Wed, 30 October 2024
Your Visitor Number :-   7238304
SuhisaverSuhisaver Suhisaver

ਆਮ ਆਦਮੀ ਦੀ ਸਿਆਸਤ ਦੇ ਸਰੋਕਾਰ - ਅਮਰਿੰਦਰ ਸਿੰਘ

Posted on:- 28-03-2014

ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਸਾਰ ਹੀ ਪੂਰੇ ਭਾਰਤੀ ਰਾਜਸੀ ਨਿਜ਼ਾਮ ਵਿੱਚ ਇੱਕ ਹਿੱਲਹਜੁਲ ਹੋਣੀ ਸ਼ੁਰੂ ਹੋ ਗਈ ਹੈ।ਤਕਰੀਬਨ ਇੱਕ ਅਰਸਾ ਪਹਿਲਾਂ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਨੇ ਪੂਰੇ ਦੇਸ਼ ਵਿੱਚ ਇੱਕ ਅਜਿਹਾ ਰਾਜਸੀ ਮਾਹੌਲ ਸਿਰਜ ਦਿੱਤਾ ਹੈ ਜਿਸ ਨੇ ਭਾਰਤ ਦੀਆਂ ਰਵਾਇਤੀ ਤੇ ਦਿੱਗਜ ਪਾਰਟੀਆਂ ਨੂੰ ਇੱਕ ਖੁੱਲ੍ਹੀ ਚੁਣੌਤੀ ਦਿੱਤੀ ਹੈ।ਆਮ ਆਦਮੀ ਦੀ ਜਮਾਤੀ ਚੇਤਨਾ ਦਾ ਬੋਲਬਾਲਾ ਹੁਣ ਇਸ ਪਾਰਟੀ ਦੇ ਮਰਕਜ਼ ਵਿੱਚ ਆ ਗਿਆ ਹੈ।ਦੇਸ਼ ਦੀ ਸੁਤੰਤਰਤਾ ਤੋਂ ਬਾਅਦ ਦੇਸ਼ ਵਿਚਲੀ ਸਿਆਸਤ ਨੇ ਜੋ ‘ਕਲਿਆਣਕਾਰੀ ਰਾਜ’ ਦਾ ਮਾਡਲ ਅਪਣਾਇਆ ਉਸ ਹੌਲੀ-ਹੌਲੀ ਪੂੰਜੀਵਾਦੀ ਰੁਚੀਆਂ ਦਾ ਸ਼ਿਕਾਰ ਹੋ ਕੇ ਰਹਿ ਗਿਆ ਅਤੇ ਇੱਕ ਪੂੰਜੀਵਾਦੀ ਵਿਕਾਸ ਮਾਡਲ ਵਿੱਚ ਤਬਦੀਲ ਹੋ ਗਿਆ।

ਸਿਆਸਤ ਤੇ ਸਰਮਾਏਦਾਰੀ ਦਾ ਆਪਸੀ ਗੱਠਜੋੜ ਸਥਾਪਤ ਹੋ ਗਿਆ।ਦੇਸ਼ ਵਿੱਚ ਕਿਰਤ ਦੀ ਲੁੱਟ ਦਾ ਦੌਰ ਤੇਜ਼ ਹੋਇਆ ਤੇ ਮੁਨਾਫੇ ਦੇ ਅੰਬਾਰਾਂ ਉੱਪਰ ਦੇਸ਼ ਦੇ ਮੁੱਠੀਭਰ ਸਰਮਾਏਦਾਰ ਕਾਬਜ਼ ਹੋ ਗਏ।ਦੇਸ਼ ਵਿਚਲੀ ਦੇਸੀ ਸਰਮਾਏਦਾਰੀ ਛੜੱਪੇ ਮਾਰ ਕੇ ਅੱਗੇ ਵਧੀ।ਆਮ ਤੇ ਮਜ਼ਦੂਰ ਆਦਮੀ ਲਈ ਜਿਉਣ ਦੀਆਂ ਹਾਲਤਾਂ ਹੋਰ ਬਦਤਰ ਹੋ ਗਈਆਂ।ਆਮ ਲੋਕ ਆਜ਼ਾਦੀ ਤੋਂ ਬਾਅਦ ਮਿਲੇ ਹੱਕ-ਹਕੂਕ ਤੋਂ ਵਾਂਝੇ ਹੋਣੇ ਸ਼ੁਰੂ ਹੋ ਗਏ।ਸਿੱਖਿਆ,ਸਿਹਤ,ਬਿਜਲੀ,ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਲਗਾਤਾਰ ਹੱਥ ਪਿੱਛੇ ਖਿੱਚਿਆ ਜਾਣ ਲੱਗਾ।

ਭਾਰਤੀ ਸਿਆਸਤ ਨੇ ਦੇਸੀ ਤੇ ਵਿਦੇਸ਼ੀ ਸਰਮਾਏਦਾਰੀ ਦੀ ਤਾਬਿਆ ਵਿੱਚ ਦੇਸ਼ ਵਿਚਲੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਤਬਾਹ ਹੀ ਨਹੀਂ ਕੀਤਾ ਸਗੋਂ ਦੇਸ਼ ਦੇ ਕੁਦਰਤੀ ਸੰਸਾਧਨਾਂ ਦੀ ਅੰਨ੍ਹੀ ਤੇ ਬੇਕਿਰਕ ਲੁੱਟ ਕਰਨ ਲਈ ਬਹੁ-ਰਾਸ਼ਟਰੀ ਕੰਪਨੀਆਂ ਦੀ ਲਗਾਮ ਵੀ ਢਿੱਲੀ ਛੱਡ ਦਿੱਤੀ ਹੈ।ਦੇਸ਼ ਵਿਚਲੀ ਵਿਵਸਥਾ ਨੂੰ ਚਲਾਉਣ ਵਾਲੇ ਪ੍ਰਸ਼ਾਸਨਿਕ ਤੇ ਨਿਆਇਕ ਢਾਂਚੇ ਵਿੱਚ ਭ੍ਰਿਸ਼ਟਾਚਾਰ ਦਾ ਅਜਿਹਾ ਬੋਲਬਾਲਾ ਹੋਇਆ ਕਿ ਆਮ ਆਦਮੀ ਲਈ ਨਿੱਕੇ ਮੋਟੇ ਕੰਮ ਕਰਵਾਉਣ ਲਈ ਰਿਸ਼ਵਤ ਦਾ ਸਹਾਰਾ ਲਿਆ ਜਾਣ ਲੱਗਿਆ।ਪੂਰੇ ਭਾਰਤੀ ਆਵਾਮ ਲਈ ਇਸ ਕੋਹੜ ਤੋਂ ਨਿਜ਼ਾਤ ਪਾਉਣਾ ਅਣਸਰਦੀ ਲੋੜ ਬਣ ਗਿਆ ਹੈ।

ਪੂਰੇ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਸਰਮਾਏਦਾਰੀ ਦਾ ਜੋ ਤਿੱਖਾ ਤੇ ਤੇਜ ਵਿਕਾਸ ਹੋਇਆ ਉਸ ਨੇ ਇਸ ਲੁੱਟ ਨੂੰ ਹੋਰ ਵੀ ਵਧੇਰੇ ਪਰਪੱਕ ਕਰ ਦਿੱਤਾ।ਦੇਸ਼ ਵਿਚਲੀ ਬਹੁਗਿਣਤੀ ਵਸੋਂ ਗ਼ਰੀਬੀ ਰੇਖਾ ਤੋਂ ਹੋਰ ਹੇਠਾਂ ਆਉਂਦੀ ਗਈ।ਸੰਸਾਰੀਕਰਨ,ਨਿੱਜੀਕਰਨ ਤੇ ਉਦਾਰੀਕਰਨ ਦੀਆਂ ਪੂੰਜੀਵਾਦੀਆਂ ਨੀਤੀਆਂ ਕਾਰਨ ਮੁੱਠੀ ਭਰ ਲੋਕਾਂ ਕੋਲ ਦੇਸ਼ ਦਾ ਇੱਕ ਤਿਹਾਈ ਧਨ ਇਕੱਠਾ ਹੰੁਦਾ ਗਿਆ।ਦੇਸ਼ ਵਿਚਲੀ ਆਮ ਵਸੋਂ ਵਿੱਚ ਜਮਾਤੀ ਪਾੜਾ ਵਧਦਾ ਗਿਆ ਜਿਸ ਦੇ ਸਿੱਟੇ ਵਜੋਂ ਇੱਕ ਅਜਿਹੀ ਜਮਾਤ ਪੈਦਾ ਹੋਈ ਜਿਸ ਨੂੰ ਅੱਜ-ਕੱਲ੍ਹ ਆਮ ਲੋਕ-ਭਾਸ਼ਾ ਵਿੱਚ ‘ਆਮ ਆਦਮੀ’ ਕਿਹਾ ਜਾਂਦਾ ਹੈ।ਅੰਗਰੇਜ਼ੀ ਵਿੱਚ ਇਸ ਨੂੰ ‘ਕਾਮਨ ਮੈਨ’ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ।ਇਹ ਆਮ ਆਦਮੀ ਕੀ ਬਲਾ ਦਾ ਨਾਂ ਹੈ ਤੇ ਇਸ ਨੂੰ ਕਿਵੇਂ ਸਮਝਿਆ ਜਾਵੇ,ਇਸ ਸੰਕਲਪ ਦੀ ਸਭ ਤੋਂ ਪਹਿਲਾਂ ਖੋਲ੍ਹ ਕੇ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ।

