ਪੰਚਾਇਤਾਂ ਦੇ ਤਾਲਿਬਾਨੀ ਫ਼ਰਮਾਨਾਂ ਵਿਰੁੱਧ ਖੁਦ ਵੀ ਉਠੇ ਔਰਤ - ਨਿਰਮਲ ਰਾਣੀ
Posted on:- 02-08-2014
ਭਾਰਤ ਵਿਚ ਨਵਰਾਤਿਆਂ ਦੇ ਖ਼ਤਮ ਹੋਣ ਪਿੱਛੋਂ ਕੰਨਿਆ ਪੂਜਣ ਦਾ ਰਿਵਾਜ ਹੈ। ਇਸ ਤੋਂ ਲੱਗਦਾ ਹੈ ਕਿ ਸਾਡਾ ਸਮਾਜ ਕੰਨਿਆ ਨੂੰ ਬੇਹੱਦ ਸਨਮਾਨ ਦਿੰਦਾ ਹੈ। ਕੋਈ ਦੇਵੀ ਦੇ ਨਾਂ ਨਾਲ ਬੁਲਾਉਂਦਾ ਹੈ ਤੇ ਕੋਈ ਇਸ ਨੂੰ ਜਗਤ ਜਨਨੀ ਕਹਿੰਦਾ ਹੈ। ਪਰ ਕੀ ਸਾਡਾ ਸਮਾਜ ਸਚਮੁਚ ਅਜਿਹਾ ਹੈ?
ਸਾਡੇ ਮੁਲਕ ਵਿਚ ਔਰਤਾਂ ਨਾਲ ਬਲਾਤਕਾਰ ਅਤੇ ਸਰੀਰਕ ਸ਼ੋਸ਼ਣ ਦੀਆਂ ਇੰਨੀ ਗਿਣਤੀ ਵਿਚ ਅਮਾਨਵੀ ਘਟਨਾਵਾਂ ਵਾਪਰਦੀਆਂ ਹਨ ਕਿ ਹੁਣ ਇਹ ਗੱਲ ਭਾਰਤ ਲਈ ਪੂਰੇ ਵਿਸ਼ਵ ਵਿਚ ਬਦਨਾਮੀ ਦਾ ਸਬੱਬ ਬਣ ਗਈ ਹੈ। ਅਜਿਹਾ ਹੋਵੇ ਵੀ ਕਿਉਂ ਨਾ? ਜਦੋਂ ਸਾਡੇ ਦੇਸ਼ ਦੇ ਅਖੌਤੀ ਧਰਮ ਗੁਰੂ ਹੀ ਬਲਾਤਕਾਰ ਦੇ ਦੋਸ਼ਾਂ ’ਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣੇ ਸ਼ੁਰੂ ਹੋ ਜਾਣ, ਜਦੋਂ ਕੋਈ ਮੰਤਰੀ ਆਪਣੀ ਪਤਨੀ ਦੇ ਸਹਿਯੋਗ ਨਾਲ ਕਿਸੇ ਲੜਕੀ ਦਾ ਬਲਾਤਕਾਰ ਕਰੇ, ਉਹ ਗਰਭਵਤੀ ਹੋ ਜਾਣ ’ਤੇ ਆਪਣੀ ਬਦਨਾਮੀ ਤੋਂ ਬਚਣ ਲਈ ਉਸ ਦੀ ਹੱਤਿਆ ਕਰ ਦਿੱਤੀ ਜਾਵੇ, ਜਦੋਂ ਵੱਡੇ ਅਹੁਦਿਆਂ ’ਤੇ ਬੈਠੇ ਜ਼ਿੰਮੇਵਾਰ ਲੋਕ ਬਲਾਤਕਾਰ ਅਤੇ ਸਰੀਰਕ ਸ਼ੋਸ਼ਣ ਦੇ ਦੋਸ਼ੀ ਪਾਏ ਜਾਣ ਲੱਗਣ ਤਾਂ ਭਾਰਤ ’ਚ ਔਰਤ ਦੀ ਅਸਲ ਸਥਿਤੀ ਸਾਹਮਣੇ ਆ ਹੀ ਜਾਂਦੀ ਹੈ।
