ਦੁੱਧੀ ਨਹਾਂਵੇਂ ਤੇ ਪੁੱਤੀ ਫਲੇਂ - ਲਵੀਨ ਕੌਰ ਗਿੱਲ
Posted on:- 31-01-2012
ਮੈਂ ਅਪਣੀ ਤਾਈ ਜੀ ਨੂੰ ਬਹੁਤ ਵਾਰ ਨਵ-ਵਿਆਹੇ ਜੋੜੀਆਂ ਨੂੰ ਇਹ ਅਸੀਸ ਦਿੰਦੇ ਸੁਣਿਆ ਹੈ। ਪਰ ਮੈਂ ਇਹ ਸੋਚਣ ਤੇ ਮਜਬੂਰ ਹਾਂ ਕਿ ਅਸੀਂ ਧੀਆਂ ਨੂੰ ਮਾਰ ਕੇ ਤੇ ਪੁੱਤਰਾਂ ਨੂੰ ਅਪਣਾ ਕੇ ਕੀ ਅਸੀਂ ਇਸ ਅਸੀਸ ਨੂੰ ਗ਼ਲਤ ਅਰਥਾਂ ‘ਚ ਤਾਂ ਨਈ ਲੈਣ ਲੱਗ ਪਏ ਹਾਂ। ਪੰਜਾਬ ਦਾ ਘੱਟ ਰਿਹਾ ਲਿੰਗ ਅਨੁਪਾਤ ਇਸ ਗੱਲ ਦੀ ਗਵਾਹੀ ਦਿੰਦਾ ਹੈ। ਬਰੈਂਪਟਨ ਵਿੱਚ ਬਾਕੀ ਕੈਨੇਡਾ ਨਾਲੋਂ ਮੁੰਡੇ ਅਤੇ ਕੁੜੀ ਦੇ ਜਨਮ ਅਨੁਪਾਤ ਵਿੱਚ ਫਰਕ ਵੀ ਪਿਛਲੇ ਕਾਫੀ ਸਮੇਂ ਤੋਂ ਇੱਕ ਸਵਾਲ ਬਣਿਆ ਹੋਇਆ ਏ। ਪਿੱਛੇ ਜਹੇ ਹੀ ਇੱਕ ਜਵਾਨ ਔਰਤ ਨੇ ਇਸ ਕਰਕੇ ਗੁੲਸਾ ਕੀਤਾ ਕਿਉਂਕਿ ਉਸ ਨੂੰ ਕਿਸੇ ਨੇ ਕਿਹਾ ਕਿ “ਰੱਬ ਤੇਰੀ ਝੋਲੀ ਪਿਆਰੀ ਜਹੀ ਬੱਚੀ ਨਾਲ ਭਰੇ”। ਮਾਂ ਬਣਨ ਵਾਲੀ ਔਰਤ ਦੀ ਮਾਂ ਨੂੰ ਵੀ ਇਸ ਇੱਛਾ ਨਾਲ ਪਰੇਸ਼ਾਨੀ ਹੋਈ। ਇਸ ਤਰਾਂ ਦੀਆਂ ਘਟਨਾਵਾਂ ਤੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਬੱਚੀ ਦਾ ਪੈਦਾ ਹੋਣਾ ਇੱਕ ਅਗਾਂਹਵਧੂ ਐਨ ਆਰ ਆਈ ਪਰਿਵਾਰ ਲਈ ਵੀ ਕਿੰਨਾਂ ਦੁੱਖਦਾਇਕ ਹੈ। ਇੱਕ ਉਸ ਸਮਾਜ ਵਿੱਚ ਜਿੱਥੇ ਇਨਸਾਨੀਅਤ ਨੇ ਤਕਨਾਲੌਜੀ ਦੀ ਮੱਦਦ ਨਾਲ ਹਰ ਖੇਤਰ ਵਿੱਚ ਕਿੰਨੀ ਤਰੱਕੀ ਕੀਤੀ ਹੈ, ਸਾਨੂੰ ਅਪਣੇ ਅੰਦਰ ਝਾਕਣ ਦੀ ਲੋੜ ਹੈ ਕਿ ਅਸੀਂ ਜਿੰਨ੍ਹਾਂ ਨੇ ਇੱਥੋਂ ਤੱਕ ਕਿ ਕਿਸ ਵੇਲੇ ਅਪਣੇ ਘਰਾਂ ਦੇ ਵਿਹੜਿਆਂ ਦੀਆਂ ਚਿੜੀਆਂ ਗੁਆ ਲਈਆਂ ਨੇ ਅਤੇ ਤਕਨਾਲੌਜੀ ਦੀ ਦੁਰਵਰਤੋਂ ਨਾਲ ਕਿੰਨੀਆਂ ਬੱਚੀਆਂ ਤੋਂ ਜ਼ਿੰਦਗੀ ਖੋ ਲਈ ਹੈ?
