ਲੋਕ ਸਭਾ ਚੋਣਾਂ:ਪੰਜਾਬ -ਤਰਨਦੀਪ ਦਿਓਲ
Posted on:- 09-04-2014
ਲੋਕ ਸਭਾ ਚੋਣਾਂ ਦੀ ਗੱਲ ਹਰ ਘਰ , ਮੋਬਾਇਲ , ਟੀ ਵੀ , ਲੈਪਟੋਪ ,ਡੈਸਕਟੋਪ , ਫ਼ੇਸਬੁੱਕ ,ਯੂ-ਟਿਊਬ,ਵਟ੍ਸ ਐਪ... ਪਤਾ ਨੀ ਹੋਰ ਕਿੱਥੇ -ਕਿੱਥੇ ਚੱਲ ਰਹੀ ਹੈ। ਹਰ ਦੇ ਆਪਣੇ ਤਰਕ ਨੇ , ਸੰਚਾਰ ਸਾਧਨਾਂ ਨੇ ਜਿੱਥੇ ਸੂਚਨਾ ਦੇ ਕੰਮ ਵਿਚ ਤੇਜ਼ੀ ਲਿਆਂਦੀ ਹੈ। ਓਥੇ ਅਫਵਾਵਾਂ ਦੇ ਦੌਰ ਸਨਕਵਾਦ ਵਿਚ ਵੀ ਤੇਜ਼ੀ ਆਈ ਹੈ।ਅੱਜ ਵਿਦੇਸ਼ਾਂ ਵਿਚ ਬੈਠੇ ਮਿੱਤਰ ,ਫ਼ੇਸਬੁੱਕ ਤੇ ਹਾਜ਼ਰ ਰਹਿੰਦੇ ਦੋਸਤਾਂ ਨੇ ਇੱਕ ਹਨੇਰੀ ਲਿਆਂਦੀ ਹੋਈ ਹੈ। ਆਪ ਦੇ ਕਲੀਨ ਸਵੀਪ ਦੀ।
ਮੈਂ ਪਿਛਲੇ ਦਸ ਕੁ ਦਿਨਾਂ ਵਿਚ ਜਲੰਧਰ ,ਲੁਧਿਆਣੇ ,ਚੰਡੀਗੜ, ਪਟਿਆਲੇ ,ਸੰਗਰੂਰ ਅਤੇ ਮੇਰੇ ਆਪਣੇ ਹਲਕੇ ਫਰੀਦਕੋਟ ਵਿਚ ਲੋਕਾਂ ਦੇ ਮਿਜ਼ਾਜ ਨੂੰ ਪੜਨ ਲਈ ਗੇੜੇ ਲਾ ਚੁੱਕਾ ਹਾਂ। ਲੋਕਾਂ ਦਾ ਜੋ ਮਿਜ਼ਾਜ ਹੈ ,ਇੱਕ ਪੱਤਰਕਾਰ ਦੇ ਤੌਰ ਤੇ ਆਪ ਦੇ ਸਨਮੁੱਖ ਕਰ ਰਿਹਾ ਹਾਂ।
ਇਸ ਸਮੇਂ ਪੰਜਾਬ ਦੀਆਂ ਚੋਣਾਂ ਵਿਚ ਚੁੱਪ ਹੈ। ਇੱਕ ਅਜੀਬ ਡਰ , ਕੁਝ ਇਛਾਵਾਂ ਨੇ ,ਸੁਪਨੇ ਨੇ ਤੇ ਕਾਫੀ ਕੁਝ ਨਵਾਂ ਹੈ ਤੇ ਬਹੁਤ ਕੁਝ ਓਹੀ ਪੁਰਾਣਾ ਵੀ ਹੈ | ਪੰਜਾਬ ਵਿਚ 23 ਫ਼ੀਸਦ ਲੋਕ ਸ਼ਹਿਰੀ ਨੇ ਬਾਕੀ ਪੇਂਡੂ ਨੇ । 35 ਫ਼ੀਸਦ ਨੌਜਵਾਨ ਨੇ, ਜਿਹਨਾਂ ਚੋ' ਮੇਰੇ ਵਰਗੇ 80 ਫ਼ੀਸਦ ਬੇਰੁਜ਼ਗਾਰ ਵੀ ਨੇ। ਕੁੱਲ ਲੋਕਾਂ ਵਿਚੋਂ 30 ਫ਼ੀਸਦ ਅਨਪੜ ਨੇ ਤੇ ਪੰਜਾਬ ਦੇ 20 ਫ਼ੀਸਦ ਲੋਕ 10ਵੀਂ ਤੋਂ ਜ਼ਿਆਦਾ ਪੜੇ ਹੋਏ ਵੀ ਨੇ।
