ਭਾਰਤ ਨੂੰ ਰੂਸ ਦੇ ਤਜ਼ਰਬੇ ਤੋਂ ਸਿੱਖਣ ਦੀ ਲੋੜ -ਡਾ. ਸਵਰਾਜ ਸਿੰਘ
Posted on:- 08-07-2014
ਭਾਰਤ ਤੇ ਰੂਸ ਬਹੁਤ ਸਮੇਂ ਤੋਂ ਇਕ-ਦੂਜੇ ਦੇ ਚੰਗੇ ਦੋਸਤ ਰਹੇ ਹਨ। ਦੋਵਾਂ ਨੂੰ ਕਈ ਇਕੋ ਜਿਹੀਆਂ ਪ੍ਰਸਥਿਤੀਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਦਾਹਰਣ ਵਜੋਂ ਦੋਵਾਂ ਦੇਸ਼ਾਂ ਨੂੰ ਪੱਛਮੀ ਦੇਸ਼ਾਂ ਨੇ ਆਪਣਾ ਸੰਭਾਵਿਤ ਵਿਰੋਧੀ ਸਮਝਿਆ ਹੈ। ਦੋਵਾਂ ਦੇਸ਼ਾਂ ਦੇ ਚੀਨ ਨਾਲ ਤਣਾਅਪੂਰਬਕ ਸਬੰਧ ਰਹੇ ਹਨ ਅਤੇ ਦੋਨਾਂ ਦੇਸ਼ਾਂ ਦਾ ਚੀਨ ਨਾਲ ਸਰਹੱਦ ਦੇ ਝਗੜੇ ਨੂੰ ਲੈ ਕੇ ਯੁੱਧ ਹੋਇਆ। ਦੋਵਾਂ ਦੇਸ਼ਾਂ ਨੇ ਚੀਨ ਅਤੇ ਪੱਛਮੀ ਸਾਮਰਾਜੀ ਦੇਸ਼ਾਂ ਵੱਲ ਵੱਖ-ਵੱਖ ਰਵੱਈਆ ਅਪਣਾਇਆ ਹੈ। ਚੀਨ ਨਾਲ ਰੂਸ ਦਾ ਤਜ਼ਰਬਾ ਭਾਰਤ ਦੇ ਚੀਨ ਨਾਲ ਤਜ਼ਰਬੇ ਤੋਂ ਕਿਤੇ ਜ਼ਿਆਦਾ ਕੌੜਾ ਸੀ। ਚੀਨ ਨੇ ਇਕ ਤਰ੍ਹਾਂ ਨਾਲ ਅਮਰੀਕਾ ਨਾਲ ਮਿਲਕੇ ਸੋਵੀਅਤ ਯੂਨੀਅਨ ਨੂੰ ਢਾਹੁਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਜਦੋਂਕਿ 1962 ਦੀ ਲੜਾਈ ਤੋਂ ਬਾਅਦ ਚੀਨ ਅਤੇ ਭਾਰਤ ਵਿੱਚ ਕੋਈ ਵੱਡਾ ਟਕਰਾਅ ਨਹੀਂ ਹੋਇਆ। ਸਗੋਂ ਭਾਰਤ ਤੇ ਚੀਨ ਦੇ ਸਬੰਧ, ਖਾਸ ਕਰਕੇ ਵਪਾਰਕ ਸਬੰਧ ਵਧਦੇ ਰਹੇ ਹਨ। ਰੂਸ ਨੇ ਚੀਨ ਨਾਲ ਆਪਣੀ ਪੁਰਾਣੀ ਕੁੜੱਤਣ ਭੁਲਾ ਕੇ ਦੁਬਾਰਾ ਮਿੱਤਰਤਾ ਵਾਲੇ ਸਬੰਧ ਬਹਾਲ ਕਰ ਲਏ ਹਨ ਅਤੇ ਇਸ ਤੱਥ ਨੂੰ ਪੂਰੀ ਤਰ੍ਹਾਂ ਸਮਝ ਲਿਆ ਹੈ ਕਿ ਰੂਸ ਦੀ ਹੋਂਦ ਅਤੇ ਹਿੱਤਾਂ ਨੂੰ ਮੁੱਖ ਖ਼ਤਰਾ ਪੱਛਮੀ ਸਾਮਰਾਜੀ ਦੇਸ਼ਾਂ ਅਤੇ ਖਾਸ ਕਰਕੇ ਅਮਰੀਕਾ ਤੋਂ ਹੈ।
