ਜਬ ਖ਼ਬਰੇਂ ਨਾਕਾਬਿਲ ਹੋਂ ਤੋ ‘ਸਟਿੰਗ’ ਨਿਕਾਲੋ! -ਵਿਕਰਮ ਸਿੰਘ ਸੰਗਰੂਰ
Posted on:- 14-05-2014
ਭਾਰਤੀ ਟੈਲੀਵਿਜ਼ਨ ਮੀਡੀਆ ਦੇ ਬੋਝੇ ਵਿੱਚ ਜੇਕਰ ਇਸ ਦਾ ਕੁਝ ਨਿਰੋਲ ਆਪਣਾ ਹੈ ਤਾਂ ਉਹ ਹੈ, ਇਹਦਾ ਇਤਿਹਾਸ।ਇਸ ਤੋਂ ਬਿਨਾਂ ਇਸ ਵਿੱਚੋਂ ਜੋ ਬਹੁਤੇ ਮਕਬੂਲ ਹੋਏ ਪ੍ਰੋਗਰਾਮ, ਖੋਜ-ਵਿਧੀਆਂ, ਤਕਨੀਕਾਂ ਅਤੇ ਖ਼ਬਰਾਂ ਦੀ ਪ੍ਰਾਪਤੀ/ਪੇਸ਼ਕਾਰੀ ਆਦਿ ਸੰਬੰਧੀ ਜਿਹੜੇ ਢੰਗ-ਤਰੀਕੇ ਆਦਿ ਹੱਥ ਲੱਗਣਗੇ, ਉਨ੍ਹਾਂ ਦੀ ਜੇ ਕਿਤੇ ਕੋਈ ਖੋਜੀ ਅੱਖ ਭਾਲ਼ ਕਰੇ ਤਾਂ ਪਤਾ ਲੱਗ ਜਾਵੇਗਾ ਕਿ ਇਨ੍ਹਾਂ ਦਾ ਬਹੁਤਾ ਹਿੱਸਾ ਬੇਗ਼ਾਨੇ ਮੁਲਕਾਂ ਦੇ ਮੀਡੀਏ ਦੇ ਢੰਗ-ਤਰੀਕਿਆਂ ਨਾਲ ਹੀ ਮਿਲਦਾ-ਜੁਲਦਾ ਹੈ।ਇਸ ਪੱਖੋਂ, ਭਾਰਤੀ ਮਨੋਰੰਜਨ ਮੀਡੀਆ ਤੋਂ ਬਿਨਾਂ ਜੇ ਨਿੱਜੀ ਮਲਕੀਅਤ ਵਾਲੇ ਨਿਊਜ਼ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਇਹਦਾ ਵੀ ਇੱਕ ਵੱਡਾ ਹਿੱਸਾ ਪੱਤਰਕਾਰੀ ਸੰਬੰਧੀ ਬੇਗ਼ਾਨੇ ਮੁਲਕਾਂ ਦੇ ਢੰਗ-ਤਰੀਕਿਆਂ ਨੂੰ ਆਪਣੇ ਮੁਤਾਬਿਕ ਤਰਾਸ਼ ਕੇ ਵਾਹ-ਵਾਹ ਖੱਟਣ ਵਿੱਚ ਮਾਹਿਰ ਰਿਹਾ ਹੈ।ਭਾਰਤੀ ਨਿਊਜ਼ ਮੀਡੀਆ ਵਿੱਚ ਇਸ ਦਾ ਇੱਕ ਨਮੂਨਾ ਅੱਜ ਤੋਂ ਕਰੀਬ ਤੇਰ੍ਹਾਂ ਵਰ੍ਹੇ ਪਹਿਲਾਂ ਓਦੋਂ ਦੇਖਣ ਨੂੰ ਮਿਲਿਆ, ਜਦੋਂ ਏਥੇ ‘ਸਟਿੰਗ ਓਪਰੇਸ਼ਨ’ ਦਾ ਨਾਂਅ ਉੱਚੀ ਆਵਾਜ਼ ਵਿੱਚ ਗੂੰਜਿਆ।
ਹੋਇਆ ਕੁਝ ਇਸ ਤਰ੍ਹਾਂ ਕਿ ਸਾਲ 2000 ਵਿੱਚ ਤਹਲਕਾ ਨਾਂਅ ਦੇ ਮੈਗਜ਼ੀਨ ਨੇ ਜਦੋਂ ‘ਤਹਲਕਾ ਡਾਟ ਕਾਮ’ ਦੀ ਸੂਰਤ ਵਿੱਚ ਪਹਿਲੀ ਵਾਰ ਆਨਲਾਈਨ ਕੰਪਿਊਟਰ ਸਕਰੀਨ ਉੱਤੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਇਸ ਨੂੰ ਲੋਕਾਂ ਦੀਆਂ ਅੱਖਾਂ ਆਪਣੇ ਵੱਲ ਕਰਨ ਦੀਆਂ ਸੋਚਾਂ ਪੈ ਗਈਆਂ।