Wed, 30 October 2024
Your Visitor Number :-   7238304
SuhisaverSuhisaver Suhisaver

ਔਰਤ ਕੌਮਾਂਤਰੀ ਦਿਵਸ 'ਤੇ ਕੁਝ ਵਿਚਾਰਨਯੋਗ ਨੁਕਤੇ - ਮਨਦੀਪ

Posted on:- 08-03-2014

suhisaver

ਮੌਜੂਦਾ ਹਾਲਤਾਂ 'ਚ ਔਰਤ ਦੀ ਮੁਕਤੀ ਦੇ ਸਵਾਲ ਨੂੰ ਸੰਬੋਧਿਤ ਹੋਣ ਸਮੇਂ ਇਸ ਜਰੂਰੀ ਸਮਾਜਿਕ ਵਿਰੋਧਤਾਈ 'ਤੇ ਧਿਆਨ ਕੇਂਦਰਿਤ ਕਰਨਾ ਜਰੂਰੀ ਹੈ ਕਿ ਭਾਰਤ ਵਰਗੇ ਤੀਜੀ ਦੁਨੀਆ ਦੇ ਮੁਲਕਾਂ ਸਮੇਤ ਸੰਸਾਰ ਦੇ ਹੋਰ ਮੁਲਕਾਂ 'ਚ ਆਰਥਿਕ ਖੇਤਰ 'ਚ ਹੋ ਰਹੀਆਂ ਤਬਦੀਲੀਆਂ ਅਤੇ ਔਰਤਾਂ ਦੇ ਉੱਠ ਰਹੇ ਉਭਾਰਾਂ ਦੇ ਸਿੱਟੇ ਵਜੋਂ ਉਨ੍ਹਾਂ ਦੀ ਸਮਾਜ ਵਿਚਲੀ ਹੈਸੀਅਤ ਤੇ ਜਿੰਮਵਾਰੀ 'ਚ ਮਹੱਤਵਪੂਰਨ ਬਦਲਾਅ ਆ ਰਿਹਾ ਹੈ। ਇਸ ਬਦਲਾਅ ਦਾ ਸੰਘਣਾ ਇਜ਼ਹਾਰ ਲੁਟੇਰੇ ਤੇ ਜਾਬਰ ਸਮਾਜਿਕ, ਆਰਥਿਕ ਪ੍ਰਬੰਧ ਦੇ ਸਤਾ ਦੇ ਅਦਾਰਿਆਂ (ਜਾਬਰ ਹਕੂਮਤੀ ਮਸ਼ੀਨਰੀ) ਤੇ ਇਸਦੀ ਸਿਆਸਤ, ਸੱਭਿਆਚਾਰ ਤੇ ਵਿਚਾਰਧਾਰਾ 'ਚ ਹੋ ਰਿਹਾ ਹੈ।

ਔਰਤਾਂ ਦੀ ਸਮਾਜ 'ਚ ਹੈਸੀਅਤ ਤੇ ਜਿੰਮੇਵਾਰੀ ਸਬੰਧੀ ਸਮਾਜੀ ਵਿਰੋਧਤਾਈ ਦਾ ਮੌਜੂਦਾ ਸਮੇਂ ਸੰਸਾਰ ਦੇ ਵੱਖੋ-ਵੱਖਰੇ ਮੁਲਕਾਂ 'ਚ ਜੋ ਧਮਾਕਾਖੇਜ ਪ੍ਰਗਟਾਅ ਹੋ ਰਿਹਾ ਹੈ, ਉਸ ਨੂੰ ਲੁਟੇਰੀਆਂ ਤੇ ਜਾਬਰ ਹਾਕਮ ਜਮਾਤਾਂ ਵੱਖੋ-ਵੱਖਰੇ ਢੰਗਾਂ ਰਾਹੀਂ ਵਿਚੋ-ਵਿੱਚ ਦਬਾਉਣ ਤੇ ਮੇਸਣ ਤੇ ਜੋਰ ਲਾ ਰਹੀਆਂ ਹਨ ਜਾਂ ਇਸਤੋਂ ਵੀ ਵੱਖ ਉਨ੍ਹਾਂ ਦਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਹੈ ਕਿ ਇਸ ਵਿਰੋਧ ਨੂੰ ਸਮਾਜ ਦੀ ਕਾਇਆਪਲਟੀ ਕਰਨ ਵਾਲੇ ਇਨਕਲਾਬ ਕਰਨ ਵੱਲ ਅੱਗੇ ਵਧਣ ਤੋਂ ਪਿੱਛੇ-ਪਿੱਛੇ ਰੋਕਕੇ ਰੱਖਿਆ ਜਾਵੇ।

ਇਸ ਤੋਂ ਅੱਗੇ ਉਨ੍ਹਾਂ ਦਾ ਜੋਰ ਵਿਸ਼ੇਸ਼ ਤੌਰ ਤੇ ਇਸ ਗੱਲ ਤੇ ਲੱਗਿਆ ਹੋਇਆ ਹੈ ਕਿ ਔਰਤਾਂ ਦੀ ਕੀਤੀ ਜਾ ਰਹੀ ਬੇਹੱਦ ਤਿੱਖੀ ਲੁੱਟ ਤੇ ਉਨ੍ਹਾਂ ਤੇ ਢਾਹੇ ਜਾ ਰਹੇ ਵਹਿਸ਼ੀ ਜਬਰ-ਜੁਲਮ ਵਿਰੁੱਧ ਉੱਠ ਰਹੇ ਉਨ੍ਹਾਂ ਦੇ ਘੋਲਾਂ ਤੇ ਵਿਸ਼ਾਲ ਉਭਾਰਾਂ 'ਚ ਖਾਸ ਤੌਰ ਤੇ ਸ਼ਾਮਲ ਹੋ ਰਹੀਆਂ ਦਰਮਿਆਨੇ ਤਬਕਿਆਂ ਦੀਆਂ ਔਰਤਾਂ ਦਾ ਇਨਕਲਾਬੀਕਰਨ ਹੋਣ ਤੇ ਇਸਤੋਂ ਅੱਗੇ ਇਨਕਲਾਬ ਵੱਲ ਵਧਣ ਤੋਂ ਰੋਕਿਆ ਜਾਵੇ। ਇਸ ਤਰ੍ਹਾਂ ਸੰਸਾਰ ਦੇ ਵੱਖੋ-ਵੱਖਰੇ ਮੁਲਕਾਂ 'ਚ ਆਰਥਿਕਤਾ 'ਚ ਜੋ ਤਬਦੀਲੀਆਂ ਹੋ ਰਹੀਆਂ ਹਨ ਤੇ ਇਨ੍ਹਾਂ ਤਬਦੀਲੀਆਂ ਦੇ ਅੰਗ ਵਜੋਂ ਭਾਰਤ ਵਰਗੇ ਤੀਜੀ ਦੁਨੀਆ ਦੇ ਮੁਲਕਾਂ ਦੀਆਂ ਆਰਥਿਕਤਾਵਾਂ 'ਚ ਕਾਫੀ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ। ਉਨ੍ਹਾਂ ਦੇ ਸਿੱਟੇ ਵਜੋਂ ਆਏ ਦਿਨ ਵੱਧ ਤੋਂ ਵੱਧ ਔਰਤਾਂ ਕਾਮਾਸ਼ਕਤੀ ਵਜੋਂ (ਭਾਵ ਉਜਰਤੀ ਮਜ਼ਦੂਰਾਂ ਵਾਗੂੰ) ਜਰੂਰੀ ਲੋੜ ਵਜੋਂ ਕੰਮ ਦੇ ਵੱਖੋ-ਵੱਖਰੇ ਖੇਤਰਾਂ 'ਚ ਖਿਚੀਆਂ ਜਾ ਰਹੀਆਂ ਹਨ।

ਮੌਜੂਦਾ ਸੰਸਾਰ ਦਾ ਇਕ ਨਿਵੇਕਲਾ ਪੱਖ ਜਿਸਦਾ ਸਾਨੂੰ ਗਹਿਰ-ਗੰਭੀਰ ਅਧਿਐਨ ਤੇ ਨਿਰਣਾ ਕਰਨ ਦੀ ਲੋੜ ਹੈ, ਉਹ ਇਹ ਹੈ ਕਿ ਔਰਤਾਂ ਨੂੰ ਉਜ਼ਰਤੀ ਕਾਮਿਆਂ ਵਜੋਂ ਪੈਦਾ ਕਰਨਾ। ਇਸ ਪ੍ਰਸੰਗ 'ਚ ਭਾਰਤ ਸਮੇਤ ਤੀਜੀ ਦੁਨੀਆ ਦੇ ਹੋਰ ਮੁਲਕਾਂ ਦੇ ਪਿਛਲੇ ਕੁਝ ਦਹਾਕਿਆਂ 'ਤੇ ਮੋਟੀ ਝਾਤ ਮਾਰੀਏ ਤਾਂ ਇਹ ਹਕੀਕਤ ਸਾਹਮਣੇ ਆਉਂਦੀ ਹੈ ਕਿ ਪਹਿਲਾਂ ਨਾਲੋਂ ਕਿਤੇ ਵੱਧ ਔਰਤਾਂ ਦੀ ਉਜ਼ਰਤੀ ਕਾਮਿਆਂ ਵਜੋਂ ਕੰਮ ਕਰਨ ਦੀ ਜਰੂਰੀ ਲੋੜ ਬਣੀ ਹੈ ਤੇ ਉਹਨਾਂ ਦੀ ਗਿਣਤੀ 'ਚ ਬਹੁਤ ਵੱਡਾ ਵਾਧਾ ਹੋ ਰਿਹਾ ਹੈ। ਇਹ ਤਬਦੀਲੀ ਲੁਟੇਰੇ ਤੇ ਜਾਬਰ ਹਾਕਮ ਸੰਸਾਰ ਪੱਧਰ ਤੇ ਆਪਣੇ ਮੁਨਾਫਿਆਂ ਨੂੰ ਵਧਾਉਣ ਦੀ ਲੋੜ ਤੇ ਹੋੜ 'ਚੋਂ ਕਰ ਰਹੇ ਹਨ।

