Wed, 30 October 2024
Your Visitor Number :-   7238304
SuhisaverSuhisaver Suhisaver

ਕਿੰਨਰ ਸਮਾਜ ਲਈ ਵਰਦਾਨ ਸਾਬਿਤ ਹੋ ਸਕਾਦਾ ਹੈ ਸੁਪਰੀਮ ਕੋਰਟ ਦਾ ਸੁਪਰੀਮ ਫੈਸਲਾ -ਨਿਰੰਜਣ ਬੋਹਾ

Posted on:- 21-04-2014

suhisaver

ਸਮਾਜਿਕ ਵਿਵਸਥਾ ਨੂੰ ਹੋਰ ਨਿਆਂ ਪੂਰਨ ਬਨਾਉਣ ਲਈ ਮਾਣਯੋਗ ਸੁਪਰੀਮ ਕੋਰਟ ਨੂੰ ਦੇਸ਼ ਦੀ ਕਾਰਜ ਪਾਲਿਕਾ ਨੂੰ ਹੁਣੇ ਹੀ ਇਹ ਨਵਾਂ ਆਦੇਸ਼ ਦਿੱਤਾ ਹੈ ਕਿ ਸਮਾਜ ਦੇ ਅਤਿ ਹਾਸ਼ੀਆ ਕਿ੍ਰਤ ਹਿੱਸੇ ਕਿੰਨਰ ਜਾਂ ਹੀਜੜਾ ਵਰਗ ਨੂੰ ਵੀ ਉਸ ਦੇ ਹਿੱਸੇ ਦੇ ਮਨੁੱਖੀ ਅਧਿਕਾਰ ਦਿੱਤੇ ਜਾਣ। ਕਿੰਨਰ ਜਾਂ ਖੁਸਰਾ ਵਰਗ ਸਭਿਅਕ ਕਹਾਉਂਦੇ ਸਮਾਜ ਨਾਲੋ ਏਨਾ ਪੱਛੜ ਚੁੱਕਾ ਹੈ ਕਿ ਇਸ ਨੂੰ ਔਰਤ ਤੇ ਮਰਦ ਦੇ ਨਾਲ ਲਿੰਗ ਦੇ ਤੀਜੇ ਵਰਗ ਵਿਚ ਸ਼ਾਮਿਲ ਕਰਨ ਜਾਂ ਸਮਾਜਿਕ ਪੱਖੋਂ ਪੱਛੜੀਆਂ ਸ਼੍ਰੇਣੀਆ ਵਿਚ ਰੱਖ ਕੇ ਸਿੱਖਿਆ ਸੰਸਥਾਵਾਂ ਤੇ ਤੇ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦਾ ਲਾਭ ਦੇਣ ਨਾਲ ਇਹਨਾਂ ਦੀ ਸਮਾਜਿਕ ਸਥਿਤੀ ਤੇ ਸਨਮਾਨ ਵਿਚ ਛੇਤੀ ਹੀ ਕੋਈ ਵੱਡੀ ਤਬਦੀਲੀ ਨਹੀ ਆ ਸਕਦੀ , ਪਰ ਮਾਣਯੋਗ ਹਾਈ ਕੋਰਟ ਨੇ ਇਸ ਤਬਦੀਲੀ ਦੀ ਇਤਿਹਾਸਕ ਨੀਂਹ ਜ਼ਰੂਰ ਰੱਖ ਦਿੱਤੀ ਹੈ। ਭਾਵੇਂ ਲੋਕ ਸਭਾ ਚੋਣਾਂ ਦੇ ਭੱਖਦੇ ਮਾਹੌਲ ਵਿਚ ਸੁਪਰੀਮ ਕੋਰਟ ਵੱਲੋਂ ਦਿੱਤਾ ਕਿੰਨਰਾਂ ਦੀ ਸਮਾਜਿਕ ਰੁਤਬੇ ਵਿਚ ਵਾਧਾ ਕਰਨ ਵਾਲਾ ਇਹ ਫੈਂਸਲਾ ਸਮਾਜ ਦੇ ਹੋਰ ਲੋਕਾਂ ਲਈ ਆਮ ਜਿਹੀ ਖਬਰ ਹੀ ਹੋਵੇ ਪਰ ਕਿੰਨਰ ਸਮਾਜ ਲਈ ਇਹ ਫੈਸਲਾ ਇਕ ਰੱਬੀ ਵਰਦਾਨ ਵੀ ਸਾਬਤ ਹੋ ਸਕਦਾ ਹੈ।

