ਆਈਐਸਆਈਐਸ ਮੁਖੀ ਅਲਬਗਦਾਦੀ ਦੇ ਅਸਲ ਇਰਾਦੇ -ਤਨਵੀਰ ਜਾਫ਼ਰੀ
Posted on:- 23-07-2014
ਇਰਾਕ ਅਤੇ ਸੀਰੀਆ ਵਿਚ ਦਹਿਸ਼ਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਤਿਹਾਸ ਲਿਖਣ ਵਾਲੇ ਦਹਿਸ਼ਤਗਰਦ ਸੰਗਠਨ ਆਈਐਸਆਈਐਸ ਮਤਲਬ ਇਸਲਾਮਿਕ ਸਟੇਟ ਇਨ ਇਰਾਕ ਅਤੇ ਅਲ-ਸ਼ਾਮ ਨੇ ਅੱਜ-ਕੱਲ੍ਹ ਪੂਰੀ ਦੁਨੀਆ ਦਾ ਧਿਆਨ ਆਪਣੇ ਦਹਿਸ਼ਤੀ ਕਾਰਨਾਮਿਆਂ ਅਤੇ ਨਾਪਾਕ ਰਾਜਨੀਤਕ ਮਨਸੂਬਿਆਂ ਕਾਰਨ ਆਪਣੇ ਵੱਲ ਖਿੱਚਿਆ ਹੋਇਆ ਹੈ। ਸੀਰੀਆ ਤੋਂ ਲੈ ਕੇ ਇਰਾਕ ਤੱਕ ਹੁਣ ਤੱਕ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਇਸ ਸੰਗਠਨ ਨੂੰ ਦਾਈਸ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸੰਗਠਨ ਦਾ ਮੁਖੀ ਇਰਾਕੀ ਨਾਗਰਿਕ ਅਬੂ ਬਕਰ ਅਲ-ਬਗਦਾਦੀ ਹੈ। ਵੈਸੇ ਤਾਂ ਇਸ ਸੰਗਠਨ ਨੂੰ ਸੁੰਨੀ ਮੁਸਲਮਾਨਾਂ ਦੇ ਸੰਗਠਨ ਦੇ ਨਾਂ ਨਾਲ ਪ੍ਰਚਾਰਿਆ ਜਾ ਰਿਹਾ ਹੈ ਪਰ ਅਸਲ ਵਿਚ ਅਜਿਹਾ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸਲਾਮ ਧਰਮ ਇਸ ਸਮੇਂ ਲਗਭਗ 73 ਵਰਗਾਂ ਵਿਚ ਵੰਡਿਆ ਹੋਇਆ ਹੈ। ਇਨ੍ਹਾਂ ਵਿਚੋਂ ਹੀ ਇਕ ਵਰਗ ਜਾਂ ਫਿਰਕੇ ਦਾ ਨਾਂ ਹੈ ਸਲਫ਼ੀ ਜਾਂ ਵਹਾਬੀ ਵਰਗ। ਇਸ ਸਮੇਂ ਇਰਾਕ ਤੇ ਸੀਰੀਆ ਵਿਚ ਖੂਨ ਦੀ ਹੋਲੀ ਖੇਡ ਰਹੇ ਅਤੇ ਦੁਨੀਆ ਵਿਚ ਇਕ ਅਖੌਤੀ ਇਸਲਾਮੀ ਸਾਮਰਾਜ ਸਥਾਪਤ ਕਰਨ ਦਾ ਸੁਪਨਾ ਦੇਖਣ ਵਾਲੇ ਇਸ ਸੰਗਠਨ ਦੇ ਲੋਕਾਂ ਦਾ ਸਬੰਧ ਇਸੇ ਵਹਾਬੀ ਫਿਰਕੇ ਨਾਲ ਹੈ। ਲਗਭਗ 13 ਹਜ਼ਾਰ ਲੜਾਕਿਆਂ ਵਾਲੇ ਇਸ ਸੰਗਠਨ ਦੇ ਬਹੁਤੇ ਮੈਂਬਰਾਂ ਦਾ ਸਬੰਧ ਅਲਕਾਇਦਾ ਨਾਲ ਰਿਹਾ ਹੈ।
