ਪੰਜਾਬੀ ਕਿਸਾਨ ਵਿਦੇਸ਼ੀ ਸੱਦਿਆਂ ਤੋਂ ਖ਼ੁਦਕੁਸ਼ੀਆਂ ਤੱਕ - ਗੁਰਚਰਨ ਪੱਖੋਕਲਾਂ
Posted on:- 01-09-2014
ਇੱਕ ਪਾਸੇ ਦੁਨੀਆਂ ਦੇ ਵਿਕਸਿਤ ਅਤੇ ਵਿਕਾਸ ਸੀਲ ਦੇਸਾਂ ਦੀਆਂ ਸਰਕਾਰਾਂ ਸੱਦੇ ਭੇਜ ਰਹੀਆਂ ਹਨ ਦੂਸਰੇ ਪਾਸੇ ਕਿਸਾਨ ਸਿਰ ਝੁਕਾਈ ਖ਼ੁਦਕੁਸ਼ੀਆਂ ਕਰਨ ਤੱਕ ਸੋਚਣ ਲੱਗ ਜਾਂਦਾਂ ਹੈ ।ਕਦੇ ਕਦੇ ਖ਼ੁਦਕੁਸ਼ੀਆਂ ਦੀ ਖਬਰ ਆ ਵੀ ਜਾਂਦੀ ਹੈ। ਪੰਜਾਬੀ ਕਿਸਾਨ ਦੇਸ ਵਿੱਚ ਸਭ ਤੋਂ ਵੱਧ ਪ੍ਰਤੀ ਏਕੜ ਅਨਾਜ ਉਤਪਾਦਨ ਕਰ ਰਿਹਾ ਹੈ । ਭਾਦੋਂ ਅਤੇ ਫੱਗਣ ਚੇਤ ਵਿੱਚ ਪੰਜਾਬ ਦੇ ਖੇਤ ਹਰਿਆਲੀ ਨਾਲ ਭਰੇ ਪਏ ਕਿਸਾਨ ਅਤੇ ਪੰਜਾਬੀਆਂ ਦੀ ਮਿਹਨਤ ਦਾ ਸਬੂਤ ਹੁੰਦੇ ਹਨ ।
ਦੂਸਰੇ ਪਾਸੇ ਵਿਹਲੜ ਬੁੱਧੀਜੀਵੀ ਕਿਰਤੀ ਕਿਸਾਨ ਮਜ਼ਦੂਰ ਦੀਆਂ ਫੌਜਾਂ ਨੂੰ ਵਿਹਲੜ ਨਿਕੰਮੇ ਹੋਣ ਦਾ ਸਰਟੀਫਿਕੇਟ ਜਾਰੀ ਕਰ ਰਹੇ ਹੁੰਦੇ ਹਨ । ਸਰਕਾਰਾਂ ਦੀ ਲੁੱਟ ਨੂੰ ਲੁਕੋ ਕੇ ਕਿਸਾਨ ਨੂੰ ਦੋਸ਼ੀ ਠਹਿਰਾਉਣ ਵਾਲੇ ਬੁੱਧੀਜੀਵੀਆਂ ਨੂੰ ਫਸਲ ਉਤਪਾਦਨ ਦੀ ਰਿਕਾਰਡ ਤੋੜ ਪੈਦਾਵਰ ਤਾਂ ਅਸਮਾਨੋਂ ਉਤਰੀ ਹੀ ਲੱਗਦੀ ਹੈ । ਜਦ ਕਦੀ ਕੋਈ ਕਿਸਾਨ ਸਿਸਟਮ ਦਾ ਸ਼ਿਕਾਰ ਹੋ ਕੇ ਕਰਜ਼ਾਈ ਹੋਇਆ ਖੁਦਕੁਸੀ ਕਰਕੇ ਸਰਕਾਰਾਂ ਅਤੇ ਕਿਸਾਨ ਵਿਰੋਧੀ ਅਖੌਤੀਆਂ ਦੇ ਮੂੰਹ ਤੇ ਥੁੱਕ ਜਾਂਦਾ ਹੈ ਤਦ ਇਹ ਵਰਗ ਆਪਣਾ ਲਿਬੜਿਆ ਮੂੰਹ ਸਾਫ ਕਰਨ ਲਈ ਮਰ ਜਾਣ ਵਾਲਿਆਂ ਨੂੰ ਕਮਲੇ ,ਮੂਰਖ ,ਕਮਜ਼ੋਰ, ਅਤੇ ਸੰਘਰਸ ਤੋਂ ਭੱਜੇ ਹੋਏ ਗਰਦਾਨਦੇ ਹਨ । ਜਦੋਂ ਕਿ ਅਸਲ ਵਿੱਚ ਖ਼ੁਦਕੁਸ਼ੀਆਂ ਕਰਨ ਵਾਲੇ ਲੋਕ ਸਮਾਜ ਦੇ ਵਿੱਚ ਅਰਾਜਕਤਾ ਫੈਲਾਉਣ ਵਾਲੇ ਸੰਘਰਸ਼ਾਂ ਦੇ ਰਾਹੀ ਨਾਂ ਬਣਕੇ ਸੁਕਰਾਤ ਦੇ ਰਾਹ ਦੇ ਰਾਹੀ ਹੋ ਨਿਬੜਦੇ ਹਨ, ਜੋ ਜ਼ਾਲਮ ਸਿਸਟਮ ਵਿੱਚ ਰਹਿਣ ਤੋਂ ਹੀ ਇਨਕਾਰ ਕਰ ਦਿੰਦੇ ਹਨ ।
ਆਤਮ ਹੱਤਿਆ ਕਰਨ ਵਾਲਿਆਂ ਨੂੰ ਕੋਈ ਮਰਨ ਦਾ ਸੌਕ ਨਹੀਂ ਹੁੰਦਾ ਉਹ ਲੋਕ ਸਿਸਟਮ ਦੀ ਬੇ ਰਹਿਮ ਲੁੱਟ ਦਾ ਸ਼ਿਕਾਰ ਹੋਏ ਹੁੰਦੇ ਹਨ, ਪਰ ਸਾਡੀਆਂ ਸਰਕਾਰਾਂ ਲੁੱਟ ਦੇ ਸਿਸਟਮ ਦੀ ਪੁਸਤ ਪਨਾਹੀ ਕਰ ਰਹੀਆਂ ਹਨ । ਸਮਾਜ ਦਾ ਲੋਟੂ ਵਰਗ ਜਦ ਕਿਸੇ ਲੁੱਟਣ ਤੋਂ ਬਾਅਦ ਬੇਇੱਜ਼ਤ ਅਤੇ ਬੇਸ਼ਰਮੀ ਦੇ ਜ਼ਹਿਰ ਦੀਆਂ ਘੁੱਟਾਂ ਭਰਵਾਉਣ ਲੱਗ ਜਾਂਦਾ ਹੈ ਤਦ ਹੀ ਮਨੁੱਖ ਕਿਰਤੀ ਬੰਦਾ ਅਸਲੀ ਜ਼ਹਿਰ ਵੱਲ ਤੁਰ ਪੈਂਦਾ ਹੈ।
ਨਿੱਤ ਦਿਨ ਦੀਆਂ ਜਹਿਰਾਂ ਪੀਣ ਨਾਲੋਂ ਇੱਕ ਦਿਨ ਦੀ ਜ਼ਹਿਰ ਪੀ ਜਾਣ ਵਾਲੇ ਲੋਕ ਬੇ ਰਹਿਮ ਨਹੀਂ ਹੁੰਦੇ ਕਿਉਂਕਿ ਉਹ ਤਾਂ ਜਿੰਨਾਂ ਲੋਕਾਂ ਕਾਰਨ ਮਰਨ ਲਈ ਮਜਬੂਰ ਹੁੰਦੇ ਹਨ ਮਰਨ ਤੋਂ ਪਹਿਲਾਂ ਉਹਨਾਂ ਤੇ ਵਾਰ ਕਰਨ ਦੀ ਥਾਂ ਉਹਨਾਂ ਨੂੰ ਮਾਫ ਹੀ ਕਰ ਜਾਂਦੇ ਹਨ । ਦੁਸਮਣਾਂ ਨੂੰ ਵੀ ਮਾਫ ਕਰ ਜਾਣ ਵਾਲੇ ਤਾਂ ਸਾਰੇ ਧਰਮ ਗਰੰਥਾਂ ਅਤੇ ਧਰਮਾਂ ਵਿੱਚ ਅਸਲੀ ਬਹਾਦਰ ਗਿਣੇ ਜਾਂਦੇ ਹਨ । ਪਰ ਸਾਡੇ ਬੁੱਧੀਜੀਵੀ ਤਾਂ ਉਹਨਾਂ ਨੂੰ ਇਹ ਮਾਣ ਵੀ ਦੇਣਾ ਨਹੀਂ ਲੋਚਦੇ ।
