ਆਪਣੀ ਜ਼ਿੰਮੇਵਾਰੀ ਤੋਂ ਭਟਕਿਆ ਹਿੰਦੂ ਸੰਤ ਸਮਾਜ - ਗੁਰਪ੍ਰੀਤ ਸਿੰਘ ਖੋਖਰ
Posted on:- 04-05-2014
ਇਸ ਨੂੰ ਸਿਰਫ ਇੱਕ ਆਮ ਗੱਲ ਮੰਨ ਕੇ ਖਾਰਜ ਨਹੀਂ ਕੀਤਾ ਜਾ ਸਕਦਾ ਕਿ ਦੇਸ਼ ਦੇ ਹਿੰਦੂਆਂ ਨੂੰ ਆਉਂਦੇ 20 ਸਾਲਾਂ ’ਚ ਮੁਸਲਮਾਨਾਂ ਦੇ ਮੁਕਾਬਲੇ ਘੱਟ ਗਿਣਤੀ ਹੋਣ ਦਾ ਡਰ ਦਿਖਾ ਕੇ ਦੋ ਦੀ ਥਾਂ ਪੰਜ ਬੱਚੇ ਪੈਦਾ ਕਰਨ ਦੀ ਸਲਾਹ ਦੇਣ ਤੋਂ ਬਾਅਦ (ਦੇਸ਼ ’ਚ ਘੱਟ ਗਿਣਤੀ ਹੋਣ ਦੇ ਖਤਰੇ ਤੇ ਇਸ ਦੇ ਪਿੱਛੇ ਦਾ ਪਾਲੀਟੀਕਲ ਮਾਈਂਡਸੈੱਟ) , ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਨਵੀਨਰ ਅਸ਼ੋਕ ਸਿੰਘਲ ਇਨੀਂ ਦਿਨੀਂ ਦੇਸ਼ ਦੇ ਦੌਰੇ ’ਤੇ ਹਨ, ਜਿਸ ਦੌਰਾਨ ਕੱਟੜ ਹਿੰਦੂਵਾਦ ਦੇ ਚਿਹਰੇ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਹਿੰਦੂ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਤੇ ਸੰਤਾਂ ਨੂੰ ਚੋਣ ਪ੍ਰਚਾਰ ਲਈ ਅੱਗੇ ਲਿਆਉਣ ਦੀ ਜੀਅਤੋੜ ਕੋਸ਼ਿਸ ਕੀਤੀ ਜਾ ਰਹੀ ਹੈ ਤਾਂ ਕਿ ਮੋਦੀ ਦੀ ਰਾਹ ਨੂੰ ਆਸਾਨ ਬਣਾਇਆ ਜਾ ਸਕੇ।
ਕੁਝ ਦਿਨ ਪਹਿਲਾਂ ਖ਼ਬਰਾਂ ਆਈਆਂ ਹਨ ਕਿ ਅਸ਼ੋਕ ਸਿੰਘਲ ਮੋਦੀ ਦੇ ਪੱਖ ’ਚ ਦੇਸ਼ ਅੰਦਰ ਇੱਕ ਚੋਣਾਵੀ ਲਹਿਰ ਦਾ ਨਿਰਮਾਣ ਕਰਨ ਲਈ ਧਾਰਮਿਕ ਸੰਤਾਂ ਦਾ ਸਹਾਰਾ ਲੈਣ ਜਾ ਰਹੇ ਹਨ । ਇਸ ਪਿੱਛੇ ਉਨਾਂ ਦਾ ਤਰਕ ਸੀ ਕਿ ਇਸ ਸਮੇਂ ਦੇਸ਼ ਦਾ ਰਾਸ਼ਟਰਵਾਦ ਖਤਰੇ ’ਚ ਹੈ ਤੇ ਕਈ ਤਾਕਤਾਂ ਰਾਸ਼ਟਰਵਾਦੀਆਂ ਨੂੰ ਕੁਚਲਣ ’ਚ ਲੱਗੀਆਂ ਹੋਈਆਂ ਹਨ । ਹੁਣ ਖ਼ਬਰਾਂ ਇਹ ਵੀ ਹਨ ਕਿ ਉੱਤਰਾਖੰਡ ਦੇ ਸੰਤ ਸਵਾਮੀ ਸੱਤਿਆਮਿੱਤਰਾਨੰਦ ਗਿਰੀ ਨੇ ਅਸ਼ੋਕ ਸਿੰਘਲ ਦਾ ਪ੍ਰਸਤਾਵ ਮਨਜ਼ੂਰ ਕਰ ਲਿਆ ਹੈ ਤੇ ਜਲਦ ਹੀ 15 ਹਜ਼ਾਰ ਸੰਤ ਮੋਦੀ ਦੇ ਪੱਖ ’ਚ ਪੂਰੇ ਦੇਸ਼ ’ਚ ਚੋਣ ਪ੍ਰਚਾਰ ਕਰਨ ਲਈ ਨਿੱਕਲਣਗੇ।
ਗੌਰ ਕਰਨ ਵਾਲੀ ਗੱਲ ਹੈ ਕਿ ਸਵਾਮੀ ਗਿਰੀ ਨੇ ਨਰਿੰਦਰ ਮੋਦੀ ਨੂੰ ਸਮਰਥਨ ਦੇਣ ਦੇ ਜੋ ਕਾਰਨ ਗਿਣਾਏ ਹਨ, ਉਨਾਂ ’ਚ ਪਿਛਲੇ ਦਸ ਸਾਲਾਂ ’ਚ ਬੇਤਹਾਸ਼ਾ ਮਹਿੰਗਾਈ ਵਧਣ ਤੇ ਔਰਤਾਂ ਦੇ ਅਪਮਾਨ ਹੋਣ ਜਿਹੇ ਕਾਰਨ ਪ੍ਰਮੁੱਖ ਹਨ। ਉਨਾਂ ਦਾ ਕਹਿਣਾ ਹੈ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣੇ ਬਿਨਾਂ ਹੁਣ ਇਸ ਮੁਲਕ ’ਚ ਹਿੰਦੂ ਧਰਮ ’ਤੇ ਮੰਡਰਾ ਰਹੇ ਖ਼ਤਰਿਆਂ ਨੂੰ ਕੋਈ ਦੂਰ ਨਹੀਂ ਕਰ ਸਕੇਗਾ । ਉਂਝ ਵੀ , ਦੇਸ਼ ਦੇ ਇੱਕ ਨਾਗਰਿਕ ਵਜੋਂ ਨਰਿੰਦਰ ਮੋਦੀ ਸਮੇਤ ਕਿਸੇ ਵੀ ਨੇਤਾ ਜਾਂ ਪਾਰਟੀ ਦੇ ਚੋਣ ਪ੍ਰਚਾਰ ’ਚ ਹਿੰਦੂ ਸੰਤ ਸਮਾਜ ਦਾ ਅੱਗੇ ਆਉਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ ਤੇ ਇੱਕ ਨਾਗਰਿਕ ਵਜੋਂ ਉਨਾਂ ਨੂੰ ਵੀ ਆਪਣੇ ਵਿਚਾਰ ਤੇ ਸਿਆਸੀ ਮੁਖੀ ਚੁਣਨ ਦੀ ਆਜ਼ਾਦੀ ਇਸ ਲੋਕਤੰਤਰ ’ਚ ਹਾਸਿਲ ਹੈ ਪਰ ਮੋਦੀ ਦੇ ਚੋਣ ਪ੍ਰਚਾਰ ’ਚ ਹਿੱਸਾ ਲੈਣ ਤੋਂ ਪਹਿਲਾਂ ਉਨਾਂ ਨੂੰ ਸਮਾਜ ’ਚ ਉੱਠ ਰਹੇ ਕੁੱਝ ਸਵਾਲਾਂ ਦੇ ਜਵਾਬ ਦੇਸ਼ ਦੀ ਜਨਤਾ ਨੂੰ ਦੇਣੇ ਚਾਹੀਦੇ ਹਨ।