ਇਸ ਲਈ ਚੀਨ ਉਸ ਦਾ ਵਿਰੋਧੀ ਜਾਂ ਸੰਭਾਵਿਤ ਵਿਰੋਧੀ ਨਹੀਂ ਹੈ, ਸਗੋਂ ਪੱਛਮੀ ਸਾਮਰਾਜੀ ਅਤੇ ਖਾਸ ਕਰਕੇ ਅਮਰੀਕਾ ਤੋਂ ਖ਼ਤਰੇ ਨਾਲ ਨਜਿੱਠਣ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ। ਇਸ ਦੇ ਉਲਟ ਭਾਰਤ 1962 ਦੀ ਚੀਨ ਨਾਲ ਲੜਾਈ ਦੀ ਕੁੜੱਤਣ ਨੂੰ ਛੱਡਣਾ ਨਹੀਂ ਚਾਹੁੰਦਾ ਅਤੇ ਨਾ ਹੀ ਇਸ ਸੱਚਾਈ ਨੂੰ ਸਵਿਕਾਰ ਕਰਨਾ ਚਾਹੁੰਦਾ ਹੈ ਕਿ ਭਾਰਤ ਦੀ ਅਖੰਡਤਾ ਅਤੇ ਸਿਰਮੌਰਤਾ ਨੂੰ ਮੁੱਖ ਖ਼ਤਰਾ ਚੀਨ ਤੋਂ ਨਹੀਂ, ਸਗੋਂ ਪੱਛਮੀ ਸਾਮਰਾਜੀ ਦੇਸ਼ਾਂ ਅਤੇ ਖਾਸ ਕਰਕੇ ਅਮਰੀਕਾ ਤੋਂ ਹੈ। ਅਮਰੀਕਾ ਦੇ ਪੂਰਵਜ ਇੰਗਲੈਂਡ ਨੇ ਭਾਰਤ ਦੀ ਵੰਡ ਕਰਕੇ ਭਾਰਤ ਨੂੰ ਤੋੜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਅਤੇ ਅਮਰੀਕਾ, ਆਪਣੇ ਪੂਰਵਜ਼ ਦੀ ਨੀਤੀ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ, ਭਾਰਤ ਨੂੰ ਇਸ ਗੱਲ ਬਾਰੇ ਕੋਈ ਭਰਮ ਭੁਲੇਖਾ ਨਹੀਂ ਹੋਣਾ ਚਾਹੀਦਾ ਹੈ ਕਿ ਸੋਵੀਅਤ ਯੂਨੀਅਨ ਅਤੇ ਯੁਗੋਸਲਾਵੀਆ ਤੋਂ ਬਾਅਦ ਅਮਰੀਕਾ ਨੇ ਤੋੜਨ ਲਈ ਭਾਰਤ ਦਾ ਨੰਬਰ ਲਾਇਆ ਹੋਇਆ ਹੈ, ਭਾਂਵੇ ਕਿ ਅਮਰੀਕਾ ਭਾਰਤ ਦਾ ਮਿੱਤਰ ਅਤੇ ਸਾਥੀ ਲੋਕਰਾਜੀ ਦੇਸ਼ ਹੋਣ ਦੇ ਲੱਖ ਦਾਅਵੇ ਕਰ ਲਏ।