ਬਗਦਾਦੀ ਜਿਹੜਾ ਕਿ ਨਾ ਸਿਰਫ਼ ਆਈਐਸਆਈਐਸ ਦਾ ਮੁਖੀ ਹੈ, ਸਗੋਂ ਉਸ ਦੇ ਸਮਰਥਕਾਂ ਵੱਲੋਂ ਉਸ ਨੂੰ ਨਵੇਂ ਅਖੌਤੀ ਇਸਲਾਮੀ ਰਾਜ ਦਾ ਖ਼ਲੀਫ਼ਾ ਵੀ ਐਲਾਨਿਆ ਜਾ ਚੁੱਕਾ ਹੈ। ਉਹ ਅਲਕਾਇਦਾ ਵਿਚ ਏਮਨ- ਅਲ-ਜਵਾਹਿਰੀ ਦੇ ਬਰਾਬਰ ਦੀ ਹੈਸੀਅਤ ਰੱਖਣ ਵਾਲਾ ਕਮਾਂਡਰ ਸੀ ਅਤੇ 2003 ਤੱਕ ਇਰਾਕ ਦੀ ਇਕ ਮਸਜਿਦ ਵਿਚ ਮੌਲਵੀ ਵੀ ਸੀ। ਉਸ ਤੋਂ ਬਾਅਦ ਇਰਾਕ ਵਿਚ ਹੋਏ ਅਮਰੀਕੀ ਸੈਨਿਕ ਦਖ਼ਲ ਤੋਂ ਬਾਅਦ ਉਹ ਇਕ ਲੜਾਕੇ ਦੇ ਰੂਪ ਵਿਚ ਖੁੱਲ੍ਹ ਕੇ ਅਲਕਾਇਦਾ ਵਿਚ ਸ਼ਾਮਲ ਹੋ ਗਿਆ। ਉਸ ਨੇ ਆਪਣਾ ਇਕ ਅਲੱਗ ਧੜਾ ਬਣਾਉਣਾ ਵੀ ਸ਼ੁਰੂ ਕੀਤਾ ਹੈ।
ਖੁਦ ਨੂੰ ਮਜ਼ਬੂਤ ਕਮਾਂਡਰ ਦੇ ਰੂਪ ਵਿਚ ਸਥਾਪਤ ਕਰਨ ਤੋਂ ਬਾਅਦ ਉਸ ਨੇ ਸੀਰੀਆ ਦੇ ਕੱਟੜ ਸੰਗਠਨ ਅਲਨਸਰਾ ਨਾਲ ਹੱਥ ਮਿਲਾਉਣ ਦਾ ਯਤਨ ਕੀਤਾ ਸੀ। ਜਦੋਂ ਕਿ ਏਮਨ-ਅਲ-ਜਵਾਹਿਰੀ ਬਗਦਾਦੀ ਦੀ ਇਸ ਕੋਸ਼ਿਸ਼ ਦੇ ਖ਼ਿਲਾਫ਼ ਉਸ ਦਾ ਮੰਨਣਾ ਸੀ ਕਿ ਸੀਰੀਆ ਦੇ ਹਾਲਾਤ ਨਾਲ ਨਿਪਟਣ ਦਾ ਕੰਮ ਅਲਨਸਰਾ ’ਤੇ ਹੀ ਛੱਡ ਦੇਣਾ ਚਾਹੀਦਾ ਹੈ। ਜਦੋਂ ਕਿ ਬਗਦਾਦੀ ਸੀਰੀਆ ਤੋਂ ਲੈ ਕੇ ਇਰਾਕ ਤੱਕ ਅਖੌਤੀ ਇਸਲਾਮੀ ਸਾਮਰਾਜ ਦਾ ਸੁਪਨਾ ਉਸੇ ਸਮੇਂ ਦੇਖਣ ਲੱਗ ਪਿਆ ਸੀ। ਬਗਦਾਦੀ ਦੀਆਂ ਦਹਿਸ਼ਤੀ ਕਾਰਵਾਈਆਂ ਨੂੰ ਦੇਖਦਿਆਂ ਅਮਰੀਕਾ ਨੇ 2011 ਵਿਚ ਉਸ ਨੂੰ ਜਿਉਂਦਾ ਜਾਂ ਮੁਰਦਾ ਫੜ੍ਹਨ ਲਈ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਸੀ।