ਇਹ ਆਮ ਆਦਮੀ ਦਰਅਸਲ ਦੇਸ਼ ਵਿੱਚਲਾ ਉਹ ਵਾਸੀ ਹੈ, ਜਿਸ ਜੋ ਨਿੱਕੀ ਪੂੰਜੀ ਦਾ ਮਾਲਕ ਹੈ ਜਾਂ ਉਸ ਦੇ ਖੁੱਸਣ ਦੇ ਸੰਸੇ ਦਾ ਸ਼ਿਕਾਰ ਹੈ।ਜਿਸ ਕੋਲ ਜਿਉਣ ਦੇ ਸੀਮਤ ਸਾਧਨ ਹਨ।ਮਾਰਕਸੀ ਅਰਥ ਸ਼ਾਸਤਰ ਦੀ ਭਾਸ਼ਾ ਵਿੱਚ ਇਸ ਨੂੰ ਪੈਟੀ ਬੁਰਜ਼ੂਆ/ਨਿੱਕ ਬੁਰਜ਼ੂਆ ਕਿਹਾ ਜਾਂਦਾ ਹੈ।ਇਸ ਨੂੰ ਕਈ ਵਾਰ ਵਿਅੰਗ ਦ੍ਰਿਸ਼ਟੀ ਤੋਂ ‘ਟਟਪੂੰਝੀਆ ਵਰਗ’ ਵੀ ਕਹਿ ਦਿੱਤਾ ਜਾਂਦਾ ਹੈ।ਇਸ ਦੇਸ਼ ਵਿਚਲਾ ਇਹ ਉਹ ਵਿਸ਼ਾਲ ਵਰਗ ਹੈ ਜੋ ਕਿ ਸਰਮਾਏਦਾਰੀ ਸਿਆਸਤ ਦੇ ਥਪੇੜਿਆਂ ਦਾ ਸਭ ਤੋਂ ਵੱਧ ਸ਼ਿਕਾਰ ਹੋਇਆ ਹੈ।ਹਰ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਦੀ ਪ੍ਰਾਪਤੀ ਵਿੱਚ ਜਦੋਂ ਕੋਈ ਰੁਕਾਵਟ/ਸੰਕਟ ਆਉਂਦਾ ਹੈ ਤਾਂ ਸਭ ਤੋਂ ਵੱਧ ਅਸਰ ਇਸੇ ਵਰਗ ਉੱਪਰ ਪੈਂਦਾ ਹੈ।ਪ੍ਰਸ਼ਾਸਨਿਕ ਤੇ ਨਿਆਇਕ ਵਿਵਸਥਾ ਵਿੱਚ ਇਸ ਵਰਗ ਦੀ ਭਾਗੀਦਾਰੀ ਹੀ ਨਹੀਂ ਹੁੰੁਦੀ ਸਗੋਂ ਇਹ ਵਰਗ ਇਸ ਵਿਵਸਥਾ ਦਾ ਸ਼ਿਕਾਰ ਵੀ ਹੁੰਦਾ ਹੈ।

