ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਦਾ ਲੋਕ ਲੁਭਾਊ ਭਾਸ਼ਣ - ਨਿਰਮਲ ਰਾਣੀ
Posted on:- 23-08-2014
ਭਾਰਤ ਦੇ 68ਵੇਂ ਆਜ਼ਾਦੀ ਦਿਹਾੜੇ ’ਤੇ ਦੇਸ਼ ਦੇ ਤੇਰ੍ਹਵੇਂ ਪ੍ਰਧਾਨ ਮੰਤਰੀ ਦੇ ਰੂਪ ’ਚ ਨਰੇਂਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ। ਪੂਰੇ ਮੁਲਕ ਵਿਚ ਇਸ ਗੱਲ ਦੀ ਉਤਸੁਕਤਾ ਸੀ ਕਿ ਨਰੇਂਦਰ ਮੋਦੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹੜਾ ਨਵਾਂ ਮਾਰਗ ਦਰਸ਼ਨ ਕਰਨਗੇ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਆਪਣੇ ਅਤੇ ਆਪਣੀ ਪਾਰਟੀ ਦੇ ਕਿਸ ਤਰ੍ਹਾਂ ਦੇ ਵਿਚਾਰ ਸਾਹਮਣੇ ਰੱਖਣਗੇ। ਪਰ ਉਨ੍ਹਾਂ ਦੇ ਭਾਸ਼ਣ ਵਿਚ ਅਜਿਹਾ ਕੁਝ ਵੀ ਦਿਖਾਈ ਨਹੀਂ ਦਿੱਤਾ। ਉਨ੍ਹਾਂ ਆਪਣੀਆਂ ਤਿੰਨ ਮਹੀਨਿਆਂ ਦੀਆਂ ਪ੍ਰਾਪਤੀਆਂ ਜਾਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਕੁਝ ਕਹਿਣ ਦੀ ਬਜਾਏ ਭਾਵਨਾਤਮਕ, ਲੱਛੇਦਾਰ ਤੇ ਲੋਕ ਲੁਭਾਊ ਭਾਸ਼ਣ ਨਾਲ ਹੀ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਨਰੇਂਦਰ ਮੋਦੀ ਨੇ ਇਸ ਮੌਕੇ ’ਤੇ ਇਕ ਵਿਤੀ ਯੋਜਨਾ ਜ਼ਰੂਰ ਐਲਾਨ ਕੀਤੀ, ਜਿਸ ਦਾ ਫਾਇਦਾ ਗਰੀਬ ਜਨਤਾ ਨੂੰ ਸਿੱਧੇ ਤੌਰ ’ਤੇ ਮਿਲੇਗਾ। ਇਸ ਤਹਿਤ ਘੱਟੋ-ਘੱਟ ਦੋ ਬੈਂਕ ਖਾਤੇ ਹਰ ਪਰਿਵਾਰ ਲਈ ਖੋਲ੍ਹਣ ਦੀ ਯੋਜਨਾ ਹੈ। ਇਸ ਨਾਲ ਇਕ ਬੀਮਾ ਯੋਜਨਾ, ਕਰਜ਼ਾ ਪੈਨਸ਼ਨ ਅਤੇ ਡੈਬਿਟ ਕਾਰਡ ਦਾ ਲਾਭ ਸਾਰੇ ਪਰਿਵਾਰਾਂ ਨੂੰ ਮਿਲੇਗਾ। ਇਸ ਨਾਲ ਵਿਚੋਲਿਆਂ ਦੀ ਭੂਮਿਕਾ ਖਾਰਜ ਹੋਵੇਗੀ ਅਤੇ ਹਰ ਤਰ੍ਹਾਂ ਦਾ ਲਾਭ ਸਿੱਧੇ ਜਨਤਾ ਦੇ ਹੱਥਾਂ ਵਿਚ ਜਾਵੇਗਾ। ਇਹ ਅਮਲ ’ਚ ਹਾਲੇ ਆਉਣਾ ਹੈ।
ਇਸ ਤੋਂ ਬਿਨਾਂ ਜਨਤਾ ਦਾ ਦਿਲ ਜਿੱਤਣ ਲਈ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੀ ਥਾਂ ਪ੍ਰਧਾਨ ਸੇਵਕ ਕਹਿਣਾ, ਬੁਲਟ ਪਰੂਫ ਸ਼ੀਸ਼ੇ ਤੋਂ ਬਗੈਰ ਭਾਸ਼ਣ ਦੇਣਾ, ਬਿਨਾਂ ਲਿਖਿਆ ਭਾਸ਼ਣ ਕਰਨਾ, ਸਕੂਲੀ ਬੱਚਿਆਂ ਨੂੰ ਜਾ ਕੇ ਮਿਲਣਾ, ਭਰੂਣ ਹੱਤਿਆ ਅਤੇ ਬਲਾਤਕਾਰ ਵਰਗੀਆਂ ਬੁਰਾਈਆਂ ’ਤੇ ਚਿੰਤਾ ਜ਼ਾਹਿਰ ਕਰਨਾ, ਸਫਾਈ ਵਿਵਸਥਾ, ਪਾਖਾਨਿਆਂ ਦੀ ਸਮੱਸਿਆ ਆਦਿ ਨੂੰ ਭਾਸ਼ਣ ਵਿਚ ਸ਼ਾਮਲ ਕਰਨਾ, ਫਿਰਕਾਪ੍ਰਸਤੀ, ਜਾਤੀਵਾਦ ਅਤੇ ਖੇਤਰਵਾਦ ਤੋਂ ਉੱਪਰ ਉਠ ਕੇ ਮੁਲਕ ਲਈ ਕੰਮ ਕਰਨਾ ਅਤੇ ਪਹਿਲਾਂ ਰਹਿ ਚੁੱਕੇ ਪ੍ਰਧਾਨ ਮੰਤਰੀਆਂ ਦੀ ਤਾਰੀਫ਼ ਕਰਨਾ ਆਦਿ ਗੱਲਾਂ ਸ਼ਾਮਲ ਸਨ।
ਚੋਣਾਂ ਤੋਂ ਪਹਿਲਾਂ ਨਰੇਂਦਰ ਮੋਦੀ ਚੀਨ ਦੀ ਘੁਸਪੈਠ ਨੂੰ ਲੈ ਕੇ ਯੂਪੀਏ ਸਰਕਾਰ ਨੂੰ ਇਤਿਹਾਸ ਦੀ ਸਭ ਤੋਂ ਕਮਜ਼ੋਰ ਸਰਕਾਰ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ ਦੱਸਦੇ ਸਨ। ਪਰ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਵਿਚ ਮੋਦੀ ਨੇ ਚੀਨ ਨੂੰ ਕਿਸੇ ਤਰ੍ਹਾਂ ਦੀ ਲਲਕਾਰ ਨਹੀਂ ਵਿਖਾਈ। ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਇਕ ਦਰਜਨ ਤੋਂ ਵਧੇਰੇ ਵਾਰ ਸੀਮਾ ’ਤੇ ਘੁਸਪੈਠ ਕੀਤੀ ਜਾ ਚੁੱਕੀ ਹੈ।
ਚੋਣਾਂ ਤੋਂ ਪਹਿਲਾਂ ਨਰੇਂਦਰ ਮੋਦੀ ਦੇਸ਼ ਵਿਚ ਵਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਲਈ ਵੀ ਯੂਪੀਏ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਹਿੰਦੇ ਸਨ ਕਿ ਇਸ ਸਰਕਾਰ ਦੇ ਰਾਜ ਵਿਚ ਮੁਲਕ ਦੀਆਂ ਬਹੂ-ਬੇਟੀਆਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦੇ ਰਾਜ ਵਿਚ ਬਹੂ-ਬੇਟੀਆਂ ਦੀ ਇੱਜ਼ਤ ਦੀ ਰੱਖਿਆ ਕੀਤੀ ਜਾਵੇਗੀ। ਪਰ ਹੁਣ ਉਨ੍ਹਾਂ ਵੱਲੋਂ ਇਸ ਵਿਸ਼ੇ ’ਤੇ ਕਿਸੇ ਵੀ ਯੋਜਨਾ ਦਾ ਜ਼ਿਕਰ ਨਹੀਂ ਕੀਤਾ ਗਿਆ। ਕੇਂਦਰ ਵਿਚ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਅਜਿਹੀਆਂ ਘਟਨਾਵਾਂ ਦਾ ਸਿਲਸਿਲਾ ਜਾਰੀ ਹੈ। ਬਿਹਾਰ ਵਿਚ ਲਾਲੂ ਪ੍ਰਸਾਦ ਯਾਦਵ ਨੇ ਮੁੱਖ ਮੰਤਰੀ ਹੁੰਦਿਆਂ ਇਕ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦਾ ਨਾਮ ‘ਨਹਿਲਾਓ-ਧੁਲਾਓ ਅਭਿਆਨ’ ਰੱਖਿਆ ਗਿਆ ਸੀ। ਉਸ ਵਕਤ ਲਾਲੂ ਪ੍ਰਸਾਦ ਯਾਦਵ ਦੀ ਇਸ ਮੁਹਿੰਮ ਦਾ ਮਜ਼ਾਕ ਉਡਾਇਆ ਗਿਆ ਸੀ। ਪਰ ਜਦੋਂ ਮੋਦੀ ਲਾਲ ਕਿਲ੍ਹੇ ਤੋਂ ਸਫ਼ਾਈ ਦੇ ਵਿਸ਼ੇ ’ਤੇ ਬੋਲੇ ਤਾਂ ਉਸ ਦੇ ਸਮਰਥਕਾਂ ਨੇ ਉਸ ਦੀ ਖੂਬ ਪ੍ਰਸ਼ੰਸਾ ਕੀਤੀ। ‘ਦੇਵਾਲਿਆ ਸੇ ਜ਼ਰੂਰੀ ਸ਼ੌਚਾਲਿਆ’ ਦੀ ਗੱਲ ਵੀ ਯੂਪੀਏ ਸਰਕਾਰ ’ਚ ਮੰਤਰੀ ਰਹੇ ਜੈਰਾਮ ਰਮੇਸ਼ ਵੱਲੋਂ ਕੀਤੀ ਗਈ ਸੀ। ਉਸ ਵਕਤ ਮੋਦੀ ਦੇ ਸੰਗਠਨ ਵਾਲੇ ਲੋਕਾਂ ਨੇ ਜੈਰਾਮ ਰਮੇਸ਼ ਦੀ ਸਰਕਾਰੀ ਰਿਹਾਇਸ਼ ਦੇ ਸਾਹਮਣੇ ਖੜ੍ਹੇ ਹੋ ਕੇ ਪੇਸ਼ਾਬ ਕੀਤਾ ਗਿਆ ਸੀ।
ਆਪਣਾ ਰੋਸ ਪ੍ਰਗਟ ਕਰਨ ਦਾ ਇਹੀ ਢੰਗ ਉਨ੍ਹਾਂ ਨੂੰ ਸੁੱਝਿਆ ਸੀ। ਪਰ ਉਹੀ ਗੱਲ ਮੋਦੀ ਵੱਲੋਂ ਲਾਲ ਕਿਲ੍ਹੇ ਦੀ ਫਸੀਲ ’ਤੇ ਖੜ੍ਹੇ ਹੋ ਕੇ ਦੁਹਰਾਈ ਗਈ ਹੈ ਅਤੇ ਘਰ-ਘਰ ਪਾਖਾਨਾ ਬਣਾਉਣ ਦਾ ਸੰਕਲਪ ਪ੍ਰਗਟ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਖੁਦ ਨੂੰ ਪ੍ਰਧਾਨ ਮੰਤਰੀ ਦੀ ਬਜਾਏ ਪ੍ਰਧਾਨ ਸੇਵਕ ਕਹਿ ਕੇ ਖੂਬ ਵਾਹ-ਵਾਹ ਖੱਟੀ। ਕੰਨਿਆ ਭਰੂਣ ਹੱਤਿਆ ਸਬੰਧੀ ਉਨ੍ਹਾਂ ਮਾਂ-ਬਾਪ ਨਾਲੋਂ ਡਾਕਟਰਾਂ ਨੂੰ ਵੱਧ ਜ਼ਿੰਮੇਵਾਰ ਦੱਸਿਆ। ਉਨ੍ਹਾਂ ਡਾਕਟਰਾਂ ਨੂੰ ਕਿਹਾ ਕਿ ਆਪਣੀਆਂ ਤਿਜੌਰੀਆਂ ਭਰਨ ਲਈ ਕੁੱਖ ਵਿਚ ਪਲ਼ ਰਹੀਆਂ ਬੱਚੀਆਂ ਨੂੰ ਨਾ ਮਾਰਨ। ਅਜਿਹੀ ਗੱਲ ਕਰਕੇ ਮੋਦੀ ਨੇ ਲੋਕਾਂ ਤੋਂ ਤਾੜੀਆਂ ਜ਼ਰੂਰ ਮਰਵਾ ਲਈਆਂ ਪਰ ਉਹ ਨਹੀਂ ਸਮਝਦੇ ਕਿ ਡਾਕਟਰਾਂ ਤੋਂ ਪਹਿਲਾਂ ਕੰਨਿਆ ਭਰੂਣ ਹੱਤਿਆ ਲਈ ਮਾਂ-ਬਾਪ ਜ਼ਿੰਮੇਵਾਰ ਹਨ; ਜਿਹੜੇ ਡਾਕਟਰਾਂ ਕੋਲ ਖੁਦ ਜਾਂਦੇ ਹਨ।
ਪ੍ਰਧਾਨ ਮੰਤਰੀ ਨੇ ਯੋਜਨਾ ਕਮਿਸ਼ਨ ਨੂੰ ਖ਼ਤਮ ਕਰਕੇ ਛੇਤੀ ਹੀ ਇਕ ਨਵੀਂ ਸੰਸਥਾ ਬਣਾਉਣ ਦਾ ਐਲਾਨ ਕੀਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਭਵਿੱਖ ਵਿਚ ਜਾਂ ਤਾਂ ਕਾਰਪੋਰੇਟ ਘਰਾਣਿਆਂ ਦੀ ਮਰਜ਼ੀ ਨਾਲ ਜਾਂ ਉਨ੍ਹਾਂ ਦੀ ਇੱਛਾ ਮੁਤਾਬਕ ਭਵਿੱਖ ਦੀਆਂ ਯੋਜਨਾਵਾਂ ਨਿਰਧਾਰਤ ਹੋਣਗੀਆਂ ਜਾਂ ਫਿਰ ਕਿਸੇ ‘ਥਿੰਕ ਟੈਂਕ’ ਵਾਲੀ ਸੰਸਥਾ ਤੋਂ ਸਲਾਹ ਲੈ ਕੇ ਯੋਜਨਾਵਾਂ ਦਾ ਖਾਕਾ ਤਿਆਰ ਕੀਤਾ ਜਾਇਆ ਕਰੇਗਾ। ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਨੇ ਮੇਡ ਇਨ ਇੰਡੀਆ ਮਿਸ਼ਨ ਨਾਲ ਜੁੜਨ ਦਾ ਸੱਦਾ ਦਿੱਤਾ।
ਨੌਜਵਾਨ ਕਿੱਥੇ ਜੁੜਨ, ਕਿਵੇਂ ਜੁੜਨ, ਕੀ ਕਰਨ ਅਤੇ ਮੇਡ ਇਨ ਇੰਡੀਆ ਵਿਚ ਆਪਣਾ ਯੋਗਦਾਨ ਕਿਸ ਤਰ੍ਹਾਂ ਅਤੇ ਕਿਸ ਰੂਪ ਵਿਚ ਪਾਉਣ; ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਹੀ ਪੁਰਾਣੀ ਘਸੀ-ਪਿਟੀ ਨੀਤੀ ਇਸ ਭਾਸ਼ਣ ਵਿਚ ਵੀ ਦਿਖਾਈ ਦਿੱਤੀ ਕਿ ਚੋਣਾਂ ਤੋਂ ਪਹਿਲਾਂ ਸੱਤਾ ਦੇ ਮੂੰਹ ’ਤੇ ਖੂਬ ਕਾਲਖ਼ ਮਲੋ, ਉਸ ’ਤੇ ਖੂਬ ਚਿੱਕੜ ਉਛਾਲੋ ਅਤੇ ਸੱਤਾ ਨੂੰ ਇਸ ਹੱਦ ਤੱਕ ਬਦਨਾਮ ਕਰੋ ਕਿ ਵੋਟਰ ਨਾ ਸਿਰਫ਼ ਸੱਤਾ ਤੋਂ ਪ੍ਰੇਸ਼ਾਨ ਨਜ਼ਰ ਆਉਣ ਲੱਗੇ, ਸਗੋਂ ਸੱਤਾ ਉਸ ਨੂੰ ਦੇਸ਼ ਦੀ ਸਭ ਤੋਂ ਲੱਚਰ ਤੇ ਕਮਜ਼ੋਰ ਵਿਵਸਥਾ ਜਾਪਣ ਲੱਗ ਜਾਵੇ। ਇਸ ਤਰ੍ਹਾਂ ਉਹੀ ਵੋਟਰ ਉਸ ਨੂੰ ਸੱਤਾ ਦੇ ਬਦਲਵੇਂ ਰੂਪ ਵਿਚ ਦੇਖਣ ਲੱਗ ਪਏ। ਸੱਤਾ ਪ੍ਰਾਪਤ ਕਰਨ ਤੋਂ ਬਾਅਦ ਇਕ ਯੋਗ ਸ਼ਾਸ਼ਕ ਦੇ ਰੂਪ ’ਚ ਜਨਤਾ ਸਾਹਮਣੇ ਆਉਣ ਦੀ ਬਜਾਏ ਮੀਡੀਆ ਤੋਂ ਟਾਲਾ ਵੱਟਣਾ ਸ਼ੁਰੂ ਕਰ ਦਿਓ ਅਤੇ ਆਪਣੀਆਂ ਪ੍ਰਾਪਤੀਆਂ ਦੱਸਣ ਦੀ ਥਾਂ ਉਪਦੇਸ਼, ਪ੍ਰਵਚਨ ਤੇ ਸਮਾਜ ਸੁਧਾਰ ਸਬੰਧੀ ਭਾਸ਼ਣਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿਓ।
ਮੋਦੀ ਕੋਲੋਂ ਕਾਫ਼ੀ ਉਮੀਦਾਂ ਸਨ ਕਿ ਉਹ ਆਪਣੇ ਮੁਖਾਰਵਿੰਦ ’ਚੋਂ ਉਸ ਮਹਿੰਗਾਈ ਬਾਰੇ ਵੀ ਕੁਝ ਉਚਾਰਨਗੇ, ਜਿਸ ਬਾਰੇ ਉਨ੍ਹਾਂ ਨੇ ਪੂਰੇ ਮੁਲਕ ਵਿਚ ਇਹ ਨਾਅਰੇ ਲਿਖਵਾ ਦਿੱਤੇ ਸਨ ਕਿ ‘‘ਬਹੁਤ ਹੋ ਚੁਕੀ ਮਹਿੰਗਾਈ ਕੀ ਮਾਰ, ਅਬ ਕੀ ਬਾਰ ਮੋਦੀ ਸਰਕਾਰ’’ ਦੇਸ਼ ਦੇ ਅਰਥਸ਼ਾਸਤਰੀ ਹੁਣੇ ਤੋਂ ਇਸ ਗੱਲ ਨੂੰ ਲੈ ਕੇ ਚਿੰਤਤ ਦਿਖਾਈ ਦੇ ਰਹੇ ਹਨ ਕਿ ਮੋਦੀ ਸਰਕਾਰ ਨੂੰ ਸੱਤਾ ’ਚ ਆਏ ਤਿੰਨ ਮਹੀਨੇ ਹੋਣ ਵਾਲੇ ਹਨ ਪਰ ਦੇਸ਼ ’ਚ ਮਹਿੰਗਾਈ ਘਟਣੀ ਤਾਂ ਕੀ, ਸਗੋਂ ਵਧ ਰਹੀ ਹੈ। ਲਾਲ ਕਿਲ੍ਹੇ ਤੋਂ ਪ੍ਰਧਾਨ ਸੇਵਕ ਦੇ ਭਾਸ਼ਣ ਨੂੰ ਲੋਕ ਲੁਭਾਊ ਸੰਬੋਧਨ ਤੋਂ ਬਗੈਰ ਹੋਰ ਕੁਝ ਨਹੀਂ ਕਿਹਾ ਜਾ ਸਕਦਾ।