ਇਸਲਾਮ ਧਰਮ ਵਿਚ ਸਭ ਤੋਂ ਪਵਿੱਤਰ ਮੰਨਿਆ ਜਾਣ ਵਾਲਾ ਰਮਜ਼ਾਨ ਦਾ ਮਹੀਨਾ ਪੂਰਨ ਰੂਪ ਵਿਚ ਇਬਾਦਤ ਅਤੇ ਪਵਿੱਤਰਤਾ ਦਾ ਮਹੀਨਾ ਮੰਨਿਆ ਜਾਂਦਾ ਹੈ। ‘ਇਸ ਪਵਿੱਤਰ ਮਹੀਨੇ ਦੌਰਾਨ ਆਮ ਮੁਸਲਮਾਨ ਕਿਸੇ ਨੂੰ ਦੁੱਖ ਤਕਲੀਫ਼ ਦੇਣ, ਖੂਨ ਖ਼ਰਾਬੇ ਵਿਚ ਸ਼ਾਮਲ ਹੋਣ ਦੀ ਅਪਵਿੱਤਰਤਾ ਤੋਂ ਪ੍ਰਹੇਜ਼ ਕਰਦਾ ਹੈ। ਪਰ ਆਈਐਸਆਈਐਸ ਦਾ ਮੁਖੀ ਵਹਾਬੀ ਬਗਦਾਦੀ ਆਪਣੇ ਕਤਲੇਆਮ ਨੂੰ ਸਹੀ ਠਹਿਰਾਉਂਦੇ ਹੋਏ ਇਹ ਸੰਦੇਸ਼ ਦੇ ਰਿਹਾ ਹੈ ਕਿ ਪਵਿੱਤਰ ਮਹੀਨੇ ਰਮਜ਼ਾਨ ਵਿਚ ਅੱਲਾ ਦੇ ਰਸਤੇ ’ਤੇ ਜੇਹਾਦ ਤੋਂ ਬਿਹਤਰ ਕੋਈ ਕੰਮ ਨਹੀਂ ਹੈ।’ ਆਪਣੇ ਖੂਨੀ ਤੇ ਕੱਟੜ ਵਿਚਾਰਾਂ ਨੂੰ ਦੂਜਿਆਂ ’ਤੇ ਲੱਦਣ ਨੂੰ ਇਹ ਸ਼ੈਤਾਨ ਇਬਾਦਤ ਅਤੇ ਜੇਹਾਦ ਦੱਸ ਰਿਹਾ ਹੈ। ਇਸ ਦੇ ਅਖੌਤੀ ਜੇਹਾਦ ਦੇ ਚੱਲਦਿਆਂ ਹੁਣ ਤੱਕ ਇਰਾਕ ਵਿਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਬੇਘਰ ਹੋ ਚੁੱਕੇ ਹਨ। ਹੁਣ ਇਹ ਸੰਗਠਨ ਸਿਰਫ਼ ਸੀਰੀਆ ਜਾਂ ਇਰਾਕ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਖ਼ਤਰਾ ਸਾਬਤ ਹੋ ਰਿਹਾ ਹੈ। ਬੇਸ਼ੱਕ ਅਲਬਗਦਾਦੀ ਵੀ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੇ ਇਸਲਾਮੀ ਸਾਮਰਾਜ ਸਥਾਪਤ ਕਰਨ ਦੇ ਸੁਪਨੇ ਨੂੰ ਹੀ ਪੂਰਾ ਕਰਨ ਵਿਚ ਲੱਗਾ ਹੋਇਆ ਹੈ ਪਰ ਉਸ ਨੇ ਖੁਦ ਨੂੰ ਖ਼ਲੀਫ਼ਾ ਘੋਸ਼ਿਤ ਕਰਨ ਦੇ ਨਾਲ ਅਲਕਾਇਦਾ ਨੂੰ ਵੀ ਦੋਫਾੜ ਕੀਤਾ। ਸੀਰੀਆ ਵਿਚ ਘੁਸਪੈਠ ਕਰਕੇ ਆਪਣੀ ਸ਼ਕਤੀ ਦਾ ਵਿਸਥਾਰ ਕੀਤਾ ਅਤੇ ਅਚਾਨਕ ਅਖੌਤੀ ਇਸਲਾਮੀ ਰਾਜ ਦਾ ਐਲਾਨ ਵੀ ਕਰ ਦਿੱਤਾ।
ਬਗਦਾਦੀ ਦੇ ਲੋਕ ਵਿਸ਼ਵ ਦੇ ਮੁਸਲਮਾਨਾਂ ਨੂੰ ਆਪਣੇ ਅਖੌਤੀ ਖਲੀਫਾ ਪ੍ਰਤੀ ਵਫ਼ਾਦਾਰੀ ਦਿਖਾਉਣ ਦਾ ਆਦੇਸ਼ ਜਾਰੀ ਕਰਦੇ ਹਨ ਅਤੇ ਜਿਹੜਾ ਵੀ ਵਿਅਕਤੀ ਉਹ ਭਾਵੇਂ ਕਿਸੇ ਵੀ ਧਰਮ ਜਾਂ ਫਿਰਕੇ ਦਾ ਹੋਵੇ, ਉਸ ਨੂੰ ਖ਼ਲੀਫ਼ਾ ਮੰਨਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਜਾਂ ਫਾਂਸੀ ਦੇ ਫੰਦੇ ’ਤੇ ਲਟਕਾ ਦਿੱਤਾ ਜਾਂਦਾ ਹੈ। ਇਸ ਸੰਗਠਨ ਨੇ ਇਰਾਕ ਵਿਚ ਹੁਣ ਤੱਕ ਸੈਂਕੜੇ ਅਜਿਹੇ ਸੁੰਨੀ ਧਰਮ ਗੁਰੂਆਂ ਦਾ ਕਤਲ ਕਰਵਾ ਦਿੱਤਾ, ਜਿਨ੍ਹਾਂ ਨੇ ਦਾਈਸ਼ ਦੇ ਕਾਲੇ ਝੰਡਿਆਂ ਨੂੰ ਆਪਣੀਆਂ ਮਸਜਿਦਾਂ ’ਤੇ ਝੁਲਾਉਣ ਤੋਂ ਨਾਂਹ ਕੀਤੀ ਸੀ। ਵਹਾਬੀ ਫਿਰਕਾ ਵਿਚਾਰਕ ਰੂਪ ਵਿਚ ਕਿਸੇ ਦਰਗਾਹ-ਮਜ਼ਾਰ ਵਗੈਰਾ ਨੂੰ ਨਹੀਂ ਮੰਨਦਾ। ਆਪਣੇ ਜ਼ਹਿਰੀਲੇ ਵਿਚਾਰਾਂ ਨੂੰ ਲਾਗੂ ਕਰਦਿਆਂ ਇਸ ਸੰਗਠਨ ਨੇ ਇਕ ਮਹੀਨੇ ਵਿਚ ਹੀ ਇਰਾਕ ਵਿਚ ਸੁੰਨੀਆਂ, ਸ਼ੀਆ ਅਤੇ ਇਸਾਈਆਂ ਦੀਆਂ ਅਨੇਕਾਂ ਇਬਾਦਤਗਾਹਾਂ ਨੂੰ ਬੇਰਹਿਮੀ ਨਾਲ ਢਾਹ ਦਿੱਤਾ। ਉਤਰੀ ਇਰਾਕ ਵਿਚ ਖ਼ਾਸ ਤੌਰ ’ਤੇ ਇਨ੍ਹਾਂ ਵੱਲੋਂ ਮਸਜਿਦਾਂ, ਦਰਗਾਹਾਂ ਅਤੇ ਮਕਬਰਿਆਂ ਨੂੰ ਵਿਸਫੋਟਾਂ ਨਾਲ ਉਡਾ ਦਿੱਤਾ ਗਿਆ।
