 ਨੂੰ ਮਨੀਪੁਰ ਦੇ ਮਲੋਮ ‘ਚ ਅਸਮ ਰਾਈਫਲਜ਼ ਵੱਲੋਂ 10 ਨਿਰਦੋਸ਼ ਲੋਕਾਂ ਦੀ ਹੱਤਿਆ ਦੀਆਂ ਤਸਵੀਰਾਂ ਅਖਬਾਰ ‘ਚ ਵੇਖਕੇ 4 ਨਵੰਬਰ 2000 ਤੋਂ ਅਫਸਪਾ ਹਟਾਉਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਇਸ ਸ਼ਰੇਆਮ ਦਿਨ-ਦਿਹਾੜੇ ਹੋਏ ਵਹਿਸ਼ੀਆਨਾ ਕਤਲੇਆਮ ‘ਚ ਬੱਸ ਸਡੈਂਡ ’ਤੇ ਬੱਸ ਦੀ ਉਡੀਕ ‘ਚ ਖੜ੍ਹੇ ਦਸ ਲੋਕ ਮਾਰ ਦਿੱਤੇ ਗਏ ਸਨ। ਇਸ ਬੇਰਹਿਮ ਕਤਲੇਆਮ ‘ਚ ਇਕ ਨੈਸ਼ਨਲ ਐਵਾਰਡ ਜੇਤੂ ਬੱਚਾ ਵੀ ਸ਼ਾਮਲ ਸੀ। ਇਰੋਮ ਦੀ ਅਫਸਪਾ ਹਟਾਉਣ ਦੀ ਮੰਗ ਨੂੰ ਸਰਕਾਰ ਵੱਲੋਂ ਗੈਰਕਾਨੂੰਨੀ ਘੋਸ਼ਿਤ ਕਰਕੇ 5 ਨਵੰਬਰ ਨੂੰ ਉਸ ਉੱਤੇ ਆਤਮਦਾਹ ਦਾ ਮੁਕੱਦਮਾ ਦਰਜ ਕਰਕੇ ਉਸਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। 5 ਨਵੰਬਰ 2000 ਤੋਂ ਲੈ ਕੇ ਅੱਜ ਤੱਕ ਇਰੋਮ ਜੇਲ੍ਹ ਵਿਚ ਬੰਦ ਹੈ। 14 ਵਰ੍ਹਿਆਂ ਦੀ ਇਸ ਕੈਦ ਦੌਰਾਨ ਉਸਨੇ ਮੂੰਹ ਰਾਹੀਂ ਕੁਝ ਨਹੀਂ ਖਾਧਾ-ਪੀਤਾ। ਭਾਰਤ ਤੇ ਸੂਬਾ ਸਰਕਾਰ ਆਪਣੇ ਪ੍ਰਸ਼ਾਸ਼ਨ ਰਾਹੀਂ ਉਸਨੂੰ ਨੱਕ ਰਾਹੀਂ ਤਰਲ ਪਦਾਰਥ ਦੇ ਕੇ ਜੀਵਤ ਰੱਖ ਰਹੀ ਹੈ। ਉਸਦੇ ਮੂੰਹ ਦੀਆਂ ਸਵਾਦ ਗ੍ਰੰਥੀਆਂ ਖਤਮ ਹੋ ਚੁੱਕੀਆਂ ਹਨ ਤੇ ਉਸਦਾ ਭਾਰ ਕੇਵਲ 37 ਕਿਲੋ ਰਹਿ ਗਿਆ ਹੈ। ਉਸਨੂੰ ਮਾਸਿਕ ਆਉਣੇ ਬੰਦ ਹੋ ਗਏ ਹਨ ਤੇ ਦਿਮਾਗੀ ਸੰਤੁਲਨ ਲਗਾਤਾਰ ਵਿਗਾੜ ਵੱਲ ਜਾ ਰਿਹਾ ਹੈ। ਜਿਸ ਹਸਪਤਾਲ ਵਿੱਚ ਉਹ ਦਾਖਲ ਹੈ ਉਸਨੂੰ ਉਪ ਜੇਲ੍ਹ ਘੋਸ਼ਿਤ ਕਰ ਦਿੱਤਾ ਗਿਆ ਹੈ। ਆਪਣੇ ਸੂਬੇ ਦੇ ਲੋਕਾਂ ਉਪਰ ਹੋ ਰਹੇ ਜਬਰ ਖਿਲਾਫ ਉਹ ਆਪਣੇ ਢੰਗ ਨਾਲ ਸੰਘਰਸ਼ ਕਰ ਰਹੀ ਹੈ।