ਇਨ੍ਹਾਂ ਤਬਦੀਲੀਆਂ ਨੇ ਹੋਰਨਾ ਗੱਲਾਂ ਤੋਂ ਇਲਾਵਾ ਔਰਤਾਂ ਨੂੰ ਬੀਤੇ ਸਮਿਆਂ ਨਾਲੋਂ ਹੋਰ ਵੀ ਵੱਡੀ ਪੱਧਰ ਤੇ ਘਰਾਂ ਦੀਆਂ ਤੰਗ ਵਲਗਣਾਂ 'ਚੋਂ ਬਾਹਰ ਖਿੱਚਕੇ ਲਿਆਂਦਾ ਹੈ। ਜਿਵੇਂ ਅੱਤ ਦੀ ਮੰਦਹਾਲੀ ਤੇ ਗਰੀਬੀ ਦੀ ਹਾਲਤ 'ਚ ਧੱਕੀਆਂ ਜਾ ਰਹੀਆਂ ਔਰਤਾਂ ਨੂੰ ਬਹੁਤ ਨਿਗੂਣੇ ਪੈਸਿਆਂ ਬਦਲੇ ਖੇਤੀ ਖੇਤਰ ਦੇ ਕੰਮਾਂ ਤੋਂ ਇਲਾਵਾ ਖਾਸ ਕਰਕੇ ਸ਼ਹਿਰੀ-ਘਰਾਂ ਅੰਦਰ ਸਾਫ-ਸਫਾਈ, ਭਾਂਡੇ ਮਾਂਜਣ, ਖਾਣਾ ਬਣਾਉਣ, ਕੱਪੜੇ ਧੋਣ, ਬੱਚਿਆਂ ਨੂੰ ਸਾਂਭਣ ਤੇ ਉਨ੍ਹਾਂ ਦੇ ਕੁੱਤਿਆਂ ਨੂੰ ਘੁੰਮਾਉਣ-ਫਿਰਾਉਣ ਆਦਿ ਦੇ ਕੰਮਾਂ ਤੇ ਲੱਗਣ ਦੀ ਜਰੂਰੀ ਲੋੜ ਪੈਦਾ ਕੀਤੀ ਹੈ। ਇਸ ਤਰ੍ਹਾਂ ਬੇਰੁਜਗਾਰੀ ਦੀ ਮਾਰ ਝੱਲ ਰਹੀਆਂ ਪੜ੍ਹੀਆਂ-ਲਿਖੀਆਂ ਔਰਤਾਂ ਨੂੰ ਬਹੁਤ ਹੀ ਘੱਟ ਤਨਖ਼ਾਹ ਤੇ ਵੱਡੇ-ਵੱਡੇ ਸ਼ੋਅਰੂਮਾਂ, ਹੋਟਲਾਂ, ਸਕੂਲਾਂ-ਕਾਲਜਾਂ, ਰੈਸਟੋਰੈਂਟਾਂ, ਬੈਂਕਾਂ ਤੇ ਇਲੈਕਟ੍ਰੌਨਿਕ ਤਕਨੀਕ ਤੇ ਅਧਾਰਿਤ ਕਾਰੋਬਾਰਾਂ ਸਮੇਤ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਆਦਿ ਦੇ ਕੰਮਾਂ 'ਚ ਖਿਚਿਆ ਜਾ ਰਿਹਾ ਹੈ। ਔਰਤਾਂ ਨੂੰ ਕਾਮਾ ਸ਼ਕਤੀ ਵਜੋਂ ਇਸ ਕਰਕੇ ਵਿਕਸਤ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੀ ਕਿਰਤ ਦੀ ਹੋਰ ਵਧੇਰੇ ਸਸਤੀ ਤੋਂ ਸਸਤੀ ਲੁੱਟ ਕੀਤੀ ਜਾ ਸਕੇ।

ਇਹ ਜੋ ਤਬਦੀਲੀਆਂ ਹੋ ਰਹੀਆਂ ਹਨ ਇਨ੍ਹਾਂ ਦਾ ਅਸਰ ਮਰਦ ਔਰਤ ਦੇ ਰਵਾਇਤੀ ਜਗੀਰੂ ਸਬੰਧਾਂ ਤੇ ਪੈ ਰਿਹਾ ਹੈ। ਸਿੱਟੇ ਵਜੋਂ ਪੁਰਾਣੇ ਰਵਾਇਤੀ ਸਬੰਧ ਦੇ ਔਰਤ ਉੱਤੇ ਮਰਦ ਦੇ ਗਲਬੇ ਵਾਲੀ ਰਵਾਇਤੀ ਜਗੀਰੂ ਨੈਤਿਕਤਾ ਟੁੱਟ ਰਹੀ ਹੈ। ਬਦਲਦੀਆਂ ਹਾਲਤਾਂ 'ਚ ਔਰਤਾਂ ਵੱਖੋ-ਵੱਖਰੇ ਕੰਮ-ਕਾਰ ਦੇ ਖੇਤਰਾਂ 'ਚ ਪਹਿਲਾਂ ਨਾਲੋਂ ਵਧੇਰੇ ਸਰਗਰਮ ਰੋਲ ਅਦਾ ਕਰ ਰਹੀਆਂ ਹਨ। ਨਾਲੋ-ਨਾਲ ਉਹ ਆਪਣੇ ਹਿੱਤਾਂ ਦੀ ਰਾਖੀ ਲਈ ਸੰਘਰਸ਼ਾਂ ਤੇ ਘੋਲਾਂ 'ਚ ਪਹਿਲਾਂ ਦੇ ਮੁਕਾਬਲੇ ਹੱਦਾਂ-ਬੰਨੇ ਤੋੜਕੇ ਹੋਰ ਵਧੇਰੇ ਮੈਦਾਨ 'ਚ ਨਿਤਰ ਰਹੀਆਂ ਹਨ। ਉਹ ਕੰਮ ਦੀਆਂ ਲੋੜਾਂ ਮੁਤਾਬਕ ਆਪਣੇ-ਆਪ ਨੂੰ ਔਰਤ ਅਤੇ ਮਨੁੱਖਤਾ ਦੇ ਅੰਗ ਵਜੋਂ ਮਰਦ ਦੇ ਬਰਾਬਰ ਆਪਣੀ ਅਜ਼ਾਦਾਨਾ ਹੈਸੀਅਤ ਜਤਾ ਰਹੀਆਂ ਹਨ। ਜਿਸਦਾ ਪਿਤਰੀ ਪ੍ਰਧਾਨ ਸਮਾਜ ਵੱਲੋਂ ਬਹੁਤ ਹੀ ਹਿੰਸਕ ਵਿਰੋਧ ਕੀਤਾ ਜਾ ਰਿਹਾ ਹੈ। ਮੌਜੂਦਾ ਹਾਲਤਾਂ 'ਚ ਔਰਤਾਂ ਵਿਰੁੱਧ ਤੇਜ਼ ਹੋ ਰਹੀ ਲਿੰਗਕ ਹਿੰਸਾ ਸਮੇਤ ਘਿਣਾਉਣੇ ਬਲਾਤਕਾਰਾਂ ਆਦਿ ਦੇ ਸਾਹਮਣੇ ਆ ਰਹੇ ਮਾਮਲੇ ਇਸੇ ਹਿੰਸਾ ਦਾ ਅੰਗ ਹਨ।
 
ਔਰਤਾਂ ਵੱਲੋਂ ਮਰਦਾਂ ਬਰਾਬਰ ਕੰਮ ਕਰਨ ਨੂੰ ਲੁਟੇਰੇ ਟੋਲੇ ਨਵੀਨ ਸਮਾਜ ਦੇ ਚਿੰਨ੍ਹ ਵਜੋਂ ਵਡਿਆਉਂਦੇ ਹਨ। ਪਰ ਜਦੋਂ ਇਸ ਤਬਦੀਲੀ ਰਾਹੀਂ ਔਰਤਾਂ ਵਪਾਰਕ, ਨਿੱਜੀ, ਪਬਲਿਕ ਤੇ ਹੋਰ ਕੰਮਕਾਰ ਦੇ ਸਾਰੇ ਖੇਤਰਾਂ 'ਚ ਮਰਦ ਦੇ ਬਰਾਬਰ ਆਪਣੀ ਬਰਾਬਰ ਦੀ ਹੈਸੀਅਤ ਜਤਾਉਂਦੀਆਂ ਹਨ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਹ ਆਪਣੇ ਦਾਬੇ ਦੀ ਜਾਗੀਰੂ ਨੈਤਿਕਤਾ 'ਚੋਂ ਔਰਤ ਨੂੰ ਮਰਦ ਦੇ ਬਰਾਬਰ ਹੋਣ ਨੂੰ ਮਾਨਤਾ ਨਹੀਂ ਦਿੰਦੇ। ਪੇਂਡੂ ਖਿਤਿਆਂ ਤੋਂ ਇਲਾਵਾ ਇਨ੍ਹਾਂ ਖੇਤਰਾਂ 'ਚ ਜਿੱਥੇ ਔਰਤ ਨਵੀਆਂ ਹਾਲਤਾਂ 'ਚ ਮਰਦ ਦੇ ਬਰਾਬਰ ਕੰਮਾਂਕਾਰਾਂ 'ਚ ਕੁਦੀਆਂ ਹਨ, ਉੱਥੇ ਔਰਤਾਂ 'ਤੇ ਹਮਲੇ ਦਿਨੋ-ਦਿਨ ਹੋਰ ਵਧੇਰੇ ਤੇਜ਼ ਹੁੰਦੇ ਜਾ ਰਹੇ ਹਨ।

ਇਸ ਤਰ੍ਹਾਂ ਮੌਜੂਦਾ ਲੁਟੇਰੇ ਪ੍ਰਬੰਧ 'ਚ ਇਸ ਵਿਰੋਧਤਾਈ ਦੀ ਅੜਾਉਣੀ ਫਸੀ ਹੋਈ ਹੈ। ਇਕ ਪਾਸੇ ਮੁਨਾਫੇ ਦੀ ਹੋੜ 'ਚੋਂ ਲੁਟੇਰੇ ਟੋਲੇ ਤਬਦੀਲੀਆਂ ਰਾਹੀਂ ਆਪਣੀ ਲੋੜ ਮੁਤਾਬਿਕ ਅੰਸ਼ਕ ਰੂਪ 'ਚ “ਰਵਾਇਤੀ ਪਰਿਵਾਰ” ਦੇ ਜਗੀਰੂ ਦਾਬੇ ਤੋੜ ਰਹੇ ਹਨ ਦੂਜੇ ਪਾਸੇ ਆਪਣੇ ਪਿਛਾਖੜੀ ਖਾਸੇ 'ਚੋਂ ਇਸ ਰਵਾਇਤੀ ਪਰਿਵਾਰ ਤੇ ਇਸਦੀ ਜਗੀਰੂ ਦਾਬੇ ਵਾਲੀ ਨੈਤਿਕਤਾ ਨੂੰ ਮੁੜ ਸਥਾਪਿਤ ਕਰ ਰਹੇ ਹਨ। ਪਰ ਹਾਕਮ ਜਮਾਤਾਂ 'ਚ ਇਸ ਸਵਾਲ 'ਤੇ ਪੂਰੀ ਇਕਮੱਤਤਾ ਨਹੀਂ ਹੈ। ਭਾਵ ਇਹ ਹੈ ਕਿ ਉਨ੍ਹਾਂ ਦੇ ਸਾਰੇ ਦੇ ਸਾਰੇ ਥੜੇ ਇਹ ਨਹੀਂ ਚਾਹੁੰਦੇ ਕਿ ਅੱਜ ਤੋਂ ਅੱਧੀ ਸਦੀ ਤੋਂ ਵੀ ਵੱਧ ਸਮਾਂ ਦੇ ਪਹਿਲਾਂ ਵਾਲੇ “ਰਵਾਇਤੀ ਪਰਿਵਾਰ” ਨੂੰ ਮੁੜ ਸ਼ਥਾਪਿਤ ਕੀਤਾ ਜਾਵੇ। ਕਿਉਂਕਿ ਉਨ੍ਹਾਂ ਦੀ ਨਵੀਆਂ ਹਾਲਤਾਂ 'ਚ ਲੁੱਟ ਨੂੰ ਤਿੱਖੀ ਕਰਨ ਲਈ ਔਰਤਾਂ ਨੂੰ ਕਾਮਾ ਸ਼ਕਤੀ ਵਜੋਂ ਘਰ ਦੀ ਤੰਗ ਵਲਗਣ 'ਚੋਂ ਬਾਹਰ ਨਿਕਲਣ ਦੀ ਲੋੜ ਹੈ। ਪਰ ਨਾਲੋ-ਨਾਲ ਉਨ੍ਹਾਂ ਦੇ ਵੱਖੋ-ਵੱਖਰੇ ਥੜੇ ਔਰਤਾਂ ਨੂੰ ਪਰਿਵਾਰ ਤੱਕ ਸੀਮਤ ਰੱਖ ਕੇ ਬੱਚੇ ਪਾਲਣ ਤੇ ਪਤੀ ਦੀ ਦਾਸੀ ਵਜੋਂ ਪੇਸ਼ ਕਰ ਰਹੇ ਹਨ।


ਇਸ ਤਰ੍ਹਾਂ ਅਖੌਤੀ ਨਵੀਨ ਸਮਾਜ ਦੇ ਪੈਰੋਕਾਰਾਂ ਵੱਲੋਂ ਔਰਤਾਂ ਨੂੰ ਨਵੀਂ ਸ਼ਕਲ 'ਚ ਪੁਰਾਤਨ ਜਗੀਰੂ ਕਦਰਾਂ-ਕੀਮਤਾਂ ਨੂੰ ਅਪਨਾਉਣ ਤੇ ਘਰਾਂ ਅੰਦਰ ਬੰਦ ਰਹਿਣ ਲਈ ਮਜ਼ਬੂਰ ਕਰਨ ਵਾਸਤੇ ਉਨ੍ਹਾਂ ਤੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਠੋਸੀਆਂ ਜਾ ਰਹੀਆਂ ਹਨ। ਪਰ ਜਿਉਂ-ਜਿਉਂ ਮੁਨਾਫੇ ਦੀ ਮੰਡੀ ਪੈਰ ਪਸਾਰ ਰਹੀ ਹੈ, ਤਿਉਂ-ਤਿਉਂ ਔਰਤਾਂ ਨੂੰ ਕੰਮਕਾਰ ਦੇ ਹੋਰ ਸੱਭੇ ਖੇਤਰਾਂ 'ਚ ਵੱਧ ਤੋਂ ਵੱਧ ਖਿਚਣ ਦੀ ਲੋੜ ਵੱਧਦੀ ਜਾ ਰਹੀ ਹੈ। ਔਰਤਾਂ ਕੰਮ ਦੇ ਉਨ੍ਹਾਂ ਖੇਤਰਾਂ 'ਚ ਵੀ ਦਾਖਲ ਹੋ ਰਹੀਆਂ ਹਨ, ਜਿੱਥੇ ਨਿਰੋਲ ਮਰਦ ਦੀ ਚੌਧਰ ਸੀ। ਅਜਿਹੀਆਂ ਤਬਦੀਲੀਆਂ ਨੇ ਰਵਾਇਤੀ ਮਰਦ ਪ੍ਰਧਾਨਗੀ ਨੂੰ ਹੋਰ ਵਧੇਰੇ ਚੁਣੌਤੀ ਦਿੱਤੀ ਹੈ।