ਇਨ੍ਹਾਂ ਦੀਆਂ ਵਹਿਸ਼ੀ ਕਾਰਵਾਈਆਂ ਤੋਂ ਦੁਖੀ ਮੁਸਲਮਾਨਾਂ ਵੱਲੋਂ ਇਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਪੂਰੇ ਵਿਸ਼ਵ ਵਿਚ ਭਰਤੀ ਕੀਤੇ ਜਾਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਸ਼ੀਆ- ਸੁੰਨੀ ਦੇ ਨਾਂ ’ਤੇ ਦਾਈਸ਼ ਨੇ ਜਿਨ੍ਹਾਂ ਇਰਾਕੀ ਸੰੁਨੀਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ, ਉਹ ਵੀ ਹੁਣ ਸਮਝ ਚੁੱਕੇ ਹਨ ਕਿ ਦਾਈਸ਼ ਦਾ ਇਰਾਦਾ ਇਸਲਾਮੀ ਜਾਂ ਸੁੰਨੀ ਸਾਮਰਾਜ ਨਹੀਂ, ਬਲਕਿ ਦਹਿਸ਼ਤ ਦਾ ਵਹਾਬੀ ਸਾਮਰਾਜ ਸਥਾਪਤ ਕਰਨ ਦਾ ਹੈ। ਇਸੇ ਕਾਰਨ ਹੁਣ ਉਨ੍ਹਾਂ ਨੇ ਦਾਈਸ਼ ਵਿਰੁੱਧ ਬਗਾਵਤ ਕਰਨ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿਰੁੱਧ ਇਰਾਕ ਵਿਚ ਹੋ ਰਹੀ ਫੌਜੀ ਕਾਰਵਾਈ ਵਿਚ ਵੀ ਉਹ ਖੁੱਲ੍ਹ ਕੇ ਫੌਜ ਦਾ ਸਾਥ ਦੇ ਰਹੇ ਹਨ। ਇਰਾਕ ਦੇ ਸੁੰਨੀ ਧਰਮ ਗੁਰੂਆਂ ਨੇ ਨਾ ਸਿਰਫ਼ ਵਹਾਬੀ ਸੰਗਠਨ ਵਿਰੁੱਧ ਫ਼ਤਵਾ ਜਾਰੀ ਕੀਤਾ ਹੈ, ਸਗੋਂ ਇਸ ਵਿਰੁੱਧ ਜੇਹਾਦ ਕੀਤੇ ਜਾਣ ਦਾ ਵੀ ਐਲਾਨ ਕਰ ਦਿੱਤਾ ਹੈ। ਪੂਰੇ ਵਿਸ਼ਵ ਦੇ ਅਨੇਕਾਂ ਮੁਸਲਿਮ ਧਰਮ ਗੁਰੂ ਬਗਦਾਦੀ ਦੇ ਅਖੌਤੀ ਖਲੀਫਾ ਬਣਨ ਦੇ ਪ੍ਰਚਾਰ ਨੂੰ ਝੂਠਾ, ਮਕਾਰੀ ਭਰਿਆ ਅਤੇ ਸ਼ੈਤਾਨੀ ਪ੍ਰਚਾਰ ਦੱਸ ਰਹੇ ਹਨ। ਇਨ੍ਹਾਂ ਧਰਮ ਗੁਰੂਆਂ ਨੇ ਇਰਾਕ ਦੇ ਸੁੰਨੀ ਨੌਜਵਾਨਾਂ ਨੂੰ ਆਈਐਸਆਈਐਸ ਵਿਰੁੱਧ ਸਿੱਧੀ ਕਾਰਵਾਈ ਕਰਨ ਅਤੇ ਇਨ੍ਹਾਂ ਨੂੰ ਇਰਾਕੀ ਧਰਤੀ ਤੋਂ ਖਦੇੜਨ ਦਾ ਸੱਦਾ ਦਿੱਤਾ ਹੈ।
ਸੰਪਰਕ: +91 98962 19228