ਹਰ ਦੀ ਆਪਣੀ ਸੋਚ ਹੈ । ਚੋਣਾਂ ਵਿਚ ਇਸ ਬਾਰ ਇੱਕ-ਇੱਕ ਪਰਵਾਰ ਵੀ ਕਈ ਥਾਵੀਂ ਭੁਕਤੇ ਗਾ। ਵਿਚਾਰਾਂ ਦਾ ਟਕਰਾਓ ਮੈਂ ਇਸ ਬਾਰ ਮੀਆਂ-ਬੀਵੀ ,ਪਿਓ -ਪੁੱਤ , ਮਾਂ-ਧੀ ਵਿਚ ਵੇਖਿਆ ਹੈ | ਪਰ ਨਾਲ ਦੀ ਨਾਲ ਜਾਤੀ ਦੀ ਗੱਲ ਵੀ ਹੈ , ਪੰਥ ਦੀ ਦੁਹਾਈ ਵੀ ਪੈਂਦੀ ਹੈ , ਆਟੇ-ਦਾਲ , ਮੋਟਰਾਂ ਦੇ ਬਿਲ , ਦਾਰੂ ਦੀਆਂ ਬੋਤਲਾਂ ,,, ਸਿਲਾਈ ਮਸ਼ੀਨਾਂ ,,, ਪੈਸੇ ਦੀ ਰਾਜਨੀਤੀ ਸਭ ਨੂੰ ਬਰੋਬਰ ਮਾਤਰਾ ਵੀ ਹੈ | ਲੋਕ ਦਵੰਦ ਵਿਚ ਵੀ ਨੇ ,ਬਦਲਾਓ ਦੀ ਗੱਲ ਵੀ ਕਰਦੇ ਹਨ ਤੇ ਠਹਿਰਾਓ ਤੇ ਪਹਿਰਾ ਵੀ ਠੋਕਕੇ ਦੇ ਰਹੇ ਨੇ। ਕੁੱਲ ਮਿਲਾ ਕੇ ਮੈਂ ਆਪਣੇ ਆਪ ਇੱਕ ਹੀ ਸਿੱਟਾ ਕੱਢ ਸਕਦਾ ਹਾਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ ਇਸ ਬਾਰ ਤੀਸਰੀ ਧਿਰ ਦਾ ਪ੍ਰਭਾਵ ਪੰਜਾਬ ਵਿਚ ਵਧਿਆ ਹੈ।
ਦੋਵਾਂ ਮੁੱਖ ਪਾਰਟੀਆਂ ਤੋਂ ਮੋਹ ਭੰਗ ਤਾਂ ਹੋਣ ਲੱਗਿਆ ਹੈ , ਪਰ ਪੂਰੀ ਤਰਾਂ ਨਹੀਂ। ਚੰਗੇ ਉਮੀਦਵਾਰਾਂ ਨੂੰ ਤਵੱਕੋ ਮਿਲ ਰਹੀ ਹੈ ,ਪਰ ਦਾਗੀਆਂ ਦੇ ਗਲਾਂ ਵਿਚ ਵੀ ਹਾਰ ਅਜੇ ਓਨੇ ਹੀ ਨੇ। ਜਿੱਥੋਂ ਤੱਕ ਮੈਨੂੰ ਲਗਦਾ ਹੈ ਕੀ ਪੰਜਾਬ ਵਿਚ ਇਸ ਬਾਰ ਵੀ ਮੁੱਖ ਮੁਕਾਬਲਾ ਅਕਾਲੀ -ਕਾਂਗਰਸੀ ਰਿਵਾਇਤੀ ਪਾਰਟੀਆਂ ਵਿਚ ਹੀ ਜ਼ਿਆਦਾ ਰੂਪ ਵਿਚ ਦੇਖਣ ਨੂੰ ਮਿਲੇਗਾ। ਹਾਂ ਕੋਈ ਇੱਕਾ-ਦੁੱਕਾ ਥਾਵਾਂ ਤੇ ਤਸਵੀਰ ਬਦਲੀ ਹੋ ਸਕਦੀ ਸੀ ਜਾਂ ਹੋ ਵੀ ਸਕਦੀ ਹੈ।[ਕਾਰਨ ਪੰਜਾਬ ਵਿਚ ਤੀਸਰੀ ਧਿਰ ਕੋਲ ਹਮਲਾਵਰ ਲੀਡਰਸ਼ਿਪ ਦੀ ਘਾਟ, ਆਪਸੀ ਤਾਲਮੇਲ ਦੀ ਘਾਟ ,ਚੌਧਰ ਦੀ ਭੁੱਖ , ਮੁੱਖ ਕਾਰਨ ਹਨ ]
