ਕੁੜੀਆਂ ਦੇ ਦੁੱਖਾਂ ਦੀ ਨਾ ਕੋਈ ਥਾਹ ਵੇ ਲੋਕੋ, ਆਖ਼ਰ ਕਿਉਂ ਨ੍ਹੀਂ ਕੋਈ ਫੜਦਾ ਬਾਂਹ ਵੇ ਲੋਕੋ - ਕਰਨ ਬਰਾੜ
Posted on:- 27-05-2014
ਭਾਵੇਂ ਕਹਿਣ ਨੂੰ ਮੇਰਾ ਦੇਸ਼ ਬਹੁਤ ਤਰੱਕੀ ਕਰ ਗਿਆ। ਇਹ ਦੁਨੀਆ ਦੇ ਵਿਕਸਤ ਮੁਲਕਾਂ ਵਿਚ ਸ਼ਾਮਿਲ ਹੋ ਰਿਹਾ। ਇੱਥੋਂ ਦੇ ਲੋਕ ਪੜ੍ਹ ਲਿਖਕੇ ਨਵੀਆਂ ਤਕਨੀਕਾਂ ਵਿਕਸਤ ਕਰ ਰਹੇ ਹਨ ਅਤੇ ਔਰਤ ਮਰਦ ਦੀ ਬਰਾਬਰੀ ਵਾਲਾ ਪਾੜਾ ਵੀ ਖ਼ਤਮ ਹੋ ਗਿਆ ਪਰ ਮੇਰੇ ਦੇਸ਼ ਪੰਜਾਬ ਦੀ ਹਕੀਕਤ ਇਹ ਸਮਾਨਤਾ ਵਾਲੇ ਸੁਪਨੇ ਤੋਂ ਕੋਹਾਂ ਦੂਰ ਹੈ। ਇਥੇ ਔਰਤ ਮਰਦ ਦੀ ਬਰਾਬਰੀ ਤਾਂ ਇੱਕ ਪਾਸੇ ਇੱਥੋਂ ਦੀ ਔਰਤ ਘਰ ਅੰਦਰ ਕੈਦ ਬੱਚਿਆਂ ਦੀ ਸਾਂਭ ਸੰਭਾਲ ਕਰਦੀ ਪਰਿਵਾਰ ਦਾ ਮੰਨ ਪਕਾਉਂਦੀ ਹਾਲੇ ਚੁੱਲ੍ਹੇ ਚੌਂਕੇ ਤੋਂ ਬਾਹਰ ਹੀ ਨੀਂ ਨਿਕਲ ਸਕੀ (ਪੇਂਡੂ ਔਰਤਾਂ ਦੀ ਸਥਿਤੀ ਤਾਂ ਹਰੋ ਵੀ ਜਿਆਦਾ ਤਰਸਯੋਗ ਹੈ) ਜੇ ਪੜ੍ਹਾਈ ਪੱਖ ਤੋਂ ਦੇਖਿਆ ਜਾਵੇ ਤਾਂ ਪਿੰਡ ਵਿਚ ਹਰ ਪਰਿਵਾਰ ਲੜਕੀ ਨੂੰ ਦਸਵੀਂ ਬਾਰ੍ਹਵੀਂ ਤੱਕ ਦੀ ਮੁੱਢਲੀ ਸਿੱਖਿਆ ਤਾਂ ਨੇੜੇ ਦੇ ਸਕੂਲਾਂ ਤੋਂ ਜਿਵੇਂ ਕਿਵੇਂ ਲੋਕ ਲੱਜੋਂ ਕਰਵਾ ਲੈਂਦਾ ਹੈ ਪਰ ਉੱਚ ਸਿੱਖਿਆ ਲਈ ਕਾਲਜਾਂ ਯੂਨੀਵਰਸਿਟੀਆਂ ਤੱਕ ਕੋਈ ਵਿਰਲਾ ਵਾਂਝਾ ਹੀ ਪਹੁੰਚਦਾ।
ਇਸ ਪਿੱਛੇ ਕਈ ਕਾਰਨ ਹਨ ਇੱਕ ਤਾਂ ਕਾਲਜਾਂ ਯੂਨੀਵਰਸਿਟੀਆਂ ਦੀਆਂ ਫ਼ੀਸਾਂ ਹਰ ਪਰਿਵਾਰ ਨੀ ਚੱਕ ਸਕਦਾ (ਇਸ ਖ਼ਰਚੇ ਦਾ ਗੁਣਾ ਕੁੜੀ ਤੇ ਹੀ ਡਿਗਦਾ ਕਿਉਂਕਿ ਜੇ ਮੁੰਡਾ ਪੜ੍ਹ ਲਿਖ ਗਿਆ ਤਾਂ ਸਾਰੇ ਪਰਿਵਾਰ ਦਾ ਤੋਰਾ ਤੁਰਦਾ ਪਰ ਲੜਕੀ ਨੇ ਤਾਂ ਬੇਗਾਨੇ ਘਰ ਤੁਰ ਜਾਣਾ) ਦੂਜਾ ਪਿੰਡਾਂ ਦੇ ਜ਼ਿਆਦਾਤਰ ਪਰਿਵਾਰ ਆਪਣੀ ਲੜਕੀ ਨੂੰ ਹਰ ਰੋਜ਼ ਬੱਸਾਂ ਤੇ ਚੜ੍ਹਾ ਕੇ ਸ਼ਹਿਰ ਨਹੀਂ ਭੇਜਣਾ ਚਾਹੁੰਦੇ ਕਿਉਂਕਿ ਪੰਜਾਬ ਦਾ ਮਾਹੌਲ ਹੀ ਇੰਨਾ ਖ਼ਰਾਬ ਹੋ ਚੁੱਕਾ ਕਿ ਹੁਣ ਬੱਸਾਂ ਤੇ ਸ਼ਹਿਰ ਇਕੱਲੀਆਂ ਜਾਂਦੀਆਂ ਕੁੜੀਆਂ ਨਾਲ ਬੇਖ਼ੌਫ਼ ਘੁੰਮਦੇ ਨਸ਼ੇ ਨਾਲ ਟੱਲੀ ਨੌਜਵਾਨ ਕੁਝ ਵੀ ਕਰ ਸਕਦੇ ਹਨ। ਸੋ ਹਰ ਕੋਈ ਇੱਜ਼ਤ ਦਾ ਮਾਰਾ ਡਰ ਜਾਂਦਾ।
ਅਖੀਰ ਗੱਲ ਮੁਕਦੀ ਹੈ ਕਿ ਕੁੜੀ ਨੂੰ ਚੰਗੇ ਸ਼ਹਿਰ ਹੋਸਟਲ ਵਿਚ ਛੱਡ ਕੇ ਪੜ੍ਹਾਇਆ ਜਾਵੇ ਅੱਗੋਂ ਘਰ ਦਾ ਯੋਗੀ ਯੋਗੜਾ ਬਾਹਰ ਦਾ ਯੋਗੀ ਸਿੱਧ ਵਾਂਗ ਪੰਜਾਬ ਦੇ ਚਾਰ ਸ਼ਹਿਰਾਂ ਨੂੰ ਕੁੜੀਆਂ ਦੀ ਪੜ੍ਹਾਈ ਪੱਖੋਂ ਵਧੀਆ ਮੰਨਿਆ ਜਾਂਦਾ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਚੰਡੀਗੜ੍ਹ। ਜਿੱਥੋਂ ਦੇ ਵੱਡੇ ਵੱਡੇ ਕਾਲਜਾਂ ਹੋਸਟਲਾਂ ਵਿੱਚ ਪਿੰਡਾਂ ਦੀਆਂ ਭੋਲੀਆਂ ਭਾਲੀਆਂ ਅਤੇ ਸ਼ਹਿਰੀ ਚਮਕ ਦਮਕ ਤੋਂ ਦੂਰ ਪਲੀਆਂ ਕੁੜੀਆਂ ਦਾ ਫ਼ੀਸਾਂ, ਰਹਿਣ ਸਹਿਣ ਅਤੇ ਖਾਣ ਪੀਣ ਦੇ ਪੱਖੋਂ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਅਤੇ ਇਹਨਾਂ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ ਜਾਂਦਾ। ਪਹਿਲੀ ਗੱਲ ਇਹਨਾਂ ਕਾਲਜਾਂ ਦੀਆਂ ਫ਼ੀਸਾਂ ਅਸਮਾਨ ਛੂੰਹਦੀਆਂ ਉੱਤੋਂ ਖਾਣ ਪੀਣ ਅਤੇ ਰਹਿਣ ਸਹਿਣ ਦਾ ਇੰਨਾ ਖ਼ਰਚਾ ਕਿ ਆਮ ਆਦਮੀ ਸੁਣ ਕੇ ਦੰਗ ਰਹਿ ਜਾਵੇ। ਪਰ ਹਕੀਕਤ ਵਿਚ ਇੱਥੋਂ ਦੀ ਪੜ੍ਹਾਈ ਦਾ ਖ਼ੈਰ-ਸੱਲਾ ਹੋਸਟਲ ਦੇ ਕਮਰਿਆਂ ਵਿਚ ਚਾਰ ਕੁੜੀਆਂ ਦੇ ਰਹਿਣ ਦੀ ਜਗ੍ਹਾ ਭੇਡ ਬੱਕਰੀਆਂ ਵਾਂਗ ਅੱਠ ਅੱਠ ਕੁੜੀਆਂ ਨੂੰ ਰੱਖਿਆ ਜਾਂਦਾ।