“ਇੱਕ ਔਰਤ ਅਪਣੇ ਹੱਥਾਂ ਵਿੱਚ ਇੱਕ ਪੂਰੀ ਦੁਨੀਆਂ ਸਾਂਭ ਕੇ ਰੱਖਦੀ ਏ” । ਇੱਕ ਪਰਿਵਾਰ, ਦੁਨਿਆਂ ਦਾ ਸੱਭ ਤੋਂ ਛੋਟਾ ਹਿੱਸਾ ਔਰਤ ਹੀ ਬਣਾਉਂਦੀ ਏ, ਜੋ ਕਿ ਪਹਿਲਾਂ ਇੱਕ ਸਮਾਜ ਤੇ ਫਿਰ ਇੱਕ ਦੁਨਿਆਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਅਜੋਕੇ ਸਮੇਂ ਵਿੱਚ ਇਹ ਭਾਰਤੀ ਸਮਾਜ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਅਸੀਂ ਕੁੜੀ ਕੇ ਜਨਮ ਨੂੰ ਭਵਿੱਖ ਲਈ ਇੱਕ ਖਰਾਬ ਨਿਵੇਸ਼ ਵਜੋਂ ਦੇਖਦੇ ਹਾਂ। ਕੁੜੀ ਨੂੰ ਉੱਤਪਾਦਕ ਨਾਲੋਂ ਇੱਕ ਖਪਤਕਾਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਅਤੇ ਇਸ ਸੌੜੀ ਕਿਸਮ ਦੀ ਸੋਚ ਕਰਕੇ ਭਾਰਤੀ ਸਮਾਜ ਨਵ-ਜਨਮੀਆਂ ਬੱਚੀਆਂ ਨੂੰ ਮਾਰਨ ਅਤੇ ਕੰਨਿਆਂ ਭਰੂਣ ਹੱਤਿਆ ਵਰਗੀਆਂ ਭਿਆਨਕ ਰੀਤਾਂ ਵਿੱਚ ਗਰਕ ਚੁੱਕਿਆ ਹੈ। ਪੰਜਾਬ ਜਿੱਥੇ ਕਿ ਲਿੰਗ ਅਨੁਪਾਤ ਸੱਭ ਤੋਂ ਘੱਟ ਹੈ, ਦਾਜ ਦੀ ਮੰਗ ਨੂੰ ਵਧਾ-ਚੜ੍ਹਾ ਕੇ ਇਸਦਾ ਕਾਰਣ ਦੱਸਿਆ ਜਾਂਦਾ ਏ। ਧੀਆਂ ਨੂੰ ਸਮਝਿਆਂ ਜਾਂਦਾ ਏ ਕਿ ਇਹ ਮਾਪਿਆਂ ਨੂੰ ਕੋਈ ਸਮਾਜਿਕ ਸਹਾਰਾ ਨਹੀਂ ਦਿੰਦੀਆਂ ਤੇ ਇਹਨਾਂ ਤੇ ਕੀਤੇ ਜਾਂਦੇ ਨਿਵੇਸ਼ ਦਾ ਫਾਇਦਾ ਉਹਦੇ ਸਾਹੁਰੇ ਘਰ ਵਾਲੇ ਲੈ ਜਾਂਦੇ ਨੇ। ਕਈ ਕਿਸਾਨ ਪਰਿਵਾਰ ਇਹ ਦਲੀਲ ਦਿੰਦੇ ਨੇ ਕਿ ਉਹਨਾਂ ਪਹਿਲਾਂ ਤਾਂ ਕੁੜੀਆਂ ਦੀ ਪਰਵਰਿਸ਼ ਕਰਨੀ ਪੈਂਦੀ ਹੈ ਫਿਰ ਉਹਨਾਂ ਦੇ ਵਿਆਹ ਤੇ 15 ਲੱਖ ਰੁਪਏ ਲਾਉਣੇ ਲੈਂਦੇ ਨੇ। ਤੇ ਅੱਜ ਕੱਲ ਉਹਨਾਂ ਨੂੰ ਜਮੀਨਾਂ ਚੋਂ ਇਹੋ ਜਹੀ ਆਮਦਨੀ ਨਹੀ ਹੁੰਦੀ। ਇਸ ਤਰਾਂ ਇਸਨੂੰ ਇੱਕ ਬਹੁਤ ਵੱਡਾ ਆਰਥਿਕ ਘਾਟਾ ਸਮਝਿਆ ਜਾਂਦਾ ਹੈ। ਪਿੱਛੇ ਜਹੇ ਮੀਡੀਆ ਵਿੱਚ “ ਹੁਣ 1000 ਲਾ ਕੇ ਭਵਿੱਖ ਦੇ 10 ਲੱਖ ਬਚਾਓ” ਵਰਗੇ ਨਾਹਰੇ ਵੀ ਸਾਹਮਣੇ ਆਏ ਨੇ। ਕੁੜੀਆਂ ਘਰਦਿਆਂ ਤੋਂ ਦਾਜ ਲੈ ਕੇ ਜਾਂਦੀਆਂ ਨੇ ਪਰ ਮੁੰਡੇ ਦਾਜ ਦੇ ਰੂਪ ਵਿੱਚ ਬਹੁਤ ਸਾਰੀ ਰਕਮ ਲੈ ਕੇ ਆਉਂਦੇ ਨੇ।
ਇਸ ਮਾਮਲੇ ਤੇ ਹੋਰ ਰੌਸ਼ਨੀ ਪਾਉਂਦੇ ਹੋਏ ਐਸ਼ਲੈ ਬਰੀਲੀਅੰਟ ਦੀਆਂ ਇਹ ਲਾਇਨਾਂ ਯਾਦ ਆਉਂਦੀਆਂ ਨੇ “ ਮੇਰੇ ਕੋਲ ਸਮੱਸਿਆ ਦਾ ਹੱਲ ਤਾਂ ਨਹੀਂ, ਪਰ ਮੈਂ ਸਮੱਸਿਆ ਦੀ ਕਦਰ ਜਰੂਰ ਕਰਦਾ ਹਾਂ”।
ਸੱਭ ਤੋਂ ਪਹਿਲਾਂ ਤਾਂ, ਅਸੀਂ ਨੌਜਵਾਨ ਐਨ ਆਰ ਆਈਜ਼ ਨੂੰ ਇਹ ਪਹਿਲ ਕਰਨੀ ਚਾਹੀਦੀ ਹੈ ਕਿ ਇਸ ਤਰਾਂ ਦੀ ਰੀਤ ਚਲਾਈ ਜਾਵੇ ਜਿੱਥੇ ਕਿ ਵਿਆਹ ਆਪਸੀ ਸਤਿਕਾਰ ਤੇ ਕਦਰਾਂ ਕੀਮਤਾਂ ਤੇ ਵਟਾਂਦਰੇ ਨਾਲ ਹੋਵੇ ਨਾ ਕਿ ਕਪੜੇ ਤੇ ਗਹਿਣਿਆਂ ਵਗੈਰਾ ਦੇ ਵਟਾਂਦਰੇ ਨਾਲ।
ਦੂਜੀ ਗੱਲ ਕਿ ਇੱਕ ਮਾਂ ਨੂੰ ਇਹ ਇਹਸਾਸ ਹੋਣਾ ਚਾਹੀਦਾ ਹੈ ਕਿ ਕੁਦਰਤ ਨੇ ਉਸ ਨੂੰ ਸਿਰਜਣਾ ਦੀ ਸ਼ਕਤੀ ਦਿੱਤੀ ਹੈ। ਔਰਤਾਂ ਨੂੰ ਬਚਪਨ ਤੋਂ ਹੀ ਸਮਾਜ ਵਿੱਚ ਘੁਲ ਮਿਲ ਕਿ ਵਿਚਰਣ ਦੇਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਮੁੰਡਿਆਂ ਨਾਲ ਬਰਾਬਰੀ ਦਾ ਇਹਸਾਸ ਹੋਵੇ। ਉਹਨਾਂ ਨੂੰ ਮੁੰਡਿਆਂ ਦੇ ਬਰਾਬਰ ਜੁੰਮੇਵਾਰੀਆਂ ਦੇਣੀਆਂ ਚਾਹੀਦੀਆਂ ਨੇ। ਇਹ ਆਉਣ ਵਾਲੀ ਪੀੜੀ ਤੇ ਇਕ ਅਗਾਂਹਵਧੂ ਅਸਰ ਪਾਵੇਗਾ ਕਿਉਂਕਿ ਅੱਜ ਦੀ ਬੱਚੀ ਕੱਲ ਦੀ ਮਾਂ ਤੇ ਸੱਸ ਹੈ।