ਇਹ ਇਸੇ ਸੋਚ ਦਾ ਹੀ ਫ਼ੁਰਨਾ ਆਖਿਆ ਜਾ ਸਕਦਾ ਹੈ ਕਿ ਤਹਲਕਾ ਦੇ ਕੁਝ ਪੱਤਰਕਾਰ ਬ੍ਰਿਟੇਨ ਦੀ ਇੱਕ ਫ਼ਰਜ਼ੀ ਕੰਪਨੀ ਦੇ ਕਾਰਿੰਦੇ (ਏਜੰਟ) ਬਣਕੇ ਉਸ ਸਮੇਂ ਬੀਜੇਪੀ ਦੇ ਨੇਤਾ ਬੰਗਾਰੂ ਲਕਸ਼ਮਣ ਨੂੰ ਹੱਥਿਆਰਾਂ ਦੇ ਵਪਾਰੀ ਵਜੋਂ ਮਿਲੇ।ਇਸ ਤਹਿਤ ਇਨ੍ਹਾਂ ਫ਼ਰਜ਼ੀ ਕਾਰਿੰਦਿਆਂ ਨੇ ਬੰਗਾਰੂ ਲਕਸ਼ਮਣ ਨੂੰ ਫ਼ੌਜ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਯੰਤਰ ‘ਥਰਮਲ ਇਮੇਜਰ’ ਦੀ ਸਪਲਾਈ ਸੰਬੰਧੀ ਸੁਰੱਖਿਆ ਮੰਤਰਾਲਾ ਨੂੰ ਸਿਫ਼ਾਰਸ਼ ਕਰਨ ਵਾਸਤੇ ਇੱਕ ਲੱਖ ਰੁਪਏ ਰਿਸ਼ਵਤ ਦੀ ਪੇਸ਼ਕਸ਼ ਕੀਤੀ।ਇਸ ਮੰਜ਼ਰ ਨੂੰ ਫ਼ਰਜ਼ੀ ਕਾਰਿੰਦਿਆਂ ਦੇ ਮੁਖੌਟੇ ਵਿੱਚ ਲੁੱਕੇ ਤਹਲਕਾ ਦੇ ਪੱਤਰਕਾਰਾਂ ਨੇ ਆਪਣੇ ਖ਼ੁਫ਼ੀਆ ਕੈਮਰੇ ਦੀ ਅੱਖ ਨਾਲ ਕੈਦ ਕਰ ਲਿਆ।ਮਾਰਚ, 2001 ਵਿੱਚ ਤਹਲਕਾ ਦੇ ਇਸ ਖ਼ੁਫ਼ੀਆ ਕੈਮਰੇ ਦੀ ਅੱਖ ਜਦੋਂ ‘ਓਪਰੇਸ਼ਨ ਵੈਸਟਐਂਡ’ ਦੇ ਨਾਂਅ ਨਾਲ ਖੁੱਲ੍ਹੀ ਤਾਂ ਇਸ ਨੇ ਰਾਜਨੀਤੀ ਤੋਂ ਬਿਨਾਂ ਮੀਡੀਆ ਦੀ ਦੁਨੀਆਂ ਵਿੱਚ ਵੀ ਤਹਲਕਾ ਮਚਾ ਦਿੱਤਾ।ਇਸ ਕਾਰਨਾਮੇ ਸਦਕਾ ਤਹਲਕਾ ਦੇ ਜਨਮਦਾਤਾ ਤਰੁਣ ਤੇਜਪਾਲ ਦੀ ਬ੍ਰਿਟੇਨ ਦੇ ਅਖ਼ਬਾਰ ‘ਦਿ ਗਾਰਡੀਅਨ’ ਅਤੇ ਅਮਰੀਕਾ ਦੇ ਹਫ਼ਤਾਵਰੀ ਮੈਗਜ਼ੀਨ ‘ਬਿਜ਼ਨਸਵੀਕ’ ਨੇ ਜਿੱਥੇ ਪਿੱਠ ਝਾਪੜੀ, ਉੱਥੇ ਇਸ ਸਟਿੰਗ ਤੋਂ ਕਰੀਬ ਗਿਆਰਾਂ ਵਰ੍ਹਿਆਂ ਬਾਅਦ ਬੰਗਾਰੂ ਲਕਸ਼ਮਣ ਨੂੰ ਅਦਾਲਤ ਨੇ ਚਾਰ ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ।
ਜਿਸ ਤਰ੍ਹਾਂ ਭਾਰਤੀ ਮਨੋਰੰਜਨ ਟੈਲੀਵਿਜ਼ਨ ਦੀ ਦੁਨੀਆਂ ਵਿੱਚ ‘ਕੌਣ ਬਣੇਗਾ ਕਰੋੜਪਤੀ’ ਦਾ ਵਿਸ਼ਾ ਯੂ.