ਭਾਰਤ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਮਰੀਕਾ ਨੇ ਸੋਵੀਅਤ ਯੂਨੀਅਨ ਨੂੰ ਉਸ ਵੇਲੇ ਨਹੀਂ ਤੋੜਿਆ ਜਦੋਂ ਦੋਵਾਂ ਵਿੱਚ ਟਕਰਾਅ ਸੀ, ਸਗੋਂ ਉਸ ਵੇਲੇ ਤੋੜਿਆ ਜਦੋਂਕਿ ਗੋਰਬਾਚੋਣ ਨੇ ਸੋਵੀਅਤ ਯੂਨੀਅਨ ਦੀ ਪੱਛਮੀ ਸਾਮਰਾਜੀ ਦੇਸ਼ਾਂ ਟਕਰਾਅ ਕਰਨ ਦੀ ਨੀਤੀ ਪੂਰੀ ਤਰ੍ਹਾਂ ਤਿਆਗ ਦਿੱਤੀ ਸੀ ਤੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਨਾਲ ਮਿੱਤਰਤਾ ਵਧਾਉਣ ਦੀ ਨੀਤੀ ਅਪਣਾਈ ਸੀ। ਭਾਰਤੀ ਮਿਥਿਹਾਸ ਵਿੱਚ ਇਕ ਚਰਿੱਤਰ ਭਸਮਾਸੁਰ ਦਾ ਹੈ। ਜੋ ਵੀ ਉਸ ਨਾਲ ਜੱਫੀ ਪਾਉਂਦਾ ਸੀ ਭਸਮ ਹੋ ਜਾਂਦਾ ਸੀ। ਅਮਰੀਕਾ ਅਜੋਕੇ ਯੁੱਗ ਦਾ ਭਸਮਾਸੁਰ ਹੈ, ਇਹ ਸਚਾਈ ਰੂਸ ਨੇ ਤਾਂ ਸਮਝ ਲਈ ਹੈ ਪਰ ਜੋ ਆਪਣੇ ਆਪ ਨੂੰ ਭਾਰਤੀ ਸਭਿਅਤਾ ਅਤੇ ਸੰਸਕ੍ਰਿਤੀ ਦੇ ਸਭ ਤੋਂ ਵੱਡੇ ਵਾਰਸ ਅਤੇ ਰਾਖੇ ਹੋਣ ਦਾ ਦਾਅਵਾ ਕਰ ਰਹੇ ਹਨ, ਨਹੀਂ ਸਮਝ ਸਕੇ। ਰੂਸ ਨੇ ਇਹ ਸਚਾਈ ਚੰਗੀ ਤਰ੍ਹਾਂ ਸਮਝ ਲਈ ਹੈ ਕਿ ਚੀਨ ਨਾਲ ਭਾਵਂੇ ਉਸ ਦੇ ਜਿੰਨੇ ਵੀ ਮੱਤਭੇਦ ਹੋਣ ਪਰ ਅਮਰੀਕਾ ਅਤੇ ਪੱਛਮੀ ਸਾਮਰਾਜੀ ਦੇਸ਼ਾਂ ਦੀਆਂ ਚਾਲਾਂ ਤੇ ਹਮਲਿਆਂ ਵਿਰੁਧ ਉਸ ਨਾਲ ਉਸ ਦੀ ਵੱਡੀ ਸਾਂਝ ਹੈ। ਇਸ ਤਰ੍ਹਾਂ ਹੀ ਰੂਸ ਨੇ ਇਹ ਗੱਲ ਵੀ ਚੰਗੀ ਤਰ੍ਹਾਂ ਸਮਝ ਲਈ ਹੈ ਕਿ ਅਮਰੀਕਾ ਦੀ ਚੌਧਰ ਵਾਲੀ ਤੇ ਪੱਛਮੀ ਪ੍ਰਬੱਲਤਾ ਵਾਲੀ ਇਕ ਧਰੁੱਵੀ ਵਿਸ਼ਵ ਵਿਵਸਥਾ ਵਿੱਚ ਰੂਸ ਨੂੰ ਨਾ ਤਾਂ ਉਸ ਦਾ ਢੁਕਵਾਂ ਸਥਾਨ ਤੇ ਨਾ ਹੀ ਕੋਈ ਸਤਿਕਾਰਤ ਸਥਾਨ ਨਸੀਬ ਹੋ ਸਕਦਾ ਹੈ।