ਸਾਡੇ ਮੁਲਕ ਵਿਚ ਹਜ਼ਾਰਾਂ ਹੀ ਅਜਿਹੀਆਂ ਖ਼ਬਰਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਤੋਂ ਸਾਹਮਣੇ ਆਇਆ ਹੈ ਕਿ ਕਿਸੇ ਪੰਚਾਇਤ ਨੇ, ਲੱਠਮਾਰਾਂ ਨੇ ਜਾਂ ਜ਼ੋਰਾਵਰਾਂ ਨੇ ਕਿਸੇ ਔਰਤ ਨੂੰ ਨੰਗਾ ਕਰਕੇ ਸ਼ਰ੍ਹੇਆਮ ਘੁਮਾਇਆ। ਜਿਸ ਔਰਤ ਨਾਲ ਇਸ ਤਰ੍ਹਾਂ ਦਾ ਵਰਤਾਓ ਕੀਤਾ ਗਿਆ, ਬਚਪਨ ਵਿਚ ਉਸ ਦਾ ਕੰਨਿਆ ਪੂਜਨ ਵੀ ਹੋਇਆ ਹੋਵੇਗਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਜਿਹਾ ਘਿਣਾਉਣਾ ਅਤੇ ਸ਼ੈਤਾਨੀ ਭਰਿਆ ਕੰਮ ਕਰਨ ਵਾਲੇ ਮਰਦਾਂ ਨੂੰ ਉਨ੍ਹਾਂ ਦੇ ਘਰ ਦੀਆਂ ਔਰਤਾਂ ਦਾ ਸਹਿਯੋਗ ਵੀ ਪ੍ਰਾਪਤ ਹੋ ਜਾਂਦਾ ਹੈ। ਸਿਵਾਏ ਇਸ ਦੇ ਕਿ ਅਜਿਹੀਆਂ ਔਰਤਾਂ ਆਪਣੇ ਪਰਿਵਾਰ ਦੇ ਬਲਾਤਕਾਰੀ ਜਾਂ ਬਲਾਤਕਾਰ ਦੇ ਸਾਜ਼ਿਸ਼ਕਾਰੀ ਮਰਦ ਦਾ ਵਿਰੋਧ ਕਰਨ, ਸਗੋਂ ਉਸ ਨੂੰ ਨਿਰਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਦਿਖਾਈ ਦਿੰਦੀਆਂ ਹਨ।
ਬੀਤੀ 7 ਜੁਲਾਈ ਨੂੰ ਝਾਰਖੰਡ ਸੂਬੇ ਦੇ ਬੋਕਾਰੋ ਜ਼ਿਲ੍ਹੇ ਵਿਚ ਸਥਿਤ ਗੋਮਿਯਾ ਪਿੰਡ ਦੇ ਗੁਲਗੁਲਿਆ ਟੋਲਾ ’ਚ ਵਾਪਰੀ ਇਕ ਦਰਦਨਾਕ ਘਟਨਾ ਨੂੰ ਦੇਖਿਆ ਜਾ ਸਕਦਾ ਹੈ। ਇਸ ਪਿੰਡ ਦੀ 14 ਸਾਲਾਂ ਦੀ ਇਕ ਦਲਿਤ ਕੁੜੀ ਨਾਲ ਇਸੇ ਪਿੰਡ ਦੇ 24 ਸਾਲਾਂ ਦੇ ਨੌਜਵਾਨ ਨੇ ਪੰਚਾਇਤ ਮੁਖੀ ਦੇ ਫ਼ਰਮਾਨ ’ਤੇ ਉਸ ਨਾਲ ਬਲਾਤਕਾਰ ਕੀਤਾ। ਦੋਸ਼ੀ ਦਾ ਕਹਿਣਾ ਸੀ ਕਿ ਕੁੜੀ ਦੇ ਭਰਾ ਨੇ ਉਸ ਦੀ ਪਤਨੀ ਨਾਲ ਛੇੜਖਾਨੀ ਕੀਤੀ ਸੀ। ਉਸ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਪੰਚਾਇਤ ਨੁੂੰ ਕੀਤੀ ਗਈ ਅਤੇ ਪੰਚਾਇਤ ਦੇ ਮੁਖੀ ਭੋਪਾਲ ਪਾਸੀ ਨੇ ਇਹ ਫੈਸਲਾ ਸੁਣਾਇਆ ਕਿ ਛੇੜਖਾਨੀ ਕਰਨ ਵਾਲੇ ਲੜਕੇ ਦੀ 14 ਸਾਲਾ ਭੈਣ ਨਾਲ ਬਲਾਤਕਾਰ ਕਰਕੇ ਉਸ ਦੇ ਭਰਾ ਵੱਲੋਂ ਕੀਤੇ ਗੁਨਾਹ ਦਾ ਬਦਲਾ ਲਿਆ ਜਾਵੇ। ਪੰਚਾਇਤ ਮੁਖੀ ਦੇ ਇਸ ਫ਼ਰਮਾਨ ਨੂੰ ਸੁਣਦਿਆਂ ਹੀ ਉਹ ਨੌਜਵਾਨ, ਭਰੀ ਪੰਚਾਇਤ ਅਤੇ ਪਿੰਡ ਵਾਸੀਆਂ ਸਾਹਮਣੇ ਹੀ ਕੁੜੀ ਨੂੰ ਨੇੜੇ ਦੀਆਂ ਝਾੜੀਆਂ ’ਚ ਲੈ ਗਿਆ ਅਤੇ ਉਸ ਨੇ ਜ਼ਬਰਦਸਤੀ ਉਸ ‘ਦੇਵੀ ਕੰਨਿਆ’ ਨਾਲ ਮੂੰਹ ਕਾਲਾ ਕੀਤਾ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿਚ ਅਜਿਹਾ ਫੁਰਮਾਨ ਜਾਰੀ ਕਰਨ ਵਾਲੇ, ਬਲਾਤਕਾਰ ਕਰਨ ਵਾਲੇ ਅਤੇ ਦੋਸ਼ੀ ਦੀ ਪਤਨੀ ਨਾਲ ਛੇੜਛਾੜ ਕਰਨ ਵਾਲੇ ਲੋਕਾਂ ਨੂੰ ਪੁਲਿਸ ਵੱਲੋਂ ਗਿ੍ਰਫ਼ਤਾਰ ਕਰ ਲਿਆ ਗਿਆ ਪਰ ਹੁਣ ਤੱਕ ਇਸ ਹੈਵਾਨੀਅਤ ਭਰੀ ਘਟਨਾ ਦੀ ਗੂੰਜ ਵਿਸ਼ਵ ਵਿਚ ਪਹੁੰਚ ਚੁੱਕੀ ਸੀ ਅਤੇ ਦੁਨੀਆ ਇਹ ਜਾਣ ਚੁੱਕੀ ਸੀ ਕਿ ਔਰਤਾਂ ਅਤੇ ਕੰਨਿਆ ਪ੍ਰਤੀ ਸਾਡੇ ਸਮਾਜ ਦੀ ਸੋਚ ਕਿਸ ਤਰ੍ਹਾਂ ਦੀ ਹੈ।
ਜਦੋਂ ਕਦੇ ਵੀ ਝਾਰਖੰਡ ਵਰਗੀ ਉਪਰੋਕਤ ਘਟਨਾ ਜਾਂ ਇਸ ਪ੍ਰਕਾਰ ਦੀਆਂ ਦੂਸਰੀਆਂ ਘਟਨਾਵਾਂ ਦੇ ਸਮਾਚਾਰ ਮਿਲਦੇ ਹਨ ਤਾਂ ਦਿਮਾਗ ਵਿਚ ਇਹ ਗੱਲ ਜ਼ਰੂਰ ਪੈਦਾ ਹੁੰਦੀ ਹੈ ਕਿ ਉਸ ਸਮੇਂ ਪੰਚਾਇਤ ਵਿਚ ਜਾਂ ਤਾਲਿਬਾਨੀ ਫ਼ਰਮਾਨ ਸੁਣਾਉਣ ਵਾਲੀਆਂ ਪੰਚਾਇਤੀ ਅਦਾਲਤਾਂ ਵਿਚ ਮੌਜੂਦ ਔਰਤਾਂ ਆਖਿਰ ਚੁੱਪ-ਚਾਪ ਖੜ੍ਹੀਆਂ ਹੋ ਕੇ ਰਾਖ਼ਸ਼ੀ ਪ੍ਰਵਿਰਤੀ ਦੇ ਅਜਿਹੇ ਬਾਹੂਬਲੀਆਂ ਦੇ ਅਜਿਹੇ ਨਾਪਾਕ ਇਰਾਦੇ ਨੂੰ ਪੂਰਾ ਹੁੰਦੇ ਹੋਏ ਖੁਦ ਕਿਸ ਤਰ੍ਹਾਂ ਦੇਖਦੀਆਂ ਰਹਿੰਦੀਆਂ ਹਨ? ਉਹ ਇਸ ਤਰ੍ਹਾਂ ਦੇ ਕਾਰਿਆਂ ਖ਼ਿਲਾਫ਼ ਖੁੱਲ੍ਹ ਕੇ ਉਸੇ ਸਮੇਂ ਸਾਹਮਣੇ ਕਿਉਂ ਨਹੀਂ ਆਉਂਦੀਆਂ? ਘਟਨਾ ਦੀ ਰਿਪੋਰਟ ਦਰਜ ਹੋਣਾ, ਮਹਿਲਾ ਆਯੋਗ ਦਾ ਹਰਕਤ ਵਿਚ ਆਉਣਾ, ਦੋਸ਼ੀਆਂ ਦਾ ਗਿ੍ਰਫ਼ਤਾਰ ਹੋਣਾ, ਟੀਵੀ ਤੇ ਸਮਾਚਾਰ-ਪੱਤਰਾਂ ਵਿਚ ਅਜਿਹੀਆਂ ਘਟਨਾਵਾਂ ਦਾ ਬਰੇਕਿੰਗ ਨਿਊਜ਼ ਬਣਨਾ ਆਦਿ, ਗੱਲਾਂ ਨਾਲ ਕਿਸੇ ਬਲਾਤਕਾਰ ਦੀ ਸ਼ਿਕਾਰ ਔਰਤ ਦੀ ਥੋੜ੍ਹੀ-ਬਹੁਤ ਭਰਪਾਈ ਵੀ ਨਹੀਂ ਹੋ ਸਕਦੀ। ਇੱਥੋਂ ਤੱਕ ਕਿ ਦੋਸ਼ੀ ਵਿਅਕਤੀ ਨੂੰ ਫਾਂਸੀ ਦੇ ਫੰਦੇ ’ਤੇ ਲਟਕਾਉਣ ਜਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਨਾਲ ਵੀ ਨਹੀਂ। ਬਲਕਿ ਖ਼ਬਰਾਂ ਤਾਂ ਇਹ ਦੱਸਦੀਆਂ ਹਨ ਕਿ ਬਲਾਤਕਾਰ ਦੀ ਸ਼ਿਕਾਰ ਔਰਤ ਇਸ ਤਰ੍ਹਾਂ ਦੀ ਘਟਨਾ ਤੋਂ ਬਾਅਦ ਜਦੋਂ ਪੁਲਿਸ ਦੀ ਜਾਂਚ ਅਤੇ ਅਦਾਲਤੀ ਟਰਾਇਲ ਦੇ ਦੌਰ ’ਚੋਂ ਗੁਜ਼ਰਦੀ ਹੈ ਜਾਂ ਮੀਡੀਆ ਦਾ ਸਾਹਮਣਾ ਕਰਦੀ ਹੈ ਤਾਂ ਉਸ ਨਾਲ ਕੀਤੇ ਜਾਣ ਵਾਲੇ ਸਵਾਲ, ਜਾਂਚ ਅਤੇ ਅਦਾਲਤ ਵਿਚ ਕੀਤੀ ਜਾਣ ਵਾਲੀ ਸੁਣਵਾਈ ਉਸ ਨੂੰ ਹਰ ਸਮੇਂ ਸ਼ਰਮਿੰਦਾ ਕਰਦੀ ਹੈ। ਦੋਸ਼ੀ ਦੇ ਵਕੀਲ ਆਪਣੇ ਪੇਸ਼ੇ ਦੇ ਅਨੁਸਾਰ ਆਪਣੇ ਮੁਵੱਕਲ ਨੂੰ ਅਜਿਹੇ ਦੋਸ਼ਾਂ ਤੋਂ ਮੁਕਤ ਕਰਾਉਣ ਦੇ ਉਦੇਸ਼ ਤੋਂ ਪੀੜਤ ਲੜਕੀ ਜਾਂ ਔਰਤ ਤੋਂ ਇਸ ਤਰ੍ਹਾਂ ਤਿੱਖੇ ਅਤੇ ਸ਼ਰਮਨਾਕ ਸਵਾਲ ਪੁੱਛਦੇ ਹਨ, ਜਿਸ ਨਾਲ ਪੀੜਤ ਔਰਤ ਆਪਣੇ ਆਪ ਨੂੰ ਹਰ ਸਮੇਂ ਬੇਹੱਦ ਸ਼ਰਮਿੰਦਾ, ਬੇਇੱਜ਼ਤ ਅਤੇ ਦੁਖਦਾਈ ਮਹਿਸੂਸ ਕਰਦੀ ਹੈ।
ਪਰ ਇਸ ਵਿਚ ਕੀਤਾ ਕੀ ਜਾ ਸਕਦਾ ਹੈ? ਜਿੱਥੇ ਸਾਡਾ ਸਮਾਜ ਬਲਾਤਕਾਰ ਅਤੇ ਸਰੀਰਕ ਸ਼ੋਸ਼ਣ ਨੂੰ ਮਰਦਾਂ ਦੀ ਸ਼ਾਨ ਸਮਝਦਾ ਹੈ, ਉਥੇ ਸਾਡੀਆਂ ਅਦਾਲਤਾਂ ਵੀ ਦੋਸ਼ੀ ਨੂੰ ਬਚਾਉਣ ਦਾ ਪੂਰਾ ਮੌਕਾ ਉਪਲਬਧ ਕਰਾਵਾਉਂਦੀਆਂ ਹਨ। ਦਿੱਲੀ ਵਿਚ ਹੋਏ ਦਾਮਿਨੀ ਬਲਾਤਕਾਰ ਕਾਂਡ ਦੇ ਬਾਅਦ ਨਿਸ਼ਚਿਤ ਰੂਪ ’ਚੋਂ ਅਦਾਲਤਾਂ ਨੇ ਬਲਾਤਕਾਰੀਆਂ ਦੇ ਵਿਰੁੱਧ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਕਿਤੇ-ਕਿਤੇ ਇਸ ਤਰ੍ਹਾਂ ਦੇ ਮਾਮਲਿਆਂ ’ਤੇ ਤੁਰੰਤ ਕਾਰਵਾਈ ਕਰਨ, ਫਾਸਟ ਟਰੈਕ ਅਦਾਲਤ ਵਿਚ ਅਜਿਹੇ ਮਾਮਲੇ ਲੈ ਜਾਣੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣ ਦੀਆਂ ਖ਼ਬਰਾਂ ਵੀ ਸੁਣਾਈ ਦਿੰਦੀਆਂ ਹਨ। ਪਰ ਅਜੇ ਇਸ ਪਾਸੇ ਹੋਰ ਵਧਰੇ ਤੇਜ਼ੀ ਅਤੇ ਜਾਗਰੂਕਤਾ ਵੀ ਦਿਖਾਉਣ ਦੀ ਜ਼ਰੂਰਤ ਹੈ। ਬੋਕਾਰਾ ਜਿਹੀ ਘਟਨਾ ਵਿਚ ਬਲਾਤਕਾਰੀ ਸਿਰਫ਼ ਇਕ ਕਰਤਾ ਹੈ। ਜਦੋਂ ਕਿ ਇਸ ਵਿਚ ਅਸਲੀ ਦੋਸ਼ੀ ਪਿੰਡ ਦਾ ਮੁਖੀਆ ਭੋਪਾਲ ਪਾਸੀ ਹੈ। ਇਸ ਤਰ੍ਹਾਂ ਦੇ ਮੁਖੀਆਂ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਔਰਤ ਵਿਰੋਧੀ ਮਾਨਸਿਕਤਾ ਰੱਖਣ ਵਾਲਾ ਕੋਈ ਦੂਜਾ ਮੁਖੀਆ ਇਸ ਤਰ੍ਹਾਂ ਦੇ ਫ਼ਰਮਾਨ ਸੁਣਾਉਣ ਤੋਂ ਬਾਜ਼ ਆਵੇ। ਇਸ ਤੋਂ ਇਲਾਵਾ ਜਿੱਥੇ ਕਿਤੇ ਵੀ ਕੰਨਿਆ ਜਾਂ ਔਰਤਾਂ ਦੇ ਵਿਰੁੱਧ ਇਸ ਪ੍ਰਕਾਰ ਦੇ ਫੈਸਲੇ ਸੁਣਾਏ ਜਾਂਦੇ ਹਨ ਜਾਂ ਅਜਿਹੀ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੋਵੇ, ਉਥੋਂ ਦੀਆਂ ਸਥਾਨਕ ਔਰਤਾਂ ਨੂੰ ਖੁੱਲ੍ਹ ਕੇ ਇਸ ਤਰ੍ਹਾਂ ਦੇ ਗਲਤ ਕੰਮਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਜੇਕਰ ਪੰਚਾਇਤਾਂ ਵਿਚ ਇਸ ਪ੍ਰਕਾਰ ਦੇ ਤੁਗਲਕੀ ਫ਼ਰਮਾਨਾਂ ਦਾ ਵਿਰੋਧ ਸਥਾਨਕ ਔਰਤਾਂ ਦੁਆਰਾ ਕੀਤਾ ਜਾਣ ਲੱਗੇ ਤਾਂ ਵੀ ਕਿਸੇ ਕੰਨਿਆ ਤੇ ਔਰਤ ਦੀ ਇੱਜ਼ਤ ਨੂੰ ਬਚਾਉਣ ਵਿਚ ਕਾਫ਼ੀ ਸਹਾਇਤਾ ਮਿਲੇਗੀ ਅਤੇ ਕੰਨਿਆ ਨੂੰ ਪੂਜਣ ਵਾਲੇ ਸਾਡੇ ਦੇਸ਼ ਵਿਚ ਬਲਾਤਕਾਰ ਦੇ ਇਸ ਤਰ੍ਹਾਂ ਦੇ ਅਜਿਹੇ ਤਾਲਿਬਾਨੀ ਫ਼ਰਮਾਨਾਂ ਵਿਚ ਨਿਸ਼ਚਿਤ ਰੂਪ ਨਾਲ ਕਾਫ਼ੀ ਕਮੀ ਆਵੇਗੀ।
ਸੰਪਰਕ: 0172 2535628