ਕੇ. ਦੇ Who Wants to Be a Millionaire?, ਅਤੇ ‘ਜੱਸੀ ਜੈਸੀ ਕੋਈ ਨਹੀਂ’ ਸੀਰੀਅਲ ਦਾ ਵਿਸ਼ਾ ਕੋਲੰਬੀਅਨ ਡਰਾਮਾ Yo soy Betty, la fea’ (Ugly Betty) ਦਾ ਹੁ-ਬ-ਹੁ ਤਰਜ਼ੁਮਾ ਸਨ, ਉਸੇ ਤਰ੍ਹਾਂ ਬੰਗਾਰੂ ਲਕਸ਼ਮਣ ਦੇ ਸਟਿੰਗ ਓਪਰੇਸ਼ਨ ਵਿੱਚ ਜੋ ਢੰਗ-ਤਰੀਕਾ ਤਹਲਕਾ ਨੇ ਵਰਤਿਆ, ਉਹ ਢੰਗ-ਤਰੀਕਾ ਅਮਰੀਕਾ ਵਿੱਚ ਐੱਫਬੀਆਈ (ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਵੱਲੋਂ 70ਵਿਆਂ ਵਿੱਚ ਕੀਤੇ ਏਬਸਕੇਮ (Abscam) ਨਾਂਅ ਦੇ ਸਟਿੰਗ ਓਪਰੇਸ਼ਨ ਨਾਲ ਕਾਫ਼ੀ ਮਿਲਦਾ-ਜੁਲਦਾ ਸੀ।ਇਸ ਸਟਿੰਗ ਤਹਿਤ ਅਧਿਕਾਰੀਆਂ ਵੱਲੋਂ ਇੱਕ ਫ਼ਰਜ਼ੀ ਸ਼ੇਖ਼ ਦੇ ਰਾਜਨਿਤਕ ਸਮਰਥਨ ਵਾਸਤੇ ਕਾਂਗਰਸ ਦੇ ਮੈਂਬਰਾਂ ਨੂੰ ਵੱਢੀ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ।ਇਸ ਵਾਸਤੇ ਆਪਣੇ ਸ਼ਿਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਐੱਫਬੀਆਈ ਨੇ ਅਬਦੁਲ ਇੰਟਰਪ੍ਰਾਇਜਸ ਨਾਂਅ ਦੀ ਇੱਕ ਫ਼ਰਜ਼ੀ ਕੰਪਨੀ ਵੀ ਬਣਾਈ ਸੀ।
ਬੇਸ਼ੱਕ ਬੰਗਾਰੂ ਲਕਸ਼ਮਣ ਦੇ ਸਟਿੰਗ ਓਪਰੇਸ਼ਨ ਵਿੱਚੋਂ ਕਿਸੇ ਨੇਤਾ ਵੱਲੋਂ ਮੁਲਕ ਦੀ ਸੁਰੱਖਿਆ ਸੰਬੰਧੀ ਸੌਦਾ ਕਰਨ ਦੀ ਸੋਚ ਦਾ ਅਹਿਮ ਖ਼ੁਲਾਸਾ ਹੋਇਆ ਸੀ, ਪਰ ਨਾਲ ਹੀ ਇਸ ਸੰਬੰਧੀ ਭਾਰਤੀ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਇਹ ਸਵਾਲ ਵੀ ਚਰਚਾ ਦਾ ਵਿਸ਼ਾ ਬਣ ਗਿਆ ਕਿ ਕਿਸੇ ਨੂੰ ਧੋਖੇ ਵਿੱਚ ਰੱਖ ਕੇ ਉਸ ਦਾ ਸਟਿੰਗ ਓਪਰੇਸ਼ਨ ਕਰਨਾ ਕੀ ਮੀਡੀਆ ਦੀ ਨੈਤਿਕਤਾ ਹੈ?
ਭਾਵੇਂ ਕਿ ਸਟਿੰਗ ਓਪਰੇਸ਼ਨ ਆਪਣੇ ਢੰਗ-ਤਰੀਕਿਆਂ ਕਰ ਕੇ ਜ਼ਿਆਦਾਤਰ ਕਿੰਤੂ-ਪ੍ਰੰਤੂ ਦਾ ਸ਼ਿਕਾਰ ਹੁੰਦਾ ਰਿਹਾ।ਇਸ ਦੇ ਬਾਵਜੂਦ, ਇਸ ਸਦਕਾ ਕੁਝ ਅਜਿਹੇ ਖ਼ੁਲਾਸੇ ਵੀ ਹੋਏ, ਜਿਨ੍ਹਾਂ ਬਾਬਤ ਕਦੇ ਕਿਆਸਿਆ ਵੀ ਨਹੀਂ ਸੀ ਗਿਆ।ਇਹ ਸਟਿੰਗ ਓਪਰੇਸ਼ਨ ਸਦਕਾ ਹੀ ਸੀ ਕਿ ਸਾਲ 2005 ਵਿੱਚ ਇੰਡੀਆ ਟੀ ਵੀ ਨੇ ਇੱਕ ਮੰਦਿਰ ਦੇ ਪੁਜਾਰੀ ਵੱਲੋਂ ਔਰਤਾਂ ਨਾਲ ਜਬਰਨ ਸਰੀਰਿਕ ਸੰਬੰਧ ਬਣਾਉਣ ਅਤੇ ਫ਼ਿਲਮੀ ਅਦਾਕਾਰ ਸ਼ਕਤੀ ਕਪੂਰ ਵੱਲੋਂ ਫ਼ਿਲਮਾਂ ਵਿੱਚ ਕੰਮ ਕਰਨ ਦੇ ਚਾਅ ਵਿੱਚ ਡੁੱਬੀਆਂ ਨਵੀਆਂ ਕੁੜੀਆਂ ਦਾ ਸਰੀਰਿਕ ਸ਼ੋਸ਼ਣ ਕਰਨ ਦੀਆਂ ਕੋਸ਼ਿਸ਼ਾਂ ਜੱਗ ਜ਼ਾਹਰ ਹੋਈਆਂ।ਇਸੇ ਸਾਲ ਹੀ ਪੈਸਿਆਂ ਬਦਲੇ ਸੰਸਦ ਵਿੱਚ ਸਵਾਲ ਪੁੱਛਣ ਵਾਲੇ ਨੇਤਾਵਾਂ ਦਾ ‘ਓਪਰੇਸ਼ਨ ਦੁਰਯੋਧਨ’ ਅਤੇ ‘ਓਪਰੇਸ਼ਨ ਚੱਕਰਵਿਊ’ ਨਾਂਅ ਦੇ ਸਟਿੰਗ ਓਪਰੇਸ਼ਨ ਨਾਲ ਅਹਿਮ ਪਰਦਾਫ਼ਾਸ਼ ਹੋਇਆ।ਇਹ ਵੀ ਸਟਿੰਗ ਓਪਰੇਸ਼ਨ ਹੀ ਸੀ, ਜੋ ਜਨਵਰੀ 1999 ਵਿੱਚ ਦਿੱਲੀ ਦੇ ਲੋਧੀ ਰੋੜ ਦੁਆਲੇ ਬਿਜ਼ਨਸਮੈਨ ਸੰਜੀਵ ਨੰਦਾ ਦੀ ਬੀ ਐੱਮ ਡਬਲਿਊ ਕਾਰ ਥੱਲੇ ਰਗੜੇ ਗਏ ਛੇ ਵਿਅਕਤੀਆਂ ਵਾਸਤੇ ਇਨਸਾਫ਼ ਦੀ ਕਿਰਨ ਬਣਿਆ।ਇਸ ਸੰਬੰਧੀ ਸਾਲ 2007 ਵਿੱਚ ਐੱਨ ਡੀ ਟੀ ਵੀ ਚੈਨਲ ਵੱਲੋਂ ਕੀਤਾ ਇੱਕ ਅਜਿਹਾ ਸਟਿੰਗ ਸੁਣਨ ਨੂੰ ਮਿਲਿਆ, ਜਿਸ ਵਿੱਚ ਇਸ ਮਾਮਲੇ ਦੇ ਦੋਸ਼ੀ ਅਤੇ ਉਸ ਦੇ ਵਕੀਲ ਵੱਲੋਂ ਗਵਾਹ ਉੱਤੇ ਦੋਸ਼ੀ ਦੇ ਪੱਖ ਵਿੱਚ ਗਵਾਹੀ ਦੇਣ ਵਾਸਤੇ ਦਬਾਓ ਪਾਇਆ ਜਾ ਰਿਹਾ ਸੀ।ਇਨ੍ਹਾਂ ਤੋਂ ਬਿਨਾਂ ਫ਼ੌਜ ਵਿੱਚ ਚਲਦੀ ਰਿਸ਼ਵਤ ਸੰਬੰਧੀ ਚੈਨਲ ਆਜ ਤਕ ਦਾ ‘ਓਪਰੇਸ਼ਨ ਜੈ ਜਵਾਨ’, ਗੁਜਰਾਤ ਦੰਗਿਆਂ ਸੰਬੰਧੀ ਤਹਲਕਾ ਮੈਗਜ਼ੀਨ ਦਾ ‘ਓਪਰੇਸ਼ਨ ਕਲੰਕ’, ਓਪੀਨੀਅਨ ਪੋਲ ਏਜੰਸੀਆਂ ਸੰਬੰਧੀ ਚੈਨਲ ਨਿਊਜ਼ ਐਕਸਪ੍ਰੈੱਸ ਦਾ ‘ਓਪਰੇਸ਼ਨ ਪ੍ਰਾਈਮ ਮਨੀਸਟਰ’, ਨਿੱਜੀ ਬੈਂਕਾ ਵੱਲੋਂ ਕਾਲ਼ਾ ਧਨ ਚਿੱਟਾ ਕਰਨ ਸੰਬੰਧੀ ਕੋਬਰਾ ਪੋਸਟ ਦਾ ‘ਓਪਰੇਸ਼ਨ ਰੈਡ ਸਪਾਈਡਰ’ ਅਤੇ ਹੁਣ 1984 ਦਿੱਲੀ ਸਿੱਖ ਕਤਲੇਆਮ ਸੰਬੰਧੀ ਆਦਿ ਭਾਰਤੀ ਨਿਊਜ਼ ਮੀਡੀਆ ਦੇ ਕੁਝ ਚਰਚਿਤ ਸਟਿੰਗ ਓਪਰੇਸ਼ਨ ਰਹੇ ਹਨ।
ਸਟਿੰਗ ਓਪਰੇਸ਼ਨ ਜੋ ਕਿ ਛੇਤੀ ਹੀ ਭਾਰਤੀ ਨਿਊਜ਼ ਮੀਡੀਆ ਦੀ ਦੁਨੀਆਂ ਦਾ ਸਭ ਤੋਂ ਵੱਧ ਚਰਚਿਤ ਸ਼ਬਦ ਬਣ ਗਿਆ, ਉਸ ਨੂੰ ਇਸੇ ਮੀਡੀਆ ਦੇ ਵੱਡੇ ਹਿੱਸੇ ਦੀ ਭੇੜ-ਚਾਲ ਅਤੇ ਵੱਧ ਤੋਂ ਵੱਧ ਦਰਸ਼ਕਾਂ ਦੀਆਂ ਅੱਖਾਂ ਨੂੰ ਆਪਣੇ ਵੱਲ ਖਿੱਚਣ ਦੀ ਸੋਚ ਨੇ ‘ਸਕੂਪ’(ਜੋ ਜਾਣਕਾਰੀ ਕਿਸੇ ਹੋਰ ਮਾਧਿਅਮ ਕੋਲ ਨਾ ਹੋਵੇ) ਅਤੇ ‘ਬ੍ਰੇਕਿੰਗ ਨਿਊਜ਼’ ਆਦਿ ਸ਼ਬਦਾਂ ਵਾਂਗ ਛੇਤੀ ਹੀ ਆਮ ਕਰ ਦਿੱਤਾ। ਸਿੱਟੇ ਵਜੋਂ ਓਹੀ ਹੋਇਆ, ਜਿਹਦਾ ਡਰ ਸੀ।ਜਿਸ ਸਟਿੰਗ ਓਪਰੇਸ਼ਨ ਨੂੰ ਚਿੱਟੇ ਕੱਪੜਿਆਂ ਹੇਠ ਕਾਲ਼ੇ-ਕਾਰਨਾਮੇਂ ਕਰਨ ਵਾਲਿਆਂ ਦੀਆਂ ਕਰਤੁਤਾਂ ਜੱਗ ਜ਼ਾਹਰ ਕਰਨ ਅਤੇ ਕੁਝ ਹੈਰਾਨ ਕਰ ਦੇਣ ਵਾਲੇ ਪਰ ਲੋਕ ਹਿੱਤ ਵਾਲ਼ੇ ਸੱਚ ਦੀ ਪੇਸ਼ਕਾਰੀ ਸਮਝਿਆ ਜਾਂਦਾ ਸੀ, ਉਸ ਨਾਲ ਕਈ ਵਾਰ ਜਾਣ-ਬੁਝ ਕੇ ਕੁਝ ਕੁ ਚੈਨਲਾਂ ਵੱਲੋਂ ਅਜਿਹੇ ਪ੍ਰਯੋਗ ਵੀ ਕੀਤੇ ਗਏ, ਜਿਨ੍ਹਾਂ ਇਸ ਵਿਧੀ ਦਾ ਨਾਂਅ ਮਿੱਟੀ ਵਿੱਚ ਰੋਲਣ ਦਾ ਕੰਮ ਕੀਤਾ।ਅਗਸਤ 2007 ਵਿੱਚ ‘ਲਾਈਵ ਇੰਡੀਆ’ ਟੀ ਵੀ ਚੈਨਲ ਨੇ ਕੁਝ ਅਜਿਹਾ ਹੀ ਕੀਤਾ।ਚੈਨਲ ਵੱਲੋਂ ਦਿੱਲੀ ਦੇ ਇੱਕ ਸਕੂਲ ਵਿੱਚ ਕਿਸੇ ਅਧਿਆਪਕਾ ਵਿਰੁੱਧ ਵਿਦਿਆਰਥਣ ਦੀ ਜ਼ਬਰਨ ਅਸ਼ਲੀਲ ਫ਼ਿੳਮਪ;ਲਮ ਬਣਾਉਣ ਦਾ ਦਾਅਵਾ ਕੀਤਾ ਗਿਆ।ਜਿਸ ਕਰਕੇ ਅਧਿਆਪਕਾ ਨੂੰ ਪੁਲਿਸ ਨੇ ਜਿੱਥੇ ਗ੍ਰਿਫ਼ੳਮਪ;ਤਾਰ ਕੀਤਾ, ਉੱਥੇ ਸਿੱਖਿਆ ਵਿਭਾਗ ਨੇ ਉਸ ਨੂੰ ਨੌਕਰੀ ਵਿੱਚੋਂ ਵੀ ਬਰਖ਼ਾਸਤ ਕਰ ਦਿੱਤਾ।ਬਾਅਦ ਵਿੱਚ ਪੁਲਿਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਟਿੰਗ ਓਪਰੇਸ਼ਨ ਵਿੱਚ ਦਿਖਾਈ ਗਈ ਵਿਦਿਆਰਥਣ, ਵਿਦਿਆਰਥਣ ਨਹੀਂ ਸਗੋਂ ਇੱਕ ਪੱਤਰਕਾਰ ਹੈ।ਅਧਿਆਪਕਾ ਨੂੰ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਝੂਠੇ ਸਟਿੰਗ ਵਿੱਚ ਫਸਾਇਆ ਗਿਆ, ਜੋ ਸਾਰੀ ਉਮਰ ਵਾਸਤੇ ਪੀੜਤ ਲਈ ਇੱਕ ਅਲ੍ਹਾ ਜ਼ਖ਼ਮ ਬਣ ਗਿਆ।