ਸਮਾਜ ਦਾ ਇੱਕ ਹਿੱਸਾ ਲੁੱਟ ਦੇ ਪਹਾੜ ਖੜੇ ਕਰਕੇ ਸਮਾਜ ਵਿੱਚ ਸਾਰੀ ਅਰਾਜਕਤਾ ਦਾ ਦੋਸੀ ਹੈ । ਗੁਰੂ ਨਾਨਕ ਦੇ ਬੋਲ ਪਾਪਾਂ ਬਾਝੋਂ ਹੋਵੇ ਨਾਹੀਂ ਮੋਇਆਂ ਸਾਥ ਨਾਂ ਜਾਈ ਗੱਲ ਕਿਧਰੇ ਦੂਰ ਭੇਜ ਦਿੱਤੀ ਹੈ । ਸਰਕਾਰਾਂ ਦੇ ਵਿੱਚ ਬੈਠੇ ਰਾਜਨੀਤਕਾਂ ਦਾ ਵੱਡਾ ਹਿੱਸਾ ਲੁਟੇਰਿਆ ਦਾ ਰਖਵਾਲਾ ਬਣਿਆ ਹੋਇਆ ਹੈ । ਜਦ ਤੱਕ ਇਹ ਗੱਠਜੋੜ ਧਰਮ ਵਿਹੂਣਾਂ ਰਹੇਗਾ ਕਿਰਤੀ ਲੋਕ ਖ਼ੁਦਕੁਸ਼ੀਆਂ ਵੱਲ ਤੁਰਦੇ ਰਹਿਣਗੇ । ਜਿਸ ਦਿਨ ਇੰਹਨਾਂ ਲੋਕਾਂ ਦੇ ਧਰਤੀ ਦੇ ਧੌਲ ਬਣਨ ਤੋਂ ਇਨਕਾਰ ਹੋ ਜਾਊਗਾ ਭਾਵ ਸਬਰ ਡੋਲ ਜਾਵੇਗਾ ਉਸ ਦਿਨ ਇਹ ਲੋਕ ਕਰਾਂਤੀਆਂ ਦੇ ਨਾਇਕ ਹੋ ਨਿਬੜਨਗੇ ।
ਪੰਜਾਬੀ ਕਿਸਾਨ ਜਿਸ ਤਰਾਂ ਵਿਦੇਸਾਂ ਦੇ ਵਿੱਚ ਜਾਕੇ ਮਿਹਨਤ ਕਰਨ ਦੇ ਮੀਲ ਪੱਥਰ ਗੱਡ ਰਿਹਾ ਹੈ ਇੱਕ ਨਾ ਇੱਕ ਦਿਨ ਉਹਨਾਂ ਮੁਲਕਾਂ ਦੇ ਉੱਚ ਅਹੁਦਿਆਂ ਤੱਕ ਵੀ ਜ਼ਰੂਰ ਕਾਬਜ਼ ਹੋਵੇਗਾ । ਸਮਾਜ ਵਿੱਚ ਸਫਲ ਅਸਫਲ ਹੋਣ ਲਈ ਸਾਲਾਂ ਦਿਨਾਂ ਦੇ ਵਿੱਚ ਮਿਣਤੀਆਂ ਨਹੀਂ ਹੁੰਦੀਆਂ ਸਗੋਂ ਦਹਾਕਿਆਂ ਅਤੇ ਸਦੀਆਂ ਨਾਲ ਮਾਪੀਆਂ ਜਾਂਦੀਆਂ ਹਨ । ਭਾਰਤ ਦੇਸ ਵਿੱਚ ਦਰਾਵੜਾਂ ਤੋਂ ਆਰੀਅਨਾਂ ਨੇ ਕਈ ਸਦੀਆਂ ਵਿੱਚ ਜਿੱਤ ਹਾਸਲ ਕੀਤੀ ਸੀ । ਇਸ ਤਰਾਂ ਹੀ ਮੁਗਲ ਕਾਲ ਜਾਂ ਹਿੰਦੂ ਕਾਲ ਜਾਂ ਸਿੱਖ ਫਲਸਫੇ ਵਾਲਿਆਂ ਦੀ ਚੜਾਈ ਉਤਰਾਈ ਸਦੀਆਂ ਵਿੱਚ ਮਾਪੀ ਜਾ ਸਕਦੀ ਹੈ ।