ਲੱਗਭੱਗ ਸਮਾਜ ਵਿਚੋ ਛੇਕੇ ਹੋਣ ਦੀ ਤ੍ਰਾਸਦੀ ਭੋਗਦੇ ਇਹ ਲੋਕ ਬਿਨਾਂ ਕਸੂਰ ਤੋਂ ਹੀ ਸਮਾਜਿਕ ਤੋਰ ਤੇ ਭਾਰੀ ਅਪਮਾਨ ਦਾ ਸਾਹਮਣਾ ਕਰ ਰਹੇ ਹਨ ।ਹੈਰਾਨੀ ਦੀ ਗੱਲ ਹੈ ਕਿ ਹਮੇਸ਼ਾ ਦੀਨ- ਦੁਖੀਆਂ ਤੇ ਮਜ਼ਲੂਮਾਂ ਦੇ ਹੱਕ ਵਿਚ ਖੜ੍ਹਣ ਵਾਲੇ ਸਾਹਿਤਕ ਖੇਤਰ ਵੱਲੋਂ ਵੀ ਇਹਨਾਂ ਨੂੰ ਬਣਦੀ ਹਮਦਰਦੀ ਨਹੀਂ ਦਿੱਤੀ ਜਾ ਰਹੀ । ਕੇਵਲ ਪੰਜਾਬੀ ਸਾਹਿਤ ਵਿਚ ਹੀ ਨਹੀ ਸਗੋਂ ਸਮੁੱਚੇ ਭਾਰਤੀ ਸਾਹਿਤ ਵਿਚ ਵੀ ਇਹਨਾਂ ਲੋਕਾਂ ਬਾਰੇ ਰਚੇ ਸਾਹਿਤ ਦੀ ਘਾਟ ਪਾਈ ਜਾ ਰਹੀ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿਚ ਹਰ ਸਾਲ ਹਜ਼ਾਰਾਂ ਦੀ ਤਦਾਦ ਵਿਚ ਸਾਹਿਤਕ ਪੁਸਤਕਾਂ ਛੱਪਦੀਆ ਹਨ ਪਰ ਉਹਨਾਂ ਪੁਸਤਕਾਂ ਦੀ ਗਿਣਤੀ ਆਟੇ ਵਿਚ ਲੂਣ ਦੇ ਬਰਾਬਰ ਹੈ, ਜਿਹੜੀਆਂ ਅਜਿਹੇ ਲੋਕਾਂ ਨੂੰ ਮਨੁੱਖੀ ਹਮਦਰਦੀ ਦਾ ਪਾਤਰ ਬਣਾਉਂਦੀਆ ਹੋਣ।

