ਬੌਧਿਕ ਡੇਰਾਵਾਦ ਧਾਰਮਿਕ ਡੇਰਾਵਾਦ ਨਾਲੋਂ ਵਧੇਰੇ ਖ਼ਤਰਨਾਕ -ਡਾ. ਸਵਰਾਜ ਸਿੰਘ
Posted on:- 26-08-2014
ਪੰਜਾਬ ਅਤੇ ਪੰਜਾਬੀਆਂ ਵਿੱਚ ਅਕਸਰ ਧਾਰਮਿਕ ਡੇਰਿਆਂ ਬਾਰੇ ਨੁਕਾਤਚੀਨੀ ਸੁਣਨ ਨੂੰ ਮਿਲਦੀ ਹੈ। ਇਹ ਕਿਹਾ ਜਾਂਦਾ ਹੈ ਕਿ ਇਹ ਧਰਮ ਦੇ ਨਾਅਰੇ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਧਰਮ ਨੂੰ ਪ੍ਰੋਤਸਾਹਿਤ ਕਰਨ ਦੀ ਥਾਂ ’ਤੇ ਸਵਾਰਥੀ ਹਿੱਤਾਂ ਨੂੰ ਪੂਰ ਰਹੇ ਹਨ। ਪਰ ਇਕ ਤੱਥ ਜੋ ਲਗਭਗ ਅਣਗੌਲਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਪੰਜਾਬੀਆਂ ਵਿੱਚ ਬੌਧਿਕ ਡੇਰਾਵਾਦ ਦੀ ਸਮੱਸਿਆ ਧਰਮਿਕ ਡੇਰਾਵਾਦ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੋਈ ਜਾ ਰਹੀ ਹੈ। ਜਿੱਥੇ ਧਾਰਮਿਕ ਡੇਰਾਵਾਦ ਦੇ ਪਿੱਛੇ ਜ਼ਿਆਦਾਤਰ ਘਟ ਪੜ੍ਹੇ ਲਿਖੇ ਜਾਂ ਅਨਪੜ੍ਹ ਲੋਕ ਲਗਦੇ ਹਨ, ਉਥੇ ਬੌਧਿਕ ਡੇਰਾਵਾਦ ਬੁੱਧਜੀਵੀ ਵਰਗ, ਵਿਦਵਾਨਾਂ ਅਤੇ ਸਮਾਜ ਦੇ ਸਭ ਤੋਂ ਚੇਤੰਨ ਵਰਗਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬੌਧਿਕ ਡੇਰਾਵਾਦ ਬੌਧਿਕ ਪ੍ਰਦੂਸ਼ਣ, ਬੌਧਿਕ ਭਿ੍ਰਸ਼ਟਾਚਾਰ ਅਤੇ ਅਖੌਤੀ ਬੌਧਿਕਤਾ ਨੂੰ ਜਨਮ ਦੇ ਰਿਹਾ ਹੈ।
ਅੱਜ ਪੰਜਾਬੀਆਂ ਵਿੱਚ ਸਾਹਿਤ ਅਤੇ ਸਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਦੇ ਭੇਖ ਥੱਲੇ ਬੌਧਿਕ ਡੇਰਾਵਾਦ ਅਤੇ ਜੁੰਡਲੀਵਾਦ ਪੱਸਰ ਰਿਹਾ ਹੈ। ਇਹ ਇਕ ਆਪਮੁਹਾਰੇ ਜਾਂ ਅਚੇਤ ਤੌਰ ’ਤੇ ਉਠਿਆ ਰੁਝਾਨ ਨਹੀਂ ਸਗੋਂ ਇਕ ਸੋਚੀ ਸਮਝੀ ਸਾਜ਼ਿਸ ਅਧੀਨ ਹੋ ਰਿਹਾ ਹੈ ਜਿਸ ਦਾ ਮਕਸਦ ਪੱਛਮੀ ਸਰਮਾਏਦਾਰੀ ਦੇ ਖਪਤਕਾਰੀ ਸਭਿਆਚਾਰ ਨੂੰ ਉਤਸ਼ਾਹਿਤ ਅਤੇ ਪ੍ਰੋਤਸਾਹਿਤ ਕਰਨਾ ਹੈ ਅਤੇ ਅਮਰੀਕੀ ਸਾਮਰਾਜ ਦੀ ਨਵ-ਬਸਤੀ ਬਣ ਚੁੱਕੇ ਪੰਜਾਬ ਤੇ ਪੱਛਮੀ ਸਾਮਰਾਜੀ ਗਲਬੇ ਨੂੰ ਹੋਰ ਵੀ ਮਜ਼ਬੂਤ ਕਰਨਾ ਹੈ ਤੇ ਪੱਛਮੀ ਸਾਮਰਾਜੀ ਗੁਲਾਮੀ ਵਿਰੁਧ ਪੰਜਾਬ ਅਤੇ ਪੰਜਾਬੀਆਂ ਵਿੱਚ ਵਿਰੋਧ ਅਤੇ ਸੰਘਰਸ਼ ਨੂੰ ਖੁੰਡਾ ਕਰਨਾ ਹੈ। ਬਾਬਿਆਂ ਅਤੇ ਧਾਰਮਿਕ ਡੇਰਿਆਂ ਵਿਰੁਧ ਕਈ ਪੰਜਾਬੀ ਆਪਣੇ ਤੌਰ ’ਤੇ ਲਿਖ ਰਹੇ ਹਨ ਜਾਂ ਬੋਲ ਰਹੇ ਹਨ ਅਤੇ ਕੁਝ ਜੱਥੇਬੰਦੀਆਂ ਨੇ ਵੀ ਜਥੇਬੰਦਕ ਢੰਗ ਨਾਲ ਇਨ੍ਹਾਂ ਦੀ ਵਿਰੋਧਤਾ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪਰ ਬੌਧਿਕ ਡੇਰਾਵਾਦ, ਬੌਧਿਕ ਪ੍ਰਦੂਸ਼ਣ, ਬੌਧਿਕ ਭਿ੍ਰਸ਼ਟਾਚਾਰ ਅਤੇ ਅਖੌਤੀ ਬੌਧਿਕਵਾਦ ਵਿਰੁਧ ਕਿਸੇ ਵੀ ਜਥੇਬੰਦੀ ਨੇ ਅਵਾਜ਼ ਨਹੀਂ ਉਠਾਈ।
ਧਾਰਮਿਕ ਡੇਰਾਵਾਦ ਅਤੇ ਬੌਧਿਕ ਡੇਰਾਵਾਦ ਵਿੱਚ ਇਕ ਹੋਰ ਵੱਡਾ ਫਰਕ ਇਹ ਵੀ ਹੈ ਕਿ ਜਿੱਥੇ ਧਾਰਮਿਕ ਡੇਰੇ ਸਾਧਾਰਨ ਲੋਕਾਂ ਦੀ ਪਹੁੰਚ ’ਚ ਹਨ ਅਤੇ ਕਈ ਵਾਰੀ ਸਧਾਰਨ ਲੋਕ ਆਪਣੀਆਂ ਸਮੱਸਿਆਵਾਂ ਉਨ੍ਹਾਂ ਕੋਲ ਲੈ ਜਾਂਦੇ ਹਨ ਅਤੇ ਕੁਝ ਨੂੰ ਰਾਹਤ ਵੀ ਮਿਲ ਜਾਂਦੀ ਹੈ। ਉਦਾਹਰਣ ਵਜੋਂ ਔਰਤਾਂ ਆਪਣੇ ਪਤੀਆਂ ਦੀ ਜ਼ਿਆਦਾ ਸ਼ਰਾਬ ਪੀਣ ਦੀ ਸਮੱਸਿਆ ਕੁਝ ਡੇਰਿਆਂ ਵਾਲਿਆਂ ਅੱਗੇ ਰੱਖਦੀਆਂ ਹਨ। ਕਈ ਵਾਰੀ ਉਨ੍ਹਾਂ ਨੂੰ ਕੁਝ ਰਾਹਤ ਮਿਲ ਜਾਂਦੀ ਹੈ ਕਿ ਡੇਰੇ ਵਾਲੇ ਇਸ ਸਮੱਸਿਆ ਦੇ ਹੱਲ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਦਿੰਦੇ ਹਨ। ਇਸੇ ਤਰ੍ਹਾਂ ਕਈ ਡੇਰੇ ਪਰਿਵਾਰਕ ਝਗੜਿਆਂ ਅਤੇ ਸਮੱਸਿਆਵਾਂ ਹੱਲ ਕਰਨ ਵਿੱਚ ਵੀ ਉਥੇ ਜਾਂਦੇ ਹਨ। ਪੱਛਮੀ ਦੇਸ਼ਾਂ ਵਿੱਚ ਜੋ ਕੰਮ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਪਰਿਵਾਰਕ ਅਤੇ ਮਾਨਸਿਕ ਸਮੱਸਿਆਵਾਂ ਨਾਲ ਨਜਿੱਠਣ ਲਈ ਨਿਭਾਅ ਰਹੀਆਂ ਹਨ। ਉਨ੍ਹਾਂ ਸੰਸਥਾਵਾਂ ਦੀ ਅਣਹੋਂਦ ਵਿੱਚ ਲੋਕ ਕਈ ਵਾਰੀ ਇਨ੍ਹਾਂ ਡੇਰਿਆਂ ਨੂੰ ਉਨ੍ਹਾਂ ਦੀ ਥਾਂ ’ਤੇ ਵਰਤਣ ਲਈ ਮਜ਼ਬੂਰ ਹੋ ਜਾਂਦੇ ਹਨ। ਇਹ ਹੀ ਹਾਲ ਹੈ ਮਾਨਸਕਿ ਸਮੱਸਿਆਵਾਂ ਅਤੇ ਬਿਮਾਰੀਆਂ ਨਾਲ ਨਜਿੱਠਣ ਦਾ। ਪੰਜਾਬ ਅਤੇ ਪੰਜਾਬੀਆਂ ਵਿੱਚ ਇਹ ਬਹੁਤ ਹੀ ਤੇਜ਼ੀ ਨਾਲ ਵਧ ਰਹੀਆਂ ਹਨ ਪਰ ਇਨ੍ਹਾਂ ਨਾਲ ਨਜਿੱਠਣ ਲਈ ਕੋਈ ਢੁੱਕਵਾਂ ਜੱਥੇਬੰਦਕ ਢਾਂਚਾ ਪੰਜਾਬੀਆਂ ਨੂੰ ਘੱਟ ਹੀ ਨਜ਼ਰ ਆਉਂਦਾ ਹੈ। ਇਹ ਵੀ ਲੋਕਾਂ ਦਾ ਇਨ੍ਹਾਂ ਡੇਰਿਆਂ ਵੱਲ ਜਾਣ ਦਾ ਇਕ ਕਾਰਨ ਹੈ, ਇਹ ਗੱਲ ਵੀ ਠੀਕ ਹੈ ਕਿ ਇਹ ਡੇਰੇ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਨਹੀਂ ਬਣੇ ਸਨ ਅਤੇ ਕੁਝ ਡੇਰੇ ਆਪਣੇ ਸੁਆਰਥ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਫਾਇਦਾ ਕਰਨ ਦੀ ਬਜਾਏ ਨੁਕਸਾਨ ਜ਼ਿਆਦਾ ਕਰ ਰਹੇ ਹਨ। ਪਰ ਫਿਰ ਵੀ ਸਮੁੱਚੇ ਤੌਰ ’ਤੇ ਡੇਰਿਆਂ, ਬਾਬਿਆਂ ਅਤੇ ਸੰਤਾਂ ਦੀ ਭੂਮਿਕਾ ਨੂੰ ਨਕਾਰਨਾ ਇਕ ਯਥਾਰਥਵਾਦੀ ਜਾਂ ਵਿਗਿਆਨਿਕ ਪਹੰੁਚ ਨਹੀਂ ਕਿਹਾ ਜਾ ਸਕਦਾ। ਹਜ਼ਾਰਾਂ ਸਾਲਾਂ ਤੋਂ ਭਾਰਤੀ ਸਮਾਜ ਦੀ ਇਹ ਵਿਲੱਖਣਤਾ ਰਹੀ ਹੈ ਕਿ ਰਾਜ ਅਤੇ ਸਥਾਪਿਤ ਸੰਸਥਾਵਾਂ ਦੇ ਸਮਾਨਅੰਤਰ ਸੰਸਥਾਵਾਂ ਜਿਵੇਂ ਯੋਗੀ, ਨਾਥ ਸਿੱਧ, ਭੈਰੋਂ ਦੇ ਚੇਲੇ, ਰਿਸ਼ੀ, ਮੁਨੀ ਤੇ ਸਨਿਆਸੀ ਆਦਿ, ਇਤਿਹਾਸਿਕ ਪ੍ਰਮਾਣ ਮਿਲਦੇ ਹਨ ਕਿ ਰਾਜ ਅਤੇ ਸਥਾਪਿਤ ਸੰਸਥਾਵਾਂ ਦੇ ਮੁਖੀ ਰਾਜੇ ਰਾਜ ਛੱਡ ਕੇ ਸੰਨਿਆਸ ਧਾਰਨ ਕਰਦੇ ਰਹੇ ਹਨ। ਇਨ੍ਹਾਂ ਸਭ ਸੰਸਥਾਵਾਂ ਨੂੰ ਉਕਾ ਹੀ ਨਕਾਰ ਦੇਣਾ ਨਾ ਤਾਂ ਯਥਾਰਥਵਾਦੀ ਸੋਚ ਹੈ ਅਤੇ ਨਾ ਹੀ ਵਿਗਿਆਨਿਕ। ਇਥੇ ਇਹ ਵੀ ਦਾਅ ਬਣਦਾ ਹੈ ਕਿ ਚਾਰਵਾਕੀਏ, ਜੋ ਕਿ ਪਦਾਰਥਵਾਦੀ ਸਨ, ਵੀ ਲਗਭਗ ਇਸ ਸ੍ਰੇਣੀ ਅਰਥਾਤ ਸਥਾਪਿਤ ਸੰਸਥਾਵਾਂ ਦੇ ਸਮਾਨਅੰਤਰ ਸੰਸਥਾ ਹੀ ਸਮਝੇ ਜਾਂਦੇ ਸਨ, ਸਾਨੂੰ ਚਾਹੀਦਾ ਹੈ ਕਿ ਹੋਰ ਖੋਜ ਕਰਕੇ ਇਹ ਸਮਝਣ ਦਾ ਯਤਨ ਕਰੀਏ ਕਿ ਭਾਰਤੀ ਸਮਾਜ ਵਿੱਚ ਸਥਾਪਿਤ ਸੰਸਥਾਵਾਂ ਦੇ ਸਮਾਨਅੰਤਰ ਸੰਸਥਾਵਾਂ ਦੇ ਉਭਾਰਨ ਦੀ ਵਿਲੱਖਣਤਾ ਦੇ ਕੀ ਕਾਰਨ ਸਨ।
ਖੈਰ ਇਸ ਵੇਲੇ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਧਾਰਮਿਕ ਡੇਰਿਆਂ ਦੀ ਭੂਮਿਕਾ ਰਲੀ ਮਿਲੀ ਰਹੀ ਹੈ। ਇਸ ਦੇ ਉਲਟ ਬੌਧਿਕ ਡੇਰਾਵਾਦ ਦਾ ਉਭਾਰ ਪੰਜਾਬੀਆਂ ਵਿੱਚ ਇੱਕ ਨਵਾਂ ਤੱਥ ਹੈ। ਇਹ ਪੱਛਮੀ ਸਾਮਰਾਜੀ ਯੁੱਗ ਅਤੇ ਖਾਸ ਕਰਕੇ ਸੰਸਾਰੀਕਰਨ ਦੇ ਯੁੱਗ ਦੀ ਉਪਜ ਹੈ, ਸੰਸਾਰੀਕਰਨ ਨੇ ਸਮਾਜ ਦੇ ਹਰ ਵਰਗ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਭਾਵੇਂ ਰਾਜਨੀਤੀ ਹੋਵੇ, ਭਾਵੇਂ ਪੱਤਰਕਾਰੀ ਹੋਵੇ, ਭਾਵੇਂ ਵਿਦਿਅਕ ਖੇਤਰ ਹੋਵੇ ਅਤੇ ਭਾਵੇਂ ਬੌਧਿਕ ਖੇਤਰ ਹੋਵੇ ਕੋਈ ਵੀ ਇਸ ਦੀ ਮਾਰ ਤੋਂ ਨਹੀਂ ਬਚ ਸਕਿਆ। ਬੌਧਿਕ ਡੇਰਾਵਾਦ ਨੇ ਬੌਧਿਕਤਾ ਤੇ ਅਧਾਰਿਤ ਇਕ ਸਰੇਸ਼ਠ ਵਰਗ ਪੈਦਾ ਕਰ ਦਿੱਤਾ ਹੇ ਜੋ ਕਿ ਸਧਾਰਣ ਲੋਕਾਂ ਤੋਂ ਬਿਲਕੁਲ ਟੁੱਟ ਚੁੱਕਾ ਹੈ, ਬੌਧਿਕ ਅਜਾਰੇਦਾਰੀ ਕਾਇਮ ਕਰਨ ਲਈ ਬੌਧਿਕ ਜੰੁਡਲੀਆਂ ਬਣਾਈਆਂ ਜਾਂਦੀਆਂ ਹਨ ਅਤੇ ਵਿਦਿਅਕ ਸੰਸਥਾਵਾਂ, ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਸਰਕਾਰੀ ਅਤੇ ਨੀਮ ਸਰਕਾਰੀ ਸੰਸਥਾਵਾਂ ’ਤੇ ਕੰਟਰੋਲ ਕਰ ਲਿਆ ਜਾਂਦਾ ਹੈ। ਇਨ੍ਹਾਂ ਸੰਸਥਾਵਾਂ ਦੀ ਮੁੱਖ ਭੂਮਿਕਾ ਮੇਲਾ ਸਭਿਆਚਾਰ ਪ੍ਰੋਤਸ਼ਾਹਿਤ ਕਰਨਾ, ਖਾਊ ਪੀਊ ਸਭਿਆਚਾਰ ਪ੍ਰੋਤਸ਼ਾਹਿਤ ਕਰਨਾ ਅਤੇ ਉਸਾਰੂ ਅਤੇ ਸੰਜੀਦਾ ਆਮ ਤੌਰ ’ਤੇ ਹਲਕਾ ਫੁਲਕਾ ਮਾਹੌਲ ਜਿਸ ਵਿੱਚ ਮਨੋਰੰਜਨ ਜ਼ਿਆਦਾ ਅਤੇ ਸੰਜੀਦਾ ਵਿਚਾਰਾਂ ਦਾ ਅਦਾਨ ਪ੍ਰਦਾਨ ਘਟ ਹੋਵੇ ਰੱਖਿਆ ਜਾਂਦਾ ਹੈ। ਸਿੱਧੇ ਜਾਂ ਅਸਿੱਧੇ ਤੌਰ ’ਤੇ ਖਪਤਕਾਰੀ ਸਭਿਆਚਾਰ ਨੂੰ ਉਤਸ਼ਾਹਿਤ ਅਤੇ ਪ੍ਰੋਤਸ਼ਾਹਿਤ ਕੀਤਾ ਜਾਂਦਾ ਹੈ, ਸਾਹਿਤਕ ਜਾਂ ਸਭਿਆਚਾਰਿਕ ਇਕੱਠਾਂ ਵਿੱਚ ਪਹਿਲ ਹਲਕੇ ਫੁਲਕੇ ਮਨ ਪ੍ਰਚਾਵੇ ਨੂੰ ਹੀ ਦਿੱਤੀ ਜਾਂਦੀ ਹੈ, ਸ਼ਾਮਲ ਹੋਣ ਵਾਲਿਆਂ ਦੀ ਪਹਿਲ ਕੀ ਹੈ ਇਹ ਤਾਂ ਅਕਾਦਮਿਕ ਸੈਸ਼ਨ ਅਤੇ ਖਾਣ ਪੀਣ ਵਿੱਚ ਹਾਜ਼ਰੀ ਅਤੇ ਉਤਸ਼ਾਹ ਦੀ ਤੁਲਨਾ ਕਰਕੇ ਹੀ ਸਪੱਸ਼ਟ ਹੋ ਜਾਂਦਾ ਹੈ।
ਆਵਾਸ ਅਤੇ ਪ੍ਰਵਾਸ ਬਾਰੇ ਇਕ ਯਥਾਰਥਕ ਅਤੇ ਵਿਗਿਆਨਕ ਪਹੰੁਚ ਅਪਣਾਉਣ ਦੀ ਬਜਾਏ ਇਕ ਪਾਸੜ ਤੇ ਹਲਕੀ ਫੁਲਕੀ ਪਹੰੁਚ ਅਪਣਾਈ ਜਾਂਦੀ ਹੈ। ਪੱਛਮੀ ਸਾਮਰਾਜੀ ਦੇਸ਼ਾਂ ਵਿੱਚ ਮੌਜਾਂ ਮਾਣ ਦੇ ਪੰਜਾਬੀਆਂ ਦੀ ਤਸਵੀਰ ਪੇਸ਼ ਕੀਤੀ ਜਾਂਦੀ ਹੈ। ਇਸ ਵਿੱਚੋਂ ਅਜੌਕੇ ਪੱਛਮੀ ਸਮਾਜ ਦੀਆਂ ਵਧ ਰਹੀਆਂ ਸਮੱਸਿਆਵਾਂ ਜਿਵੇਂ ਪਰਿਵਾਰਕ ਬਿਖੇਰ, ਮਨੁੱਖ ਦਾ ਆਪਣੇ ਆਪ ਨਾਲੋਂ ਟੁੱਟਣਾ ਅਤੇ ਗੁਆਚ ਜਾਣਾ ਵਧ ਰਹੀਆਂ ਮਾਨਸਿਕ ਬਿਮਾਰੀਆਂ ਤੇ ਖਾਸ ਕਰਕੇ ਡੀਪਰੈਸ਼ਨ, ਹਾਈ ਬਲੱਡ ਪਰੈਸ਼ਰ, ਡਾਇਬਟਿਜ਼ ਅਤੇ ਹਾਰਟ ਡੀਜ਼ੀਜ਼ ਇਹ ਸਭ ਬਿਮਾਰੀਆਂ ਪੰਜਾਬੀਆਂ ਵਿੱਚ ਭਰਪੂਰ ਹਨ ਅਤੇ ਪੰਜਾਬੀਆਂ ਵਿੱਚ ਸ਼ਰਾਬ ਸਭ ਮੂਨਫੀ ਹੁੰਦੀਆਂ ਹਨ। ਇਸ ਨੂੰ ਇਕ ਪਾਸੜ ਨਹੀਂ ਤਾਂ ਹੋਰ ਕੀ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਰਾਜਨੀਤਕ ਦਿ੍ਰਸ਼ਟੀਕੋਣ ਵਿੱਚ ਵੀ ਪੰਜਾਬੀ ਬੁੱਧਜੀਵੀ ੳਪਰੇ ਅਤੇ ਪੇਤਲੇ ਅਧਿਐਨ ਅਨੁਸਾਰ ਪੱਛਮ ਦੀ ਚੜ੍ਹਤ ਹੀ ਦੇਖਦੇ ਹਨ। ਉਨ੍ਹਾਂ ਨੂੰ ਪੱਛਮੀ ਸਮਾਰਾਜ ਅਤੇ ਖਾਸ ਕਰਕੇ ਅਮਰੀਕੀ ਸਾਮਰਾਜ ਨੂੰ ਪੈ ਰਹੀ ਕੁੱਟ ਤਾਂ ਬਿਲਕੁਲ ਦਿਖਾਈ ਨਹੀਂ ਦਿੰਦੀ। ਇਰਾਕ, ਅਫਗਾਨਿਸਤਾਨ, ਸੀਰੀਆ, ਲਿਬੀਆ, ਫਲਸਤੀਨ, ਸੁਮਾਲੀਆ ਅਤੇ ਯੂਕਰੇਨ, ਆਦਿ ਵਿੱਚ ਜੋ ਵਾਪਰ ਰਿਹਾ ਹੈ, ਇਕ ਸਰਸਰੀ ਨਜ਼ਰ ਮਾਰਕੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਅਮਰੀਕੀ ਸਾਮਰਾਜੀ ਲਗਭਗ ਹਰ ਜਗ੍ਹਾ ’ਤੇ ਕੁੱਟ ਖਾ ਰਹੇ ਹਨ, ਅਤੇ ਅਮਰੀਕਾ ਦਾ ਸੰਸਾਰ ਵਿੱਚ ਰਸੂਖ ਅਤੇ ਦਬਦਬਾ ਘਟ ਰਿਹਾ ਹੈ।
ਬੌਧਿਕ ਡੇਰਾਵਾਦ, ਬੌਧਿਕ ਪ੍ਰਦੂਸ਼ਣ, ਬੌਧਿਕ ਭਿ੍ਰਸ਼ਟਾਚਾਰ ਅਤੇ ਅਖੌਤੀ ਬੌਧਿਕਤਾਵਾਦ ਵਰਗੀਆਂ ਸਮੱਸਿਆਵਾਂ ਨੂੰ ਸੰਬੋਧਿਤ ਹੋਏ ਬਿਨਾਂ ਪੰਜਾਬੀ ਸਾਹਿਤ, ਸਭਿਆਚਾਰ ਅਤੇ ਚਿੰਤਨ ਦੇ ਖੇਤਰ ਵਿੱਚ ਸੰਤੁਲਨ, ਸੰਜੀਦਗੀ ਅਤੇ ਸੁਹਿਰਦਤਾ ਲਿਆਉਣਾ ਲਗਭਗ ਅਸੰਭਵ ਹੈ।
Hardial Sagar
Very true