ਅਨੁਵਾਦ : ਮਨਦੀਪ
ਸੰਪਰਕ +91 98764 42052
ਪਿਛਲੇ ਕੁਝ ਅਰਸੇ ਤੋਂ ਪਾਕਿਸਤਾਨ ਦੀ ਧਰਤੀ ’ਤੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਰਿਹਾ। ਇਹ ਸਾਡੇ ਲਈ ਅਤਿਅੰਤ ਸੁਖਦ ਗੱਲ ਸੀ। ਭਗਤ ਸਿੰਘ ਨੂੰ ਉਸਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੇ ਨਾਲ ਲਾਹੌਰ ਦੀ ਸੈਂਟਰਲ ਜੇਲ੍ਹ ’ਚ 23 ਮਾਰਚ 1931 ਨੂੰ ਬਿ੍ਰਟਿਸ਼ ਹਕੂਮਤ ਨੇ ਫਾਂਸੀ ਉੱਤੇ ਚਾੜ੍ਹ ਦਿੱਤਾ ਸੀ। ‘ਲਾਹੌਰ ਸਾਜ਼ਿਸ਼ ਕੇਸ’ ਦੇ ਨਾਮ ਨਾਲ ‘ਹਿੰਦੋਸਤਾਨ ਸਮਾਜਵਾਦੀ ਪਰਜਾਤੰਤਰ ਸੰਘ’ ਦੇ ਉਸਦੇ ਸਾਥੀ ਇਨਕਲਾਬੀਆਂ ’ਤੇ ਮੁਕੱਦਮਾ ਇਸੇ ਸ਼ਹਿਰ ’ਚ ਚੱਲਿਆ ਸੀ।
ਇੱਥੇ ਹੀ ਉਨ੍ਹਾਂ ਨੇ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ’ਚ ਲਾਲਾ ਲਾਜਪਤ ਰਾਏ ਦੀ ਲਾਠੀਚਾਰਜ ਨਾਲ ਹੋਈ ਮੌਤ ਦਾ ਬਦਲਾ ਲੈਣ ਲਈ ਅੰਗਰੇਜ਼ ਪੁਲਿਸ ਅਫ਼ਸਰ ਸਾਂਡਰਸ ’ਤੇ ਗੋਲੀਆਂ ਚਲਾਈਆਂ ਸਨ। ਉਹਨਾਂ ਦਾ ਜਨਮ ਵੀ ਇਸੇ ਪੰਜਾਬ ਪ੍ਰਾਂਤ ’ਚ ਲਾਇਲਪੁਰ ਦੇ ਬੰਗਾ ਪਿੰਡ ’ਚ ਹੋਇਆ ਸੀ। ਦੇਸ਼ ਵੰਡ ਦੇ ਬਾਅਦ ਇਹ ਹਿੱਸਾ ਪਾਕਿਸਤਾਨ ’ਚ ਚਲਾ ਗਿਆ ਅਤੇ ਲਾਇਲਪੁਰ ਦਾ ਨਾਮ ਬਦਲਕੇ ਫੈਸਲਾਬਾਦ ਹੋ ਗਿਆ। ਭਗਤ ਸਿੰਘ ਦਾ ਜੱਦੀ ਘਰ ਭਾਰਤ ਦੇ ਪੰਜਾਬ ਸੂਬੇ ਦੇ ਨਵਾਂ ਸ਼ਹਿਰ ਦਾ ਖਟਕੜ ਕਲਾਂ ਪਿੰਡ ਹੈ ਜਿੱਥੇ ਹਰ ਸਾਲ ਇਸ ਸ਼ਹੀਦ ਦੀ ਸਿਮਰਤੀ ’ਚ ਮੇਲਾ ਲੱਗਦਾ ਹੈ।