ਸਮਾਜ 'ਚ ਜੋ ਇਸ ਕਿਸਮ ਦੀ ਅਦਲਾ-ਬਦਲੀ ਹੋ ਰਹੀ ਹੈ, ਇਸਨੇ ਪਿਤਰੀ ਪ੍ਰਧਾਨ ਸਮਾਜ “ਰਵਾਇਤੀ ਨੈਤਿਕਤਾ” ਦੇ ਅਧਾਰ ਨੂੰ ਵੀ ਖੋਰਾ ਲਾਇਆ ਹੈ। ਭਾਵ ਸਮਾਜ ਦੇ ਖੇਤੀ ਸਮੇਤ ਹੋਰ ਖੇਤਰਾਂ 'ਚ ਪੈਦਾਵਰੀ ਢੰਗਾਂ ਤੇ ਸੰਦਾਂ ਸਾਧਨਾਂ (ਆਰਥਿਕ ਅਧਾਰ) ਆਦਿ 'ਚ ਆਈ ਮਹੱਤਵਪੂਰਨ ਤਬਦੀਲੀ ਨੇ ਔਰਤਾਂ ਨੂੰ ਘਰ ਦੀ ਵਲਗਣ 'ਚੋਂ ਬਾਹਰ ਖਿਚਿਆ ਹੈ। ਇਸਨੇ ਪੁਰਾਣੇ ਜਾਗੀਰੂ ਸਮਾਜ ਦੇ ਔਰਤ ਸਬੰਧੀ ਵਿਚਾਰਾਂ (ਘਰ ਦੀ ਸੁਆਣੀ ਆਦਿ) ਤੇ ਉਸ 'ਤੇ ਗਲਬਾ ਪਾਉਣ ਦੇ ਤਹਿ ਕੀਤੇ ਪੈਮਾਨੇ ਤੇ ਕਦਰਾਂ ਕੀਮਤਾਂ 'ਚ ਇਕ ਮਹੱਤਵਪੂਰਨ ਤਬਦੀਲੀ ਲਿਆਂਦੀ ਹੈ। ਹੁਣ ਸਮਾਜ ਦਾ ਇਹ ਵਿਕਾਸ ਅਮਲ ਉਸੇ ਰੂਪ 'ਚ ਪਿੱਛੇ ਨਹੀਂ ਮੁੜ ਸਕਦਾ। ਇਸੇ ਕਰਕੇ ਤੁਰੀਆਂ ਆ ਰਹੀਆਂ ਭਾਰੂ ਜਗੀਰੂ ਕਦਰਾਂ-ਕੀਮਤਾਂ ਤੇ ਇਕ ਪਾਸੇ ਆਰਥਿਕਤਾ 'ਚ ਆਈਆਂ ਅੰਸ਼ਕ ਤਬਦੀਲੀਆਂ ਕਰਕੇ ਤੇ ਦੂਜੇ ਪਾਸੇ ਔਰਤਾਂ ਵੱਲੋਂ ਤਿੱਖੀ ਹੋਈ ਲੁੱਟ ਤੇ ਜਬਰ ਵਿਰੁੱਧ ਸੰਘਰਸ਼ਾਂ 'ਚ ਕੁਦਣ ਤੇ ਉਨ੍ਹਾਂ ਦੇ ਵੱਡੇ ਉਭਾਰ ਪੈਦਾ ਹੋਣ ਕਰਕੇ ਵਿਰੋਧੀ ਅਸਰ ਪੈ ਰਿਹਾ ਹੈ। ਹੋਈਆਂ ਤਬਦੀਲੀਆਂ 'ਚੋਂ ਔਰਤਾਂ ਸਮਾਜ 'ਚ ਬਰਾਬਰਤਾ ਤੇ ਅਜ਼ਾਦੀ ਦੀ ਮੰਗ ਕਰ ਰਹੀਆਂ ਹਨ। ਉਹ ਔਰਤ ਨੂੰ ਪਹਿਲੇ ਸਮਿਆਂ 'ਚ “ਘਰ ਦੀ ਸੁਆਣੀ” ਦੇ ਉਲਟ ਕਿਸੇ ਦੀ ਪਤਨੀ, ਧੀ, ਮਾਂ ਤੇ ਭੈਣ ਸਮਝਣ ਦੇ ਉਲਟ ਆਪਣੇ ਆਪ ਨੂੰ ਮਨੁੱਖਤਾ ਦੇ ਅੰਗ ਵਜੋਂ ਮਰਦ ਦੇ ਬਰਾਬਰ ਔਰਤ ਦਾ ਦਰਜਾ ਦਿਵਾਉਣ ਲਈ ਜੱਦੋਜਹਿਦ ਕਰ ਰਹੀਆਂ ਹਨ। ਪਰ ਹਾਕਮ ਟੋਲਿਆਂ ਦੇ ਨਵੀਨ ਸਮਾਜ ਦੇ ਪੈਰੋਕਾਰ ਇਸ ਘਟਨਾ ਵਿਕਾਸ ਤੋਂ ਪ੍ਰੇਸ਼ਾਨ ਤੇ ਬੇਚੈਨ ਹੋ ਰਹੇ ਹਨ। ਉਹ ਕੁੜੀਕੀ ਵਿਚ ਫਸੇ ਹੋਏ ਹਨ। ਜਿਵੇਂ ਪਿੱਛੇ ਜਿਕਰ ਕੀਤਾ ਕਿ ਲੁੱਟ-ਖਸੁੱਟ 'ਚ ਹੋਰ ਵਾਧਾ ਕਰਨ ਲਈ ਔਰਤਾਂ ਨੂੰ ਮਜ਼ਦੂਰਾਂ ਦੀ ਮੰਡੀ ਦੇ ਅੰਗ ਵਜੋਂ ਵਿਕਸਤ ਕਰਨ ਦੀ ਵਜਾਹਤ ਕਰ ਰਹੇ ਹਨ। ਪਰ ਟੁੱਟ ਰਹੀ “ਰਵਾਇਤੀ ਨੈਤਿਕਤਾ” ਤੇ ਔਰਤਾਂ ਦੇ ਉੱਠ ਰਹੇ ਉਭਾਰ ਉਨ੍ਹਾਂ ਦੇ ਕਾਲਜੇ ਹੌਲ ਪਾ ਰਹੇ ਹਨ। ਉਹ ਇਸ ਤਬਦੀਲੀ ਤੋਂ ਡਰੇ ਹੋਏ ਇਹ ਚੀਕ ਚਿਹਾੜਾ ਪਾ ਰਹੇ ਹਨ ਕਿ ਸਮਾਜ “ਨੈਤਿਕ ਗਿਰਾਵਟ” ਤੇ “ਨੈਤਿਕ ਨਿਘਾਰ” ਵੱਲ ਜਾ ਰਿਹਾ ਹੈ। ਭਾਰਤ ਸਮੇਤ ਸੰਸਾਰ ਪੱਧਰ ਤੇ ਕਿਤੇ ਵੀ ਦੇਖ ਲਈਏ ਹਾਕਮ ਹਲਕਿਆਂ ਨੂੰ ਇਸ ਬਿਮਾਰੀ ਨੇ ਘੇਰਿਆ ਹੋਇਆ ਹੈ।