ਇਹ ਇੱਕ ਅਜਿਹਾ ਵਰਗ ਹੈ, ਜੋ ਕਿ ਇਸ ਵਿਵਸਥਾ ਵਿੱਚ ਪ੍ਰਸ਼ਾਸਨਿਕ ਤੇ ਨਿਆਇਕ ਸੁਧਾਰਾਂ ਦੀ ਮੰਗ ਕਰਦਾ ਹੈ,ਇਸ ਵਿਵਸਥਾ ਨੂੰ ਮੁੱਢੋਂ ਬਦਲਣ ਦਾ ਹਮਾਇਤੀ ਨਹੀਂ ਹੈ।ਪਿਛਲੇ ਸਮੇਂ ਦੌਰਾਨ ਅੰਨਾ ਹਜ਼ਾਰੇ ਦੁਆਰਾ ਜਨ ਲੋਕਪਾਲ ਬਿਲ ਲਈ ਕੀਤਾ ਗਿਆ ਜਨਤਕ ਸੰਘਰਸ਼ ਇਸੇ ਲੜੀ ਤਹਿਤ ਦੇਖਿਆ ਜਾ ਸਕਦਾ ਹੈ।ਅੰਨਾ ਟੀਮ ਦਾ ਕਿਸੇ ਸਮੇਂ ਹਿੱਸਾ ਰਹੇ ਅਰਵਿੰਦ ਕੇਜਰੀਵਾਲ ਜੋ ਕਿ ਖੁਦ ਇੰਡੀਅਨ ਰੈਵੇਨਿਊ ਸਰਵਿਸ ਨੂੰ ਛੱਡ ਕੇ ਇੱਕ ਐਨ.ਜੀ.ਓ.ਚਲਾ ਰਹੇ ਸਨ ਨੇ ਫੌਰੀ ਤੌਰ ਤੇ ਆਮ ਆਦਮੀ ਦੇ ਦੁੱਖਾਂ ਦਾ ਸਿਆਸੀ ਬਿਗਲ ਵਜਾ ਦਿੱਤਾ।ਦਿੱਲੀ ਵਿੱਚ ਕੇਜਰੀਵਾਲ ਦੀ ਅੰਸ਼ਕ ਜਿੱਤ ਨੇ ਇਹ ਦਰਸਾ ਦਿੱਤਾ ਕਿ ਆਮ ਆਦਮੀ ਦੇ ਰੋਗਾਂ ਦਾ ਦਾਰੂ ਹੁਣ ਇਸ ਪਾਰਟੀ ਦੇ ਹੀ ਹੱਥ ਹੈ।ਅਸੈਂਬਲੀ ਵਿੱਚ ਮੱਧ-ਵਰਗ ਦੇ ਉਹ ਉਮੀਦਵਾਰ ਜਿੱਤ ਕੇ ਸਾਹਮਣੇ ਆਏ ਜਿਨ੍ਹਾਂ ਦੀ ਇਸ ਤੋਂ ਪਹਿਲਾਂ ਕੋਈ ਸਿਆਸੀ ਸ਼ਨਾਖਤ ਨਹੀਂ ਸੀ।

ਕੇਜਰੀਵਾਲ ਨੇ ਉਹ ਕਾਰਨਾਮਾ ਕਰ ਵਿਖਾਇਆ ਜੋ ਕਿ ਇਸ ਤੋਂ ਪਹਿਲਾਂ ਲੋਕ ਹਿਤੈਸ਼ੀ ਅਖਵਾਉਂਦੀਆਂ ਕਮਿਊਨਿਸਟ ਪਾਰਟੀਆਂ ਵੀ ਅਜਿਹਾ ਨਹੀਂ ਕਰ ਸਕੀਆਂ।ਭਾਰਤੀ ਪੂੰਜੀਵਾਦੀ ਸਿਆਸਤ ਵਿੱਚ ਸੰਨ੍ਹ ਲਗਾਉਣ ਵਿੱਚ ਨਿਰਸੰਦੇਹ ਕੇਜਰੀਵਾਲ ਨੇ ਬਾਜ਼ੀ ਮਾਰ ਲਈ ਹੈ।ਭਾਰਤੀ ਸਿਆਸਤਦਾਨਾਂ ਵੱਲੋਂ ਸਿਆਸਤ ਵਿੱਚ ਅਨਾੜੀ ਸਮਝੇ ਜਾਣ ਵਾਲੇ ਕੇਜਰੀਵਾਲ ਨੇ ਭਾਰਤੀ ਸਿਆਸਤਦਾਨਾਂ ਨੂੰ ‘ਸਭ ਸੇ ਬੜਾ ਖਿਲਾੜੀ’ ਬਣ ਕੇ ਦਿਖਾ ਦਿੱਤਾ।ਆਮ ਆਦਮੀ ਦੀ ਸਿਆਸਤ ਇੱਕ ਅਜਿਹਾ ਪੇਚੀਦਾ ਮਸਲਾ ਹੈ ਕਿ ਜਿਸ ਦੀਆਂ ਕਿ ਬਹੁਤ ਮਹੀਨ ਪਰਤਾਂ ਹਨ।ਇਸ ਵਰਗ ਵਿੱਚ ਨਿੱਕੀ ਪੂੰਜੀ ਨਾਲ ਜੁੜਿਆ ਹਰ ਉਹ ਸ਼ਖਸ ਸ਼ੁਮਾਰ ਹੈ ਜਿਹੜਾ ਇਸ ਵਿਵਸਥਾ ਵਿੱਚ ਪਾਰਦਰਸ਼ਤਾ ਦਾ ਹਮਾਇਤੀ ਤੇ ਇੱਛੁਕ ਹੈ।

ਇਸ ਵਰਗ ਵਿੱਚ ਥੋਕ ਵਿੱਚ ਛੋਟੇ-ਵੱਡੇ ਦੁਕਾਨਦਾਰ,ਵਪਾਰੀ,ਕਰਮਚਾਰੀ,ਛੋਟੇ ਕਾਰਖਾਨੇਦਾਰ,ਸੀਮਾਂਤ ਤੇ ਮੱਧਵਾਰਗੀ ਕਿਸਾਨੀ ਤੇ ਹੋਰ ਕੰਮ ਕਾਜੀ ਲੋਕ ਸ਼ਾਮਲ ਹਨ ਜਿਹੜੇ ਇਸ ਪੂੰਜੀਵਾਦੀ ਪ੍ਰਬੰਧ ਦੀਆਂ ਖਾਮੀਆਂ ਦਾ ਸ਼ਿਕਾਰ ਹਨ।ਇਸ ਵਰਗ ਨੂੰ ਆਪਣੀ ਹੋਂਦ ਬਚਾਉਣ ਦਾ ਹੀ ਖਤਰਾ ਨਹੀਂ ਸਗੋਂ ਨਿੱਜੀ ਸਰਮਾਏ ਨੂੰ ਸਥਿਰ ਰੱਖਣ ਤੇ ਇਸ ਵਿੱਚ ਇਜਾਫਾ ਕਰਨ ਦਾ ਵੀ ਫਿਕਰ ਹੁੰਦਾ ਹੈ।