ਪਾਣੀ ਕੁਦਰਤ ਦਾ ਅਣਮੁੱਲਾ ਤੋਹਫਾ ਹੈ । ਜਿੱਥੇ ਇਹ ਜੀਵ-ਜੰਤੂਆਂ, ਪੇੜ-ਪੌਦਿਆਂ ਆਦਿ ਸਮੁੱਚੀ ਬਨਸਪਤੀ ਲਈ ਬਹੁਤ ਲਾਹੇਵੰਦ ਹੈ, ਉੱਥੇ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਪਾਣੀ ਦੀ ਬੜੀ ਮਹੱਤਤਾ ਹੈ । ਪਾਣੀ ਦਾ ਉਪਯੋਗ ਪੀਣ ਲਈ, ਖਾਣਾ ਬਣਾਉਣ ਲਈ, ਨਹਾਉਣ ਲਈ, ਕੱਪੜੇ ਧੋਣ ਲਈ, ਅਤੇ ਹੋਰ ਬਹੁਤ ਸਾਰੇ ਕੰਮਾਂ ਲਈ ਕੀਤਾ ਜਾਂਦਾ ਹੈ । ਅਸੀਂ ਕਹਿ ਸਕਦੇ ਹਾਂ ਪਾਣੀ ਤੋਂ ਬਗੈਰ ਜ਼ਿੰਦਗੀ ਸੰਭਵ ਨਹੀਂ ਹੈ । ਇਸੇ ਲਈ ਤਾਂ ਗੁਰਬਾਣੀ ਵਿੱਚ ਵੀ ਗੁਰੁ ਨਾਨਕ ਦੇਵ ਜੀ ਨੇ ਪਾਣੀ ਨੂੰ ਪਿਤਾ ਦਾ ਦਰਜ਼ਾ ਦਿੱਤਾ ਹੈ :
“ ਪਵਣੁ ਗੁਰੁ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੇ ਸਗਲ ਜਗਤੁ ॥” ( ਅੰਗ-8 )
ਪਰ ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਇਸ ਕੁਦਰਤ ਦੇ ਇਸ ਅਣਮੁੱਲੇ ਤੋਹਫੇ ਨੂੰ ਸਾਂਭਣ ਵਿੱਚ ਨਾਕਾਮ ਰਹੇ ਹਾਂ । ਪੰਜਾਬ ਕਿ ਜਿਸਦਾ ਨਾਮ ਵੀ ਪੰਜ ਆਬਾਂ ਦੇ ਨਾਮ ਤੋਂ ਪਿਆ ਹੈ ਅੱਜ ਉਸੇ ਪੰਜਾਬ ਵਿੱਚ ਪਾਣੀ ਦੀ ਬੁਰੀ ਹਾਲਤ ਹੈ ।ਪਾਣੀ ਦੇ ਮਾਮਲੇ ਵਿੱਚ ਪੰਜਾਬ ਬੜੇ ਵੱਡੇ ਦੁਖਾਂਤ ਵਿੱਚੋਂ ਗੁਜ਼ਰ ਰਿਹਾ ਹੈ । ਪੰਜਾਂ ਦਰਿਆਵਾਂ ਅਤੇ ਕਈ ਨਹਿਰਾਂ ਦੇ ਮਾਲਕ ਪੰਜਾਬ ਦੇ ਲੋਕ ਹੁਣ ਖੁਦ ਵੀ ਪੀਣ ਲਈ ਸਾਫ ਪਾਣੀ ਨੂੰ ਤਰਸ ਰਹੇ ਹਨ । ਗੰਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਨੂੰ ਗੰਦਾ ਪਾਣੀ ਪੀਣਾ ਪੈ ਰਿਹਾ ਹੈ ਅਤੇ ਉਹ ਹੈਜ਼ੇ, ਪੀਲੀਏ ਅਤੇ ਕੈਂਸਰ ਵਰਗੀਆਂ ਭੈੜੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਕੇ ਕੀਮਤੀ ਜਾਨਾਂ ਭੰਗ ਦੇ ਭਾੜੇ ਗਵਾ ਰਹੇ ਹਨ ।