ਸੋ ਭਾਰਤ ਦੇਸ ਭਾਵੇਂ ਆਉਣ ਵਾਲੀਆਂ ਸਦੀਆਂ ਵਿੱਚ ਵਿਦੇਸ਼ੀਆਂ ਦੀ ਪਨਾਹਗਾਹ ਬਣ ਜਾਵੇ ਪਰ ਉਹ ਦਿਨ ਦੂਰ ਨਹੀਂ ਜਦ ਭਾਰਤੀ ਪੰਜਾਬੀ ਮਿਹਨਤੀ ਲੋਕ ਆਉਣ ਵਾਲੀਆਂ ਸਦੀਆਂ ਵਿੱਚ ਵਿਦੇਸੀ ਮੁਲਕਾਂ ਦੇ ਰਾਜ ਤਖਤਾਂ ਤੇ ਵੀ ਜ਼ਰੂਰ ਬੈਠੇ ਦਿਖਾਈ ਦੇਣਗੇ ਕਿਉਂਕਿ ਮਿਹਨਤੀ ਲੋਕਾਂ ਦੀ ਇੱਕ ਨਾ ਇੱਕ ਦਿਨ ਜ਼ਰੂਰ ਜਿੱਤ ਹੁੰਦੀ ਹੈ, ਜਿਸਦੀ ਅੰਤਿਮ ਪੌੜੀ ਰਾਜਸੱਤਾ ਹੀ ਹੁੰਦੀ ਹੈ । ਜਿਸ ਤਰਾਂ ਵਿਦੇਸੀ ਸਰਕਾਰਾਂ ਪੰਜਾਬੀਆਂ ਦੇ ਮਿਹਨਤੀ ਸੁਭਾਉ ਦਾ ਸਿੱਕਾ ਮੰਨਕੇ ਖੇਤੀ ਕਰਨ ਦੇ ਸੱਦੇ ਭੇਜ ਰਹੀਆਂ ਹਨ ਅਤੇ ਪੰਜਾਬ ਦੇ ਕਿਸਾਨ ਵੀ ਅਣਜਾਣੀਆਂ ਰਾਹਾਂ ਦੇ ਪਾਧੀਂ ਬਣਨ ਤੋਂ ਗੁਰੇਜ਼ ਨਹੀਂ ਕਰਦੇ ਇੱਕ ਨਾ ਇੱਕ ਦਿਨ ਨਵੀਆਂ ਮੰਜ਼ਿਲਾਂ ਜ਼ਰੂਰ ਸਰ ਕਰਨਗੇ ।
ਸਾਡੇ ਬੁੱਧੀਜੀਵੀ ਵਰਗ ਨੂੰ ਵਿਦੇਸੀ ਸਰਕਾਰਾਂ ਦੀ ਰਮਜ ਤੋਂ ਹੀ ਜਰੂਰ ਸਿੱਖਣਾ ਚਾਹੀਦਾ ਹੈ ਅਤੇ ਪੰਜਾਬੀ ਕਿਸਾਨ ਪੰਜਾਬੀ ਲੋਕਾਂ ਨੂੰ ਵਿਹਲੜ ਗਰਦਾਨਣ ਦੀ ਥਾਂ ਉਹਨਾਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ । ਅਸਲ ਲੋੜ ਸਰਕਾਰਾਂ ਅਤੇ ਅਮੀਰ ਵਰਗ ਦੀਆਂ ਗਲਤ ਨੀਤੀਆਂ ਨੂੰ ਨੰਗਾਂ ਕਰਨ ਦੀ ਹੈ ਜੋ ਲੋਕ ਸਾਡੇ ਮਿਹਨਤੀ ਲੋਕਾਂ ਦੀ ਲੁੱਟ ਕਰਕੇ ਅਤੇ ਕਰਵਾਕੇ ਖ਼ੁਦਕੁਸ਼ੀਆਂ ਦੇ ਰਾਹ ਪੈਦਾ ਕਰਦੇ ਹਨ ।
ਸੰਪਰਕ: +91 94177 27245