ਵੱਡਾ ਸਵਾਲ ਇਹ ਹੈ ਕਿ ਕੀ ਦੇਸ਼ ਦਾ ਸੰਤ ਸਮਾਜ, ਸਮਾਜ ਤੇ ਦੇਸ਼ ਪ੍ਰਤੀ ਆਪਣੀਆਂ ਨੈਤਿਕ ਜਿੰਮੇਵਾਰੀਆਂ ਨੂੰ ਸਮਝਦਾ ਹੈ? ਕੀ ਉਹ ਇਸ ਸਮਾਜ ਨੂੰ ਧਾਰਮਿਕ ਤੇ ਸਮਾਜਿਕ ਉੱਨਤੀ ਦੀ ਕੋਈ ਸਾਰਥਿਕ ਦਿਸ਼ਾ ਦਿਖਾ ਰਿਹਾ ਹੈ? ਕੀ ਉਹ ਸਮਾਜ ਨੂੰ ਧਾਰਮਿਕ ਪ੍ਰਗਤੀ ਦੀ ਰਾਹ ’ਤੇ ਲੈ ਜਾਣ ਨੂੰ ਤਿਆਰ ਖੜਾ ਦਿਸ ਰਿਹਾ ਹੈ? ਹਿੰਦੂ ਧਰਮ ਦਾ ਇੱਕ ਸੰਤ ਹੋਣ ਦੇ ਨਾਤੇ ਉਨਾਂ ਤੋਂ ਹਿੰਦੂ ਸਮਾਜ ਨੂੰ ਜੋ ਉਮੀਦਾਂ ਸਨ, ਉਹ ਕਿੰਨੀ ਇਮਾਨਦਾਰੀ ਨਾਲ ਪੂਰਾ ਕਰ ਰਹੇ ਹਨ? ਕੀ ਸੰਤ ਸਮਾਜ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਦਿਆਂ ਸਮਾਜ ਤੇ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਨ ਲਈ ਗੰਭੀਰਤਾ ਨਾਲ ਜਵਾਬਦੇਹ ਹੈ? ਜਦੋਂ ਅਸੀਂ ਆਪਣੇ ਅਧਿਕਾਰਾਂ ਦੀ ਮੰਗ ਕਰਦੇ ਹਾਂ, ਤਾਂ ਸਮਾਜ ਸਾਥੋਂ ਆਪਣੇ ਕਰਤੱਵ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਉਮੀਦ ਵੀ ਕਰਦਾ ਹੈ ਤੇ ਇਸ ਆਧਾਰ ’ਤੇ ਸੰਤ ਸਮਾਜ ਪੂਰੀ ਤਰਾਂ ਅਸਫ਼ਲ ਰਿਹਾ ਹੈ? ਆਖਰ 25 ਸਾਲਾਂ ’ਚ ਸਮਾਜ ਦੀ ਅਧਿਆਤਮਿਕ ਉੱਨਤੀ ਲਈ ਕਿਹੜੇ -ਕਿਹੜੇ ਯਤਨ ਕੀਤੇ ਗਏ? ਇਸ ’ਤੇ ਸਮੂਹਿਕ ਤੌਰ ’ਤੇ ਸੰਤ ਸਮਾਜ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈੇ।
ਰਹੀ ਗੱਲ ਮਹਿੰਗਾਈ ਦੀ, ਤਾਂ ਸੰਤ ਸਮਾਜ ਨੇ ਚੋਣਾਂ ਤੋਂ ਪਹਿਲਾਂ ਆਪਣੀ ਚਿੰਤਾ ਜਨਤਕ ਕਰਦਿਆਂ ਦੇਸ਼ ਦੀ ਜਨਤਾ ਦੇ ਸੱਚੇ ਹਿੱਤ ਚਿੰਤਕ ਵਜੋਂ ਕੋਈ ਵਿਰੋਧ ਮਾਰਚ ਤੱਕ ਆਖਰ ਕਿਉਂ ਨਹੀਂ ਕੱਢਿਆ? ਜਿੱਥੋਂ ਤੱਕ ਸਵਾਮੀ ਸੱਤਿਆਮਿੱਤਰਾਨੰਦ ਗਿਰੀ ਵੱਲੋਂ ਔਰਤਾਂ ਦੇ ਅਪਮਾਨ ਦੀ ਗੱਲ ਹੈ, ਕਈ ਸੰਤ ਤੇ ਮਹਾਤਮਾ ਖੁਦ ਹੀ ਔਰਤਾਂ ਦੇ ਅਪਮਾਨ ’ਚ ਇਨੀਂ ਦਿਨੀਂ ਗਿ੍ਰਫਤਾਰ ਕੀਤੇ ਜਾ ਚੁੱਕੇ ਹਨ। ਮੰਦਿਰ ਅੰਦੋਲਨ ਤੋਂ ਬਾਅਦ ਸੰਤ ਤੋਂ ਸਾਂਸਦ ਬਣੇ ਸਾਖਸ਼ੀ ਮਹਾਰਾਜ ’ਤੇ ਬਲਾਤਕਾਰ ਦੇ ਦੋਸ਼ਾਂ ਨੂੰ ਕੌਣ ਭੁੱਲ ਸਕਦਾ ਹੈ? ਪਿਛਲੇ ਕੁੱਝ ਮਹੀਨਿਆਂ ’ਚ ਹੀ ਸੰਤ ਆਸਾਰਾਮ ਦਾ ਮਾਮਲਾ ਸਭ ਦੇ ਸਾਹਮਣੇ ਆਇਆ । ਕੀ ਇਹ ਸੱਚ ਨਹੀਂ ਹੈ ਕਿ ਜੱਗ ਜਣਨੀ ਦੇ ਅਪਮਾਨ ’ਚ ਇਨੀਂ ਦਿਨੀਂ ਦੇਸ਼ ਦਾ ਸੰਤ ਸਮਾਜ ਹੀ ਗੰਭੀਰ ਸਵਾਲਾਂ ਦੇ ਘੇਰੇ ’ਚ ਹੈ? ਆਖਰ ਜਦੋਂ ਇਸ ਤਰਾਂ ਦੀਆਂ ਘਟਨਾਵਾਂ ਸਮਾਜ ਦੇ ਸਾਹਮਣੇ ਆਉਂਦੀਆਂ ਹਨ, ਤਾਂ ਸੰਤ ਸਮਾਜ ਇਨਾਂ ’ਤੇ ਚੁੱਪੀ ਕਿਉਂ ਸਾਧ ਲੈਂਦਾ ਹੈ? ਆਖਰ ਸੰਤ ਸਮਾਜ ਅੱਜ ਤੱਕ ਆਸਾਰਾਮ ਜਾਂ ਉਸ ਜਿਹੇ ਹੋਰ ਲੋਕਾਂ ’ਤੇ ਬਲਾਤਕਾਰ ਤੇ ਸਰੀਰਕ ਸੋਸ਼ਣ ਦੇ ਦੋਸ਼ਾਂ ’ਤੇ ਸਥਿਤੀ ਸਪੱਸ਼ਟ ਕਿਉਂ ਨਹੀਂ ਕਰ ਸਕਿਆ? ਸਵਾਲ ਇਹ ਵੀ ਹੈ ਕਿ ਕੀ ਦੇਸ਼ ਦਾ ਹਿੰਦੂ ਸੰਤ ਸਮਾਜ ਸੰਤਾਂ ਦੁਆਰਾ ਕੀਤੇ ਗਏ ਬਲਾਤਕਾਰ ਨੂੰ ਅਪਰਾਧ ਦੀ ਸ੍ਰੇਣੀ ’ਚ ਨਹੀਂ ਰੱਖਦਾ? ਇਹੀ ਨਹੀਂ, ਆਸਾਰਾਮ ਦੀ ਗਿ੍ਰਫਤਾਰੀ ਤੋਂ ਬਾਅਦ ਜਿਸ ਤਰਾਂ ਦੀਆਂ ਸ਼ਰਮਨਾਕ ਹਰਕਤਾਂ ਤੇ ਪ੍ਰਤੀਕਿਰਿਆਵਾਂ ਸੰਤ ਸਮਾਜ ਵੱਲੋਂ ਆਈਆਂ, ਉਸ ਨੂੰ ਦੇਖ ਕੇ ਅਜਿਹਾ ਲੱਗਦਾ ਸੀ ਕਿ ਇੱਥੋਂ ਦਾ ਸੰਤ ਸਮਾਜ ਦੇਸ਼ ਨੂੰ ਅਜਿਹੇ ਮੁਲਕ ਦੇ ਰੂਪ ’ਚ ਦੇਖਣਾ ਚਾਹੁੰਦਾ ਹੈ ਜਿੱਥੇ ਕਿਸੇ ਖਾਸ ਵਰਗ ਨੂੰ ਬਲਾਤਕਾਰ ਤੇ ਸਰੀਰਕ ਸੋਸ਼ਣ ਸਮੇਤ ਕਿਸੇੇ ਵੀ ਅਪਰਾਧ ਦੀ ਖੁੱਲੀ ਛੋਟ ਦਿੱਤੀ ਜਾਂਦੀ ਹੋਵੇ ।
ਮੋਦੀ ਦਾ ਪ੍ਰਚਾਰ ਕਰਨ ਤੋਂ ਪਹਿਲਾਂ ਇੱਥੇ ਇੱਕ ਵੱਡਾ ਸਵਾਲ ਫਿਰ ਉੱਠਦਾ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਸਮੇਂ ਸੰਤ ਸਮਾਜ ਨੇ ਰਾਮ ਮੰਦਿਰ ਨਿਰਮਾਣ ਦਾ ਇੱਕ ਵੱਡਾ ਅੰਦੋਲਨ ਪੂਰੇ ਦੇਸ਼ ’ਚ ਚਲਾਇਆ ਸੀ , ਉਸ ਸਮੇਂ ਕਈ ਸੌ ਕਰੋੜ ਰੁਪਏ ਮੰਦਿਰ ਨਿਰਮਾਣ ਦੇ ਚੰਦੇ ਵਜੋਂ ਤੇ ਉਸ ’ਚ ਲੱਗਣ ਵਾਲੀਆਂ ਇੱਟਾਂ ਦੇ ਨਾਂਅ ’ਤੇ ਦੇਸ਼ ਦੀ ਗਰੀਬ ਜਨਤਾ ਤੋਂ ਇਕੱਠੇ ਕੀਤੇ ਗਏ ਸਨ। ਸੰਤ ਸਮਾਜ ਮੰਦਿਰ ਤਾਂ ਨਹੀਂ ਬਣਾ ਸਕਿਆ, ਪਰ ਕਈ ਸੌ ਕਰੋੜ ਰੁਪਏ ਇਕੱਠੇ ਕੀਤੇ ਗਏ । ਉਨਾਂ ਚੰਦਿਆਂ ਦਾ ਸਾਫ ਹਿਸਾਬ ਦੇਣ ਤੋਂ ਅੱਜ ਤੱਕ ਉਹ ਬਚ ਕਿਉਂ ਰਿਹਾ ਹੈ? ਸਭ ਤੋਂ ਪਹਿਲਾਂ ਉਸ ਨੂੰ ਇਨਾਂ ਚੰਦਿਆਂ ਦਾ ਹਿਸਾਬ ਦੇਣਾ ਚਾਹੀਦਾ ਹੈ, ਕਿਉਂਕਿ ਰਾਮ ਮੰਦਿਰ ਬਣਾਉਣ ਦਾ ਅੰਦੋਲਨ ਇੱਕ ਧਾਰਮਿਕ ਅੰਦੋਲਨ ਨਾ ਹੋ ਕੇ ਪੂਰੀ ਤਰਾਂ ਸਿਆਸੀ ਅੰਦੋਲਨ ਸੀ। ਇਸ ਲਈ ਪਹਿਲਾਂ ਉਸ ਅੰਦੋਲਨ ’ਤੇ ਉੱਠ ਰਹੇ ਗੰਭੀਰ ਸਵਾਲਾਂ ਦਾ ਜਵਾਬ ਮੋਦੀ ਦੇ ਪੱਖ ’ਚ ਚੋਣ ਪ੍ਰਚਾਰ ਕਰਨ ਵਾਲੇ ਸੰਤ ਸਮਾਜ ਨੂੰ ਦੇਣਾ ਚਾਹੀਦਾ ਹੈ ਤਾਂ ਕਿ ਫਿਰ ਕਿਸੇੇ ਤਰਾਂ ਦੀ ਵਸੂਲੀ ਨਾ ਹੋ ਸਕੇ ਤੇ ਆਮ ਜਨਤਾ ਦੀ ਜੇਬ ਅੰਦੋਲਨ ਦੇ ਨਾਂਅ ’ਤੇੇ ਨਾ ਕੱਟੀ ਜਾ ਸਕੇ।
ਆਰ.ਐੱਸ.ਐੱਸ. ਦੀ ਵਿਚਾਰਧਾਰਾ ’ਚ ਸੰਤਾਂ ਤੇ ਧਰਮ ਦੇ ਸਿਧਾਂਤਾਂ ਲਈ ਕੋਈ ਜਗਾ ਨਹੀਂ ਹੈ। ਉਹ ਧਰਮ ਨੂੰ ਸੱਤਾ ਪ੍ਰਾਪਤੀ ਦਾ ਇੱਕ ਜ਼ਰੀਆ ਮੰਨਦਾ ਹੈ । ਫਿਰ ਸੰਤਾਂ ਨੂੰ ਆਰ.ਐੱਸ.ਐੱਸ. ਦੇ ਮੰਚ ’ਤੇ ਜਾਣ ਤੋਂ ਬਚਣਾ ਚਾਹੀਦਾ ਹੈ । ਉਨਾਂ ਨੂੰ ਆਰ.ਐੱਸ. ਐੱਸ. ਵੱਲੋਂ ਖੁਦ ਨੂੰ ਵਰਤੇ ਜਾਣ ਤੋਂ ਬਚਣਾ ਚਾਹੀਦਾ ਹੈ । ਮੁੱਖ ਜੱਜ ਰਹੇ ਜੇ.ਐੱਸ. ਵਰਮਾ ਨੇ ਆਪਣੇ ਇੱਕ ਫੈਸਲੇ ’ਚ ਕਿਹਾ ਸੀ ਕਿ ਹਿੰਦੂਵਾਦ ਇੱਕ ਜੀਵਨ ਪੱਧਤੀ ਹੈ ਤੇ ਗੁਜਰਾਤ ਦੰਗਿਆਂ ਤੋਂ ਬਾਅਦ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਰਹਿੰਦਿਆਂ ਜਦੋਂ ਉਹ ਦੰਗਿਆਂ ’ਚ ਆਈਆਂ ਸ਼ਿਕਾਇਤਾਂ ਦੀ ਜਾਂਚ ਕਰ ਰਹੇ ਸਨ, ਤਾਂ ਉਨਾਂ ਨੂੰ ਕਹਿਣਾ ਪਿਆ ਕਿ ਅੱਜ ਉਨਾਂ ਦਾ ਹੀ ਦਿੱਤਾ ਗਿਆ ਫੈਸਲਾ ਦੇਸ਼ ’ਚ ਇੱਕ ਖਾਸ ਵਰਗ ਦਾ ਗਲਾ ਘੁੱਟ ਰਿਹਾ ਹੈ ।
ਉਂਝ ਵੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁਸਲਮਾਨਾਂ ਨਾਲ ਜੋ ਕੀਤਾ ਹੈ, ਉਸਦੀ ਆਗਿਆ ਹਿੰਦੂ ਧਰਮ ਕਦੇ ਨਹੀਂ ਦੇ ਸਕਦਾ। ਕਤਲੋਗਾਰਤ ਲਈ ਕਿਸੇ ਧਰਮ ’ਚ ਕੋਈ ਸਥਾਨ ਨਹੀਂ ਹੈ। ਧਰਮ ਇਨਸਾਨਾਂ ਦੀ ਬਿਹਤਰੀ ਲਈ ਹੈ , ਪਰ ਆਰ.ਐੱਸ. ਐੱਸ.ਲਈ ਧਰਮ ਆਪਣੇ ਫਾਸੀਵਾਦੀ ਉਦੇਸ਼ਾਂ ਦੀ ਪੂਰਤੀ ਦਾ ਮਹਿਜ਼ ਇੱਕ ਸਾਧਨ ਹੈ। ਉਹ ਧਰਮ ਦੀ ਵਿਆਖਿਆ ਵੀ ਆਪਣੇ ਸਿਆਸੀ ਉਦੇਸ਼ ਲਈ ਕਰਦਾ ਹੈ।
ਜੇਕਰ ਸੰਤ ਸਮਾਜ ਮੋਦੀ ਲਈ ਚੋਣ ਪ੍ਰਚਾਰ ਕਰਦਾ ਹੈ , ਤਾਂ ਅਜਿਹਾ ਮੰਨਿਆ ਜਾਵੇਗਾ ਕਿ ਗੁਜਰਾਤ ’ਚ ਬੇਗੁਨਾਹ ਮੁਸਲਮਾਨਾਂ ਦੇ ਕਤਲ ਨੂੰ ਉਹ ਸਹੀ ਮੰਨਦਾ ਹੈ ਤੇ ਇਸ ਤਰਾਂ ਨਾਲ ਉਹ ਧਰਮ ਨੂੰ ਕਤਲਗਾਹ ਮੰਨ ਲੈਣ ਦੀ ਇੱਕ ਨਵੀਂ ਪ੍ਰਸਤਾਵਨਾ ਨੂੰ ਸ਼ਹਿ ਦੇਣ ’ਚ ਲੱਗਾ ਹੋਇਆ ਹੈ, ਜੋ ਕਿ ਆਉਣ ਵਾਲੀਆਂ ਨਸਲਾਂ ਲਈ ਦੁਖਦਾਈ ਹੋਵੇਗਾ । ਬਿਹਤਰ ਇਹੀ ਹੋਵੇਗਾ ਕਿ ਸੰਤ ਸਮਾਜ ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਦਾ ਪਾਲਣ ਕਰਦਿਆਂ ਸਮਾਜ ਨੂੰ ਇੱਕ ਸਹੀ ਦਿਸ਼ਾ ਦੇਵੇ। ਇਸ ਤੋਂ ਇਲਾਵਾ ਕੋਈ ਹੋਰ ਕਦਮ ਉਸ ਲਈ ਕਈ ਅਸਹਿਜ ਸਵਾਲ ਖੜੇ ਕਰ ਜਾਵੇਗਾ, ਜਿਸਦਾ ਜਵਾਬ ਉਸਦੀਆਂ ਆਉਣ ਵਾਲੀਆਂ ਪੀੜੀਆਂ ਕੋਲ ਵੀ ਨਹੀਂ ਹੋਵੇਗਾ।
ਸੰਪਰਕ: +91 86849 41262