ਵੰਡੀਆਂ ਪਾਉਣ ਦੀ ਥਾਂ ਮੁਲਕ ਨੂੰ ਇਕ ਸੂਤਰ ’ਚ ਬੰਨ੍ਹਿਆ ਜਾਵੇ -ਤਨਵੀਰ ਜਾਫ਼ਰੀ
Posted on:- 29-08-2014
ਦੇਸ਼ ਵਿਚ ਹੋਈਆਂ ਲੋਕ ਸਭਾ ਦੀਆਂ ਪਿਛਲੀਆਂ ਚੋਣਾਂ ਵੇਲੇ ਭਾਰਤੀ ਜਨਤਾ ਪਾਰਟੀ ਦੇ ਤਤਕਾਲੀ ਰਾਸ਼ਟਰੀ ਪ੍ਰਧਾਨ ਅਤੇ ਮੌਜੂਦਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ’ਚ ਬੀਬੀਸੀ ਵੱਲੋਂ ਇਹ ਸੁਆਲ ਪੁੱਛਿਆ ਸੀ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਸਥਾਪਕ ਗੁਰੂ ਗੋਲਵਰਕਰ ਨੇ ਆਪਣੀ ਪੁਸਤਕ ‘ਬੰਚ ਆਫ਼ ਥਾਟਸ’ ਵਿਚ ਇਹ ਲਿਖਿਆ ਹੈ ਕਿ ਭਾਰਤ ਦੇ ਤਿੰਨ ਮੁੱਖ ਦੁਸ਼ਮਣ ਹਨ; ਮੁਸਲਮਾਨ, ਇਸਾਈ ਅਤੇ ਕਮਿਊਨਿਸਟ। ਕੀ ਤੁਸੀਂ ਗੋਲਵਰਕਰ ਜੀ ਦੇ ਇਸ ਕਥਨ ਨਾਲ ਸਹਿਮਤ ਹੋ? ਇਸ ਦੇ ਉੱਤਰ ਵਿਚ ਰਾਜਨਾਥ ਸਿੰਘ ਇੱਧਰ-ਉੱਧਰ ਝਾਕਣ ਲੱਗੇ ਸਨ। ਆਪਣੇ ਜਵਾਬ ਵਿਚ ਉਨ੍ਹਾਂ ਕੋਲੋਂ ਨਾ ਤਾਂ ਨਾਂਹ ਕਿਹਾ ਗਿਆ ਅਤੇ ਨਾ ਹੀ ਹਾਂ। ਰਾਜਨਾਥ ਸਿੰਘ ਨੇ ਤੀਸਰਾ ਰਸਤਾ ਚੁਣਿਆ ਅਤੇ ਬੋਲੇ, ‘‘ਮੇਰੇ ਖ਼ਿਆਲ ਵਿਚ ਉਨ੍ਹਾਂ ਨੇ ਅਜਿਹਾ ਨਹੀਂ ਲਿਖਿਆ ਸੀ ਅਤੇ ਮੈਂ ਅਜਿਹਾ ਪੜ੍ਹਿਆ ਵੀ ਨਹੀਂ।’’
ਜ਼ਾਹਿਰ ਹੈ ਕਿ ਰਾਜਨਾਥ ਸਿੰਘ ਦਾ ਇਹ ਕੂਟਨੀਤਕ ਉੱਤਰ ਦੇਸ਼ ਵਿਚ ਹੋ ਰਹੀਆਂ ਚੋਣਾਂ ਦੇ ਵਾਤਵਾਰਨ ਨੂੰ ਮੁੱਖ ਰੱਖ ਕੇ ਦਿੱਤਾ ਗਿਆ ਸੀ। ਪਰ ਹੁਣ ਦੇਸ਼ ਦੀ ਰਾਜਨੀਤਕ ਸਥਿਤੀ ਕਾਫ਼ੀ ਬਦਲ ਚੁੱਕੀ ਹੈ। ਆਰਐਸਐਸ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਵੱਲੋਂ ਪਿਛਲੀਆਂ ਚੋਣਾਂ ਵਿਚ ਲਗਾਈ ਗਈ ਆਪਣੀ ਪੂਰੀ ਤਾਕਤ ਦੇ ਨਤੀਜੇ ਵਜੋਂ ਸੰਘ ਦੇ ਪ੍ਰਚਾਰਕ ਰਹੇ ਨਰੇਂਦਰ ਮੋਦੀ ਹੁਣ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠ ਚੁੱਕੇ ਹਨ। ਅਜਿਹੇ ਵਿਚ ਆਰਐਸਐਸ ਅਤੇ ਭਾਜਪਾ ਵੱਲੋਂ ਆਪਣੇ ਬੁਨਿਆਦੀ ਏਜੰਡੇ ’ਤੇ ਤੇਜ਼ੀ ਨਾਲ ਚੱਲਣ ਅਤੇ ਇਸ ਨੂੰ ਤਿੱਖਾ ਕਰਨਾ ਕੋਈ ਹੈਰਾਨੀ ਵਾਲੀ ਗੱਲ ਨਹੀਂ।
ਬੀਤੇ ਦਿਨੀਂ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਇਕ ਅਜੀਬ ਤੇ ਹਾਸੋਹੀਣੀ ਦਲੀਲ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਇੰਗਲੈਂਡ ਦੇ ਲੋਕ ਖੁਦ ਨੂੰ ਇੰਗਲਿਸ਼, ਜਰਮਨੀ ਦੇ ਜਰਮਨ ਅਤੇ ਅਮਰੀਕਾ ਦੇ ਲੋਕ ਅਮਰੀਕੀ ਅਖਵਾਉਂਦੇ ਹਨ ਤਾਂ ਹਿੰਦੋਸਤਾਨ ਦੇ ਲੋਕ ਹਿੰਦੂ ਦੇ ਨਾਂ ਤੋਂ ਕਿਉਂ ਨਹੀਂ ਜਾਣੇ ਜਾਂਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਿੰਦੂ ਧਰਮ ਦੂਜੇ ਧਰਮਾਂ ਨੂੰ ਆਪਣੇ ਵਿਚ ਜਜ਼ਬ ਕਰ ਸਕਦਾ ਹੈ। ਉਨ੍ਹਾਂ ਦੇ ਇਸ ਕਥਨ ਵਿਚ ਨਾ ਸਿਰਫ਼ ਵਿਰੋਧਾਭਾਸ ਹੈ, ਬਲਕਿ ਉਨ੍ਹਾਂ ਦੀਆਂ ਚਿੰਤਾਵਾਂ ਦਾ ਢੁਕਵਾਂ ਜਵਾਬ ਹੀ ਹੈ। ਜੇਕਰ ਇੰਗਲੈਂਡ ਦੇ ਲੋਕ ਇੰਗਲਿਸ਼, ਜਰਮਨੀ ਦੇ ਜਰਮਨ ਅਤੇ ਅਮਰੀਕਾ ਦੇ ਅਮਰੀਕੀ ਅਖਵਾਉਣੇ ਵੀ ਚਾਹੀਦੇ ਹਨ ਤਾਂ ਕਿ ਭਾਰਤ ਦੇ ਲੋਕ ਭਾਰਤੀ, ਇੰਡੀਆ ਦੇ ਲੋਕ ਇੰਡੀਅਨ ਅਤੇ ਹਿੰਦੋਸਤਾਨ ਦੇ ਲੋਕ ਹਿੰਦੋਸਤਾਨੀ ਨਹੀਂ ਅਖਵਾਉਂਦੇ? ਇਨ੍ਹਾਂ ਸ਼ਬਦਾਂ ਦੀ ਵਰਤੋਂ ਤੋਂ ਭਾਰਤ ਦਾ ਕੋਈ ਵੀ ਨਾਗਰਿਕ ਇਨਕਾਰ ਕਿਵੇਂ ਕਰ ਸਕਦਾ ਹੈ? ਪਰ ਉਪਰੋਕਤ ਸਾਰੇ ਨਾਂ ਭੂਗੋਲਿਕ ਹਨ। ਇਨ੍ਹਾਂ ਦਾ ਕਿਸੇ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ। ਦੂਜੇ ਪਾਸੇ ਭਾਗਵਤ ਸਾਬ੍ਹ ਦਾ ਇਹ ਕਥਨ ਕਿ ਹਿੰਦੂ ਧਰਮ ਹੋਰ ਧਰਮਾਂ ਨੂੰ ਆਪਣੇ ਵਿਚ ਸਮਾਅ ਸਕਦਾ ਹੈ; ਉਨ੍ਹਾਂ ਵੱਲੋਂ ਹਿੰਦੂ ਸ਼ਬਦ ਦੀ ਵਰਤੋਂ ਧਰਮ ਦੀ ਪਹਿਚਾਣ ਕਰਨ ਵਾਲੇ ਸ਼ਬਦ ਦੇ ਰੂਪ ਵਿਚ ਕੀਤੀ ਗਈ ਹੈ, ਨਾ ਕਿ ਭਾਰਤੀ ਜਾਂ ਹਿੰਦੋਸਤਾਨੀ ਨਾਗਰਿਕ ਦੇ ਸਬੰਧ ਵਿਚ।
ਦੇਸ਼ ਵਿਚ ਅਕਸਰ ਹਿੰਦੂ ਅਤੇ ਹਿੰਦੁਤਵ ਸ਼ਬਦ ਨੂੰ ਲੈ ਕੇ ਬਹਿਸ ਚੱਲਦੀ ਰਹਿੰਦੀ ਹੈ। ਇੱਥੋਂ ਤੱਕ ਕਿ ਇਸ ਸ਼ਬਦ ਦੀ ਪਰਿਭਾਸ਼ਾ ਨੂੰ ਲੈ ਕੇ ਦੇਸ਼ ਦੀ ਸਰਵਉੱਚ ਅਦਾਲਤ ਵੀ ਆਪਣੇ ਵਿਚਾਰ ਪ੍ਰਗਟ ਕਰ ਚੁੱਕੀ ਹੈ। ਭੂਗੋਲ, ਧਰਮ ਅਤੇ ਇਤਿਹਾਸ ਦੇ ਜਾਣਕਾਰਾਂ ਦੇ ਵੀ ਹਿੰਦੂ ਸ਼ਬਦ ਦੀ ਵਰਤੋਂ ਅਤੇ ਅਰਥਾਂ ਨੂੰ ਲੈ ਕੇ ਵੱਖਰੇ-ਵੱਖਰੇ ਵਿਚਾਰ ਹਨ। ਸਰਵਉੱਚ ਅਦਾਲਤ ਮੁਤਾਬਕ ਹਿੰਦੂ ਇਕ ਜੀਵਨ ਸ਼ੈਲੀ ਦਾ ਨਾਂ ਹੈ। ਭੂਗੋਲ ਦੇ ਜਾਣਕਾਰਾਂ ਮੁਤਾਬਕ ਹਿੰਦੂਕੁਸ਼ ਪਰਬਤ ਦੇ ਇਸ ਪਾਸੇ ਰਹਿਣ ਵਾਲੇ ਲੋਕਾਂ ਨੂੰ ਜਿਨ੍ਹਾਂ ਵਿਚ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਰਗੇ ਖੇਤਰ ਵੀ ਸ਼ਾਮਲ ਸਨ, ਹਿੰਦੂ ਕਿਹਾ ਜਾਂਦਾ ਸੀ। ਜਦੋਂ ਕਿ ਹਿੰਦੂ ਧਰਮ ਦੇ ਹੀ ਨਿਰਪੱਖ ਸੋਚ ਰੱਖਣ ਵਾਲੇ ਵਿਦਵਾਨ ਲੋਕਾਂ ਦਾ ਵਿਚਾਰ ਹੈ ਕਿ ਹਿੰਦੂ ਸ਼ਬਦ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਖੁਦ ਨੂੰ ਹਿੰਦੂ ਕਹਿਣ ਵਾਲਿਆਂ ਦਾ ਅਸਲ ਧਰਮ ਤਾਂ ਸਨਾਤਨ ਧਰਮ ਹੈ। ਹਿੰਦੂ ਸ਼ਬਦ ਦੀਆਂ ਇੰਨੀਆਂ ਵਿਆਖਿਆਵਾਂ ਦੇ ਬਾਵਜੂਦ ਸੰਘ ਮੁਖੀ ਵੱਲੋਂ ਸਾਰੇ ਭਾਰਤ ਵਾਸੀਆਂ ਨੂੰ ਹਿੰਦੂ ਦੱਸਣਾ ਸਹੀ ਨਹੀਂ ਹੈ। ਚੀਨ ਵਿਚ ਲੋਕਾਂ ਨੂੰ ਭਾਰਤ ਵਾਸੀਆਂ ਨੂੰ ਇੰਡੂ ਕਹਿੰਦੇ ਸੁਣਿਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਸ਼ਬਦ ਇੰਡੀਆ ਤੋਂ ਬਣਾਇਆ ਹੈ। ਉਨ੍ਹਾਂ ਦੇ ਇਸ ਸੰਬੋਧਨ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਪਰ ਮੋਹਨ ਭਾਗਵਤ ਦਾ ਬਿਆਨ ਨਾ ਸਿਰਫ਼ ਸੱਚ ਅਤੇ ਤੱਥਾਂ ਨੂੰ ਨਕਾਰਨ ਵਾਲਾ ਹੈ, ਸਗੋਂ ਉਸ ਦੇ ਇਸ ਬਿਆਨ ਨਾਲ ਆਰਐਸਐਸ ਦੇ ਮਾੜੇ ਮਨਸੂਬਿਆਂ ਦਾ ਵੀ ਪਤਾ ਲੱਗਦਾ ਹੈ।
ਆਰਐਸਐਸ ਨਾ ਸਿਰਫ਼ ਗੈਰ ਹਿੰਦੂ ਲੋਕਾਂ ਪ੍ਰਤੀ ਮੰਦਭਾਵਨਾ ਰੱਖਦਾ ਹੈ, ਬਲਕਿ ਭਾਸ਼ਾ ਦੇ ਮਾਮਲੇ ਵਿਚ ਇਹ ਵੀ ਅੜੀਅਲ ਰਵੱਈਆ ਅਪਣਾਉਂਦਾ ਹੈ। ਮਿਸਾਲ ਦੇ ਤੌਰ ’ਤੇ ਡਾ. ਇਕਬਾਲ ਦੀ ਹਰਮਨਪਿਆਰੀ ਨਜ਼ਮ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ’ ਵਿਚੋਂ ਸਾਨੂੰ ਦੋ ਲਫ਼ਜ਼ ਮਿਲਦੇ ਹਨ; ਹਿੰਦੂ+ਆਸਤਾਂ। ਆਸਤਾਂ ਦਾ ਅਰਥ ਘਰ ਹੁੰਦਾ ਹੈ ਅਤੇ ਹਿੰਦੋਸਤਾਂ ਦਾ ਅਰਥ ਹੈ ਹਿੰਦੂਆਂ ਦਾ ਘਰ। ਮਤਲਬ ਮੁਹੰਮਦ ਇਕਬਾਲ ਨੂੰ ਹਿੰਦੋਸਤਾਂ ਨੂੰ ਹਿੰਦੂਆਂ ਦਾ ਘਰ ਲਿਖਣ ਵਿਚ ਕੋਈ ਝਿਜਕ ਨਹੀਂ ਹੋਈ। ਪਰ ਸੰਘ ਦੀ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਜਦੋਂ ਵੀ ਹਿੰਦੋਸਤਾਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ, ਉਦੋਂ ਉਨ੍ਹਾਂ ਵੱਲੋਂ ਇਸ ਦਾ ਉਚਾਰਨ ਹਿੰਦੋਸਤਾਨ ਦੀ ਥਾਂ ’ਤੇ ਹਿੰਦੋਸਤਾਨ ਦੇ ਰੂਪ ਵਿਚ ਕੀਤਾ ਗਿਆ ਹੈ। ਇਸ ਦੇ ਬਾਵਜੂਦ ਕਿਸੇ ਵੀ ਭਾਰਤੀ ਨੂੰ ਅੱਜ ਤੱਕ ਆਪਣੇ-ਆਪ ਨੂੰ ਹਿੰਦੋਸਤਾਨੀ ਕਹੇ ਜਾਣ ’ਤੇ ਕੋਈ ਇਤਰਾਜ਼ ਨਹੀਂ ਹੋਇਆ।
ਆਖਿਰ ਭਾਗਵਤ ਵੱਲੋਂ ਸਾਰੇ ਹਿੰਦੋਸਤਾਨੀਆਂ ਨੂੰ ਹਿੰਦੂ ਕਹਿਣਾ ਅਤੇ ਹਿੰਦੂ ਧਰਮ ਵਿਚ ਦੂਜੇ ਧਰਮਾਂ ਦਾ ਸਮਾਅ ਜਾਣਾ ਕੀ ਅਰਥ ਰੱਖਦਾ ਹੈ? ਕੱਲ੍ਹ ਤੱਕ ਸੰਘ ਦੇ ਜਿਹੜੇ ਲੋਕ ਹਿੰਦੂ ਰਾਸ਼ਟਰ ਦੇ ਨਿਰਮਾਣ ਦੀਆਂ ਗੱਲ ਕਰ ਰਹੇ ਸਨ, ਅੱਜ ਉਹ ਇਹ ਕਹਿ ਰਹੇ ਹਨ ਕਿ ਭਾਰਤ ਹਿੰਦੂ ਰਾਸ਼ਟਰ ਬਣ ਚੁੱਕਿਆ ਹੈ। ਦੱਸਣਯੋਗ ਹੈ ਕਿ ਗੁਆਂਢੀ ਦੇਸ਼ ਨੇਪਾਲ ਇਕ ਹਿੰਦੂ ਰਾਸ਼ਟਰ ਹੁੰਦਿਆਂ ਵੀ, ਉਥੇ ਅੱਜ ਤੱਕ ਸਾਰੇ ਧਰਮਾਂ ਨੂੰ ਪੂਰਾ ਮਾਣ-ਸਨਮਾਨ ਅਤੇ ਮਾਨਤਾ ਮਿਲੀ ਹੋਈ ਹੈ। ਇੱਥੋਂ ਤੱਕ ਕਿ ਉਥੇ ਮੁਸਲਿਮ ਵਿਅਕਤੀ ਸਾਂਸਦ ਵੀ ਚੁਣਿਆ ਜਾਂਦਾ ਰਿਹਾ ਹੈ। ਭਾਰਤ ਵਿਚ ਸਨਾਤਨ ਧਰਮ ਦੇ ਲੋਕ ਆਪਣੇ-ਆਪ ਨੂੰ ਹਿੰਦੂ ਜ਼ਰੂਰ ਲਿਖਣ ਲੱਗੇ ਸਨ ਪਰ ਹਿੰਦੂ ਧਰਮ ਦੇ ਗ੍ਰੰਥਾਂ, ਵੇਦਾਂ, ਪੁਰਾਣਾਂ ਅਤੇ ਸ਼ਾਸਤਰਾਂ ਵਿਚ ਕਿਤੇ ਵੀ ਹਿੰਦੂ ਧਰਮ ਦਾ ਕੋਈ ਜ਼ਿਕਰ ਨਹੀਂ ਮਿਲਦਾ। ਫਿਰ ਵੀ ਹਿੰਦੂ ਸ਼ਬਦ ਇਕ ਧਰਮ ਵਿਸ਼ੇਸ਼ ਵਜੋਂ ਮਾਨਤਾ ਪ੍ਰਾਪਤ ਕਰ ਚੁੱਕਿਆ ਹੈ। ਅਜਿਹੇ ’ਚ ਬਾਕੀ ਧਰਮਾਂ ਦੇ ਲੋਕਾਂ ਨੂੰ ਬਿਨਾਂ ਕਿਸੇ ਸੱਚ ਅਤੇ ਤੱਥਾਂ ਦੇ ਹਿੰਦੂ ਧਰਮ ਵਿਚ ਸ਼ਾਮਲ ਕਰਨ ਦੀ ਗੱਲ ਕਰਨਾ ਨਾ ਸਿਰਫ਼ ਅਨੈਤਿਕ ਹੈ, ਸਗੋਂ ਦੂਜੇ ਧਰਮਾਂ ਵਿਚ ਦਖ਼ਲਅੰਦਾਜ਼ੀ ਵੀ। ਸੱਤਾ ਦੀ ਰਾਜਨੀਤੀ ਵਾਸਤੇ ਵੋਟਾਂ ਦੇ ਧਰੁਵੀਕਰਨ ਲਈ ਸੰਘ ਪਰਿਵਾਰ ਦੇ ਨੇਤਾਵਾਂ ਵੱਲੋਂ ਵਾਰ-ਵਾਰ ਫਿਰਕੂ ਬਿਆਨ ਦੇਣ ਨਾਲੋਂ ਚੰਗਾ ਹੈ ਕਿ ਉਹ ਦੇਸ਼ ਨੂੰ ਇਕ ਸੂਤਰ ਵਿਚ ਬੰਨ੍ਹਣ ਦੀ ਗੱਲ ਕਰਨ।
ਸੰਘ ਪਰਿਵਾਰ ਅਤੇ ਉਸ ਦੇ ਨੇਤਾ ਜੇਕਰ ਹਕੀਕਤ ਵਿਚ ਖੁਦ ਨੂੰ ਰਾਸ਼ਟਰਵਾਦੀ ਕਹਿੰਦੇ ਅਤੇ ਸੁਣਦੇ ਹਨ ਤਾਂ ਧਰੁਵੀਕਰਨ ਵਾਲੇ ਬਿਆਨ ਦੇਣ ਦੀ ਥਾਂ ਸਮਾਜ ਦੇ ਸਾਰੇ ਵਰਗਾਂ, ਦੇਸ਼ ਦੇ ਸਾਰੇ ਧਰਮਾਂ ਅਤੇ ਫਿਰਕਿਆਂ ਨੂੰ ਆਪਸ ਵਿਚ ਮਜ਼ਬੂਤੀ ਨਾਲ ਜੋੜਨ ਵਾਲੇ ਬਿਆਨ ਦੇਣ। ਸੱਚੀ ਰਾਸ਼ਟਰੀਅਤਾ ਇਸੇ ਵਿਚ ਹੈ ਕਿ ਦੇਸ਼ ਨੂੰ ਇਕ ਧਾਗੇ ਵਿਚ ਬੰਨ੍ਹ ਕੇ ਰੱਖਿਆ ਜਾਵੇ, ਨਾ ਕਿ ਆਪਣੇ ਰਾਜਨੀਤਕ ਏਜੰਡੇ ਨੂੰ ਹਾਸਲ ਕਰਨ ਲਈ ਮੁਲਕ ਨੂੰ ਵੰਡਣ ਅਤੇ ਕਮਜ਼ੋਰ ਕਰਨ ਵਾਲੇ ਯਤਨ ਕੀਤੇ ਜਾਣ।