ਇਸ ਮਾਮਲੇ ਵਿੱਚ ਜਿੱਥੇ ਸੰਬੰਧਤ ਪੱਤਰਕਾਰ ਗ੍ਰਿਫ਼ੳਮਪ;ਤਾਰ ਹੋਏ, ਉੱਥੇ ਟੈਲੀਵਿਜ਼ਨ ਪਰਦੇ ਤੋਂ ‘ਲਾਈਵ ਇੰਡੀਆ’ ਚੈਨਲ ਨੂੰ ਇੱਕ ਮਹੀਨੇ ਵਾਸਤੇ ਸੱਖਣਾ ਕਰ ਦਿੱਤਾ ਗਿਆ।ਭਾਰਤ ਤੋਂ ਬਿਨਾਂ ਹੋਰਾਂ ਮੁਲਕਾਂ ਦੇ ਨਿਊਜ਼ ਮੀਡੀਆ ਨੇ ਵੀ ਇਸ ਕਲਾ ਵਿੱਚ ਹੱਥ ਅਜ਼ਮਾਈ ਕੀਤੀ ਅਤੇ ਕਈਆਂ ਨੂੰ ਤਾਂ ਮੂੰਹ ਦੀ ਵੀ ਖਾਣੀ ਪਈ।ਇਸ ਤਹਿਤ ਜਿੱਥੇ ਅਗਸਤ 2010 ਵਿੱਚ ਯੂ.ਕੇ. ਦੇ ‘ਨਿਊਜ਼ ਆਫ਼ੳਮਪ; ਦਿ ਵਰਡ’ ਨੇ ਪਾਕਿਸਤਾਨ ਕ੍ਰਿਕੇਟ ਖਿਡਾਰੀਆਂ ਦਾ ‘ਸਪਾਟ ਫਿਕਸਿੰਗ’ ਮਾਮਲਾ ਸਾਹਮਣੇ ਲਿਆ ਕੇ ਖ਼ੂਬ ਚਰਚਾ ਬਟੋਰੀ, ਉੱਥੇ ਸਾਲ 2011 ਵਿੱਚ ਇਸੇ ਹਫ਼ਤਾਵਰੀ ਅਖ਼ਬਾਰ ਉੱਤੇ ਜਦੋਂ ਲੋਕਾਂ ਦੇ ਫ਼ੋਨ ਰਿਕਾਰਡ ਕਰਨ ਦਾ ਮਾਮਲਾ ਸਾਹਮਣੇ ਆਇਆ ਤਾਂ ਇਸ ਨਮੋਸ਼ੀ ਵਿੱਚ 168 ਸਾਲਾਂ ਪੁਰਾਣਾ ਇਹ ਅਖ਼ਬਾਰ ਸਦਾ ਲਈ ਦਮ ਤੋੜ ਗਿਆ।
ਨਿਊਜ਼ ਮੀਡੀਆ ਵਿੱਚ ਸਟਿੰਗ ਓਪਰੇਸ਼ਨ ਕਿਸੇ ਖ਼ਾਸ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਅਜਿਹਾ ਜ਼ਰੀਆ ਹੈ, ਜਿਸ ਤਹਿਤ ਨਿਰਧਾਰਤ ਮੰਤਵ ਦੀ ਪ੍ਰਾਪਤੀ ਲਈ ਅਗੇਤੀ ਯੋਜਨਾਬੱਧ ਵਿਉਂਤ ਅਨੁਸਾਰ, ਜ਼ਿਆਦਾਤਰ ਆਧੁਨਿਕ ਸੁਖ਼ਮ ਯੰਤਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।ਮੂਲ ਰੂਪ ਵਿੱਚ ‘ਸਟਿੰਗ’ ਸ਼ਬਦ ਅਮਰੀਕਾ ਦੀ ਦੇਣ ਹੈ। ਇਸ ਦਾ ਇਸਤੇਮਾਲ ਉੱਥੋਂ ਦੀ ਪੁਲਿਸ ਵੱਲੋਂ ਚੋਰਾਂ ਅਤੇ ਗੁਨਾਹਗਾਰਾਂ ਆਦਿ ਨੂੰ ਆਪਣੇ ਸ਼ਿਕੰਜੇ ਵਿੱਚ ਫੜਨ ਲਈ ਪਹਿਲਾਂ ਤੋਂ ਤਿਆਰ ਕੀਤੀ ਵਿਉਂਤ ਵਜੋਂ ਕੀਤਾ ਜਾਂਦਾ ਸੀ।ਇਸ ਤਹਿਤ ਅਮਰੀਕਾ ਪੁਲਿਸ ਨੇ ‘ਕਾਪਸ ਇੰਨ ਸ਼ਾਪਸ’ (ਛੋਪਸ ਨਿ ਸ਼ਹੋਪਸ) ਜੇਹੇ ਅਹਿਮ ਸਮਾਜ-ਪੱਖੀ ਸਟਿੰਗ ਕੀਤੇ।