ਮੈਨੂੰ ਲਗਦੈ ਵਿਧਾਨ ਸਭਾ ਚੋਣਾਂ ਵਿਚ ਤੀਸਰਾ ਮੋਰਚਾ ਤਕਰੀਬਨ 8 ਫ਼ੀਸਦ ਤੇ ਪੀ.ਪੀ.ਪੀ ਉਸ ਵਿਚੋਂ ਇੱਕਲੀ 5 ਫ਼ੀਸਦੀ ਵੋਟਾਂ ਲੈਣ ਵਿਚ ਕਾਮਯਾਬ ਹੋਈ ਸੀ, ਜੋ ਇਸ ਬਾਰ ਇੱਕਲੀ ਆਮ ਆਦਮੀ ਪਾਰਟੀ ਨੂੰ 10 ਫ਼ੀਸਦ ਤੋਂ ਜ਼ਿਆਦਾ ਵੋਟਾਂ ਮਿਲਣ ਦੀ ਸੰਭਾਵਨਾ ਬਣਦੀ ਜ਼ਰੂਰ ਦਿਸਦੀ ਹੈ। ਹੁਣ ਸਵਾਲ ਇਹ ਹੈ ਕਿ ਜਿਵੇਂ ਮਨਪ੍ਰੀਤ ਨੇ ਚੋਣਾਂ ਤੋਂ ਬਾਅਦ ਚੁੱਪ ਧਾਰ ਕੇ ਆਪਣਾ ਅਧਾਰ ਗਵਾ ਦਿੱਤਾ ਓਥੇ ਆਪ ਚੋਣਾਂ ਤੋਂ ਬਾਦ ਪੰਜਾਬ ਵਿਚ ਕਿਸ ਤਰਾਂ ਦੀ ਭੂਮਿਕਾ ਨਿਭਾਵੇਗੀ ....?
ਲੀਡਰਸ਼ਿਪ ਕਿਹੜੀ ਹੋਵੇਗੀ ਜੋ ਸਰਕਾਰ ਨੂੰ ਹਰ ਮੁਕਾਮ ਤੇ ਘੇਰੇਗੀ ਤੇ ਵਿਰੋਧੀ ਧਿਰ ਨੂੰ ਖਾਰਿਜ਼ ਕਰਕੇ ਆਪ ਜਗਾ ਲਵੇਗੀ ? ਜੇ ਇਹ ਕੰਮ ਨਾ ਹੋ ਸਕਿਆ ਤਾਂ ਪੰਜਾਬ ਆਉਂਦੇ 8 ਸਾਲ ਯਾਣੀ ਕਿ 2022 ਤੱਕ ਦੀਆਂ ਵਿਧਾਨ ਸਭਾ ਚੋਣਾਂ ਤੱਕ ਦੋ ਧਿਰੀ ਬਣਿਆਂ ਰਵੇਗਾ ਤੇ ਦੋ ਧਿਰੀ ਪਾਰਟੀਆਂ ਦਾ ਪਿਛਲਾ ਰਿਪੋਰਟ ਕਾਰਡ ਤੁਹਾਡੇ ਸਨਮੁੱਖ ਹੀ ਹੈ। ਇਸਦੇ ਬਦਲਾਓ ਲਈ ਪੰਜਾਬ ਨੂੰ ਕੁਝ ਮੇਹਨਤੀ ਲੀਡਰ ਹੱਲਾ-ਗੁੱਲਾ ਸਰਕਾਰ ਨੂੰ ਵਿਰੋਧੀ ਧਿਰ ਦਾ ਡਰ ਲੋੜੀਂਦਾ ਹੈ। ਇਹ ਡਰ ਪੈਦਾ ਕਰਨ ਲਈ ਨੌਜਵਾਨਾਂ ਦੀ ਸ਼ਮੂਲੀਅਤ ਅਤਿ ਜ਼ਰੂਰੀ ਹੈ ਤੇ ਫੇਸ੍ਬੁੱਕੀ ਰੌਲਾ ਪਾਉਣ ਭਗਵੰਤ ਮਾਨ ਦੀਆਂ ਵੀਡੀਓਜ ਆਪਣੀਆਂ ਵਾਲਾ ’ਤੇ ਸਾਂਝੀਆਂ ਕਰਨ ਨਾਲ ਬਦਲਾਓ ਨਹੀਂ ਆਵੇਗਾ। ਬਾਕੀ 16 ਮਈ ਤੋਂ ਬਾਅਦ ਦੀ ਸਥਿਤੀ ਹੀ ਪੂਰੇ ਰੂਪ ਵਿਚ ਕੁਝ ਲਿਖਣ ਲਈ ਸਰੂਪ ਤੇ ਸੋਚ ਮੁਹੱਈਆ ਕਰਵਾਏਗੀ।
ਸੰਪਰਕ: +91 99149 00729