ਇੱਕ ਦੇ ਵਰਤਣ ਵਾਲੀ ਅਲਮਾਰੀ ਨੂੰ ਚਾਰਾਂ ਚਾਰਾਂ ਵਿੱਚ ਵੰਡਿਆ ਜਾਂਦਾ ਉੱਤੋਂ ਬਿਜਲੀ ਪਾਣੀ ਦਾ ਬੁਰਾ ਹਾਲ। ਠੰਢ ਵਿਚ ਹੀਟਰ ਜਾਂ ਗਰਮੀਆਂ ਵਿਚ ਕੂਲਰ ਦੀ ਗੱਲ ਤਾਂ ਛੱਡੋ ਕਈ ਵਾਰ ਸਾਦੀਆਂ ਪੁਰਾਣੇ ਪੱਖੇ ਵੀ ਬੰਦ ਪਏ ਨੇ। ਇਥੇ ਜੋ ਖਾਣਾ ਕੁੜੀਆਂ ਨੂੰ ਪਰੋਸਿਆ ਜਾਂਦਾ ਉਹ ਜਾਨਵਰ ਵੀ ਨਾ ਖਾਣ ਇੱਕ ਮੂੰਗੀ ਦੀ ਪਾਣੀਓਂ ਪਾਣੀ ਕੜਛੀ ਦਾਲ ਤੇ ਦੋ ਮੱਚੀਆਂ ਰੋਟੀਆਂ ਜਾਂ ਸਦਾ ਬਹਾਰ ਕੜੀ ਚੌਲ। ਕੱਪੜੇ ਧੋਣ ਅਤੇ ਪ੍ਰੈੱਸ ਕਰਨ ਦੇ ਪੈਸੇ ਵੱਖਰੇ ਵਸੂਲੇ ਜਾਂਦੇ ਹਨ। ਕੈਦੀਆਂ ਵਾਂਗ ਇਹਨਾਂ ਬੁਰੇ ਹਲਾਤਾਂ ਵਿਚ ਦੇਸ਼ ਦੇ ਭਵਿੱਖ ਨੂੰ ਪੜ੍ਹਨਾ ਪੈਂਦਾ ਉੱਤੋਂ ਵਾਰਡਨ ਅਤੇ ਪ੍ਰਿੰਸੀਪਲ ਦੀ ਡਿਕਟੇਟਰਸ਼ਿਪ। ਜੇ ਕੋਈ ਇਸ ਸਿਸਟਮ ਦਾ ਵਿਰੋਧ ਕਰਦਾ ਤਾਂ ਨਾਮ ਕੱਟਣ, ਘਰਦਿਆਂ ਨੂੰ ਬੁਲਾਉਣ, ਬੇਇੱਜ਼ਤੀ ਕਰਨ ਦੀਆਂ ਧਮਕੀਆਂ। ਕਈ ਹਾਲਤਾਂ ਵਿਚ ਕੁੜੀਆਂ ਨੂੰ ਕੁੱਟਿਆ ਵੀ ਜਾਂਦਾ ਡਰਾਇਆ ਧਮਕਾਇਆ ਵੀ ਜਾਂਦਾ ਸੋ ਕੁੜੀਆਂ ਮਜਬੂਰੀ ਵੱਸ ਰੋਂਦੀਆਂ ਕੁਰਲਾਉਂਦੀਆਂ ਦਿਨ ਕੱਟੀ ਕਰੀ ਜਾਂਦੀਆਂ।
ਕੁਝ ਸਮਾਂ ਪਹਿਲਾਂ ਲੁਧਿਆਣੇ ਦੇ ਇੱਕ ਗੁਰੂ ਦੇ ਨਾਮ ਤੇ ਚੱਲ ਰਹੇ ਕੁੜੀਆਂ ਦੇ ਕਾਲਜ ਵਿਚ ਗੰਦੇ ਖਾਣੇ ਨੂੰ ਲੈ ਕੇ ਜਦੋਂ ਕੁੜੀਆਂ ਵੱਲੋਂ ਰੋਸ ਪਾਇਆ ਗਿਆ ਤਾਂ ਕੁੜੀਆਂ ਨੂੰ ਡਰਾ ਧਮਕਾ ਕੇ ਗੱਲ ਨੂੰ ਜਬਰਨ ਦਬਾ ਲਿਆ ਗਿਆ। ਕਿਉਂਕਿ ਇੱਥੋਂ ਦਾ ਖਾਣਾ ਬੇਹੱਦ ਘਟੀਆ ਸੀ ਅਤੇ ਹਰ ਰੋਜ ਬਣਦੀ ਮੂੰਗੀ ਦੀ ਦਾਲ ਵਿਚ ਕੀੜੇ ਮਕੌੜੇ ਕਾਕਰੋਚ ਆਮ ਹੀ ਨਿਕਲਦੇ ਸੀ, ਆਟਾ ਪਸੀਨੇ ਦੇ ਲਿੱਬੜੇ ਪੈਰਾਂ ਨਾਲ ਗੁੰਨਿਆ ਜਾਂਦਾ ਸੀ। ਕੁੜੀਆਂ ਦੇ ਵਿਰੋਧ ਕਰਨ ਤੇ ਕਾਲਜ ਵੱਲੋਂ ਕੋਈ ਸੁਧਾਰ ਕਰਨ ਦੀ ਬਜਾਏ ਉਲਟਾ ਕੁੜੀਆਂ ਤੇ ਵਾਰਡਨ ਦੀ ਹੋਰ ਸਖ਼ਤਾਈ ਕਰ ਦਿੱਤੀ ਗਈ ਉਨ੍ਹਾਂ ਨੂੰ ਤੋਹਫ਼ੇ ਦੇ ਰੂਪ ਵਿਚ ਜੁਰਮਾਨਾ ਅਤੇ ਹੋਰ ਖ਼ਰਚੇ ਵਧਾ ਦਿੱਤੇ ਗਏ। ਹੋਸਟਲ ਵਿਚ ਬਿਜਲੀ ਪਾਣੀ ਬੰਦ ਕਰਕੇ ਕਮਰਿਆਂ ਵਿਚ ਇੱਕ ਇੱਕ ਹੋਰ ਕੁੜੀ ਦਾਖ਼ਲ ਕਰਕੇ ਕੁੱਕੜੀਆਂ ਵਾਂਗ ਡੱਕ ਦਿੱਤਾ ਗਿਆ ਡਰਦੀਆਂ ਕੁੜੀਆਂ ਚੁੱਪ ਕਰ ਗਈਆਂ ਤੇ ਗੱਲ ਆਈ ਗਈ ਹੋ ਗਈ। ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੁੜੀਆਂ ਦੇ ਹੋਸਟਲ ਵਿਚ ਪਿਛਲੇ ਮਹੀਨੇ ਤੋਂ ਸੀਵਰੇਜ ਅਤੇ ਗੰਦੇ ਪਾਣੀ ਦੀ ਦਿੱਕਤ ਸੀ ਜਦੋਂ ਕੁੜੀਆਂ ਵੱਲੋਂ ਇਸ ਪਾਸੇ ਧਿਆਨ ਦਵਾਇਆ ਗਿਆ ਤਾਂ ਕੋਈ ਸੁਧਾਰ ਕਰਨ ਦੀ ਬਜਾਏ ਸਗੋਂ ਵਾਰਡਨ ਵੱਲੋਂ ਧਮਕੀਆਂ ਦਿੱਤੀਆਂ ਗਈਆਂ। ਕੁੜੀਆਂ ਨੇ ਜਦੋਂ ਡੀਨ ਨਾਲ ਗੱਲ ਕੀਤੀ ਤਾਂ ਉਸ ਸੂਰਮੇ ਨੇ ਅੱਗੋਂ ਕੁੜੀਆਂ ਨੂੰ ਗਾਲ੍ਹਾਂ ਕੱਢੀਆਂ ਮਜਬੂਰ ਹੋ ਕੇ ਕੁੜੀਆਂ ਧਰਨੇ ਤੇ ਬੈਠ ਗਈਆਂ ਅਤੇ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ ।
ਇਥੇ ਸੋਚਣਾ ਬਣਦਾ ਕਿ ਇੱਕ ਪਾਸੇ ਅਸੀਂ ਅਤੇ ਸਾਡੀਆਂ ਸਰਕਾਰਾਂ ਕੁੜੀਆਂ ਨੂੰ ਬਰਾਬਰ ਦਾ ਹੱਕਦਾਰ ਮੰਨਦੀਆਂ ਪਰ ਅਸੀਂ ਆਪਣੇ ਆਸੇ ਪਾਸੇ ਅਜਿਹਾ ਮਾਹੌਲ ਹੀ ਨਹੀਂ ਸਿਰਜ ਸਕੇ ਕਿ ਕੁੜੀਆਂ ਨੂੰ ਮਜਬੂਰ ਹੋ ਕੇ ਦੂਰ ਦੁਰਾਡੇ ਪੜ੍ਹਨ ਜਾਣਾ ਹੀ ਨਾ ਪਵੇ। ਹੋਣਾ ਤਾਂ ਇਹ ਚਾਹੀਦਾ ਕਿ ਬੱਚਾ ਸੋਹਣਾ ਆਪਣੇ ਸ਼ਹਿਰ ਪੜ੍ਹਨ ਜਾਵੇ, ਸ਼ਾਮ ਨੂੰ ਘਰ ਆਵੇ, ਪਰਿਵਾਰ ਵਿਚ ਰਹੇ ਖੁੱਲ੍ਹਾ ਖਾਵੇ ਪੀਵੇ। ਦੂਜੇ ਪਾਸੇ ਇਹਨਾਂ ਵੱਡੇ ਸ਼ਹਿਰਾਂ ਅਤੇ ਕਾਲਜਾਂ ਯੂਨੀਵਰਸਿਟੀਆਂ ਨੂੰ ਸੋਚਣਾ ਬਣਦਾ ਕੇ ਜੇ ਕੋਈ ਤੁਹਾਡੇ ਕੋਲ ਪੰਡਾਂ ਭਰ ਭਰ ਪੈਸਿਆਂ ਦੀਆਂ ਲਾਕੇ ਪੜ੍ਹਨ ਆਇਆ ਤਾਂ ਉਸਦੇ ਬਦਲੇ ਉਸਨੂੰ ਸਹੂਲਤਾਂ ਵੀ ਦਿਓ। ਸਗੋਂ ਕੁੜੀਆਂ ਵੱਲ ਤਾਂ ਜਿਆਦਾ ਧਿਆਨ ਦੇਣ ਦੀ ਲੋੜ ਹੈ ਜੋ ਦੂਰੋਂ ਨੇੜਿਉਂ ਐਨੇ ਮੁਸ਼ਕਿਲ ਭਰੇ ਹਲਾਂਤਾਂ ਵਿਚ ਪੜ੍ਹਨ ਆਉਂਦੀਆਂ।
ਉਲਟਾ ਤੁਸੀਂ ਇਹਨਾਂ ਨੂੰ ਗੰਦਾ ਖਾਣਾ ਅਤੇ ਗੰਦਾ ਰਹਿਣ ਸਹਿਣ ਦੇ ਕੇ ਉਨ੍ਹਾਂ ਦੀ ਸਿਹਤ ਅਤੇ ਪੜ੍ਹਾਈ ਨਾਲ ਖਿਲਵਾੜ ਕਰ ਰਹੇ ਹੋ ਜਿਸਦਾ ਜਵਾਬ ਗਾਹੇ ਬਗਾਹੇ ਅੱਜ ਨਹੀਂ ਤਾਂ ਕੱਲ੍ਹ ਦੇਣਾ ਹੀ ਪੈਣਾ। ਇੱਕ ਸਵਾਲ ਸਮਾਜ ਸੇਵੀ ਸੰਸਥਾਵਾਂ, ਸਮਾਜ ਸੁਧਾਰਕਾਂ, ਲੋਕ ਪੱਖੀ ਲੀਡਰਾਂ ਨੂੰ ਕਰਨਾ ਬਣਦਾ ਕਿ ਸਾਨੂੰ ਸਿਰ ਜੋੜ ਕੇ ਇਸ ਪਾਸੇ ਸੋਚਣਾ ਚਾਹੀਦਾ ਕਿਤਾਬੀ ਗੱਲਾਂ ਕਰਨ ਦੀ ਬਜਾਏ ਕੁੜੀਆਂ ਨੂੰ ਬਰਾਬਰੀ ਵਾਲੇ ਹੱਕ ਦਿਵਾਈਏ ਕੁੜੀਆਂ ਲਈ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਾਈ ਦਾ ਖ਼ੁਸ਼ਗਵਾਰ ਮਾਹੌਲ ਸਿਰਜ ਕੇ ਦੇਈਏ ਤਾਂ ਜੋ ਇਹ ਵੀ ਸਮਾਜ ਵਿਚ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਅਤੇ ਪੜ੍ਹ ਲਿਖ ਕੇ ਆਪਣੀ ਅਤੇ ਆਉਣ ਵਾਲੀਆਂ ਨਸਲਾਂ ਦੀ ਜ਼ਿੰਦਗੀ ਵਧੀਆ ਬਣਾਉਣ।
ਸੰਪਰਕ: +61 430850045