ਇਸੇ ਤਰ੍ਹਾਂ ਮਨੀਪੁਰ ‘ਚ 32 ਸਾਲਾ ਮਹਿਲਾ ਮਨੋਰਮਾ ਜਿਸਨੂੰ ਅਸਮ ਰਾਇਫਲਜ਼ ਦੇ ਕੁਝ ਫੌਜ਼ੀਆਂ ਨੇ ਜੁਲਾਈ 2004 ਦੀ ਰਾਤ ਨੂੰ ਘਰੋਂ ਉਠਾਕੇ ਸਮੂਹਿਕ ਬਲਾਤਕਾਰ ਕਰਨ ਬਾਅਦ ਅੰਨ੍ਹਾਂ ਤਸ਼ੱਦਦ ਢਾਹਕੇ, ਉਸਦੇ ਜਨਨ ਅੰਗਾਂ ਤੇ ਗੋਲੀਆਂ ਮਾਰਕੇ ਉਸਦੀ ਹੱਤਿਆ ਕਰ ਦਿੱਤੀ ਸੀ। ਉਸ ਉਪਰ ਪੀ. ਐਲ. ਏ. (ਲੋਕ ਮੁਕਤੀ ਸੈਨਾ) ਦੀ ਹਮਾਇਤੀ ਹੋਣ ਦਾ ਦੋਸ਼ ਲਾਇਆ ਗਿਆ ਸੀ। ਮਨੋਰਮਾ ਦੇ ਕੁਲ ਨੌਂ ਗੋਲੀਆਂ ਮਾਰੀਆਂ ਗਈਆਂ। ਚਾਰ ਉਸਦੇ ਜਨਨ ਅੰਗਾਂ ਤੇ ਬਾਕੀ 5 ਗੋਲੀਆਂ ਉਸਦੀ ਛਾਤੀ ਵਿਚ ਮਾਰੀਆਂ ਗਈਆਂ। ਪੋਸਟ ਮਾਰਟਮ ਦੀ ਰਿਪੋਰਟ ’ਚ ਸਮੂਹਿਕ ਬਲਾਤਕਾਰ ਦੀ ਪੁਸ਼ਟੀ ਹੋਈ। ਉਸਦੀ ਹੱਤਿਆ ਸਬੰਧੀ ਜਸਟਿਸ ਉਪੇਂਦਰ ਕਮੇਟੀ ਗਠਿਤ ਕੀਤੀ ਗਈ ਪ੍ਰੰਤੂ ਹਤਿਆਰਿਆਂ ਤੇ ਬਲਾਤਕਾਰੀਆਂ ਨੂੰ ਅੱਜ ਤੱਕ ਕੋਈ ਸਜਾ ਨਹੀਂ ਮਿਲੀ। ਸਰਕਾਰੀ ਦਹਿਸ਼ਤਗਰਦੀ ਦੀ ਇਸ ਘਟਨਾ ਤੋਂ ਬਾਅਦ 40 ਤੋਂ 60 ਸਾਲਾਂ ਦੀਆਂ 30 ਔਰਤਾਂ ਨੇ 15 ਜੁਲਾਈ 2004 ਨੂੰ ਨਗਨ ਹੋ ਕੇ ਅਸਮ ਰਾਇਫਲਜ਼ ਦੇ ਮੁੱਖ ਦਫਤਰ ਕਾਂਗਲਾ ਫੋਰਟ ‘ਚ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਬਹਾਦਰ ਮਾਵਾਂ ਤੇ ਦਾਦੀ ਮਾਵਾਂ ਨੇ ਚੀਖ-ਚੀਖ ਕੇ ਭਾਰਤੀ ਸਰਕਾਰ ਤੇ ਫੌਜ਼ ਨੂੰ ਸ਼ਰਮਸ਼ਾਰ ਕਰਦਿਆਂ ਨਾਅਰੇ ਲਾਏ ਕਿ “ਭਾਰਤੀ ਸੈਨਾ ਸਾਡਾ ਬਲਾਤਕਾਰ ਕਰੋ”। ਪ੍ਰੰਤੂ ਅਸਾਮ ਵਿੱਚ ਇਨ੍ਹਾਂ ਸਭ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਅੱਜ ਤੱਕ ਸਰਕਾਰੀ ਤੇ ਫੌਜ਼ੀ ਦਮਨ ਬਾਦਸਤੂਰ ਜਾਰੀ ਹੈ।