ਪੰਜਾਬ ਵਰਗੇ ਸੂਬੇ ਵਿੱਚ ਕਨੂੰਨ ਨੂੰ ਪੂਰੀ ਤਰਾਂ ਨਾਲ ਲਾਗੂ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤੇ ਦੋਸ਼ਿਆਂ ਨੂੰ ਤੇਜ ਮੁਕੱਦਮਿਆਂ ਦੁਆਰਾ ਸ਼ਖਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ।
ਇਸ ਤਰਾਂ ਕੀਤਾ ਜਾ ਸਕਦਾ ਹੈ ਕਿ 65 ਸਾਲ ਤੋਂ ਉੱਤੇ ਬਜੁਰਗਾਂ ਲਈ ਸਮਾਜਿਕ ਸੁਰੱਖਿਆ ਦਾ ਪ੍ਰਬੰਧ ਹੋਵੇ ਤਾਂ ਕਿ ਉਹ ਧੀਆਂ ਨੂੰ ਅਪਣੇ ਤੇ ਬੋਝ ਨਾਂ ਸਮਝਣ । ਇਸ ਤੱਥ ਹੁੰਦੇ ਹੋਏ ਕਿ ਬਰੈਂਪਟਨ ਵਿੱਚ ਬਜੁਰਗ ਪੈਨਸ਼ਨ ਦੇ ਹੁੰਦਿਆ ਵੀ ਭਰੂਣ ਹੱਤਿਆ ਹੁੰਦੀ ਹੈ।
ਧਾਰਮਿਕ ਸਿੱਖਿਆ ਵੀ ਭਰੂਣ ਹੱਤਿਆ, ਦਾਜ ਅਤੇ ਧੀਆਂ ਨਾਲ ਹੁੰਦੇ ਵਖਰੇਵੇਂ ਨੂੰ ਰੋਕਣ ਵਿੱਚ ਕਾਰਗਰ ਹੋ ਸਕਦੀ ਹੈ।
“ਪਹਿਲਾਂ ਅਪਣੇ ਫੇਰ ਪਰਾਏ” ਦੀ ਕਹਾਵਤ ਅਨੁਸਾਰ ਬੱਚਿਆਂ ਨੂੰ ਉੱਚਾ ਕਿਰਦਾਰ ਰੱਖਣ ਅਤੇ ਦਾਜ, ਭਰੂਣ ਹੱਤਿਆ ਅਤੇ ਲਿੰਗ ਪੱਖ-ਪਾਤ ਵਰਗੀਆਂ ਰੂਚੀਆਂ ਤੋਂ ਦੂਰ ਰਹਿਣਾ ਸਿਖਾਇਆ ਜਾਵੇ। ਬੱਚਿਆਂ ਦੇ ਮਾਸੂਮ ਮਨਾਂ ਨੂੰ ਇਸ ਤਰਾ ਸਿਖਾਇਆ ਜਾ ਸਕਦਾ ਹੈ ਕਿ ਉਹ ਦਾਜ ਤੇ ਭਰੂਣ ਹੱਤਿਆ ਨੂੰ ਅਨੈਤਿਕ ਸਮਝਣ।
ਮੈਂ ਅਪਣੀਆਂ ਸਾਥਣਾਂ ਤੋਂ ਇਹ ਸਵਾਲ ਪੁੱਛਣਾ ਚਾਹਾਂਗੀ ਜੋ ਇਹ ਦੋਸ਼ ਲਾਉਂਦੀਆਂ ਨੇ ਕਿ ਉਹਨਾਂ ਨਾਲ ਦੂਜੇ ਲਿੰਗ ਵਾਲੇ ਉਹਨਾਂ ਤੇ ਹਾਵੀ ਨੇ ਤੇ ਉਹਨਾਂ ਤੋਂ ਭਰੂਣ ਹੱਤਿਆ ਕਰਾਉਂਦੇ ਨੇ, ਤੁਸੀ ਜੋ ਅਪਣੀ ਕੁੱਖ ਅੰਦਰ ਭਰੂਣ ਸਾਂਭਦੀਆਂ ਹੋ, ਕੁਦਰਤ ਵੱਲੋਂ ਦਿੱਤਾ ਇੱਕ ਵਰ; ਇਸ ਲਈ ਸਾਨੂੰ “ਅਪਣੇ-ਆਪ” ਨੂੰ ਬਚਾਉਣ ਲਈ ਤਾਂ ਖੜਨਾਂ ਹੀ ਪਵੇਗਾ। ਸਦੀਆਂ ਤੋਂ ਇਨਸਾਨ ਨੇ ਸਮੱਸਿਆਵਾ ਤੇ ਜਿੱਤ ਹਾਸਲ ਕੀਤੀ ਹੈ ਤੇ ਸ਼ੁਰੂਆਤ ਕਰਨ ਵਾਲੇ ਹਮੇਸ਼ਾਂ ਹੀ ਸੱਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ। ਉਦਾਹਰਣ ਵਜੋਂ ਕਾਲੇ ਲੋਕ ਜੋ ਅੱਜ ਅਜਾਦੀ ਮਾਣ ਰਹੇ ਨੇ ਉਹ ਇੱਕ ਵੇਲੇ ਸੋਚੀ ਵੀ ਨਹੀ ਸੀ ਜਾ ਸਕਦੀ । ਅਤੇ ਹੁਣ ਇਹ ਇੱਕ ਆਮ ਗੱਲ ਹੈ ਜੋ ਕਿ ਮੁਮਕਿਨ ਨਾਂ ਹੁੰਦੀ ਜੇ ਹਿਰਾਵਲ ਦਸਤੇ ਨੇ ਇਸ ਅੱਜ ਲਈ ਦੁੱਖ ਨਾਂ ਝੱਲੇ ਹੁੰਦੇ ।
ਇਸ ਸਾਲ ਦੀ ਸ਼ੁਰੂਆਤ ਵਿੱਚ ਮੈਨੂੰ ਬਰੈਂਪਟਨ ਵਿੱਚ ਇੱਕ ਮਾਰਚ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਜੋ ਕੇ ਤਰਕਸ਼ੀਲ ਸੋਸਾਇਟੀ ਨੇ ਕੰਨਿਆਂ ਭਰੂਣ ਹੱਤਿਆ ਦੇ ਖਿਲਾਫ ਕੀਤੀ ਸੀ। ਅਤੇ ਮੈਨੂੰ ਬਹੁਤ ਹੈਰਾਨੀ ਹੋਈ ਸੀ ਇਹ ਦੇਖ ਕਿ ਜਿਆਦਾਤਰ ਉਸ ਮਾਰਚ ਦੇ ਹਿੱਸੇਦਾਰ ਤੇ ਮੈਬਰ ਪੁਰਸ਼ ਸਨ। ਮੈਨੂੰ ਹੈਰਾਨੀ ਹੈ ਤੇ ਮੈਂ ਅਪਣੀਆਂ ਸਾਥਣ ਔਰਤਾਂ ਨੂੰ ਬਰੈਂਪਟਨ ਚੋਂ ਗੁਆਚਿਆਂ 133 ਔਰਤਾਂ ਦਾ ਪਤਾ ਲੈਣ ਲਈ ਕਹਿੰਦੀ ਹਾਂ। ਉਹ ਕਿੱਥੇ ਨੇ?
ਆਖਿਰ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਕਿ ਕੀ ਸਾਨੂੰ “ਦੁੱਧੀ ਨਹਾਂਵੇਂ ਤੇ ਪੁੱਤੀ ਫਲੇਂ” ਅਸੀਸ ਵਿੱਚ ਕੁਝ ਬਦਲਣ ਦੀ ਲੋੜ ਹੈ?
sunny
bahoot khoob