ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ ਵੰਡ ਦਾ ਦੁੱਖ –ਕੁਲਦੀਪ ਨਈਅਰ
Posted on:- 29-08-2014
ਭਾਰਤ ਦੀ ਆਜ਼ਾਦੀ ਜਾਂ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਰਮ ਦੇ ਆਧਾਰ 'ਤੇ ਹੋਏ ਪਲਾਇਨ ਨੂੰ 67 ਸਾਲ ਹੋ ਚੁੱਕੇ ਹਨ। ਮੈਂ 14 ਅਗਸਤ ਨੂੰ ਸਿਆਲਕੋਟ ਸ਼ਹਿਰ ਵਿਚ ਆਪਣਾ ਘਰ ਛੱਡਣ ਨੂੰ ਯਾਦ ਕਰਦਾ ਹਾਂ, ਕਿਉਂਕਿ ਪਾਕਿਸਤਾਨ ਦੇ ਨਵੇਂ ਦੇਸ਼ ਨੇ ਗ਼ੈਰ-ਮੁਸਲਮਾਨਾਂ ਨੂੰ ਸਵੀਕਾਰ ਕਰਨ ਤੋਂ ਉਸੇ ਤਰ੍ਹਾਂ ਮਨ੍ਹਾ ਕਰ ਦਿੱਤਾ ਸੀ ਜਿਵੇਂ ਪੂਰਬੀ ਪੰਜਾਬ ਆਪਣੇ ਇਥੇ ਕਿਸੇ ਮੁਸਲਮਾਨ ਨੂੰ ਨਹੀਂ ਸੀ ਵੇਖਣਾ ਚਾਹੁੰਦਾ। ਜਵਾਹਰ ਲਾਲ ਨਹਿਰੂ ਦਾ 'ਹੋਣੀ ਨਾਲ ਮਿਲਣੀ' ਵਾਲਾ ਪ੍ਰਸਿੱਧ ਭਾਸ਼ਣ ਮੈਂ ਪਾਕਿਸਤਾਨ ਵਿਚ ਹੀ ਸੁਣਿਆ ਸੀ, ਆਪਣੇ ਸ਼ਹਿਰ ਸਿਆਲਕੋਟ ਵਿਚ। ਮੈਂ ਆਜ਼ਾਦੀ ਦੇ 32 ਦਿਨ ਬਾਅਦ, 17 ਸਤੰਬਰ ਨੂੰ ਸਰਹੱਦ ਪਾਰ ਕੀਤੀ। ਉਦੋਂ ਤੱਕ ਕਤਲੇਆਮ ਅਤੇ ਲੁੱਟਮਾਰ ਦਾ ਤਾਂਡਵ ਮੱਠਾ ਪੈ ਚੁੱਕਾ ਸੀ। ਮੈਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਝਗੜਦਿਆਂ, ਅਸਲ ਵਿਚ ਲੜਦਿਆਂ, ਨਹੀਂ ਸੀ ਵੇਖਿਆ। ਪਰ ਮੈਂ ਦਰਦ ਭਰੇ ਚਿਹਰਿਆਂ ਔਰਤਾਂ ਅਤੇ ਮਰਦਾਂ ਨੂੰ ਆਪਣੀਆਂ ਛੋਟੇ-ਮੋਟੇ ਸਾਮਾਨ ਨਾਲ ਭਰੀਆਂ ਗਠੜੀਆਂ ਸਿਰਾਂ 'ਤੇ ਉਠਾਈ ਜਾਂਦਿਆਂ ਅਤੇ ਉਨ੍ਹਾਂ ਦੇ ਪਿੱਛੇ ਡਰ ਨਾਲ ਸਹਿਮੇ ਬੱਚਿਆਂ ਨੂੰ ਜਾਂਦਿਆਂ ਵੇਖਿਆ। ਹਿੰਦੂ ਅਤੇ ਮੁਸਲਮਾਨ ਦੋਵੇਂ ਆਪਣੇ ਚੁੱਲ੍ਹੇ-ਚੌਂਕੇ, ਘਰ-ਬਾਰ, ਦੋਸਤਾਂ-ਮਿੱਤਰਾਂ ਅਤੇ ਗੁਆਂਢੀਆਂ ਨੂੰ ਛੱਡ ਕੇ ਆਏ ਸਨ। ਦੋਵਾਂ ਭਾਈਚਾਰਿਆਂ ਨੂੰ ਇਤਿਹਾਸ ਦੇ ਤਸ਼ੱਦਦ ਨੇ ਭੰਨ ਦਿੱਤਾ ਸੀ। ਦੋਵੇਂ ਰਿਫਿਊਜੀ ਸਨ।
ਵੰਡ ਦਾ ਦੁੱਖ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ ਪਰ ਇਸ ਨੂੰ ਹਿੰਦੂ ਅਤੇ ਮੁਸਲਮਾਨ ਦੇ ਸਵਾਲ ਵਿਚ ਬਦਲਣਾ ਸਮੱਸਿਆ ਦਾ ਸਿਆਸੀਕਰਨ ਕਰਨਾ ਹੈ। ਦੰਗਿਆਂ ਨੇ 10 ਲੱਖ ਲੋਕਾਂ ਦੀਆਂ ਜਾਨਾਂ ਲਈਆਂ ਅਤੇ 2 ਕਰੋੜ ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੂੰ ਆਪਣੀਆਂ ਜੜ੍ਹਾਂ ਤੋਂ ਉਖਾੜ ਦਿੱਤਾ। ਪਾਕਿਸਤਾਨ ਵਿਚਲੇ ਕੁਝ ਤੁਅੱਸਬੀ ਤੱਤਾਂ ਨੇ ਦੰਗਿਆਂ ਦੇ ਦ੍ਰਿਸ਼ਾਂ ਨੂੰ ਇਕ ਤਰ੍ਹਾਂ ਦੇ ਬੋਰਡਾਂ 'ਤੇ ਦਰਸਾ ਕੇ ਇਨ੍ਹਾਂ ਨੂੰ 'ਮੁਸਲਮਾਨਾਂ 'ਤੇ ਅੱਤਿਆਚਾਰ' ਦੇ ਰੂਪ 'ਚ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਬਦਕਿਸਮਤੀ ਨਾਲ ਅਜਿਹਾ ਹਿੰਦੂਆਂ ਖਿਲਾਫ਼ ਨਫ਼ਰਤ ਨੂੰ ਵਧਾਏਗਾ ਜੋ ਕਿ ਪਾਕਿਸਤਾਨ ਵਿਚ ਉਸੇ ਤਰ੍ਹਾਂ ਸਭ ਕੁਝ ਸਹਿਣ ਲਈ ਮਜਬੂਰ ਸਨ, ਜਿਵੇਂ ਭਾਰਤ ਵਿਚ ਮੁਸਲਮਾਨ ਸਨ।
ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀਆਂ ਕਹਾਣੀਆਂ ਦੇ ਬਾਵਜੂਦ ਮੁਸਲਮਾਨਾਂ ਵੱਲੋਂ ਹਿੰਦੂਆਂ ਨੂੰ ਬਚਾਉਣ ਅਤੇ ਹਿੰਦੂਆਂ ਵੱਲੋਂ ਮੁਸਲਮਾਨਾਂ ਦੀ ਰਾਖੀ ਕਰਨ ਦੀਆਂ ਮਿਸਾਲਾਂ ਵੀ ਭਾਰਤ ਵਿਚ ਹਨ। ਭਾਰਤ ਦੇ ਇਕ ਮਸ਼ਹੂਰ ਬੁੱਧੀਜੀਵੀ ਅਸ਼ੀਸ਼ ਨੰਦੀ ਦੀ ਇਕ ਖੋਜ ਅਨੁਸਾਰ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਇਕ-ਦੂਜੇ ਭਾਈਚਾਰੇ ਦੇ 50 ਫ਼ੀਸਦੀ ਲੋਕਾਂ ਨੂੰ ਤਸ਼ੱਦਦ ਤੋਂ ਬਚਾਇਆ।
ਸਦੀਆਂ ਤੋਂ ਇਕੱਠੇ ਰਹਿਣ ਵਾਲੇ ਲੋਕਾਂ ਵਿਚਕਾਰ ਆਪਸੀ ਕਤਲੇਆਮ ਕਿਉਂ ਵਾਪਰਿਆ? ਇਸ ਤੋਂ ਜ਼ਿਆਦਾ ਬੇਕਾਰ ਕੋਸ਼ਿਸ਼ ਹੋਰ ਕੋਈ ਨਹੀਂ ਹੋਵੇਗੀ ਕਿ ਇਹ ਲੱਭਿਆ ਜਾਵੇ ਕਿ ਉਪ-ਮਹਾਂਦੀਪ ਦੀ ਵੰਡ ਲਈ ਕੌਣ ਜ਼ਿੰਮੇਵਾਰ ਸੀ? ਇਸ ਨਾਲ ਜੁੜੀਆਂ ਘਟਨਾਵਾਂ ਦਾ ਸਿਲਸਿਲਾ ਤਕਰੀਬਨ ਛੇ ਦਹਾਕਿਆਂ ਤੱਕ ਫੈਲਿਆ ਹੋਇਆ ਹੈ, ਜਿਸ ਦੇ ਮੱਦੇਨਜ਼ਰ ਅਜਿਹੀ ਕੋਈ ਕਸਰਤ ਸਿਰਫ ਇਕ ਕਿਤਾਬੀ ਕੋਸ਼ਿਸ਼ ਹੀ ਹੋਵੇਗੀ। ਪਰ ਏਨਾ ਸਾਫ਼ ਹੈ ਕਿ 40ਵਿਆਂ ਦੇ ਸ਼ੁਰੂ ਦੇ ਦਹਾਕੇ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਮਤਭੇਦ ਏਨੇ ਤਿੱਖੇ ਹੋ ਗਏ ਸਨ ਕਿ ਵੰਡ ਵਰਗਾ ਕੁਝ ਵਾਪਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਬਚਿਆ। ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਇਹ ਸਿੱਧ ਕਰਨ ਵਿਚ ਲੱਗੇ ਰਹੇ ਕਿ ਹਿੰਦੂ ਅਤੇ ਮੁਸਲਮਾਨ ਦੋ ਕੌਮਾਂ ਹਨ ਅਤੇ ਇਹ ਗੱਲ ਦੋਵਾਂ ਨੂੰ ਲਗਾਤਾਰ ਇਕ-ਦੂਜੇ ਤੋਂ ਦੂਰ ਕਰਦੀ ਗਈ।