“ਰਵਾਇਤੀ ਨੈਤਿਕਤਾ” ਨੂੰ ਨਵੀਆਂ ਹਾਲਤਾਂ 'ਚ ਕਿਸ ਤਰ੍ਹਾਂ ਬਰਕਰਾਰ ਰੱਖਿਆ ਜਾਵੇ, ਇਸ ਸਬੰਧੀ ਹਾਕਮਾਂ 'ਚ ਆਪਸੀ ਟਕਰਾਅ ਹੈ। ਪਰ ਸਮੁੱਚੇ ਤੌਰ ਤੇ ਆਪਣੇ ਪਿਛਾਖੜੀ ਖਾਸੇ 'ਚੋਂ ਉਹ ਇਸ ਗੱਲ ਤੇ ਇਕਮੱਤ ਹਨ ਕਿ “ਰਵਾਇਤੀ ਨੈਤਿਕਤਾ” ਨੂੰ ਬਹੁਤ ਵੱਡੀ ਪੱਧਰ ਤੇ ਮੁੜ ਸਥਾਪਿਤ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਦਾ ਟਕਰਾਅ ਇਹ ਹੈ ਕਿ ਹਾਕਮਾਂ ਦੇ ਨਵੀਨ ਪੈਰੋਕਾਰ “ਰਵਾਇਤੀ ਨੈਤਿਕਤਾ” ਨੂੰ ਮੁੜ ਸਥਾਪਿਤ ਕਰਨ ਲਈ ਔਰਤਾਂ ਨੂੰ ਜਾਗੀਰੂ ਸਮਾਜ ਵਾਂਗੂੰ ਸਿੱਧੇ ਤੌਰ ਤੇ “ਘਰ ਦੀ ਸੁਆਣੀ” ਬਣਾਉਣ ਤੇ ਘਰਾਂ ਅੰਦਰ ਡੱਕ ਕੇ ਰੱਖਣ ਦੀ ਵਜਾਹਤ ਨਹੀਂ ਕਰਦੇ ਸਗੋਂ ਉਹ ਔਰਤ ਦੀ ਅਖੌਤੀ ਅਜ਼ਾਦੀ ਦੀ ਵਜ਼ਾਹਤ ਕਰਦੇ ਹੋਏ ਅਜਿਹੀਆਂ ਧਾਰਨਾਵਾਂ ਪੇਸ਼ ਕਰਦੇ ਹਨ, ਜਿਸ 'ਚ ਔਰਤ ਦਾ ਸਾਹ ਘੁੱਟ ਰਿਹਾ ਹੋਵੇ। ਇਸ ਵਾਸਤੇ ਉਹ ਨਵੀਂ ਤਕਨੀਕ ਦੀ ਵਰਤੋਂ ਉਨ੍ਹਾਂ ਦੇ ਪੈਰਾਂ 'ਚ ਬੇੜੀਆਂ ਪਾਉਣ ਵਜੋਂ ਕਰ ਰਹੇ ਹਨ। ਉਹ ਔਰਤਾਂ ਲਈ ਕਿਤਾਬਚੇ ਜਾਰੀ ਕਰ ਰਹੇ ਹਨ ਤੇ ਕੋਡ ਜਾਰੀ ਕਰ ਰਹੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਕੰਮ ਤੇ ਆਉਣਾ ਹੈ, ਕਿਵੇਂ ਜਾਣਾ ਹੈ, ਕਿਵੇਂ ਘਰ ਅੰਦਰ ਵਿਚਰਨਾ ਹੈ, ਕੀ ਪਹਿਣਨਾ-ਪਚਰਨਾ ਹੈ ਤਾਂ ਕਿ ਉਨ੍ਹਾਂ ਦੀ ਅਜ਼ਾਦ ਹੈਸੀਅਤ ਤੇ ਪਹਿਲਕਦਮੀ ਤੇ ਰੋਕ ਲਾਈ ਜਾਵੇ ਤੇ ਦੂਜੇ ਪਾਸੇ ਹਿੰਦੂ ਤੇ ਇਸਲਾਮਕ ਧਾਰਮਿਕ ਕੱਟੜਪੰਥੀ ਜੱਥੇਬੰਦੀਆਂ ਸਿੱਧੇ ਤੌਰ ਤੇ ਜਾਗੀਰੂ ਨੈਤਿਕਤਾ ਨੂੰ ਸਥਾਪਿਤ ਕਰਨ ਦੀ ਵਜ਼ਾਹਤ ਕਰ ਰਹੀਆਂ ਹਨ। ਇਹ ਤੇ ਇਸ ਤਰ੍ਹਾਂ ਦੇ ਹੋਰ ਔਰਤ ਵਿਰੋਧੀ ਸੋਚ ਤੇ ਨੈਤਿਕਤਾ ਨੂੰ ਨੰਗੇ ਚਿੱਟੇ ਰੂਪ 'ਚ ਸਾਹਮਣੇ ਲਿਆ ਰਹੇ ਹਨ। ਉਹ ਜਾਗੀਰੂ ਸਮਾਜ ਦੀ ਨੈਤਿਕਤਾ ਮੁਤਾਬਕ ਔਰਤ ਨੂੰ ਘਰੇਲੂ ਸੁਆਣੀ ਤੱਕ ਸੀਮਤ ਕਰਨ ਦੀ ਵਜ਼ਾਹਤ ਕਰ ਰਹੇ ਹਨ। ਕੁੱਲ ਮਿਲਾਕੇ ਹਾਕਮਾਂ ਦੇ ਇਸ ਟਕਰਾਅ ਦੇ ਬਾਵਜੂਦ ਉਨ੍ਹਾਂ ਦੀ ਇਹ ਲੋੜ ਹੈ ਕਿ “ਰਵਾਇਤੀ ਨੈਤਿਕਤਾ” ਨਵੀਂ ਸ਼ਕਲ 'ਚ ਮੁੜ ਸਥਾਪਿਤ ਕੀਤਾ ਜਾਵੇ।


