ਰਿਹਾਇਸ਼ੀ ਮੈਰੀਟੋਰੀਅਸ ਸਕੂਲ: ਸੁਨਿਹਰੀ ਭਵਿੱਖ ਦੀ ਤਜ਼ਵੀਜ - ਰੂਬਲ ਕਾਨੌਜ਼ੀਆ
Posted on:- 21-08-2014
ਪੰਜਾਬ ਸਰਕਾਰ ਵੱਲੋਂ ਸੁਸਾਇਟੀ ਆਫ ਪ੍ਰਮੋਸ਼ਨ ਆਫ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੋਟੀਰਅਸ ਸਟੂਡੈਂਟ ਆਫ ਪੰਜਾਬ ਯੋਜਨਾ ਤਹਿਤ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫਤ ’ਚ ਵਧੀਆ ਸੀਨੀਅਰ ਸਕੰਡੈਰੀ ਸਿੱਖਿਆ ਉਪਲੱਬਧ ਕਰਾਉਣ ਦੇ ਉਦੇਸ਼ ਨਾਲ ਸੂਬੇ ਦੇ 6 ਜ਼ਿਲ੍ਹਿਆਂ ’ਚ ਖੋਲੇ ਰਿਹਾਇਸ਼ੀ ਸਕੂਲ ਭਵਿੱਖ ’ਚ ਨਵੇਂ ਹੱਦਦਿਸੇ ਤੈਅ ਕਰਨਗੇ। ਜੇਕਰ ਸਰਕਾਰ ਵੱਲੋਂ ਸ਼ੁਰੂ ਕੀਤੇ ਇਹ ਉਪਰਾਲਾ ਕਾਮਝਾਬ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਇਹ ਸਕੂਲ ਸਿੱਖਿਆ ਦੇ ਖੇਤਰ ਪੰਜਾਬ ਦੇ ਭਵਿੱਖ ਦੀ ਨਵੀ ਤਜ਼ਵੀਜ ਰੱਖਣਗੇ।
ਇਨ੍ਹਾਂ ਸਕੂਲਾਂ ਦਾ ਮੰਤਵ ਸਰਕਾਰੀ ਸਕੂਲਾਂ ਦੇ ਉਨ੍ਹਾਂ ਵਿਦਿਆਰਥੀਆਂ ਤੱਕ ਸਿੱਖਿਆ ਦਾ ਚਾਨਣ ਪਹੁੰਚਾਉਣਾ ਹੈ ਜੋ ਆਰਥਿਕ ਅਤੇ ਹੋਰ ਘਰੇਲੂ ਕਾਰਨਾਂ ਕਰਕੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਸਨ। ਅੰਤਰਰਾਸ਼ਟਰੀ ਸੰਸਥਾ ਯੂਨਾਇਟਿੰਡ ਨੇਸ਼ਨ ਫਾਰ ਐਜ਼ੂਕੇਸ਼ਨਲ ਸਾਈਟਿੰਫਕ ਤੇ ਕਲਚਰਲ ਸੰਸਥਾ ਦੇ ਅਨੁਸਾਰ ਕਈ ਵਿਕਾਸਸ਼ੀਲ ਦੇਸ਼ਾਂ ਦੇ ਬਹੁਤੇ ਵਿਦਿਆਰਥੀ ਐਲੀਮੈਟਰੀ ਤੋਂ ਸੰਕੈਡਰੀ ਸਿੱਖਿਆ ਤੱਕ ਦਾ ਸਫਰ ਵੀ ਬਾ-ਮੁਸ਼ਕਲ ਹੀ ਤੈਅ ਕਰ ਪਾਉਦੇ ਹਨ। ਜਿਨ੍ਹਾਂ ’ਚੋਂ ਜ਼ਿਆਦਾ ਤਰ ਵਿਦਿਆਰਥੀਆਂ ਦੀ ਸੰਖਿਆ ਸਰਕਾਰੀ ਸਕੂਲਾਂ ਨਾਲ ਹੀ ਸਬੰਧਿਤ ਹੈ।