ਸਮਾਜ ਵਿਚ ਇਨ੍ਹਾ ਹਾਸ਼ੀਆ ਕਿ੍ਰਤ ਲੋਕਾਂ ਦੀ ਤ੍ਰਾਸਦਿਕ ਸਥਿਤੀ ਦੇ ਕਾਰਨ ਤਲਾਸ਼ ਕਰਦਿਆ ਇਹ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਇਹਨਾਂ ਲੋਕਾਂ ਪ੍ਰਤੀ ਤਿ੍ਰਸ਼ਕਾਰ ਦੀ ਭਾਵਨਾਂ ਸਾਡੀ ਸਮਾਜਿਕ ਤੇ ਸਭਿਚਾਰਕ ਹੋਂਦ ਨਾਲ ਜੁੜੀਆਂ ਮੂਲ ਭੂਤ ਤੇ ਆਦਿਮ ਪ੍ਰਵਿਰਤੀਆ ਵਿਚ ਪਈ ਹੈ।ਰਜਵਾੜਾ ਸ਼ਾਹੀ, ਜਾਗੀਰਦਾਰੀ, ਪੂੰਜੀਵਾਦ, ਨਵ-ਪੂੰਜੀਵਾਦ ਤੋਂ ਵਿਸ਼ਵੀਕਰਨ ਦਾ ਸਫਰ ਕਰਦਿਆਂ ਅਸੀਂ ਆਪਣੇ ਅਧੁਨਿਕ ਹੋਣ ਦਾ ਦਾਅਵਾ ਤਾਂ ਕਰਨ ਲੱਗ ਪਏ ਹਾਂ ਪਰ ਸਾਡੇ ਅਤੰਹਕਰਨ ਵਿਚ ਪਏ ਸਨਾਤਨੀ ਤੇ ਪਿਛਾਕੜੀ ਸੰਸਕਾਰ ਸਾਨੂੰ ਅਜੇ ਵੀ ਇਹਨਾ ਨਾਲ ਅਛੂਤਾਂ ਵਰਗਾ ਵਿਵਹਾਰ ਕਰਨ ਲਈ ਉਕਸਾਉਂਦੇ ਹਨ।ਮਾਨਸਿਕ ਤੌਰ ਤੇ ਅਸੀਂ ਅਜੇ ਏਨੇ ਸੰਕੀਰਨ ਹਾਂ ਕਿ ਇਹਨਾਂ ਲੋਕਾਂ ਦੇ ਸਮਾਜਿਕ ਉਥਾਨ ਵਿਚ ਸਹਾਈ ਬਨਣ ਦੀ ਥਾਂ ਤੇ ਅਸੀਂ ਇਹਨਾਂ ਦੇ ਸਮਾਜ ਵਿਚੋਂ ਛੇਕੇ ਰਹਿਣ ਵਿਚ ਹੀ ਆਪਣਾ ਭਲਾ ਸਮਝਦੇ ਹਾਂ।ਇਸੇ ਲਈ ਸੁਪਰੀਮ ਕੋਰਟ ਨੇ ਆਪਣੇ ਅਦੇਸ਼ ਵਿਚ ਕਿਹਾ ਹੈ ਕਿ ਇਹਨਾਂ ਨੂੰ ਵੀ ਪੁਰਸ਼-ਇਸਤਰੀ ਸਮਾਜ ਦੇ ਬਰਾਬਰ ਹੀ ਮਨੁੱਖੀ ਅਧਿਕਾਰ ਮਿਲਣੇ ਚਾਹੀਦੇ ਹਨ।

ਕਿੰਨਰ ਜਾਂ ਹੀਜੜਾ ਸਮਾਜ ਆਖੌਤੀ ਸੱਭਿਅਕ ਸਮਾਜ ਤੋਂ ਬਹੁਤ ਵਿੱਥ ਤੇ ਵਿਚਰਦਾ ਹੈ। ਕੁਦਰਤ ਵੱਲੋਂ ਮਿਲੀ ਲਿੰਗਕ ਅਪੂਰਨਤਾ ਕਾਰਨ ਪੈਦਾ ਹੋਈ ਹੀਣ ਭਾਵਨਾ ਤੇ ਸਮਾਜ ਦਾ ਉਸ ਪ੍ਰਤੀ ਤਿ੍ਰਸਕਾਰ ਪੂਰਨ ਵਤੀਰਾ ਉਸ ਨੂੰ ਸੱਭਿਅਕ ਸਮਾਜ ਨਾਲੋ ਅੱਲਗ ਥੱਲਗ ਕਰਕੇ ਵੱਖਰਾ ਸਮਾਜ ਤੇ ਵੱਖਰਾ ਸਭਿਆਚਾਰ ਅਪਣਾਉਣ ਲਈ ਮਜਬੂਰ ਕਰ ਦਿੰਦਾ ਹੈ। ਜੇ ਸਮਾਜਿਕ ਤੌਰ ਤੇ ਕਲੰਕ ਸਮਝੇ ਜਾਂਦੇ ਇਸ ਅਤਿ ਹਾਸੀਆਂ ਕਿ੍ਰਤ ਤੇ ਤਿ੍ਰਸ਼ਕਾਰਿਤ ਵਰਗ ਦੇ ਡੂੰਘੇ ਤੇ ਸਦੀਵੀ ਸੰਤਾਪ ਨੂੰ ਜਾਣਿਆ ਜਾਵੇ ਤਾਂ ਪ੍ਰਕਿ੍ਰਤਕ ਤੇ ਸਮਾਜਿਕ ਦੂਹਰੀ ਹੀਨ ਭਾਵਨਾ ਦੇ ਸ਼ਿਕਾਰ ਕਿੰਨਰ ਸਮਾਜ ਦੇ ਦੁਖਾਂਤ ਨੂੰ ਰੂਪਮਾਨ ਕਰਦੇ ਹਿਰਦੇ ਵੇਧਕ ਵੇਰਵੇ ਸਾਨੂੰ ਉਹਨਾਂ ਪ੍ਰਤੀ ਮਾਨਵੀ ਸੋਚ ਅਪਣਾਉਣ ਲਈ ਮਜਬੂਰ ਕਰ ਦੇਂਦੇ ਹਨ । ਕਿੰਨਰ ਸਮਾਜ ਦੇ ਨੇੜੇ ਵਿਚਰ ਕੇ ਹੀ ਅਸੀਂ ਇਸ ਸਚਾਈ ਤੀਕ ਪਹੁੰਚ ਸਦੇ ਹਾਂ ਕਿ ਇਸ ਸਮਾਜ ਦੇ ਲੋਕ ਆਪਣੀ ਅੱਧੀ ਅਧੂਰੀ ਜਿੰਦਗੀ ਤੋ ਕਿੰਨੇ ਨਾਂ ਖੁਸ਼ ਤੇ ਬੇ-ਚੈਨ ਹਨ। ਜੀਵਨ ਦੀ ਪੂਰਨਤਾ ਦਾ ਰਾਹ ਨਾ ਮਿਲਨ ਤੇ ਅਕਸਰ ਉਹਨਾਂ ਦੀ ਮਾਨਸਿਕ ਬੇ-ਚੈਨੀ ਮਾਨਸਿਕ ਛਟਪਟਾਹਟ ਵਿਚ ਬਦਲ ਜਾਂਦੀ ਹੈ ਤੇ ਉਹ ਸ਼ਰਾਬ ਤੇ ਹੋਰ ਨਸ਼ਿਆ ਵਿਚ ਡੁੱਬ ਕੇ ਆਪਣਾ ਦਰਦ ਭੁਲਾਉਣ ਦੀ ਕੋਸ਼ਿਸ਼ ਕਰਦੇ ਹਨ।

ਸਾਨੂੰ ਇਸ ਸੱਚ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਮਨੁੱਖੀ ਸਮਾਜ ਵਿਚ ਔਰਤ ਜਾਂ ਪੁਰਸ਼ ਵਾਂਗ ਹੀ ਹੀਜੜਾ ਲੋਕ ਵੀ ਰਚਨਾਤਮਕ ਪ੍ਰਤਿਭਾ ਦੇ ਮਾਲਕ ਹੁੰਦੇ ਹਨ।ਇਹ ਵੱਖਰੀ ਗੱਲ ਹੈ ਕਿ ਸਮਾਜ ਇਹਨਾਂ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਇਹਨਾਂ ਅੰਦਰਲੀ ਰਚਨਾਤਮਕ ਪ੍ਰਤਿਭਾ ਦਾ ਲਾਭ ਵੀ ਲੈਣ ਤੋਂ ਵੀ ਵਾਝਾਂ ਰਹਿ ਜਾਂਦਾ ਹੈ।ਅਜਿਹਾ ਕਰਨਾਂ ਨਾਂ ਕੇਵਲ ਇਹਨਾਂ ਲਈ ਬਲਿਕ ਸਮਾਜ ਲਈ ਵੀ ਬਹੁਤ ਘਾਟੇ ਵਾਲਾ ਸੌਦਾ ਹੈ।ਸੰਗੀਤ ਕਲਾ ਵਿਚ ਤਾਂ ਇਹ ਸਮਾਜ ਵਿਸ਼ੇਸ਼ ਹੀ ਨਿਪੂੰਨਤਾ ਰੱਖਦਾ ਹੈ ।ਜੇ ਇਸ ਨੂੰ ਰਾਜਨੀਤਕ , ਸਮਾਜਿਕ ਤੇ ਧਾਰਮਿਕ ਖੇਤਰ ਵਿਚ ਵਿਚਰਨ ਦੇ ਵੀ ਉਚਿਤ ਮੌਕੇ ਦਿੱਤੇ ਜਾਣ ਤਾਂ ਇਹ ਆਪਣੇ ਹਿੱਸੇ ਦੀ ਉਸਾਰੂ ਭੁਮਿਕਾਂ ਨਿਭਾਅ ਸਕਦੇ ਹਨ। ਰਾਜਨੀਤਕ ਖੇਤਰ ਵਿਚ ਬਹੁਤ ਥਾਈਂ ਕਿੰਨਰਾਂ ਨੇ ਚੋਣ ਲੜੀ ਹੈ ਤੇ ਸਫਲ ਹੋਣ ਤੋ ਬਾਦ ਚੰਗੀ ਕਾਰਗੁਜ਼ਾਰੀ ਵੀ ਵਿਖਾਈ ਹੈ । ਭੁਚੋ ਮੰਡੀ ਦੀ ਕਿੰਨਰ ਸਾਬਕਾ ਐਮ .ਸੀ. ਸੰਤੋਸ਼ ਮਹੰਤ ਇਸ ਦੀ ਜਿਉਂਦੀ ਜਾਗਦੀ ਉਦਹਾਰਨ ਹੈ।

ਇੱਕਵੀ ਸਦੀ ਦੇ ਅਤਿ ਆਧੁਨਿਕ ਯੁਗ ਵਿਚ ਪਹੁੰਚੇ ਸਮਾਜ ਤੋਂ ਇਹ ਸੁਆਲ ਉਚੀ ਸੁਰ ਵਿਚ ਪੁੱਛਿਆ ਜਾਣਾ ਚਾਹੀਦਾ ਹੈ ਕਿ ਕਿ ਖੁਸਰਾ ਲਿੰਗ ਧਾਰਨ ਕਰਨ ਵਾਲਾ ਜੀਵ ਆਪਣੀ ਮਰਜ਼ੀ ਨਾਲ ਮਨੁੱਖੀ ਤਰਜ਼ ਦੀ ਜਿੰਦਗੀ ਕਿਉਂ ਨਹੀਂ ਜੀ ਸਕਦਾ? ਖੁਸਰਾ ਹੋਣ ਤੋਂ ਇਲਾਵਾ ਉਸ ਦੀ ਸਾਰੀ ਜੀਵ ਵਿਗਿਆਨ ਬਣਤਰ ਸਮੁੱਚੀ ਮਨੁੱਖ ਜਾਤੀ ਨਾਲ ਮਿਲਦੀ ਹੈ ਤਾਂ ਉਸ ਨੂੰ ਮਨੁੱਖੀ ਢੰਗ ਨਾਲ ਜਿਉਣ ਦਾ ਹੱਕ ਕਿਉਂ ਨਹੀ ਦਿੱਤਾ ਜਾਂਦਾ ?ਗੁੰਗੇ ,ਬੋਲੇ, ਲੰਗੜੇ ਜਾਂ ਅੰਨ੍ਹੇ ਵੀ ਸਰੀਰਕ ਤੌਰ ਤੇ ਅਪੰਗ ਹੁੰਦੇ ਹਨ ਤਾਂ ਕੇਵਲ ਲਿੰਗਕ ਅਪੰਗਤਾ ਨੂੰ ਹੀ ਨਫਰਤ ਦੀ ਨਜ਼ਰ ਨਾਲ ਕਿਉਂ ਵੇਖਿਆ ਜਾਂਦਾ ਹੈ?ਵੈਸੈ ਤਾਂ ਸਮਾਜਿਕ ਦਰਜ਼ਾ ਬੰਦੀ ਅਨੁਸਾਰ ਮੁੰਡੇ ਦੀ ਬਜਾਇ ਕੁੜੀ ਜਨਮ ਵੀ ਮਾਪਿਆਂ ਨੂੰ ਪ੍ਰੇਸ਼ਾਨ ਕਰਦਾ ਹੈ ਪਰ ਜੇ ਘਰ ਵਿਚ ਖੁਸਰੇ ਬੱਚੇ ਦਾ ਅਣਚਾਹਿਆ ਪ੍ਰਵੇਸ਼ ਹੋ ਜਾਵੇ ਤਾਂ ਇਹ ਸਥਿਤੀ ਮਾਪਿਆਂ ਲਈ ਮਹਾਂ ਸੰਤਾਪ ਤੋਂ ਘੱਟ ਨਹੀਂ ਹੁੰਦੀ ।ਧਾਰਮਿਕ ਖੇਤਰ ਆਖਦਾ ਹੈ ਕਿ ਹਰ ਮਨੁਖ ਪੰਜ ਤੱਤਾ ਦਾ ਪੁਤਲਾ ਹੈ , ਕੀ ਕਿੰਨਰ ਲੋਕਾਂ ਵਿਚ ਇਹ ਪੰਜ ਤੱਤ ਕੰਮ ਨਹੀਂ ਕਰਦੇ? ਧਰਮ ਦਸਵੇਂ ਦੁਆਰ ਦੇ ਰੂਪ ਵਿਚ ਹਰੇਕ ਮਨੁੱਖ ਨੂੰ ਮੁਕਤੀ ਮਾਰਗ ਦਾ ਰਾਹ ਵੀ ਦੱਸਦਾ ਹੈ । ਕੀ ਕਿੰਨਰ ਲੋਕਾਂ ਨੂੰ ਰੱਬ ਨੇ ਮੁਕਤੀ ਦਾਂ ਇਹ ਮਾਰਗ ਨਹੀਂ ਦਿੱਤਾਂ? ਜੇ ਮਹਾਂਭਾਰਤ ਦੇ ਯੁਧ ਵਿਚ ਕਿੰਨਰ ਸਿੰਖਡੀ ਅਹਿਮ ਭੂਮਿਕਾਂ ਨਿਭਾਅ ਸਕਦਾ ਹੈ ਤਾਂ ਆਜੋਕੇ ਯੁਗ ਦੇ ਕਿੰਨਰ ਲੋਕ ਸਮਾਜ ਉਪਯੋਗੀ ਭੂਮਿਕਾਂ ਕਿਉਂ ਨਹੀਂ ਨਿਭਾਅ ਸਕਦੇ? ਜਦੋ ਅਸੀਂ‘ ‘ਸਭੈ ਸ਼ਾਝੀਵਾਲ ਸਦਾਇਣ‘ ਦਾ ਹੋਕਾਂ ਦੇਂਦੇ ਹਾਂ ਤਾਂ ਇਸ ਛੇਕੇ ਵਰਗ ਨੂੰ ਵੀ ਧਾਰਮਿਕ ਰਹੁ-ਰੀਤਾਂ ਨਿਭਾਉਣ ਦੀ ਪੂਰੀ ਬਰਾਬਰੀ ਮਿਲਣੀ ਚਾਹੀਦੀ ਹੈ ।

ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਹੇਠ ਹੁਣ ਸੰਸਦ ਤੇ ਵਿਧਾਨ ਸਭਾਵਾਂ ਵਿਚ ਵੀ ਅਜਿਹੇ ਕਾਨੂੰਨ ਪਾਸ ਕੀਤੇ ਜਾਣੇ ਚਾਹੀਦੇ ਹਨ ਕਿ ਕਿਸੇ ਦੇ ਘਰ ਕਿੰਨਰ ਬੱਚਾਂ ਪੈਦਾ ਹੋਣ ਤੇ ਉਸ ਦੀ ਪੜ੍ਹਾਈ ਲਿਖਾਈ ਦਾ ਬੁਨਿਆਦੀ ਅਧਿਕਾਰ ਲਾਜ਼ਮੀ ਤੌਰ ਤੇ ਦਿੱਤਾ ਜਾਵੇ । ਆਮ ਤੌਰ ਤੇ ਖੁਸਰਾ ਬੱਚਾ ਪੈਦਾ ਹੋਣ ਤੇ ਜਾਂ ਤਾਂ ਮਾਪੇ ਆਪ ਹੀ ਖੁਸਰਿਆਂ ਦੇ ਡੇਰੇ ਨੂੰ ਸੌਂਪ ਦੇਂਦੇ ਹਨ ਜਾਂ ਖੁਸਰਿਆਂ ਦੇ ਮਹੰਤ ਉਸ ਨੂੰ ਜ਼ਬਰੀ ਆਪਣੇ ਨਾਲ ਲੈ ਜਾਂਦੇ ਹਨ, ਜਿਸ ਕਾਰਨ 95 ਫੀਸਦੀ ਕਿੰਨਰ ਅਨਪੜ੍ਹ ਹੀ ਰਹਿ ਜਾਂਦੇ ਹਨ । ਇਹ ਕਾਨੂੰਨ ਬਣਾ ਕੇ ਸਖਤੀ ਨਾਲ ਲਾਗੂ ਵੀ ਕੀਤਾ ਜਾਣਾ ਚਾਹੀਦਾ ਹੈ ਕੇ ਜੇ ਕੋਈ ਕਿੰਨਰ ਆਪਣੇ ਮਾਪਿਆ ਤੇ ਭੈਣ ਭਰਾਵਾਂ ਨਾਲ ਰਹਿਣਾ ਚਾਹੁੰਦਾ ਹੈ ਜਾਂ ਨੱਚਣ ਗਾਉਣ ਤੋਂ ਇਲਾਵਾ ਕੋਈ ਹੋਰ ਕਾਰੋਬਾਰ ਕਰਨਾ ਚਾਹੁੰਦਾ ਹੈ ਤਾਂ ਕਿੰਨਰ ਡੇਰੇ ਉਸ ਦਾ ਇਹ ਅਧਿਕਾਰ ਜਬਰੀ ਨਾ ਖੋਹ ਸੱਕਣ ।