ਰੂਸ ਇਸ ਗੱਲ ਨੂੰ ਵੀ ਸਮਝਦਾ ਹੈ ਕਿ ਪੱਛਮੀ ਸਾਮਰਾਜੀ ਦੇਸ਼ ਸੰਸਾਰੀਕਰਨ ਦੇ ਝੂਠੇ ਵਿਖਾਵੇ ਅਤੇ ਭੁੱਖ ਹੇਠ ਦੂਜੇ ਸਭਿਆਚਾਰਾਂ ਦੀ ਹੋਂਦ ਮਿਟਾਉਣਾ ਚਾਹੁੰਦੇ ਹਨ। ਇਸ ਸਭਿਆਚਾਰਿਕ ਹਮਲੇ ਦਾ ਟਾਕਰਾ ਕਰਨ ਲਈ ਵੀ ਉਸ ਦੀ ਚੀਨ ਨਾਲ ਸਾਂਝ ਹੈ। ਇਸ ਦੇ ਉਲਟ ਭਾਰਤੀ ਸਭਿਅਤਾ, ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਦੇ ਸਭ ਤੋਂ ਵੱਡੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ, ਭਾਰਤ ’ਤੇ ਪੱਛਮੀ ਸਭਿਆਚਾਰਕ ਹਮਲੇ ਅਤੇ ਉਸ ਦੇ ਨਤੀਜੇ ਵਜੋਂ ਭਾਰਤੀ ਸਭਿਆਚਾਰਾਂ ਅਤੇ ਕਦਰਾਂ-ਕੀਮਤਾਂ ਦੀ ਹੋਂਦ ਨੂੰ ਪੈਦਾ ਹੋਣ ਵਾਲੇ ਬਹੁਤ ਗੰਭੀਰ ਅਤੇ ਵੱਡੇ ਖ਼ਤਰੇ ਤੋਂ ਲਗਭਗ ਬੇਖਬਰ ਨਜ਼ਰ ਆ ਰਹੇ ਹਨ। ਭਾਰਤੀ ਸਭਿਆਚਾਰਾਂ ਅਤੇ ਕਦਰਾਂ ਕੀਮਤਾਂ ਦੇ ਵੱਡੇ ਪੱਧਰ ਤੇ ਹੋ ਰਹੇ ਖੋਰੇ ਅਤੇ ਘਾਣ ਨੂੰ ਕਿਵੇ ਰੋਕਿਆ ਜਾਏ, ਇਸ ਪੱਖੋਂ ਨਾ ਤਾਂ ਉਹ ਸੰਜੀਦਾ ਅਤੇ ਨਾ ਹੀ ਸੁਹਿਰਦ ਨਜ਼ਰ ਆਉਂਦੇ ਹਨ। ਕੀ ਉਹ ਸਾਡੇ ਟੈਲੀਵਿਜ਼ਨ ਅਤੇ ਬਾਲੀਵੁਡ ਦੀਆਂ ਫਿਲਮਾਂ ਬਾਰੇ ਅਣਜਾਣ ਹਨ ਜਾਂ ਉਹ ਸਾਡੀ ਨਵੀਂ ਪੀਜ਼ਾ ਬਰਗਰ ਖਾਣ ਵਾਲੀ ਪੀੜ੍ਹੀ ਦੇ ਰਹਿਣ-ਸਹਿਣ ਅਤੇ ਪਹਿਰਾਵੇ ’ਤੇ ਵਧ ਰਹੇ ਪੱਛਮੀ ਪ੍ਰਭਾਵ ਬਾਰੇ ਚਿੰਤਿਤ ਨਜ਼ਰ ਆਉਂਦੇ ਹਨ।