ਅਫਸਪਾ ਜੰਮੂ-ਕਸ਼ਮੀਰ, ਨਾਗਾਲੈਂਡ, ਮਿਜੋਰਮ, ਅਸਾਮ ਆਦਿ ਸੂਬਿਆਂ ਸਮੇਤ ਭਾਰਤ ਦੇ ਲੱਗਭਗ ਇਕ ਦਰਜਨ ਸੂਬਿਆਂ ਦੇ ਲੋਕਾਂ ਉਪਰ ਥੋਪਿਆ ਹੋਇਆ ਹੈ। ਇਹ ਸਿਰੇ ਦੀ ਗੈਰਜਮਹੂਰੀ ਤੇ ਤਾਨਾਸ਼ਾਹ ਕਾਰਵਾਈ ਹੈ ਕਿ ਜਾਬਰ ਕਾਨੂੰਨ ਲਾਗੂ ਕਰਕੇ ਅਸਹਿਮਤੀ ਦੀ ਅਵਾਜ਼ ਨੂੰ ਬੰਦ ਕੀਤਾ ਜਾ ਰਿਹਾ ਹੈ। ਭੁੱਖ ਹੜਤਾਲ ਦੇ ਜਮਹੂਰੀ ਬੁਨਿਆਦੀ ਹੱਕ ਤੱਕ ਨੂੰ ਆਤਮਦਾਹ ਕਹਿਕੇ ਕੁਚਲਿਆ ਤੇ ਬਦਨਾਮ ਕੀਤਾ ਜਾ ਰਿਹਾ ਹੈ। ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਬਜਾਏ ਇਹ ਕਾਨੂੰਨ ਪੰਜਾਬ ਵਰਗੇ ਅਮਨ-ਸ਼ਾਂਤ ਸੂਬੇ ਉਪਰ ਵੀ ਲਾਗੂ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਮਨੀਪੁਰ ‘ਚੋਂ ਉੱਠ ਰਹੀ ਵਿਰੋਧ ਦੀ ਅਵਾਜ਼ ਸਭਨਾ ਇਨਸਾਫਪਸੰਦ ਲੋਕਾਂ ਦੀ ਸਾਂਝੀ ਅਵਾਜ਼ ਹੈ ਜੋ ਵਿਸ਼ਾਲ ਪੈਮਾਨੇ ਤੇ ਇਕਜੁਟ ਹੋ ਕੇ ਉੱਠਣੀ ਚਾਹੀਦੀ ਹੈ।

ਅੱਜ ਉਸ ਬਹਾਦਰ ਔਰਤ ਦੇ ਹੱਕੀ ਸੰਘਰਸ਼ ਦੀ ਹਮਾਇਤ ਦੇ ਅਸਲ ਅਰਥ ਇਹ ਹਨ ਕਿ ਉਸਦੇ ਰੋਸ ਪ੍ਰਗਟ ਕਰਨ ਦੇ ਬੁਨਿਆਦੀ ਮਨੁੱਖੀ ਅਧਿਕਾਰ ਤੋਂ ਜਬਰੀ ਲਾਗੂ ਕੀਤੀਆਂ ਪਾਬੰਦੀਆਂ ਚੁਕਵਾਉਣ ਅਤੇ ਉਸਦੀ ‘ਅਫਸਪਾ ਹਟਾਓ’ ਦੀ ਹੱਕੀ ਤੇ ਵਾਜਿਬ ਮੰਗ ਨੂੰ ਲਾਗੂ ਕਰਵਾਉਣ ਦੇ ਉਸਦੇ ਸੰਘਰਸ਼ ਦੇ ਸੰਗੀ ਬਣਿਆ ਜਾਵੇ।

ਸੰਪਰਕ: +91 98764 42052

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