ਪੰਜਾਬ ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਹਰ ਇੱਕ ਸਿਆਸੀ ਪਾਰਟੀ ਵਲੋਂ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਦਾ ਕੰਮ ਚੱਲ ਰਿਹਾ ਹੈ। ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸ਼ਾਮਿਲ ਹਨ। ਭਾਜਪਾ ਅਕਾਲੀ ਦਲ ਬਾਦਲ ਕਰਕੇ ਸੱਤਾ ਵਿੱਚ ਭਾਈਵਾਲ ਹੋਣ ਕਰਕੇ ਆਪਣਾ ਆਪਣੇ ਆਪ ਵਿੱਚ ਹੀ ਮਜ਼ਬੂਤ ਅਧਾਰ ਦੱਸ ਰਹੀ ਹੈ। ਕਿਸੇ ਵੇਲੇ ਸਵਰਗੀ ਬਾਬੂ ਕਾਂਸ਼ੀ ਰਾਮ ਦੇ ਸੁਪਨਿਆਂ ਨੂੰ ਬੂਰ ਪਾਉਂਣ ਵਾਲੀ ਬਹੁਜਨ ਸਮਾਜ ਪਾਰਟੀ ਇਸ ਵਾਰ ਸੱਤਾ ਦੇ ਗੁਲਿਆਰਿਆਂ ਵਿੱਚ ਪੂਰੀ ਤਰ੍ਹਾਂ ਮਨਫੀ ਨਜ਼ਰ ਆ ਰਹੀ ਹੈ।
ਦੁਆਬਾ ਦਲਿਤਾਂ ਦਾ ਗੜ੍ਹ ਅਤੇ ਸੰਤ ਮਹਾਂਪੁਰਸ਼ਾਂ ਦਾ ਇਲਾਕਾ ਹੋਣ ਕਰਕੇ ਬਸਪਾ ਦਾ ਮਜ਼ਬੂਤ ਅਧਾਰ ਵਾਲਾ ਇਲਾਕਾ ਹੈ। ਦੁਆਬੇ ਦੀਆਂ 25 ਵਿਧਾਨ ਸਭਾ ਸੀਟਾਂ ਅਤੇ ਦੋ ਤਿੰਨ ਲੋਕ ਸਭਾ ਹਲਕਿਆਂ ਵਿੱਚ ਚੌਖਾ ਅਧਾਰ ਰੱਖਣ ਵਾਲੀ ਬਹੁਜਨ ਸਮਾਜ ਪਾਰਟੀ ਭਾਂਵੇਂ ਕੇਂਦਰ ਵਿੱਚ ਆਪਣੇ 20 ਤੋਂ 25 ਲੋਕ ਸਭਾ ਮੈਂਬਰ ਜਿਤਾਉਣ ਵਿੱਚ ਕਾਮਯਾਬ ਹੋ ਜਾਵੇ ਪ੍ਰੰਤੂ ਇਸ ਵਾਰ ਪੰਜਾਬ ’ ਚ ਇਸ ਪਾਰਟੀ ਦਾ ਕੋਈ ਵੀ ਉਮੀਦਵਾਰ ਸ਼ਾਇਦ ਹੀ ਕਿਸੇ ਵਿਧਾਨ ਸਭਾ ਹਲਕੇ ਵਿੱਚ ਲੀਡ ਵੀ ਲੈ ਸਕੇ। ਇਸ ਪਾਰਟੀ ਦੇ ਚੋਟੀ ਦੇ ਆਗੂਆਂ ਪਵਨ ਕੁਮਾਰ ਟੀਨੂੰ , ਸੁਖਵਿੰਦਰ ਸਿੰਘ ਸੁੱਖੀ ਨਵਾਂਸ਼ਹਿਰ, ਦਰਸ਼ਨ ਲਾਲ ਜੇਠੂਮਜ਼ਾਰਾ, ਚੰਦਰ ਫਿਲੋਰ ਸਮੇਤ ਦਰਜਨ ਦੇ ਕਰੀਬ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨਵੀਂ ਸੋਚ ਨੇ ਅਜਿਹੇ ਪੱਠੇ ਪਾਏ ਕਿ ਉਹ ਪਿੱਛਲੇ 8 ਸਾਲਾਂ ਤੋਂ ਸਰਕਾਰੀ ਸਹੂਲਤਾਂ ਦਾ ਅਨੰਦ ਪ੍ਰਾਪਤ ਕਰ ਰਹੇ ਹਨ।
ਉਕਤ ਆਗੂ ਪਾਰਟੀ ਨਾਲੋਂ ਕਿਉਂ ਅਲੱਗ ਹੋਏ ਇਸ ਬਾਰੇ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਕਦੇ ਵੀ ਨਹੀਂ ਸੋਚਿਆ। ਇਹਨਾਂ ਦੇ ਜਾਣ ਦਾ ਉਸਨੂੰ ਤਾਂ ਕੋਈ ਦੁੱਖ ਨਹੀਂ ਪ੍ਰੰਤੂ ਅੱਜ ਜੱਦ ਪਿੰਡਾਂ ਦੀਆਂ ਸੱਥਾਂ ਵਿੱਚ ਹੋਰ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਸਬੰਧੀ ਗੱਲਾਂ ਚੱਲਦੀਆਂ ਹਨ ਤਾਂ ਬਸਪਾ ਨਾਲ ਜੁੜਿਆ ਕੇਡਰ ਆਪਣੀ ਪਾਰਟੀ ਦੇ ਉਮੀਦਵਾਰ ਬਾਰੇ ਕੋਈ ਵੀ ਜ਼ਿਕਰ ਨਾ ਸੁਣਕੇ ਨਿਰਾਸ਼ ਹੋ ਜਾਂਦਾ ਹੈ। ਉਸਨੂੰ ਕੁੱਝ ਨਹੀਂ ਸੁਝਦਾ ਕਿ ਉਹ ਕੀ ਕਰੇ। ਬਸਪਾ ਪੰਜਾਬ ਦੀ ਲੀਡਰਸ਼ਿੱਪ ਉਹਨਾਂ ਨੂੰ ਇਹ ਕਹਿਕੇ ਪਿਤਾਉਂਦੇ ਹਨ ਕਿ ਗਰੀਬਾਂ ਨੂੰ ਮਾਇਆਧਾਰੀ ਪਾਰਟੀਆਂ ਦੇ ਆਗੂਆਂ ਨੇ ਖਰੀਦ ਲਿਆ ਹੈ, ਜੋ ਸਾਡੇ ਸਮਾਜ ਨਾਲ ਵੱਡਾ ਧੌਖਾ ਹੈ। ਉਕਤ ਆਗੂਆਂ ਦੀ ਇਹ ਗੱਲ ਸੁਣਕੇ ਬਸਪਾ ਕੇਡਰ ਵਿੱਚ ਜੋਸ਼ ਭਰਿਆ ਜਾਂਦਾ ਹੈ ਤੇ ਉਹ ਮੁੜ ਨਵੇਂ ਦੁੱਧ ਹੋ ਕੇ ਪਾਰਟੀ ਤੋਂ ਅਲੱਗ ਹੋਏ ਆਗੂਆਂ ਨੂੰ ਗਦਾਰ ਕਹਿਕ ਭੰਡਦੇ ਹਨ।