ਭਾਰਤੀ ਨਿਊਜ਼ ਮੀਡੀਆ ਨੇ ਅਮਰੀਕਾ ਪੁਲਿਸ ਦੀ ਸਟਿੰਗ ਕਲਾ ਤਾਂ ਸਿੱਖ ਲਈ, ਪਰ ਇਸ ਸੰਬੰਧੀ ਇਹ ਉਨ੍ਹਾਂ ਨਿਯਮਾਂ ’ਤੇ ਝਾਤ ਪਾਉਣੀ ਭੁੱਲ ਗਿਆ, ਜੋ ਉੱਥੇ ਇਸ ਵਾਸਤੇ ਘੜੇ ਗਏ ਸਨ। ਮੌਜੂਦਾ ਸਮੇਂ ਭਾਰਤ ਵਿੱਚ ਸਟਿੰਗ ਓਪਰੇਸ਼ਨ ਤੋਂ ਪੀੜਤ ਵਿਅਕਤੀ ਸਿਰਫ਼ ਮਾਨਹਾਨੀ, ਆਈਪੀਸੀ ਅਤੇ ਨਿੱਜਤਾ ਦੇ ਅਧਿਕਾਰ ਆਦਿ ਤਹਿਤ ਆਮ ਤਰੀਕੇ ਨਾਲ ਅਦਾਲਤ ਅੱਗੇ ਫ਼ੳਮਪ;ਰਿਆਦ ਕਰ ਸਕਦਾ ਹੈ।ਪੀੜਤ ਦੀ ਇਹ ਫ਼ਰਿਆਦ ਵੀ ਤਾਂ ਹੀ ਕਾਰਗਰ ਸਿੱਧ ਹੋ ਸਕਦੀ ਹੈ, ਜੇਕਰ ਉਹ ਇਹ ਸਾਬਿਤ ਕਰ ਸਕੇ ਕਿ ਉਸ ਦੇ ਨਿੱਜੀ ਕਾਰਜਾਂ ਸਦਕਾ ਦੇਸ਼, ਸਮਾਜ ਜਾਂ ਕਾਨੂੰਨ ਵਿਵਸਥਾ ਆਦਿ ਪ੍ਰਭਾਵਿਤ ਨਹੀਂ ਹੋਈ ਹੈ।
ਭਾਰਤੀ ਨਿਊਜ਼ ਮੀਡੀਆ ਵਿੱਚ ਸਟਿੰਗ ਓਪਰੇਸ਼ਨ ਨੂੰ ਜ਼ਿਆਦਾਤਰ ਖੋਜੀ ਪੱਤਰਕਾਰੀ ਵਜੋਂ ਹੀ ਚਿੱਤਰਿਆ ਜਾਂਦਾ ਹੈ, ਜਦੋਂ ਕਿ ਖੋਜੀ ਪੱਤਰਕਾਰੀ ਵਿਚਲਾ ਕਾਰਜ ਲੋਕ-ਹਿੱਤ, ਖੋਜ-ਵਿਧੀ, ਤੱਥਾਂ ਦੀ ਸੱਚਾਈ, ਕਾਨੂੰਨ ਵਿਵਸਥਾ ਆਦਿ ਮੀਡੀਆ ਦੇ ਨੈਤਿਕ ਨਿਯਮਾਂ ਪੱਖੋਂ ਸੁਚੇਤ ਹੁੰਦਾ ਹੈ।ਜੇਕਰ ਕੋਈ ਸਟਿੰਗ ਓਪਰੇਸ਼ਨ ਖੋਜੀ ਪੱਤਰਕਾਰੀ ਸੰਬੰਧੀ ਨੈਤਿਕ ਨਿਯਮਾਂ ਉੱਤੇ ਖਰਾ ਉੱਤਰਦਾ ਹੋਵੇ ਤਾਂ ਉਸ ਨੂੰ ਖੋਜੀ ਪੱਤਰਕਾਰੀ ਦਾ ਹਿੱਸਾ ਮੰਨਿਆ ਜਾ ਸਕਦਾ ਹੈ।ਦੂਜੇ ਪਾਸੇ ਟੀਆਰਪੀ, ਵਿਜ਼ਟਰ ਰੇਟਿੰਗ ਜਾਂ ਪਾਠਕ ਸੰਖਿਆ ਦੇ ਵਾਧੇ ਲਈ ਆਮ ਲੋਕ-ਪੱਖੀ ਖ਼ਬਰਾਂ ਨੂੰ ਨਾਕਾਬਿਲ ਸਮਝ ਕੇ ਜੇਕਰ ਮੀਡੀਆ ਦੇ ਨੈਤਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਸਟਿੰਗ ਕੀਤਾ ਜਾਵੇ, ਤਾਂ ਉਸ ਨੂੰ ਖੋਜੀ ਪੱਤਰਕਾਰੀ ਦਾ ਨਾਮ ਦੇਣਾ, ਖੋਜੀ ਪੱਤਰਕਾਰੀ ਦਾ ਨਾਂਅ ਮਲੀਨ ਕਰਨ ਵਾਲੀ ਹੀ ਗੱਲ ਹੋਵੇਗੀ।ਮੀਡੀਆ ਦੀ ਇਸ ਨਵੇਕਲੀ ਕਿਸਮ ਦੀ ਖੋਜੀ ਪੱਤਰਕਾਰੀ ਦਾ ਰਾਹ ਆਧੁਨਿਕ ਅਤੇ ਸਸਤੀ ਤਕਨਾਲੋਜੀ ਨੇ ਹੋਰ ਵੀ ਪੱਧਰਾ ਕਰ ਦਿੱਤਾ ਹੈ।