ਅਖੌਤੀ ਇਸਲਾਮਿਕ ਸਟੇਟ ਇਸਲਾਮ ਲਈ ਖ਼ਤਰਾ -ਤਨਵੀਰ ਜਾਫ਼ਰੀ
Posted on:- 21-08-2014
ਇਸ ਵਾਰ ਦੀ ਈਦ ਪਿਛਲੇ 1400 ਸਾਲ ਦੇ ਇਤਿਹਾਸ ਵਿਚ ਸਭ ਤੋਂ ਮੰਦਭਾਗੀ ਤੇ ਮਨ ਦੁਖੀ ਕਰਨ ਵਾਲੀ ਰਹੀ। ਦੁਨੀਆ ਦੇ ਕਈ ਦੇਸ਼ਾਂ ਤੋਂ ਇਸ ਪਵਿੱਤਰ ਦਿਨ ਵੀ ਸਾੜ-ਫੂਕ, ਹੱਤਿਆਵਾਂ, ਆਤਮਘਾਤੀ ਹਮਲੇ; ਇੱਥੋਂ ਤੱਕ ਕਿ ਨਮਾਜ਼ੀਆਂ ਦੀਆਂ ਹੱਤਿਆਵਾਂ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਇਰਾਕ, ਸੀਰੀਆ, ਨਾਈਜੀਰੀਆ, ਅਫਗਾਨਿਸਤਾਨ ਅਤੇ ਫਲਸਤੀਨ ਵਰਗੇ ਕਈ ਦੇਸ਼ਾਂ ਵਿਚ ਇਹ ਤਿਓਹਾਰ ਦਹਿਸ਼ਤ, ਤਬਾਹੀ ਅਤੇ ਬਰਬਾਦੀ ਫੈਲਾਉਂਦਾ ਨਜ਼ਰ ਆਇਆ। ਗਾਜ਼ਾ ਵਿਖੇ ਇਸਰਾਇਲ ਫੌਜ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਈਦ ਵਾਲੇ ਦਿਨ ਵੀ ਇਸਰਾਇਲੀ ਵੱਲੋਂ ਕੀਤੇ ਹਵਾਈ ਹਮਲਿਆਂ ਵਿਚ ਕਈ ਆਮ ਨਾਗਰਿਕ ਮਾਰੇ ਗਏ।
ਇਸੇ ਤਰ੍ਹਾਂ ਨਾਈਜੀਰਆ ’ਚ ਬੋਕੋਹਰਾਮ ਨਾਮੀ ਅੱਤਵਾਦੀ ਸੰਗਠਨ ਦੇ ਆਤਮਘਾਤੀ ਦਹਿਸ਼ਤਗਰਦਾਂ ਨੇ ਲਗਾਤਾਰ ਸ਼ੀਆ ਫਿਰਕੇ ਦੀਆਂ ਦੋ ਮਸਜਿਦਾਂ ’ਚ ਨਮਾਜ ਅਦਾ ਕਰ ਰਹੇ ਸ਼ੀਆ ਮੁਸਲਮਾਨਾਂ ’ਤੇ ਆਤਮਘਾਤੀ ਹਮਲੇ ਕੀਤੇ। ਇੱਥੇ ਵੀ ਛੇ ਨਮਾਜੀ ਘਟਨਾ ਸਥਾਨ ’ਤੇ ਹੀ ਮਾਰੇ ਗਏ। ਜਦੋਂ ਕਿ ਦਰਜਨਾਂ ਲੋਕ ਜ਼ਖ਼ਮੀ ਹਾਲਤ ’ਚ ਹਸਪਤਾਲ ਭੇਜੇ ਗਏ। ਅਫ਼ਗਾਨਿਸਤਾਨ ’ਚ ਰਾਸ਼ਟਰਪਤੀ ਹਾਮਿਦ ਕਰਜਈ ਦੇ ਭਰਾ ਅਹਿਮਦ ਵਲੀ ਕਰਜਈ ਨੂੰ ਈਦ ਦੇ ਦਿਨ ਹੀ ਇਕ ਆਤਮਘਾਤੀ ਹਮਲਵਾਰ ਵੱਲੋਂ ਗਲ਼ੇ ਮਿਲਣ ਦੇ ਬਹਾਨੇ ਵਿਸਫੋਟ ਕਰਕੇ ਉਡਾ ਦਿੱਤਾ ਗਿਆ।