ਇਹਨਾਂ ਅਣਭੋਲ ਲੋਕਾਂ ਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਭਰਮਾਉਣ ਵਾਲੇ ਖੁਦ ਆਪਣੇ ਹੀ ਉਮੀਦਵਾਰਾਂ ਨੂੰ ਹਰਾਉਣ ਲਈ ਕੰਮ ਕਰ ਰਹੇ ਹਨ। ਇਸ ਪਾਰਟੀ ਵਲੋਂ ਹਰ ਚੋਣ ਸਮੇਂ ਆਪਣੇ ਬੱਲ ਬੂਤੇ ਚੋਣ ਲੜਨ ਦੀ ਕੀ ਲੋੜ ਹੈ , ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਕਤ ਪਾਰਟੀ ਦਾ ਜ਼ਿਨਾ ਵੀ ਵੋਟ ਬੈਂਕ ਚੋਣ ਲੜ ਰਹੇ ਉਮੀਦਵਾਰਾਂ ਭੁਗਤੇਗਾ ਉਸਦਾ ਕਾਂਗਰਸ ਨੂੰ ਨੁਕਸਾਨ ਅਤੇ ਸੱਤਾ ਧਾਰੀ ਪਾਰਟੀ ਨੂੰ ਵੱਧ ਲਾਭ ਹੋਵੇਗਾ। ਰੁਪਿਆ ਰੁਪਿਆ ਮੰਗਕੇ ਵੋਟਰਾਂ ਨੂੰ ਲਾਮਬੰਦ ਕਰਨ ਵਾਲੇ ਇਸ ਪਾਰਟੀ ਦੇ ਆਗੂਆਂ ਦਾ ਕਰੋੜਪਤੀ ਹੋਣਾ ਇਸਦਾ ਸਬੂਤ ਹਨ। ਪਾਰਟੀ ਕੇਡਰ ਨੂੰ ਹਰ ਵਾਰ ਗੁੰਮਰਾਹ ਕੀਤਾ ਜਾਂਦਾ ਹੈ ਜਿਸਦਾ ਉਹਨਾ ਨੂੰ ਚੋਣ ਨਤੀਜ਼ੇ ਸਾਹਮਣੇ ਆਉਣ ਤੇ ਪਤਾ ਲੱਗਦਾ ਹੈ।
ਬਸਪਾ ਇਸ ਵਾਰ ਪੰਜਾਬ ਵਿੱਚ ਮੁੜ ਫਿਰ ਇੱਕ ਤਰੀਕੇ ਨਾਲ ਸੱਤਾਧਾਰੀ ਗੱਠਜੋੜ ਨੂੰ ਹੀ ਲਾਭ ਪਹੁੰਚਾ ਰਹੀ ਹੈ। ਸਾਂਝਾ ਮੋਰਚਾ ਵੀ ਵਿਧਾਨ ਸਭਾ ਚੋਣਾਂ ਵਾਂਗ ਮਨਪ੍ਰੀਤ ਮਗਰ ਲੱਗਕੇ ਸੱਤਾਧਾਰੀ ਗਠਜੋੜ ਦੀ ਹੀ ਮੱਦਦ ਕਰ ਰਿਹਾ ਹੈ । ਇਸੇ ਕਰਕੇ ਤਾਂ ਮਨਪ੍ਰੀਤ ਬਾਦਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫਿਟ ਨਹੀਂ ਬੈਠ ਰਿਹਾ ਤੇ ਉਹ ਉਸਦਾ ਵਿਰੋਧ ਕਰ ਰਿਹਾ ਹੈ। ਸਿਆਸਤ ਬੜੀ ਕੁੱਤੀ ਚੀਜ਼ ਹੈ । ਮਨਪ੍ਰੀਤ ਸਿੰਘ ਬਾਦਲ ਨੇ ਜਿਥੇ ਫਿਰ ਆਪਣੀ ਭਰਜਾਈ ਨੂੰ ਜਿਤਾਉਣ ਅਤੇ ਅਕਾਲੀ ਦਲ ਬਾਦਲ ਨੂੰ ਮਜ਼ਬੂਤ ਕਰਨ ਲਈ ਕਾਮਰੇਡਾਂ ਸਮੇਤ ਅੰਦਰਖਾਤੇ ਪਹਿਲਾਂ ਹੀ ਸਮਝੌਤਾ ਕਰੀ ਬੈਠੇ ਸੁਰਜੀਤ ਸਿੰਘ ਬਰਨਾਲਾ ਦੇ ਦਲ ਨੂੰ ਆਪਣੇ ਨਾਲ ਇੱਕ ਵਾਰ ਮੁੜ ਮੂੰਹ ਮਿੱਠਾ ਬਣਕੇ ਆਪਣੇ ਨਾਲ ਜੋੜਕੇ ਸੱਤਾਧਾਰੀ ਗੱਠਜੋੜ ਲਈ ਜਿੱਤਣ ਲਈ ਰਾਹ ਪੱਧਰਾ ਕਰ ਲਿਆ ਬਿਲਕੁੱਲ ਉਸੇ ਤਰ੍ਹਾਂ ਉਸਨੇ ਕਾਂਗਰਸ ਨੂੰ ਵੀ ਮਨਾਕੇ ਆਪਣੇ ਲਈ ਸੀਟ ਪੱਕੀ ਕਰਵਾ ਲਈ । ਹਾਰ ਜਿੱਤ ਨਾਲ ਉਸਨੂੰ ਕੋਈ ਫਰਕ ਨਹੀਂ ਤਾਏ ਅਤੇ ਪਿਓ ਦੀ ਯਾਰੀ ਪੱਕੀ ਕਰਨ ਲਈ ਉਹ ਕੁੱਝ ਵੀ ਕਰ ਸਕਦਾ। ਉਸਦੇ ਸਾਂਝੇ ਮੋਰਚੇ ਨੇ ਆਪ ਪਾਰਟੀ ਨਾਲ ਚੋਣ ਗੱਠਜੋੜ ਨਾਲ ਕਿਉਂ ਸਮਝੋਤਾ ਨਹੀਂ ਕੀਤਾ ਇਸਦਾ ਵੀ ਸਾਫ ਸੰਕੇਤ ਹੈ ਕਿ ਉਹ ਨਹੀਂ ਚਾਹੁੰਦਾ ਕਿ ਆਪ ਸਾਡੇ ਨਾਲ ਰਲਕੇ ਬਾਦਲ ਪਰਿਵਾਰ ਦਾ ਕੋਈ ਵੱਡਾ ਨੁਕਸਾਨ ਕਰੇ। ਹਾਲੇ ਚੋਣ ਨੂੰ ਦਿਨ ਪਏ ਹਨ । ਬਹੁਤ ਵੱਡੇ ਡਰਾਮੇ ਲੋਕਾਂ ਨੂੰ ਦੇਖਣ ਨੂੰ ਮਿਲਣਗੇ।
ਦੂਸਰੇ ਪਾਸੇ ਪੰਜਾਬ ਵਿੱਚ ਅਜਿਹੀਆ ਕਈ ਪਾਰਟੀਆਂ ਅਤੇ ਹੈਲਪ ਵਰਗੀਆ ਸੰਸਥਾਵਾਂ ਦੇ ਸਰਗਰਮ ਆਗੂ ਸ਼ੌਸਲ ਮੀਡੀਏ ਅਤੇ ਹੋਰ ਸਾਧਨਾ ਨਾਲ ਲੋਕਾਂ ਨੂੰ ਸੁਚੇਤ ਕਰ ਰਹੇ ਹਨ ਕਿ ਲੋਕੋ ਜਾਗੋ ਤੁਹਾਡੇ ਕੋਲ ਨੇਤਾ ਵੋਟਾਂ ਮੰਗਣ ਲਈ ਆ ਰਹੇ ਹਨ ਤੇ ਤੁਸੀਂ ਬੰਦਾ ਵੇਖਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ । ਵੋਟ ਉਸਨੂੰ ਹੀ ਪਾਉਣਾ ਜਿਹੜਾ ਤੁਹਾਡੇ ਹਿੱਤਾਂ ਦੀ ਗੱਲ ਕਰਦੈ। ਹੈਲਪ ਸੰਸਥਾ ਦੇ ਆਗੂ ਪਰਵਿੰਦਰ ਸਿੰਘ ਕਿੱਤਣਾਂ ਦਾ ਕਹਿਣ ਹੈ ਕਿ ਸਾਨੂੰ ਇਸ ਵਾਰ ਅਜਿਹੇ ਆਗੂ ਲੋਕ ਸਭਾ ਵਿੱਚ ਚੁਣਕੇ ਭੇਜਣੇ ਚਾਹੀਦੇ ਹਨ ਜੋ ਘੱਟੋ ਘੱਟ ਗਰੇਜੂਏਟ ਹੋਣ ਜੇ ਨਹੀਂ ਤਾਂ ਪੰਜਵੀਂ ਪਾਸ ਅਤੇ ਕਿਸੇ ਸਾਧ ਨੂੰ ਚੁਣਕੇ ਨਾ ਭੇਜਿਆ ਜਾਵੇ। ਉਹਨਾ ਮੁੱਲ ਦੀਆ ਖਬਰਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਮੀਡੀਆ ਮਾਲਿਕ ਜੇ ਚਾਹੁਣ ਤਾਂ ਇਸ ਵਾਰ ਜਿਹੜਾ ਵੀ ਮੀਡੀਆ ਗਰੁੱਪ ਮੁੱਲ ਦੀਆ ਖਬਰਾਂ ਛਾਪਣ ਤੋਂ ਗੁਰੇਜ਼ ਕਰੇਗਾ ਪੰਜਾਬ ਦੇ ਲੋਕ ਉਸਦਾ ਵਿਸ਼ੇਸ਼ ਧੰਨਵਾਦੀ ਹੋਣਗੇ। ਸਮਾਜ ਸੇਵਕਾ ਬੀਬੀ ਸੁਭਾਸ਼ ਚੌਧਰੀ ਦਾ ਕਹਿਣ ਹੈ ਕਿ ਚੋਣ ਲੜਨਾ ਹੁਣ ਗਰੀਬ ਬੰਦੇ ਦਾ ਕੰਮ ਨਹੀਂ ਰਿਹਾ। ਪਿੰਡ ਪੱਧਰ ਤੇ ਅਖਬਾਰਾਂ ਦੇ ਮਾਲਿਕਾਂ ਵਲੋਂ ਰੱਖੇ ਪੱਤਰਕਾਰ ਸ਼ਰੇਆਮ ਆਪਣੇ ਮਾਲਿਕਾਂ ਲਈ ਮੰਗਤਿਆਂ ਦੀ ਭੂਮਿਕਾ ਨਿਭਾ ਰਹੇ ਹਨ। ਇਸ ਰੁਝਾਨ ਨੂੰ ਬੰਦ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਇਥੇ ਮਰਹੂਮ ਨਾਟਕਕਾਰ ਜੋਗਿੰਦਰ ਬਾਹਰਲਾ ਦੀਆਂ ਇਹ ਸਤਰਾਂ ਯਾਦ ਆਉਂਦੀਆਂ ਹਨ :
ਜੋ ਗੀਤ ਬੰਬਾਂ ਨਾਲ ਲੜਦੇ ਨੇ
ਉਹਨਾਂ ਗੀਤਾਂ ਨੂੰ ਕੋਈ ਆਸ ਦਿਉ
ਗੀਤਾਂ ਦੀਆਂ ਅੱਖੀਆਂ ਲਹੂ ਚੋਵਣ
ਤੇ ਦਿਲਦਾਰੋ ਧਰਵਾਸ ਦਿਉ
ਟੈਗੋਰ ਸੰਗੀਤ ਦੀ ਸੁੱਚੀ ਰੂਹ
ਕਿਸੇ ਚੰਦਰੇ ਨੇ ਜੇ ਚੱਟ ਲੀਤੀ
ਕਾਜੀ ਦੀ ਚੁੱਪ ਦੇ ਨਾਲ ਕਿਤੇ
ਫਿਰ ਕੀ ਮੁੱਖ ਲੈ ਕੇ ਜੀਉਗੇ
ਇਸ ਜਿਉਣੇ ਨੂੰ ਕੋਈ ਪਾਸ ਦਿਉ..
ਚੰਨ ਦੀ ਮਿੱਟੀ ਲਈ ਜੂਝਦਿਓ
ਧਰਤੀ ਦੀ ਮਿੱਟੀ ਲਾਲ ਹੋਈ
ਉਹਦੀ ਕਲਾ ਤੇ ਲਹੂ ਲੁਹਾਣ ਹੋਈ
ਉਹਦੀ ਸੱਭਿਅਤਾ ਹਾਲ ਬੇਹਾਲ ਹੋਈ
ਇਸ ਅੱਤ ਦੀ ਅਮਨ ਪਿਆਸੀ ਨੂੰ
ਹੁਣ ਹੋਰ ਕਿਤੇ ਨਾ ਪਿਆਸ ਦਿਉ
ਸੰਪਰਕ: +91 95929 54007