ਜੋ ਲੋਕ ਅਜੇ ਵੀ ਵੰਡ ਬਾਰੇ ਅਫ਼ਸੋਸ ਕਰਦੇ ਹਨ, ਉਨ੍ਹਾਂ ਨੂੰ ਮੈਂ ਏਨਾ ਹੀ ਕਹਿ ਸਕਦਾ ਹਾਂ ਕਿ ਅੰਗਰੇਜ਼ ਉਪ-ਮਹਾਂਦੀਪ ਨੂੰ ਇਕੱਠਾ ਰੱਖ ਸਕਦੇ ਸਨ ਜੇ 1942 ਵਿਚ ਉਹ ਉਦੋਂ ਜ਼ਿਆਦਾ ਅਧਿਕਾਰ ਦੇਣ ਨੂੰ ਤਿਆਰ ਹੁੰਦੇ, ਜਦੋਂ ਸਰ ਸਟੈਫਰਡ ਕ੍ਰਿਪਸ ਨੇ ਆਪਣੇ ਸੀਮਤ ਸਮੇਂ ਦੌਰਾਨ ਭਾਰਤੀ ਜਨਤਾ ਦੀਆਂ ਖਾਹਸ਼ਾਂ ਨੂੰ ਥਾਂ ਦੇਣ ਦਾ ਯਤਨ ਕੀਤਾ ਸੀ। ਕਾਂਗਰਸ ਪਾਰਟੀ ਵੀ ਅਜਿਹਾ ਕਰ ਸਕਦੀ ਸੀ, ਜੇ ਇਸ ਨੇ 1946 ਵਿਚ ਕੈਬਨਿਟ ਮਿਸ਼ਨ ਦੇ ਇਨ੍ਹਾਂ ਪ੍ਰਸਤਾਵਾਂ ਨੂੰ ਮਨਜ਼ੂਰ ਕਰ ਲਿਆ ਹੁੰਦਾ ਕਿ ਵਿਦੇਸ਼, ਰੱਖਿਆ ਅਤੇ ਸੰਚਾਰ ਦੇ ਵਿਭਾਗਾਂ ਨਾਲ ਇਕ ਕੇਂਦਰ ਹੋਵੇਗਾ ਅਤੇ ਖੇਤਰਾਂ ਦੇ ਆਧਾਰ 'ਤੇ 4 ਸ਼੍ਰੇਣੀਆਂ ਦੇ ਰਾਜ ਹੋਣਗੇ। ਪਰ ਇਤਿਹਾਸ ਦੇ ਇਹ ਦੋਵੇਂ 'ਜੇ' ਮੁੱਖ ਤੌਰ 'ਤੇ ਕਾਲਪਨਿਕ ਅਤੇ ਗ਼ੈਰ-ਹਕੀਕੀ ਹਨ। ਵੰਡ ਕਿਸੇ ਗਰੀਕ ਦੁਖਾਂਤ ਕਥਾ ਵਾਂਗ ਹੈ। ਸਾਰਿਆਂ ਨੂੰ ਪਤਾ ਸੀ ਕਿ ਕੀ ਹੋਣ ਵਾਲਾ ਹੈ। ਇਸ ਦੇ ਬਾਵਜੂਦ ਇਸ ਨੂੰ ਰੋਕਣ ਲਈ ਉਹ ਕੁਝ ਨਹੀਂ ਸਨ ਕਰ ਸਕਦੇ। ਦੇਸ਼ ਦਾ ਮਾਹੌਲ ਏਨਾ ਦੂਸ਼ਿਤ ਹੋ ਚੁੱਕਾ ਸੀ ਕਿ ਕਤਲੇਆਮ ਅਤੇ ਪਲਾਇਨ ਤੋਂ ਬਚਿਆ ਨਹੀਂ ਸੀ ਜਾ ਸਕਦਾ। ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ, ਇਹ ਉਪਾਧੀ ਉਨ੍ਹਾਂ ਨੂੰ ਮਹਾਤਮਾ ਗਾਂਧੀ ਨੇ ਦਿੱਤੀ ਸੀ, ਵੱਲੋਂ 11 ਅਗਸਤ, 1947 ਨੂੰ ਭਾਸ਼ਣ ਦਿੱਤਾ ਗਿਆ ਸੀ ਕਿ ਤੁਸੀਂ ਜਾਂ ਤਾਂ ਪਾਕਿਸਤਾਨੀ ਹੋ ਜਾਂ ਹਿੰਦੁਸਤਾਨੀ ਅਤੇ ਧਰਮ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ। ਪਰ ਇਹ ਭਾਸ਼ਣ ਉਨ੍ਹਾਂ ਸੌੜੀਆਂ ਭਾਵਨਾਵਾਂ ਨੂੰ ਸ਼ਾਂਤ ਨਹੀਂ ਕਰ ਸਕਿਆ, ਜਿਨ੍ਹਾਂ ਨੂੰ ਪਾਕਿਸਤਾਨੀ ਸੰਵਿਧਾਨ ਨੂੰ ਜਾਇਜ਼ ਠਹਿਰਾਉਣ ਲਈ ਅੱਗੇ ਵਧਾਇਆ ਜਾ ਰਿਹਾ ਸੀ।
ਕੀ ਵੰਡ ਨਾਲ ਮੁਸਲਮਾਨਾਂ ਦਾ ਮਕਸਦ ਪੂਰਾ ਹੋਇਆ? ਮੈਂ ਨਹੀਂ ਜਾਣਦਾ। ਉਸ ਦੇਸ਼ ਦੇ ਦੌਰੇ ਦੌਰਾਨ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਉਹ ਖੁਸ਼ ਹਨ ਕਿ ਚਲੋ ਇਕ ਥਾਂ ਤਾਂ ਹੈ, ਜਿਥੇ ਉਹ ਹਿੰਦੂਆਂ ਦੇ ਪ੍ਰਭਾਵ ਤੋਂ ਜਾਂ ਹਿੰਦੂਆਂ ਦੇ 'ਹਮਲੇ' ਤੋਂ ਸੁਰੱਖਿਅਤ ਮਹਿਸੂਸ ਕਰਦੇ ਹਨ, ਪਰ ਮੈਂ ਸਮਝਦਾ ਹਾਂ ਕਿ ਮੁਸਲਮਾਨਾਂ ਨੂੰ ਸਭ ਤੋਂ ਵਧੇਰੇ ਨੁਕਸਾਨ ਹੋਇਆ ਹੈ, ਉਹ ਅੱਜ ਤਿੰਨ ਦੇਸ਼ਾਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਵੰਡੇ ਹੋਏ ਹਨ। ਜ਼ਰਾ ਸੋਚੋ, ਉਨ੍ਹਾਂ ਦੀ ਗਿਣਤੀ ਅਤੇ ਉਨ੍ਹਾਂ ਦੀਆਂ ਵੋਟਾਂ ਦਾ ਅਣਵੰਡੇ ਉਪ-ਮਹਾਂਦੀਪ ਵਿਚ ਕਿੰਨਾ ਅਸਰ ਹੋਣਾ ਸੀ। ਉਹ ਕੁੱਲ ਆਬਾਦੀ ਦਾ ਇਕ ਤਿਹਾਈ ਹੁੰਦੇ।
ਸਰਹੱਦ 'ਤੇ ਲੱਗੇ ਬੋਰਡਾਂ ਨਾਲ ਦੋਵਾਂ ਦੇਸ਼ਾਂ ਵਿਚਕਾਰ ਦੂਰੀ ਹੀ ਵਧੇਗੀ। ਇਕ-ਦੂਜੇ 'ਤੇ ਦੋਸ਼ ਲਾਉਣ ਦੀ ਥਾਂ ਬਿਹਤਰ ਇਹੀ ਹੁੰਦਾ ਕਿ ਦੁਸ਼ਮਣੀ ਅਤੇ ਨਫ਼ਰਤ, ਜੋ ਬਟਵਾਰੇ ਦਾ ਨਤੀਜਾ ਹੈ, ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾਂਦੀ। ਇਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਬੇਹਾਲ ਕਰੀ ਰੱਖਿਆ ਹੈ। ਮੈਂ ਵਾਹਗਾ ਸਰਹੱਦ ਤੋਂ ਨਿਰਾਸ਼ ਹੋ ਕੇ ਪਰਤਿਆ ਹਾਂ। ਇਸ ਲਈ ਨਹੀਂ ਕਿ ਉਥੇ ਸ਼ਾਮ ਦੇ ਸਮੇਂ ਹੋਣ ਵਾਲੀ ਪਰੇਡ ਦੌਰਾਨ ਫ਼ੌਜੀਆਂ ਦੇ ਲੜਾਕੂ ਤੇਵਰਾਂ ਵਿਚ ਕੋਈ ਕਮੀ ਨਹੀਂ ਆਈ। ਸਗੋਂ ਇਸ ਕਰਕੇ ਕਿ ਉਥੇ ਨਵੀਂ ਤਰ੍ਹਾਂ ਦੀ ਰਾਖਸ਼ੀ ਪ੍ਰਵਿਰਤੀ ਉੱਭਰ ਆਈ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਉਥੇ 10 ਬੋਰਡ ਲਾਏ ਹੋਏ ਹਨ, ਜਿਨ੍ਹਾਂ 'ਤੇ ਦਿਖਾਇਆ ਗਿਆ ਹੈ ਕਿ ਹਿੰਦੂਆਂ ਅਤੇ ਸਿੱਖਾਂ ਨੇ ਵੰਡ ਵੇਲੇ ਮੁਸਲਮਾਨਾਂ ਨੂੰ ਕਿਵੇਂ ਲੁੱਟਿਆ ਅਤੇ ਮਾਰਿਆ ਸੀ। ਇਹ ਬੋਰਡ ਇਸ ਤਰ੍ਹਾਂ ਲਾਏ ਗਏ ਹਨ ਕਿ ਇਹ ਸਿਰਫ਼ ਭਾਰਤ ਵਾਲੇ ਪਾਸਿਉਂ ਹੀ ਨਜ਼ਰ ਆਉਂਦੇ ਹਨ। ਪਾਕਿਸਤਾਨ ਵਾਲੇ ਪਾਸਿਉਂ ਇਸ ਲਈ ਨਜ਼ਰ ਨਹੀਂ ਆਉਂਦੇ ਕਿ ਇਨ੍ਹਾਂ ਦੇ ਪਿੱਛੇ ਹੋਰ ਵੱਡੇ-ਵੱਡੇ ਬੋਰਡ ਲੱਗੇ ਹੋਏ ਹਨ।
ਜੋ ਕੁਝ ਇਨ੍ਹਾਂ ਰਾਹੀਂ ਦਰਸਾਇਆ ਗਿਆ ਹੈ ਉਹ ਹਮਲਾਵਰੀ ਹੈ ਅਤੇ ਦੁਸ਼ਟਤਾ ਭਰੇ ਮਕਸਦਾਂ ਵਾਲਾ ਹੈ। ਇਹ ਪਿਛਲੇ ਦੋ ਮਹੀਨਿਆਂ ਦੌਰਾਨ ਹੀ ਉਥੇ ਲਗਾਏ ਗਏ ਹਨ, ਸ਼ਾਇਦ ਇਸ ਕਰਕੇ ਕਿ ਭਾਰਤ ਵਿਚਲੀਆਂ ਸ਼ਾਂਤੀ ਦੀਆਂ ਸੁਰਾਂ ਨੂੰ ਪਾਕਿਸਤਾਨ ਵਿਚ ਵੀ ਤਾਕਤ ਮਿਲਣ ਲੱਗੀ ਹੈ ਅਤੇ ਪਿਛਲੇ ਸਾਲਾਂ ਤੋਂ ਉਥੋਂ ਦੀ ਲੋਕ ਸਰਹੱਦ 'ਤੇ, ਜ਼ੀਰੋ ਲਾਈਨ 'ਤੇ, ਮੋਮਬੱਤੀਆਂ ਜਗਾਉਣ ਲਈ ਆਉਣ ਲੱਗ ਪਏ ਹਨ। ਇਕ ਗੱਲ ਹੋਰ ਵੀ ਹੈ ਕਿ ਸਰਹੱਦ 'ਤੇ ਜੋ ਬੋਰਡ ਲਗਾਏ ਹਨ, ਉਹ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਜੋ ਕੁਝ ਦਿਖਾਇਆ ਗਿਆ ਹੈ ਉਹ ਦੋਵੇਂ ਪਾਸੇ ਵਾਪਰਿਆ ਸੀ। ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖ ਇਸ ਦੇ ਸ਼ਿਕਾਰ ਹੋਏ ਸਨ ਅਤੇ ਭਾਰਤ ਵਿਚ ਮੁਸਲਮਾਨ। ਨਵੇਂ ਬਣੇ ਦੇਸ਼ਾਂ ਵਿਚ ਇਕੋ ਜਿਹਾ ਸ਼ਰਮਨਾਕ ਦ੍ਰਿਸ਼ ਸੀ। ਨਾ ਤਸ਼ੱਦਦ ਵਿਚ ਕੋਈ ਕਮੀ ਸੀ ਅਤੇ ਨਾ ਹੀ ਦੁਖਾਂਤ ਵਿਚ। ਔਰਤਾਂ ਅਤੇ ਬੱਚੇ ਇਸ ਦਾ ਮੁੱਖ ਨਿਸ਼ਾਨਾ ਬਣੇ।
ਜੇ ਕੋਈ ਮੈਨੂੰ ਕਹੇ ਕਿ ਹਿੰਦੂ ਧਰਮ ਜ਼ਿਆਦਾ ਉਦਾਰ ਹੈ ਜਾਂ ਇਹ ਕਿ ਇਸਲਾਮ ਜ਼ਿਆਦਾ ਮੁਹੱਬਤ ਪੈਦਾ ਕਰਦਾ ਹੈ ਤਾਂ ਮੈਂ ਇਸ ਰਾਇ ਨਾਲ ਮਤਭੇਦ ਪ੍ਰਗਟ ਕਰਨਾ ਚਾਹਾਂਗਾ। ਮੈਂ ਦੋਵਾਂ ਧਰਮਾਂ ਦੇ ਪੈਰੋਕਾਰਾਂ ਨੂੰ ਧਰਮ ਦੇ ਨਾਂਅ 'ਤੇ ਕਤਲ ਕਰਦੇ ਵੇਖਿਆ ਹੈ। ਉਹ 'ਹਰ ਹਰ ਮਹਾਂਦੇਵ' ਜਾਂ 'ਯਾ ਅਲੀ' ਦਾ ਨਾਅਰਾ ਲਾ ਕੇ ਇਕ-ਦੂਜੇ ਦੇ ਸਰੀਰ ਵਿਚ ਤਲਵਾਰਾਂ ਜਾਂ ਨੇਜ਼ੇ ਘੁਸੇੜ ਰਹੇ ਸਨ। ਉਸ ਸਮੇਂ ਪ੍ਰਕਾਸ਼ਿਤ ਹੋਈਆਂ ਕੁਝ ਕਿਤਾਬਾਂ ਵਿਚ ਤਤਕਾਲੀ ਘਟਨਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਰਾਮਾਨੰਦ ਸਾਗਰ ਦੀ ਪ੍ਰਸਿੱਧ ਕਿਤਾਬ 'ਔਰ ਇਨਸਾਨ ਜਾਗ ਉਠਾ' ਅਤੇ ਪ੍ਰਸਿੱਧ ਉਰਦੂ ਲੇਖਕ ਕ੍ਰਿਸ਼ਨ ਚੰਦਰ ਦੀ 'ਪਿਸ਼ਾਵਰ ਐਕਸਪ੍ਰੈੱਸ' ਅਜਿਹੀਆਂ ਘਟਨਾਵਾਂ ਦੇ ਵੇਰਵੇ ਦਿੰਦੀਆਂ ਹਨ ਕਿ ਜਦੋਂ ਆਦਮੀ ਦੇ ਅੰਦਰਲਾ ਸ਼ੈਤਾਨ ਜਾਗ ਉਠਦਾ ਹੈ ਤਾਂ ਇਨਸਾਨ ਕਿਵੇਂ ਮਰ ਜਾਂਦਾ ਹੈ। ਉਰਦੂ ਵਿਚ ਸਆਦਤ ਹਸਨ ਮੰਟੋ ਦੀਆਂ ਛੋਟੀਆਂ ਕਹਾਣੀਆਂ ਵੀ ਹਨ ਜੋ ਦੱਸਦੀਆਂ ਹਨ ਕਿ ਦੋਵਾਂ ਭਾਈਚਾਰਿਆਂ ਵਿਚ ਅਪਰਾਧ ਅਤੇ ਤਸ਼ੱਦਦ ਕਿੰਨੇ ਹੇਠਲੇ ਪੱਧਰ ਤੱਕ ਪਹੁੰਚ ਗਿਆ ਸੀ।