ਇਹ ਇੱਕ ਅਜਿਹਾ ਵਰਗ ਹੈ ਜਿਸ ਵਿੱਚੋਂ ਹੀ ਬੁੱਧੀਜੀਵੀ ਤੇ ਪ੍ਰਸ਼ਾਸਨਿਕ ਕਾਮੇ ਨਿਕਲਦੇ ਹਨ।ਅਰਵਿੰਦ ਕੇਜਰੀਵਾਲ ਇਸ ਵਰਗ ਦੀ ਸਿਆਸੀ ਸੂਝ ਤੇ ਬੌਧਿਕ ਸਰਗਰਮੀ ਵਿੱਚੋਂ ਨਿੱਕਲਿਆ ਅਜਿਹਾ ਸ਼ਖਸ਼ ਹੈ ਜਿਸ ਦਾ ਰਾਜਸੀ ਅਰਥਿਕ ਦ੍ਰਿਸ਼ਟੀਕੋਣ ਵਿਕਾਸ ਦੇ ਪੂੰਜੀਵਾਦੀ ਮਾਡਲ ਦਾ ਹਮਾਇਤੀ ਹੈ ਵਿਰੋਧੀ ਨਹੀਂ।ਭਾਰਤੀ ਉਦਯੋਗਪਤੀਆਂ ਦੀ ਇੱਕ ਸੰਸਥਾ ਸੀ.ਆਈ.ਆਈ.(ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟ੍ਰੀਜ਼) ਦੇ ਸਮਾਗਮ ਵਿੱਚ ਅਰਵਿੰਦ ਕੇਜਰੀਵਾਲ ਨੇ ਇਹ ਸਾਫ-ਸਾਫ ਸ਼ਬਦਾਂ ਵਿੱਚ ਕਿਹਾ ਕਿ ਉਹ ਦੇਸ਼ ਵਿੱਚਲੇ ਸਰਮਾਏਦਾਰੀ ਤੇ ਉਦਯੋਗਿਕ ਵਿਕਾਸ ਦੇ ਖਿਲਾਫ ਨਹੀਂ ਸਗੋਂ ਹਮਾਇਤੀ ਹਨ। ਉਹ ਵੀ ਦੇਸ਼ ਵਿੱਚ ਨਿੱਜੀ ਖੇਤਰ ਵਿੱਚ ਨਿਵੇਸ਼ ਦੇ ਇੱਛੁਕ ਹਨ।ਜਿਥੇੇ ਲੋੜ ਮਹਿਸੂਸ ਹੋਈ ਅਸੀਂ ਨਿੱਜੀ ਪੂੰਜੀ ਦਾ ਨਿਵੇਸ਼ ਉੱਪਰ ਜੋਰ ਦੇਵਾਂਗੇ।ਪਰੰਤੂ ਇੱਥੇ ਵਿਰੋਧਾਭਾਸ ਇਹ ਹੈ ਕਿ ਜਿੱਥੇ ਕੇਜਰੀਵਾਲ ਇੱਕ ਪਾਸੇ ਦੇਸ਼ ਵਿੱਚਲੇ ਪੂੰਜੀਵਾਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਹਨ, ਉੱਥੇ ਉਹ ਭ੍ਰਿਸ਼ਟਾਚਾਰ ਵਰਗੀ ਅਲਾਮਤ ਤੋਂ ਮੁਕਤੀ ਦੀ ਗੱਲ ਵੀ ਕਰਦੇ ਹਨ।ਦਰਅਸਲ ਭ੍ਰਿਸ਼ਟਾਚਾਰ ਪੂੰਜੀਵਾਦੀ ਪ੍ਰਬੰਧ ਦਾ ਇੱਕ ਸਿੱਟਾ ਹੈ।