ਅੱਜ ਰੂਸ ਦੇ ਮੀਡੀਏ ਵਿੱਚ ਪੱਛਮੀ ਸਾਮਰਾਜੀ ਦੇਸ਼ਾਂ ਦੇ ਦੰਭ, ਪਾਖੰਡ ਅਤੇ ਦੂਹਰੇ ਮਾਪਦੰਡਾਂ ਬਾਰੇ ਜ਼ਿਕਰ ਹੁੰਦਾ ਹੈ ਜਾਂ ਫਿਰ ਪੱਛਮੀ ਸਾਮਰਾਜੀ ਦੇਸ਼ਾਂ ਦੇ ਝੂਠੇ ਅਤੇ ਖੋਖਲੇ ਮਨੁੱਖੀ ਅਧਿਕਾਰਾਂ ਅਤੇ ਲੋਕਰਾਜੀ ਹੋਣ ਦੇ ਦਾਅਵਿਆਂ ਦਾ ਜ਼ਿਕਰ ਹੰੁਦਾ ਹੈ। ਰੂਸੀ ਮੀਡੀਏ ਵਿੱਚ ਪੱਛਮੀ ਸਮਰਾਜੀਆਂ ਦੇ ਦੂਜਿਆਂ ’ਤੇ ਆਪਣਾ ਸਭਿਆਚਾਰ ਅਤੇ ਕਦਰਾਂ ਕੀਮਤਾਂ ਠੋਸਣ ਦਾ ਵੀ ਜ਼ਿਕਰ ਹੁੰਦਾ ਹੈ। ਪਰ ਕਿਤੇ ਵੀ ਚੀਨ ਵਿਰੋਧੀ ਤੇ ਪੁਰਾਣੇ ਜ਼ਖਮਾਂ ਨੂੰ ਮੁੜ ਖੋਲਣ ਦਾ ਯਤਨ ਨਜ਼ਰ ਨਹੀਂ ਆਉਂਦਾ, ਸਗੋਂ ਚੀਨ ਨਾਲ ਮਿੱਤਰਤਾ ਅਤੇ ਹੋਰ ਸਾਂਝ ਵਧਾਉਣ ਦਾ ਹੀ ਜ਼ਿਕਰ ਹੁੰਦਾ ਹੈ। ਇਸ ਦੇ ਉਲਟ ਭਾਰਤੀ ਮੀਡੀਏ ਦਾ ਪੱਛਮ ਪ੍ਰਤੀ ਉਲਾਰ ਅਤੇ ਚੀਨ ਵੱਲ ਕੁੜੱਤਣ ਸਾਫ਼ ਨਜ਼ਰ ਆਉਂਦੇ ਹਨ। 1954 ਵਿੱਚ ਅਤੇ 1962 ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀ ਤੁਲਨਾ ਕਰਕੇ ਹੀ ਭਾਰਤੀ ਮੀਡੀਏ ਦੇ ਰਵੱਈਏ ਦੀ ਸਚਾਈ ਸਾਹਮਣੇ ਆਉਂਦੀ ਹੈ। 1954 ਵਿੱਚ ਚੀਨ ਅਤੇ ਭਾਰਤ (ਅਤੇ ਬਰਮਾ) ਨੇ ਪੰਚਸ਼ੀਲ ਤੇ ਦਸਤਖਤ ਕੀਤੇ ਅਤੇ 1962 ਵਿੱਚ ਭਾਰਤ ਅਤੇ ਚੀਨ ਵਿੱਚ ਸਰਹੱਦੀ ਲੜਾਈ ਹੋਈ।
1954 ਵਿੱਚ ਹੋਏ ਸਮਝੌਤੇ ਦੇ ਸਿਧਾਂਤ ਵਿਆਪਕ ਅਤੇ ਸਦੀਵੀ ਹਨ। ਇਸ ਤੱਥ ਦੀ ਪੁਸ਼ਟੀ 1954 ਵਿੱਚ ਹੀ ਇਸ ਸਮਝੌਤੇ ਤੋਂ ਕੁਝ ਦਿਨ ਬਾਅਦ ਹੀ ਕੋਲੰਬੋ ਵਿੱਚ ਹੋਈ ਏਸ਼ੀਆਈ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਕਾਨਫਰੰਸ ਵਿੱਚ ਇਨ੍ਹਾਂ ਸਿਧਾਤਾਂ ਨੂੰ ਮਿਲੇ ਹੁੰਗਾਰੇ ਅਤੇ 1955 ਵਿੱਚ ਇੰਡੋਨੇਸ਼ੀਆ ਦੇ ਸ਼ਹਿਰ ਬੈਨਡੁੰਗ ਵਿੱਚ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਦੀ ਕਾਨਫਰੰਸ ਵਿੱਚ ਇਨ੍ਹਾਂ ਸਿਧਾਂਤਾਂ ਦੀ ਪੁਸ਼ਟੀ ਹੋਣ ਨਾਲ ਹੋ ਜਾਂਦੀ ਹੈ। ਸੱਚਾਈ ਤਾਂ ਇਹ ਹੈ ਕਿ ਗੁੱਟਾਂ ਤੋਂ ਨਿਰਲੇਪ ਲਹਿਰ ਦਾ ਆਧਾਰ ਹੀ ਪੰਚਸ਼ੀਲ ਦੇ ਸਿਧਾਤਾਂ ਨੇ ਬਣਾਇਆ ਹੈ। ਭਾਵੇਂ ਇਹ ਸੱਚ ਹੈ ਕਿ 1962 ਵਿੱਚ ਹੋਈ ਲੜਾਈ ਕਾਰਨ ਪੰਚਸ਼ੀਲ ਸਮਝੌਤੇ ਨੂੰ ਧੱਕਾ ਲੱਗਾ ਪਰ ਇਹ ਗੱਲ ਕਿਸੇ ਤਰ੍ਹਾਂ ਵੀ ਇਸ ਗੱਲ ਨੂੰ ਨਹੀਂ ਝੁਠਲਾਉਂਦੀ ਕਿ ਪੰਚਸ਼ੀਲ ਦੇ ਸਿਧਾਂਤਾਂ ਵਿੱਚ ਕੋਈ ਕਮੀ ਹੈ, ਸਗੋਂ ਇਨ੍ਹਾਂ ਸਿਧਾਂਤਾਂ ਨੂੰ ਅਸਲ ਵਿੱਚ ਲਿਆਉਣ ਵਿੱਚ ਸਮੱਸਿਆ ਆਈ ਹੈ ਪਰ ਇਨ੍ਹਾਂ ਸਿਧਾਂਤਾਂ ਦੇ ਵਿਆਪਕ ਅਤੇ ਸਦੀਵੀਂ ਹੋਣ ਬਾਰੇ ਕੋਈ ਦੋ ਰਾਏ ਨਹੀਂ ਹੋ ਸਕਦੀਆਂ। ਫਿਰ ਵੀ ਭਾਰਤੀ ਮੀਡੀਏ ਨੇ ਜਿਥੇ ਸਾਲ 2012 ਵਿੱਚ ਭਾਰਤ-ਚੀਨ ਦੀ ਲੜਾਈ ਦੀ 50ਵੀਂ ਵਰੇ੍ਹਗੰਢ ਨੂੰ ਤਾਂ ਬੇਮਿਸਾਲ ਅਤੇ ਬੇਹਿਸਾਬ ਕਵਰੇਜ਼ ਦਿੱਤੀ, ਉਥੇ 1954 ਵਿੱਚ ਬੁੱਧ ਧਰਮ ਤੋਂ ਪ੍ਰਭਾਵਤ ਦੇਸ਼ਾਂ ’ਚ ਆਪਸੀ ਰਿਸ਼ਤਿਆਂ ਬਾਰੇ ਪੰਚਸ਼ੀਲ ਦੇ ਰੂਪ ’ਚ ਭਾਰਤ ਦੀ ਸੰਸਾਰ ਨੂੰ ਇਕ ਵੱਡੀ ਤੇ ਅਣਮੁੱਲੀ ਦੇਣ ਨੂੰ ਲਗਭਗ ਨਜ਼ਰ ਅੰਦਾਜ਼ ਕਰ ਦਿੱਤਾ। ਕੀ ਇਹ ਪੱਖਪਾਤ ਅਤੇ ਪੱਛਮ ਪ੍ਰਤੀ ਉਲਾਰ ਦੀ ਉਦਾਹਰਣ ਨਹੀਂ ਹੈ?