ਇਨ੍ਹਾਂ ਹਾਲਤਾਂ ’ਚ ਸੰਪੂਰਨ ਮਨੁੱਖੀ ਵਿਕਾਸ ਦਾ ਟੀਚਾ ਮੁੰਗੇਰੀ ਲਾਲ ਦੇ ਹਸੀਨ ਸੁਪਨਿਆਂ ਵਾਂਗ ਜਾਪਦਾ ਹੈ। ਅਜਿਹੇ ’ਚ ਸੂਬਾ ਸਰਕਾਰ ਵੱਲੋਂ ਖੋਲੇ ਗਏ ਇਹ ਰਿਹਾਇਸ਼ੀ ਸਕੂਲ ਵਿਦਿਆਰਥੀਆਂ ਦੇ ਵਿਕਾਸ ਦੇ ਸੁਨਿਹਰੀ ਭਵਿੱਖ ਲਈ ਮੀਲ ਦਾ ਪੱਥਰ ਸਾਬਤ ਹੋਣਗੇ। ਇਨ੍ਹਾਂ 6 ਰਿਹਾਇਸ਼ੀ ਮੈਰੀਟੋਰੀਅਸ ਸਕੂਲਾਂ ’ਚ ਦਾਖਲ ਵਿਦਿਆਰਥੀਆਂ ਨੂੰ ਸਿੱਖਿਆ, ਖਾਣਾ, ਰਿਹਾਇਸ਼, ਸਕੂਲ ਦੀ ਵਰਦੀ ਅਤੇ ਕਿਤਾਬਾਂ ਮੁਫਤ ਮੁਹੱਈ ਕਰਵਾਈਆਂ ਜਾ ਰਹੀਆਂ ਹਨ।
ਸਮਾਜ ਦਾ ਵਿਕਾਸ ਤਾਹਿਓ ਸੰਭਵ ਹੈ ਜੇਕਰ ਮਨੁੱਖ ਦਾ ਵਿਕਾਸ ਹੋਵੇ। ਮਨੁੱਖ ਦਾ ਵਿਕਾਸ ਸਿੱਧੇ ਰੂਪ ’ਤੇ ਸਿੱਖਿਆ ਨਾਲ ਜੁੜਿਆ ਹੋਇਆ ਹੈ। ਪ੍ਰਾਚੀਨ ਕਾਲ ’ਚ ਮਾਪੇ ਵਿਦਿਆਰਥੀਆਂ ਨੂੰ ਗੁਰੂ-ਕੁਲ ਵਿਖੇ ਸਿੱਖਿਆ ਗ੍ਰਹਿਣ ਕਰਨ ਲਈ ਭੇਜਦੇ ਸਨ। ਵਿਸ਼ੇਸ਼ ਕਰਕੇ ਰਾਜੇ -ਮਹਾਰਾਜੇ ਆਪਣੇ ਵੰਸ਼ (ਜਾਂ)ਦੀ ਸਿੱਖਿਆ, ਕੂਟਨੀਤੀ, ਸ਼ਾਸਤਰ ਵਿੱਦਿਆ, ਧਾਰਮਿਕ ਵਿਦਿਆ ਵਸਤੇ ਆਪਣੇ ਰਾਜਾਂ ’ਚ ਗੁਰੂ- ਕੁਲ ਦੀ ਸਥਾਪਨਾ ਨੂੰ ਖਾਸਾ ਮਹੱਤਵ ਦਿੰਦੇ ਸਨ। ਭਾਰਤੀ ਸੰਵਿਧਾਨ ਅਨੁਸਾਰ ਲੋਕਾਂ ਨੂੰ ਸਿੱਖਿਆ ਮਹੁੱਈਆਂ ਕਰਾਉਣਾ ਕੇਂਦਰ ਅਤੇ ਰਾਜ ਸਰਕਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਭਾਂਵੇ ਭਾਰਤ ’ਚ ਰਵਾਇਤੀ ਸਿੱਖਿਆ ਦੀ ਸ਼ੁਰੂਆਤ ਅੰਗਰੇਜ਼ਾਂ ਵੱਲੋਂ ਕੀਤੀ ਗਈ। ਆਜ਼ਾਦੀ ਮਗਰੋਂ ਭਾਰਤੀ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਐਲੀਮੈਟਰੀ, ਅਤੇ ਸੰਕੈਡਰੀ ਸਿੱਖਿਆ ’ਚ ਕਈ ਪ੍ਰਯੋਗ ਕੀਤੇ ਗਏ। ਜਿਨ੍ਹਾਂ ਦਾ ਮਕਸਦ ਵਿਦਿਆਰਥੀਆਂ ਨੂੰ ਮੁੱਢਲੀ ਸਿੱਖਿਆ ’ਚ ਨਿਪੁੰਨ ਬਣਾਉਣਾ ਸੀ, ਤਾਂ ਜੋ ਇਹ ਵਿਦਿਆਰਥੀ ਉੱਚ-ਸਿੱਖਿਆ ਗ੍ਰਹਿਣ ਕਰਨ ਲਈ ਪੇ੍ਰਰਿਤ ਹੋ ਸਕਣ।
ਪੰਜਾਬ ਸਰਕਾਰ ਵੱਲੋਂ ਕਰੋੜਾਂ ਦੀ ਲਾਗਤ ਦੇ ਨਾਲ 6 ਜ਼ਿਲ੍ਹਿਆਂ ਜਲੰਧਰ, ਪਟਿਆਲਾ, ਲੁਧਿਆਣਾ, ਅੰਮਿ੍ਰਤਸਰ, ਬਠਿੰਡਾ ਅਤੇ ਸਹਿਬਜਾਂਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਸਰਕਾਰੀ ਮਾਡਲ ਰਿਹਾਇਸ਼ੀ ਸਕੂਲ ਖੋਲੇ ਗਏ ਹਨ। ਕੁਲ 3 ਹਜ਼ਾਰ ਵਿਦਿਆਰਥੀਆਂ ਦੀ ਸਮੱਰਥਾ ਵਾਲੇ ਇਨ੍ਹਾਂ ਅਤਿ-ਆਧੁਨਿਕ ਸਕੂਲਾਂ ’ਚ ਮੈਡੀਕਲ, ਨਾਨ-ਮੈਡੀਕਲ, ਕਮੱਰਸ ਅਤੇ ਕੰਪਿੳੂਟਰ ਦੀ ਮੁਫਤ ਸਿੱਖਿਆ ਦਾ ਪ੍ਰਬੰਧ ਕੀਤਾ ਹੈ। ਸਿੱਖਿਆ ਬੋਰਡ ਦੇ ਅੰਕੜਿਆਂ ਅਨੁਸਾਰ ਮਾਰਚ 2014 ’ਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਦਸਵੀ ਦੀ ਪ੍ਰੀਖਿਆ ’ਚ ਕੁੱਲ੍ਹ 3 ਲੱਖ 75 ਹਜ਼ਾਰ 358 ਵਿਦਿਆਰਥੀ ਸ਼ਾਮਲ ਹੋਏ ਸਨ। ਇਸ ਪ੍ਰੀਖਿਆ ’ਚੋ ਲਗਭਗ 24 ਹਜ਼ਾਰ 678 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਲੈ ਕੇ ਇਹ ਪ੍ਰੀਖਿਆ ਪਾਸ ਕੀਤੀ ਸੀ। ਜਿਨ੍ਹਾਂ ’ਚੋਂ ਸਰਕਾਰੀ ਸਕੂਲਾਂ ਦੇ 80 ਫੀਸਦੀ ਤੋਂ ਵੱਧ ਅੰਕਾਂ ਵਾਲੇ ਬੱਚਿਆਂ ਦੀ ਸੰਖਿਆ 4702 ਸੀ। ਸਰਕਾਰੀ ਸਕੂਲਾਂ ਦੇ ਮੈਰੀਟੋਰੀਅਸ ਵਿਦਿਆਰਥੀਆਂ ਵਾਸਤੇ ਸਰਕਾਰ ਵੱਲੋਂ ਇਹ ਉਪਰਾਲਾ ਸ਼ਲਾਘਾਯੋਗ ਹੈ। ਮੈਰੀਟੋਰੀਅਸ ਸਕੂਲਾਂ ਦੀ ਹੋਈ ਦਾਖਲਾ ਪ੍ਰਕਿਰਿਆ ਦੌਰਾਨ ਕੁੱਲ੍ਹ 3 ਹਜ਼ਾਰ ਸੀਟਾਂ ਵਿਚੋ ਲਗਭਗ 2533 ਵਿਦਿਆਰਥੀਆਂ ਨੂੰ ਦਾਖਲਾ ਮਿਲਿਆ ਹੈ। ਇਕ ਗੱਲ ਤਾਂ ਵਧੇਰੇ ਸੁਖਾਂਤ ਵਾਲੀ ਹੈ ਕਿ ਇਨ੍ਹਾਂ ਸਕੂਲਾਂ ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ’ਚ ਲੜਕੀਆਂ ਦੀ ਸੰਖਿਆ ਲੜਕਿਆਂ ਦੇ ਮੁਕਾਬਲੇ ਦੁੱਗਣੀ ਹੈ। ਇਨ੍ਹਾਂ 6 ਸਕੂਲਾਂ ’ਚ 1800 ਲੜਕੀਆਂ ਅਤੇ 733 ਲੜਕੇ ਹਨ। ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੇ ਸਭ ਵੱਧ ਰੁਝਾਨ ਨਾਨ-ਮੈਡੀਕਲ ਵੱਲ ਦਿਖਾਇਆ ਹੈ। ਇਸ ਗਰੁੱਪ ’ਚ 1080 ਲੜਕੀਆਂ ਅਤੇ 591 ਲੜਕੇ ਸ਼ਾਮਲ ਹਨ ਜੋ ਕਿ ਨਾਨ-ਮੈਡੀਕਲ ਦੀ ਪੜ੍ਹਾਈ ਕਰਨਗੇ। ਇਸੇ ਤਰ੍ਹਾਂ 360 ਲੜਕੀਆਂ ਅਤੇ 60 ਲੜਕਿਆਂ ਨੇ ਮੈਡੀਕਲ ਦੀ ਪੜ੍ਹਾਈ ਵੱਲ ਖਾਸੀ ਰੁਚੀ ਦਿਖਾਈ ਹੈ। ਵਿਦਿਆਰਥੀਆਂ ’ਚ ਕਮੱਰਸ ਵੱਲ ਵੀ ਕਾਫੀ ਦਿਲਚਸਪੀ ਦਿਖਾਈ ਹੈ ਜਿਸ ’ਚ ਕੁੱਲ 360 ਲੜਕੀਆਂ ਅਤੇ 80 ਲੜਕੇ ਸ਼ਾਮਲ ਸਨ।
ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ’ਚ ਪੜ੍ਹਾਉਣ ਵਾਸਤੇ ਅਧਿਆਪਕਾਂ ਦੀ ਚੋਣ ਬਹੁਤ ਹੀ ਪਾਰਦਰਸ਼ੀ ਅਤੇ ਸਚੁੱਜੇ ਢੰਗ ਨਾਲ ਕੀਤੀ ਗਈ। ਪਾਰਦਸ਼ਤਾ ਬਣਾਉਣ ਵਾਸਤੇ ਸਰਕਾਰ ਵੱਲੋਂ ਐਜ਼ੂਕੇਸ਼ਨ ਰਿਕਰੂਟਮੈਂਟ ਬੋਰਡ ਦਾ ਗਠਨ ਪਹਿਲਾਂ ਹੀ ਕਰ ਦਿੱਤਾ ਸੀ। ਜਿਸ ’ਚ ਸਿੱਖਿਆ ਜਗਤ ਦੀਆਂ ਉਨ੍ਹਾਂ ਸ਼ਖਸ਼ੀਅਤਾਂ ਨੂੰ ਸ਼ਾਮਲ ਕੀਤਾ ਗਿਆ ਜੋ ਕਿ ਅਧਿਆਪਨ ਅਤੇ ਸਿੱਖਿਆ ਪ੍ਰਸ਼ਾਸਨ ’ਚ ਆਪਣੀ ਪ੍ਰਤੀਭਾ ਦਾ ਲੋਹਾ ਮੰਨਵਾ ਚੁੱਕੇ ਸਨ। ਇਸ ਬੋਰਡ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਅਜੈਬ ਸਿੰਘ ਬਰਾੜ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਜਸਪਾਲ ਸਿੰਘ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਅਤੇ ਡੀ.ਜੀ.ਐਸ.ਈ ਵੀ ਇਸ ਬੋਰਡ ਦੇ ਮੈਂਬਰ ਸਨ। ਸਕੂਲਾਂ ’ਚ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਇਕ ਟੈਸਟ ਦਾ ਰੱਖਿਆ ਗਿਆ ਸੀ। ਯੂ.ਜੀ.ਸੀ ਨੈਟ ਪ੍ਰੀਖਿਆ ਪਾਸ ਉਮੀਦਵਾਰਾਂ ਨੂੰ ਵੀ ਸਿੱਧਾ ਭਰਤੀ ਪ੍ਰਕਿਰਿਆ ’ਚ ਸ਼ਾਮਲ ਕੀਤਾ ਗਿਆ। ਅਧਿਆਪਕਾਂ ਦੇ ਦਸਵੀ, ਬਾਰਵੀ, ਗਰੈਜੂਏਸ਼ਨ, ਪੋਸਟ ਗਰੈਜ਼ੂਏਟ, ਬੀ.ਐਡ ਦੇ ਅੰਕਾਂ ਨੂੰ ਮਿਲਾ ਕੇ ਇਕ ਸਾਂਝੀ ਮੈਰਿਟ ਸੂਚੀ ਬਣਾਈ ਗਈ ਅਤੇ ਇੰਟਰਵਿੳੂ ਦੇ ਅਲੱਗ ਨੰਬਰ ਜੋੜੇ ਗਏ। ਭਰਤੀ ਪ੍ਰਕਿਰਿਆ ਦੇ ਨਤੀਜਿਆ ਅਨੁਸਾਰ ਲਗਭਗ 120 ਦੇ ਕਰੀਬ ਅਧਿਆਪਕ ਚੁਣੇ ਗਏ ਜਿਨ੍ਹਾਂ ’ਚੋ ਜ਼ਿਆਦਾਤਰ ਅਧਿਆਪਕ ਗੋਲਡ ਮੈਡਲਿਸਟ, ਵਿਸ਼ਿਆ ’ਚ ਮਾਹਿਰ ਤੇ ਤਜ਼ਰਬੇਕਾਰ ਹਨ। ਇਥੇ ਇਹ ਗੱਲ ਵਰਣਨ ਯੋਗ ਹੈ ਕਿ ਸਕੂਲਾਂ ਦੇ ਅਧਿਆਪਕਾਂ ਦੀ ਨਿਯੁਕਤੀ ਤਾਂ ਹੋ ਗਈ ਹੈ ਪਰ ਹਾਲੇ ਤੱਕ ਪੱਕੇ ਤੌਰ ’ਤੇ ਸਰਕਾਰ ਪਿ੍ਰੰਸੀਪਲਾਂ ਦੀ ਨਿਯੁਕਤੀ ਨਹੀਂ ਕਰ ਸਕੀ। ਪਿ੍ਰੰਸੀਪਲਾਂ ਦੀ ਨਿਯੁਕਤੀ ਵਾਸਤੇ ਦੂਜੀ ਵਾਰ ਯੋਗ ਉਮੀਦਵਾਰਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਜਿਸ ਨੂੰ ਹਾਲੇ ਅਮਲੀ ਰੂਪ ਦਿੱਤਾ ਜਾਣਾ ਬਾਕੀ ਹੈ।
ਮੈਰੋਟੀਰਅਸ ਸਕੂਲਾਂ ਨੂੰ ਸਫਲ ਬਣਾਉਣ ’ਚ ਜਿਥੇ ਸਰਕਾਰੀ ਤੰਤਰ ਦਾ ਯੋਗਦਾਨ ਤਾਂ ਜ਼ਰੂਰੀ ਹੋਵੇਗਾ ਹੀ, ਅਧਿਆਪਕਾਂ ਵਾਸਤੇ ਵੀ ਇਹ ਕਾਰਜ ਚੁਨੌਤੀ ਭਰਿਆ ਹੋਵੇਗਾ। ਜ਼ਿਕਰਯੋਗ ਹੈ ਕਿ ਉਵੇ ਇਨ੍ਹਾਂ ਸਕੂਲਾਂ ਦੀ ਪੜ੍ਹਾਈ 1 ਜੁਲਾਈ ਤੋਂ ਸ਼ੁਰੂ ਹੋਣੀ ਸੀ ਪਰ ਤਿਆਰੀ ਮੁਕੰਮਲ ਨਾ ਹੋਣ ਕਰਕੇ 4 ਅਗਸਤ ਤੋਂ ਪੜ੍ਹਾਈ ਸ਼ੁਰੂ ਹੋ ਸਕੀ ਹੈ। ਦੇਰੀ ਨਾਲ ਸ਼ੁਰੂ ਹੋਏ ਸਕੂਲਾਂ ਅਧਿਅਪਕਾਂ ਵਾਸਤੇ ਪਹਿਲੀ ਚੁਨੌਤੀ ਉਨ੍ਹਾਂ ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਾ ਹੋਵੇਗਾ ਜੋ ਕਿ ਅਪਣੀਆਂ ਜਮਾਤਾਂ ਅਪਰੈਲ ਮਹੀਨੇ ਤੋਂ ਹੀ ਸ਼ੁਰੂ ਕਰ ਚੁੱਕੇ ਹਨ। ਅਧਿਆਪਕਾਂ ਲਈ ਦੂਜੀ ਚੁਣੌਤੀ ਪੰਜਾਬੀ ਮਾਧਿਅਮ ਦੇ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਆਏ ਵਿਦਿਆਰਥੀਆਂ ਨੂੰ ਅੰਗਰੇਜ਼ੀ ’ਚ ਵਿਗਿਆਨ ਦੀ ਪੜ੍ਹਾਈ ’ਚ ਨਿਪੁੰਨਤਾ ਲੈ ਕੇ ਆਉਣਾ ਹੋਵੇਗੀ। ਦਸਵੀ ਤੱਕ ਵਿਗਿਆਨ ਦੀ ਪੜ੍ਹਾਈ ਪੰਜਾਬੀ ’ਚ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ +1 ਦੀ ਸਾਇੰਸ ਪੜਾਈ ਅੰਗਰੇਜ਼ੀ ’ਚ ਪੜਾਉਣ ਲਈ ਪਹਿਲਾਂ ਵਿਦਿਆਰਥੀ ਦਾ ਵਿਸ਼ਿਆ ’ਚ ਮੁੱਢ ਬੰਨਣਾ ਪਵੇੇਗਾ। ਇਸ ਵਾਸਤੇ ਅਧਿਆਪਕਾਂ ਨੂੰ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਜਿਵੇ ਕਿ ਆਡੀਓ ਵੀਡਿਓ ਮਾਧਿਅਮਾਂ ਦਾ ਪ੍ਰਯੋਗ ਵੀ ਕਰਨਾ ਪਵੇਗਾ। ਆਪਣੇ ਘਰਾਂ ਦੇ ਲਾਡ ਪਿਆਰ ਤੋਂ ਪਹਿਲੀ ਵਾਰ ਦੂਰ ਪੜ੍ਹਨ ਆਏ ਇਨ੍ਹਾਂ ਵਿਦਿਆਥੀਆਂ ਦਾ ਮਨ ਸਿੱਖਿਆ ’ਚ ਬੰਨਣ ਵਾਸਤੇ ਅਧਿਆਪਕਾਂ ਨੂੰ ਇਕ ਸਨੇਹ ਭਰਿਆ ਰਵੱਈਆ ਅਪਨਾਉਣਾ ਪਵੇਗਾ ਤਾਂ ਜੋ ਪਰਿਵਾਰਾਂ ਤੋਂ ਦੂਰ ਇਹ ਵਿਦਿਆਰਥੀ ਭਾਵਨਾਤਮਕ ਤੌਰ ’ਤੇ ਮਜ਼ਬੂਤ ਹੋ ਸਕਣ। ਇਹ ਤਦ ਹੀ ਸੰਭਵ ਹੋਵੇਗਾ ਜਦ ਅਧਿਆਪਕ ਨੈਤਿਕ ਤੌਰ ਸੇਵਾ ਭਾਵ ਨਾਲ ਗੁਰੂ ਦੀ ਭੂਮਿਕਾ ਨਿਭਾਉਣਗੇ। ਦੂਜੇ ਪਾਸੇ ਇਨ੍ਹਾਂ ਸਕੂਲਾਂ ਦੇ ਪ੍ਰਸ਼ਾਸਕਾਂ ਅਤੇ ਸਕੂਲ ਸਿੱਖਿਆ ਬੋਰਡ ਦੇ ਉੱਚ-ਅਧਿਕਾਰੀਆਂ ਵੱਲੋਂ ਸਮੇਂ ਸਮੇਂ ’ਤੇ ਅਧਿਆਪਕਾਂ ਦੇ ਟ੍ਰੇਨਿੰਗ ਪੋ੍ਰਗਰਾਮ ਕਰਵਾਉਣੇ ਪੈਣਗੇ। ਇਸ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਿਹਤ ਸੰਭਾਲ ਵਾਸਤੇ ਡਾਕਟਰੀ ਦਾ ਪ੍ਰਬੰਧ, ਧਾਰਮਿਕ,ਨੈਤਿਕ ਅਤੇ ਮਾਨਸਿਕ ਦਿ੍ਰੜਤਾ, ਵਿਦਿਆਰਥੀਆਂ ਨੂੰ ਪੇ੍ਰਰਿਤ ਕਰਨ ਲਈ ਪ੍ਰੇਰਣਾਸ੍ਰੋਤ ਸ਼ਖ਼ਸੀਅਤਾਂ ਨਾਲ ਮਿਲਣੀ ਪ੍ਰਬੰਧ ਵੀ ਕਰਨਾ ਪਵੇਗਾ। ਆਉਣ ਵਾਲੇ ਸਮੇਂ ’ਚ ਆਰਥਿਕ ਕਾਰਨਾਂ ਕਰਕੇ ਉੱਚ ਸਿੱਖਿਆ ਤੋਂ ਵਾਂਝੇ ਰਹਿਣ ਵਾਲੇ ਵਿਦਿਆਰਥੀਆਂ ਵਾਸਤੇ ਇਹ ਸਕੂਲ ਇਕ ਚੰਗਾ ਉਪਰਾਲਾ ਸਾਬਤ ਹੋਣਗੇ।