ਜਿਸ ਕਰਕੇ ਸ਼ੁੱਧ ਖੋਜੀ ਪੱਤਰਕਾਰੀ ਦੀਆਂ ਉਦਾਹਰਣਾਂ ਦਾ ਮੀਡੀਆ ਅਧਿਐਨ ਦੀ ਦੁਨੀਆਂ ਵਿੱਚ ਕਾਲ ਪੈਣਾ ਸ਼ੁਰੂ ਹੋ ਗਿਆ ਹੈ।ਗੱਲ ਕੀ ਨਿਊਜ਼ ਮੀਡੀਆ ਦੇ ਇਸ ਨਵੇਕਲੇ ਢੰਗ ਨੇ ਖੋਜੀ ਪੱਤਰਕਾਰ ਦੀ ਮਿਹਨਤ ਨੂੰ ਠੀਕ ਉਸੇ ਤਰ੍ਹਾਂ ਸੱਟ ਵੀ ਮਾਰੀ ਹੈ, ਜਿਸ ਤਰ੍ਹਾਂ ਪ੍ਰੈੱਸ ਨੋਟ ਆਦਿ ਦੀ ਲੱਤ ਨੇ ਸਾਰੇ ਤਾਂ ਨਹੀਂ, ਪਰ ਬਹੁਤੇ ਪੱਤਰਕਾਰਾਂ ਦੀ ਕਲਮ ਨੂੰ ਜੇਬ ਦਾ ਸ਼ਿੰਗਾਰ ਬਣਾ ਕੇ ਰੱਖ ਦਿੱਤਾ ਹੈ।
ਭਾਵੇਂ ਕੇ ਕੁਝ ਕੁ ਮਾਮਲਿਆਂ ਨੂੰ ਛੱਡ ਕੇ ਭਾਰਤੀ ਨਿਊਜ਼ ਮੀਡੀਆ ਵੱਲੋਂ ਬੇਗਾਨੇ ਮੁਲਕ ਤੋਂ ਸਿੱਖੀ ਸਟਿੰਗ ਦੀ ਏਸ ਕਲਾ ਨੇ ਕਈ ਅਹਿਮ ਖੁਲਾਸੇ ਕੀਤੇ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਬਿਨਾਂ ਕਿਸੇ ਲਗਾਮ ਤੋਂ ਪੁਲਿਸ ਦੇ ਕਾਰਜ (ਸਟਿੰਗ ਓਪਰੇਸ਼ਨ) ਅਤੇ ਇਸ ਤੋਂ ਵੀ ਅਗਾਂਹ ਅਦਾਲਤ ਦੇ ਕਾਰਜ (ਟਰੈਲ ਬਾਏ ਮੀਡੀਆ) ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਚੁੱਕ ਲਵੇ।ਇਹ ਤਾਂ ਮੀਡੀਆ ਆਲੋਚਕਾਂ ਦੇ ਇੱਕ ਹਿੱਸੇ ਦੀ ਅਜਿਹੀ ਬਹਿਸ ਦਾ ਵਿਸ਼ਾ ਹੈ, ਜੋ ਹੁਣ ਮੀਡੀਆ ਆਲੋਚਕਾਂ ਦੇ ਵਿਹੜੇ ਵਿੱਚੋਂ ਨਿਕਲ ਕੇ ਅਦਾਲਤ ਦੇ ਦਰਵਾਜ਼ੇ ਤੱਕ ਅੱਪੜ ਚੁੱਕੀ ਹੈ।ਇਸ ਸੰਬੰਧੀ ਕੀ ਦਿਸ਼ਾ-ਨਿਰਦੇਸ਼ ਹੋਣੇ ਚਾਹੀਦੇ ਹਨ ਜਾਂ ਫਿਰ ਨਹੀਂ ਹੋਣੇ ਚਾਹੀਦੇ? ਇਸ ਸਵਾਲ ਦਾ ਜਵਾਬ ਮਿਲਣ ਵਿੱਚ ਤਾਂ ਸ਼ਾਇਦ ਹਾਲੇ ਹੋਰ ਵੀ ਦੇਰੀ ਹੋ ਸਕਦੀ ਹੈ, ਪਰ ਇਸ ਸਵਾਲ ਦਾ ਜਵਾਬ ਸਟਿੰਗ ਓਪਰੇਸ਼ਨ ਕਰਨ ਵਾਲੀ ਸੋਚ ਨੂੰ ਛੇਤੀ ਤੋਂ ਛੇਤੀ ਸੋਚਣਾ ਚਾਹੀਦਾ ਹੈ ਕਿ ਜੋ ਉਹ ਕਰਨ ਜਾ ਰਹੀ ਹੈ ਕੀ ਉਹ ਲੋਕ ਹਿੱਤ ਵਿੱਚ ਹੈ ਜਾਂ ਫਿਰ ਇਸ ਨਾਲ ਕੋਈ ਬੇਗੁਨਾਹ ਤਾਂ ਗੁਨਾਹਗਾਰ ਨਹੀਂ ਬਣ ਜਾਵੇਗਾ?