ਭ੍ਰਿਸ਼ਟਾਚਾਰ ਤੋਂ ਮੁਕਤੀ ਸਾਰ ਰੂਪ ਵਿੱਚ ਪੂੰਜੀਵਾਦੀ ਪ੍ਰਬੰਧ ਦੇ ਖਾਤਮੇ ਨਾਲ ਹੀ ਸੰਭਵ ਹੋਵੇਗੀ।ਪੰਜਾਬੀ ਦੀ ਇੱਕ ਕਹਾਵਤ ਜਿਵੇਂ ਮਹਿੰ ਮਰ ਗਈ ਉਸੇ ਤਰ੍ਹਾਂ ਚਿਚੜੀਆਂ ਵੀ ਮਰ ਜਾਣਗੀਆਂ ।ਰਿਆਇਤਾਂ,ਸਬਸਿਡੀਆਂ ਦੀ ਸਿਆਸਤ ਆਮ ਆਦਮੀ ਦੀ ਸਿਆਸਤ ਦਾ ਮੁੱਖ ਧੁਰਾ ਬਣ ਗਈ ਹੈ।ਕੇਜਰੀਵਾਲ ਦੀ ਸਿਆਸੀ ਸੂਝ ਵੀ ਇਸੇ ਵਰਗ ਲਈ ‘ਝੰਡਾਬਰਦਾਰ’ ਬਣ ਗਈ ਹੈ।ਮਜ਼ਦੂਰ/ਸਰਵਹਾਰਾ ਵਰਗ ਦੇ ਸੰਸਿਆਂ,ਫਿਕਰਾਂ,ਝੋਰਿਆਂ,ਦੁੱਖਾਂ,ਕਸ਼ਟਾਂ ਦਾ ਜਿਕਰ ਕੇਜਰੀਵਾਲ ਦੇ ਭਾਸਣਾ ਦਾ ਹਿਸਾ ਨਹੀਂ ਹੁੰਦਾ।ਉਸ ਦੇ ਭਾਸ਼ਣਾ ਦਾ ਕੇਂਦਰ ਬਿੰਦੂ ਸਿਰਫ ਆਮ ਆਦਮੀ ਹੈ ਜਿਹੜਾ ਕਿ ਮਹਿੰਗਾਈ ਤੇ ਭ੍ਰਿਸ਼ਟਾਚਾਰ ਤੋਂ ਵਧੇਰੇ ਦੁਖੀ ਹੈ।ਮੱਧਵਰਗੀ ਅੰਦੋਲਨ ਦਾ ਆਮ ਆਦਮੀ ਦੇ ਰੂਪ ਵਿੱਚ ਇਹ ਸਿਆਸੀ ਪ੍ਰਵੇਸ਼ ਇੱਕ ਸਮੇਂ ਦੇਖਣ ਨੂੰ ਭਾਵੇਂ ਪਹਿਲੀ ਨਜ਼ਰੇ ਇੱਕ ਕ੍ਰਾਤੀਕਾਰੀ ਕਦਮ ਲੱਗ ਸਕਦਾ ਹੈ ਪਰੰਤੂ ਇਸ ਵਿੱਚਲੀ ਮੱਧਵਰਗੀ ਸਿਆਸਤ ਇਸ ਨੂੰ ਸੀਮਤ ਰਾਜਸੀ ਤੇ ਜਮਾਤੀ ਹੱਦਬੰਦੀਆਂ ਵਿੱਚ ਤੱਕ ਹੀ ਮਹਿਦੂਦ ਰੱਖੇਗੀ।ਸਿਆਸਤ ਦਾ ਇਹ ਸੰਸਦੀ ਰਾਹ ਮੱਧਵਰਗ ਦੀ ਪੂੰਜੀਵਾਦੀ ਪ੍ਰਬੰਧ ਤੋਂ ਬੰਦ ਖਲਾਸੀ ਦਾ ਹੀ ਰਾਹ ਹੈ।ਇਸ ਭ੍ਰਿਸ਼ਟ ਪੂੰਜੀਵਾਦੀ ਵਿਵਸਥਾ ਤੋਂ ਕੇਵਲ ਮਜ਼ਦੂਰ ਵਰਗ ਹੀ ਦੁਖੀ ਨਹੀਂ ਸਗੋਂ ਮੱਧਵਰਗ ਵੀ ਦੁਖੀ ਹੈ ਇਸੇ ਲਈ ਇਹ ਸਿਆਸਤ ਕੇਜਰੀਵਾਲ ਦੇ ਸਭ ਤੋਂ ਵੱਧ ਸੂਤ ਆਈ ਹੈ।ਕੇਜਰੀਵਾਲ ਲਈ ਮੱਧਵਰਗ ਦੇ ਸੰਸਿਆਂ ਦੀ ਸਿਆਸਤ ਇਸ ਲਈ ਵਧੇਰੇ ਮਹੱਤਵਪੂਰਨ ਹੈ ਕਿਉਂਕਿ ਇਹ ਰਾਹ ਮਜ਼ਦੂਰ ਜਮਾਤ ਦੀ ਬੰਦਖਲਾਸੀ ਤੋਂ ਵਧੇਰੇ ਸਿੱਧਾ ਤੇ ਸੋਧਵਾਦੀ ਹੈ।ਦੇਸ਼ ਦੀ ਸਿਆਸਤ ਵਿੱਚ ਮੱਧਵਰਗੀ ਚੇਤਨਾ ਦਾ ਇਹ ਦਖਲ ਭਾਵੇਂ ਇੱਕ ਸ਼ੁੱਭ ਸ਼ਗਨ ਮੰਨਿਆਂ ਜਾ ਸਕਦਾ ਹੈ ਪਰੰਤੂ ਇਸ ਦੇ ਜਮਾਤੀ ਸਰੂਪ ਦਾ ਹਕੀਕੀ ਹਸ਼ਰ ਅਗਾਮੀ ਲੋਕ ਸਭਾ ਚੋਣਾਂ ਵਿੱਚ ਇਸ ਵਰਗ ਦੀ ਭੂਮਿਕਾ ਤੋਂ ਹੀ ਤਹਿ ਹੋਵੇਗਾ।

ਸੰਪਰਕ: +91 94630 04858

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