ਕਿੰਨਰ ਲੋਕ ਆਪਣੀ ਮੌਜੂਦਾ ਸਥਿਤੀ ਅਨੁਸਾਰ ਬਹੁਤ ਤਰਸ ਯੋਗ ਜਿੰਦਗੀ ਜਿਉਂ ਰਹੇ ਹਨ । ਨਿਆਂ ਪਾਲਿਕਾ ਇਹਨਾ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਤਾਂ ਹੀ ਕਰ ਸਕੇਗੀ ਜੇ ਸਮਾਜ ਦੇ ਜਾਗਰੂਕ ਲੋਕ ਵੀ ਇਹਨਾਂ ਨੂੰ ਇਹਨਾਂ ਦੇ ਬਣਦੇ ਮਨੁੱਖੀ ਹੱਕ ਦੇਣ ਲਈ ਆਪਣੀ ਉਸਾਰੂ ਭੂਮਿਕਾਂ ਨਿਭਾਉਣ । ਇਕ ਰਿਪੋਰਟ ਅਨੁਸਾਰ ਮੌਜੂਦਾ ਲੋਕ ਸਭਾ ਚੋਣਾਂ ਲਈ ਕੇਵਲ ਇਕ ਫੀਸਦੀ ਕਿੰਨਰਾਂ ਦੇ ਨਾਂ ਹੀ ਵੋਟਰ ਲਿਸ਼ਟਾਂ ਵਿਚ ਦਰਜ ਹਨ । ਸਮਾਜਿਕ ਤੇ ਰਾਜਨੀਤਕ ਖੇਤਰ ਵਿਚ ਇਹਨਾਂ ਦੀ ਭਾਗੀਦਾਰੀ ਮਨੁੱਖਤਾਵਾਦੀ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਸਹਿਯੋਗ ਨਾਲ ਹੀ ਵੱਧ ਸਕਦੀ ਹੈ । ਜਿੰਨਾ ਚਿਰ ਸਮਾਜ ਇਹਨਾਂ ਹਾਸ਼ੀਆਂ ਕਿ੍ਰਤ ਲੋਕਾਂ ਨੂੰ ਹਾਸ਼ੀਏ ਦੇ ਅੰਦਰ ਨਹੀਂ ਲਿਆਉਂਦਾ ਉਨਾਂ ਚਿਰ ਇਸ ਦੇ ਸੱਭਿਅਕ ਹੋਣ ਤੇ ਵੀ ਪ੍ਰਸ਼ਨ ਚਿੰਨ ਲੱਗਾ ਰਹੇਗਾ।

ਸੰਪਰਕ: +91 89682 82700

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