ਇਨ੍ਹਾਂ ਸਭ ਤੋਂ ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲੀ ਕਾਰਵਾਈ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਵੱਲੋਂ ਇਰਾਕ ਦੇ ਮੋਸੂਲ ਇਲਾਕੇ ਵਿਚ ਕੀਤੀ ਗਈ। ਇਨ੍ਹਾਂ ਨੇ ਮੋਸੂਲ ਇਲਾਕੇ ਵਿਚੋਂ ਲਗਭਗ 200 ਲੋਕ ਗਿ੍ਰਫ਼ਤਾਰ ਕਰਕੇ, ਉਨ੍ਹਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਅਪਣਾਉਣ ਲਈ ਹੁਕਮ ਦਿੱਤਾ। ਕੁਝ ਇਸਾਈ ਤਾਂ ਡਰਦਿਆਂ ਆਪਣੀ ਜਾਨ ਬਚਾਉਣ ਲਈ, ਕਲਮਾ ਪੜ੍ਹ ਕੇ ਮੁਸਲਮਾਨ ਬਣੇ ਗਏ ਤੇ ਜਿਨ੍ਹਾਂ ਨੇ ਕਲਮਾ ਨਹੀਂ ਪੜ੍ਹਿਆ, ਉਨ੍ਹਾਂ ਦੇ ਸਿਰ ਕੱਟ ਦਿੱਤੇ ਗਏ। ਇੰਨਾ ਹੀ ਨਹੀਂ ਇਨ੍ਹਾਂ ਵੱਲੋਂ ਇਸਾਈ ਔਰਤਾਂ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ, ਬਾਅਦ ਵਿਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਇਸੇ ਤਰ੍ਹਾਂ ਹੀ ਇਨ੍ਹਾਂ ਇਸਲਾਮੀ ਸਟੇਟ ਦੇ ਅਖੌਤੀ ਸੈਨਿਕਾਂ ਵੱਲੋਂ ਆਪਣੇ ਸੈਂਕੜੇ ਮੁਸਲਿਮ ਵਿਰੋਧੀਆਂ ਦੀ ਈਦ ਵਾਲੇ ਦਿਨ ਹੱਤਿਆ ਕਰਕੇ ਲਾਸ਼ਾਂ ਨਦੀ ਵਿਚ ਸੁੱਟ ਦਿੱਤੀਆਂ ਗਈਆਂ। ਇਹ ਈਦ ਪਿਛਲੇ 1400 ਸਾਲਾਂ ਦੀ ਤੁਲਨਾ ’ਚ ਬੇਹੱਦ ਸ਼ਰਮਨਾਕ ਰਹੀ। ਅਜਿਹੀਆਂ ਘਟਨਾਵਾਂ ਜ਼ਾਹਿਰ ਕਰਦੀਆਂ ਹਨ ਕਿ ਇਸ ਸਮੇਂ ਇਸਲਾਮ ’ਤੇ ਸੰਕਟ ਦੇ ਕਾਲੇ ਬੱਦਲ ਛਾਏ ਹੋਏ ਹਨ ਅਤੇ ਇਸ ਨੂੰ ਖ਼ਤਰਾ ਬਾਹਰੀ ਦੁਸ਼ਮਣਾਂ ਤੋਂ ਨਹੀਂ ਅੰਦਰੂਨੀ ਦੁਸ਼ਮਣਾਂ ਤੋਂ ਵਧੇਰੇ ਬਣਿਆ ਹੋਇਆ ਹੈ।
ਅਸਲ ਵਿਚ ਅਲਕਾਇਦਾ ਦਾ ਪ੍ਰਮੁੱਖ ਨੀਤੀਘਾੜਾ ਰਹਿ ਚੁੱਕਿਆ ਅਬੂ ਬਕਰ ਅਲ ਬਗਦਾਦੀ ਖੁਦ ਨੂੰ ਇਸ ਵੇਲੇ ਖਲੀਫਾ ਅਤੇ ਅਮੀਰ-ਉਲ ਮੋਮੀਨ ਵਰਗੇ ਨਾਵਾਂ ਨਾਲ ਸੁਸ਼ੋਭਿਤ ਕਰ ਰਿਹਾ ਹੈ। ਇਸਲਾਮੀ ਇਤਿਹਾਸ ’ਚ ਸੁੰਨੀ ਮੁਸਲਮਾਨ ਸਿਰਫ਼ ਚਾਰ ਖਲੀਫਿਆਂ ਨੂੰ ਹੀ ਮੰਨਦੇ ਹਨ। ਬਗਦਾਦੀ ਆਪਣੇ ਆਪ ਨੂੰ ਖਲੀਫ਼ਾ ਹੀ ਨਹੀਂ, ਸਗੋਂ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੇ ਵੰਸ਼ ਵਿਚੋਂ ਵੀ ਦੱਸ ਰਿਹਾ ਹੈ। ਇਸਲਾਮ ਲਈ ਇਸ ਤੋਂ ਬੁਰਾ ਅਧਿਆਇ ਹੋਰ ਕੀ ਹੋ ਸਕਦਾ ਹੈ ਕਿ ਅਬੂ ਬਕਰ ਵਰਗੇ ਹਤਿਆਰੇ ਅਤੇ ਰੋਜ਼ਦਾਰਾਂ ਤੇ ਨਮਾਜ਼ੀਆਂ ਦੀ ਹੱਤਿਆ ਕਰਨ ਨੂੰ ਜੇਹਾਦ ਦਾ ਨਾਂ ਦੇਣ ਵਾਲੇ ਅਪਰਾਧੀ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੇ ਵੰਸ਼ਜ਼ ਦੱਸ ਰਹੇ ਹਨ। ਹਜ਼ਰਤ ਅਲੀ, ਹਜ਼ਰਤ ਇਮਾਮ ਹਸਨ ਅਤੇ ਹੁਸੈਨ ਵਰਗੇ ਹਜ਼ਰਤ ਮੁਹੰਮਦ ਦੇ ਵੰਸ਼ਜਾਂ ਨੇ ਜਿੱਥੇ ਆਪਣੀ ਸ਼ਹਾਦਤ ਦੇ ਕੇ ਸਚਾਈ ’ਤੇ ਚਲਦਿਆਂ ਇਕ ਆਦਰਸ਼ ਪੇਸ਼ ਕੀਤਾ, ਉਥੇ ਹਜ਼ਰਤ ਨਿਜਾਮੂਦੀਨ ਤੇ ਹਜ਼ਰਤ ਮੋਇਨੂਦੀਨ ਵਰਗੇ ਸੰਤਾਂ ਨੇ ਭਾਰਤ ਵਰਗੇ ਗੈਰ ਇਸਲਾਮੀ ਦੇਸ਼ ਵਿਚ ਵੀ ਲੋਕਾਂ ਦੇ ਦਿਲਾਂ ’ਚ ਆਪਣੀ ਜਗ੍ਹਾ ਬਣਾਈ। ਹਰ ਇਕ ਭਾਰਤੀ ਇਨ੍ਹਾਂ ਨੂੰ ਅਕੀਦਤ ਵਜੋਂ ਸਿਰ ਝੁਕਾਉਂਦਾ ਹੈ।
ਦੂਜੇ ਪਾਸੇ ਖੁਦ ਨੂੰ ਖਲੀਫ਼ਾ ਦੱਸਣ ਵਾਲਾ ਬਗਦਾਦੀ ਹੁਣ ਤੱਕ ਦਰਜਨਾਂ ਦਰਗਾਹਾਂ ਤੇ ਮਜ਼ਾਰਾਂ ਨੂੰ ਨਸ਼ਟ ਕਰ ਚੁੱਕਿਆ ਹੈ। ਉਸ ਨੇ ਸਾਊਦੀ ਅਰਬ ’ਚ ਹਜ਼ਰਤ ਮੁਹੰਮਦ ਸਾਹਿਬ ਦੇ ਨਿਵਾਸ ਸਥਾਨ ਮੱਕਾ ਸ਼ਰੀਫ਼ ਅਤੇ ਹੱਜ ਸਥਾਨ ਨੂੰ ਨਸ਼ਟ ਕਰਨ ਦਾ ਵੀ ਐਲਾਨ ਕੀਤਾ ਹੋਇਆ ਹੈ।
ਅਖੌਤੀ ਇਸਲਾਮਿਕ ਸਟੇਟ ਦੇ ਵਧ ਰਹੇ ਅੱਤਵਾਦੀ ਹੌਸਲੇ ਅਤੇ ਉਨ੍ਹਾਂ ਨੂੰ ਮਿਲ ਰਹੀ ਆਰਥਿਕ ਸਹਾਇਤਾ ਤੇ ਹਥਿਅਰਾਂ ਦੇ ਮਾਮਲੇ ਵਿਚ ਵੀ ਦੁਨੀਆ ਚਿੰਤਤ ਹੈ ਕਿ ਆਖਿਰ ਇਨ੍ਹਾਂ ਨੂੰ ਆਰਥਿਕ ਸਹਾਇਤਾ ਕਿੱਥੋਂ ਮਿਲ ਰਹੀ ਹੈ? ਬੀਤੇ ਦਿਨੀਂ ਐਫਐਸਬੀ ਫੈਡਰਲ, ਰੂਸ ਦੇ ਅੱਤਵਾਦ ਵਿਰੋਧੀ ਇਕ ਸੰਗਠਨ ਦੀ ਰਿਪੋਰਟ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਅਬੂ ਬਕਰ ਅਲ ਬਗਦਾਦੀ ਦੇ ਲੜਾਕੂਆਂ ਨੂੰ ਸਾਊਦੀ ਅਰਬ ਦੇ ਵਹਾਬੀ ਸ਼ਾਸ਼ਕ ਸ਼ਾਹ ਅਬਦੁਲ ਵੱਲੋਂ ਆਰਥਿਕ ਸਹਾਇਤਾ ਪਹੁੰਚਾਈ ਜਾ ਰਹੀ ਹੈ। ਸਾਊਦੀ ਅਰਬ ਤੋਂ ਇਹ ਪੈਸਾ ਲੰਡਨ ਦੇ ਇਕ ਬੈਂਕ ’ਚ ਤਾਰਿਕ ਅਲ ਹਾਸ਼ਿਮੀ ਨਾਂ ਦੇ ਇਕ ਕਾਰੋਬਾਰੀ ਦੇ ਖਾਤੇ ਵਿਚ ਜਮ੍ਹਾਂ ਕੀਤਾ ਜਾਂਦਾ ਹੈ। ਬਾਅਦ ਵਿਚ ਉਹ ਇਸ ਨੂੰ ਅਜ਼ ਅਲਦੌਰੀ ਨਾਮੀ ਵਿਅਕਤੀ ਦੇ ਖਾਤੇ ਵਿਚ ਤਬਦੀਲ ਕਰਦਾ ਹੈ। ਜਿੱਥੋਂ ਇਹ ਪੈਸਾ ਤੇਲ ਦੇ ਲੈਣ-ਦੇਣ ਦੇ ਨਾਂ ’ਤੇ ਕਢਵਾ ਕੇ ਆਈਐਸਆਈਏ ਦੇ ਦਹਿਸ਼ਤਗਰਦਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਅਮਰੀਕਾ ਅਤੇ ਕੁਝ ਪੱਛਮੀ ਦੇਸ਼ਾਂ ਵੱਲੋਂ ਵੀ ਅਜਿਹੀ ਸਹਾਇਤਾ ਦਿੱਤੀ ਜਾਂਦੀ ਦੱਸੀ ਗਈ ਹੈ। ਸਾਊਦੀ ਅਰਬ ਦੇ ਸ਼ਾਸ਼ਕਾਂ ਅਤੇ ਅਮਰੀਕਾ ਦਰਮਿਆਨ ਡੂੰਘੀ ਮਿੱਤਰਤਾ ਨਾਲ ਇਹ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਦੇ ਏਬਟਾਬਾਦ ’ਚੋਂ ਲੱਭ ਕੇ ਮਾਰ ਸੁੱਟਣ ਵਾਲੇ ਅਮਰੀਕਾ ਨੇ 2004 ਵਿਚ ਇਸ ਆਪੇ ਬਣੇ ਖਲੀਫ਼ਾ ਅਬੂ ਬਕਰ ਅਲ ਬਗਦਾਦੀ ਨੂੰ ਗਿ੍ਰਫ਼ਤਾਰ ਕਰਨ ਤੋਂ ਬਾਅਦ ਆਖਿਰ ਛੱਡ ਕਿਉਂ ਦਿੱਤਾ ਗਿਆ ਸੀ?
ਇਸ ਅਖੌਤੀ ਇਸਲਾਮਿਕ ਸਟੇਟ ਦੀ ਵਧਦੀ ਦਹਿਸ਼ਤ ਅਤੇ ਇਸ ਦੇ ਅਖੌਤੀ ਖਲੀਫ਼ਾ ਅਬੂ ਬਕਰ ਅਲ ਬਗਦਾਦੀ ਦੇ ਨਾਪਾਕ ਇਰਾਦਿਆਂ ਦੇ ਵਿਰੁੱਧ ਪੂਰੇ ਵਿਸ਼ਵ ਦੇ ਸਭ ਧਰਮਾਂ ਦੇ ਲੋਕਾਂ ਨੂੰ ਇਕਮੁੱਠ ਹੋਣ ਦੀ ਲੋੜ ਹੈ। ਇਨ੍ਹਾਂ ਲੋਕਾਂ ਕਾਰਨ ਸਿਰਫ਼ ਇਸਲਾਮ ਧਰਮ ’ਤੇ ਹੀ ਕਾਲੇ ਬੱਦਲ ਨਹੀਂ ਮੰਡਰਾ ਰਹੇ, ਸਗੋਂ ਅਜਿਹੀਆਂ ਤਾਕਤਾਂ ਪੂਰੀ ਮਨੁੱਖ ਜਾਤੀ ਲਈ ਖ਼ਤਰਾ ਹਨ।