ਤਬਦੀਲੀਆਂ ਵਿਚੋਂ ਸਮਾਜ ਜਿਸ ਦਿਸ਼ਾ 'ਚ ਹਰਕਤ ਕਰ ਰਿਹਾ ਹੈ ਉਸ ਮੁਤਾਬਕ ਔਰਤ ਵਿਰੋਧੀ “ਰਵਾਇਤੀ ਨੈਤਿਕਤਾ” ਖਤਮ ਹੋਣੀ ਚਾਹੀਦੀ ਹੈ। ਪਰ ਹਾਕਮ ਸਮਾਜ ਦੇ ਹਕੀਕੀ ਵਿਕਾਸ ਦੇ ਰਾਹ 'ਚ ਰੋੜਾ ਹਨ ਤੇ ਉਹ ਇਸ ਨੂੰ ਨਵੀਂ ਸ਼ਕਲ 'ਚ ਬਰਕਰਾਰ ਰੱਖਣ ਲਈ ਜੋਰ ਲਾ ਰਹੇ ਹਨ। ਭਾਰਤ ਸਮੇਤ ਤੀਜੀ ਦੁਨੀਆ ਦੇ ਦੱਬੇ-ਕੁਚਲੇ ਮੁਲਕਾਂ 'ਚ ਆਮ ਤੌਰ ਤੇ ਅਜਿਹਾ ਸਰਮਾਏਦਰਾਨਾਂ ਆਰਥਿਕ ਅਧਾਰ ਮੌਜੂਦ ਨਹੀਂ ਜਿਵੇਂ ਕਿ ਸਰਮਾਏਦਰਾਨਾ-ਸਾਮਰਾਜੀ ਮੁਲਕਾਂ 'ਚ ਹੈ। ਪਰ ਫਿਰ ਵੀ ਇਨ੍ਹਾਂ ਮੁਲਕਾਂ 'ਚ ਇਕ ਆਰਥਿਕ ਅਧਾਰ ਮੌਜੂਦ ਹੈ ਜੋ ਰਵਾਇਤੀ ਕਿਸਮ ਦੀ ਜਾਗੀਰਦਾਰੀ ਤੋਂ ਵੱਖਰਾ ਹੈ ਤੇ ਪੁਰਾਤਨ ਕਿਸਮ ਦੇ ਪਿਤਰੀ ਪ੍ਰਧਾਨ ਸਮਾਜ ਵਾਂਗੂੰ ਵੀ ਨਹੀਂ ਹੈ। ਇਸ ਤਰ੍ਹਾਂ ਇਨ੍ਹਾਂ ਸਮਾਜਾਂ ਦੇ ਹਾਕਮ ਮੁੜ ਪਿੱਛੇ ਉਸ ਥਾਂ ਨਹੀਂ ਜਾ ਸਕਦੇ ਭਾਵ ਰਵਾਇਤੀ ਕਿਸਮ ਦਾ ਜਾਗੀਰੂ ਸਮਾਜ। ਪਰ ਫਿਰ ਵੀ ਸਮਾਜੀ ਸਿਆਸੀ ਤੇ ਵਿਚਾਰਧਾਰਕ ਪੱਖ ਤੋਂ ਤੇ ਖਾਸ ਹੱਦ ਤੱਕ ਆਰਥਿਕ ਪੱਖ ਤੋਂ ਉਹ ਔਰਤਾਂ ਦੀ ਪਹਿਲੀ ਸਮਾਜੀ ਹੈਸੀਅਤ ਤੇ ਉਹਨਾਂ ਦੀ ਜਿੰਮੇਵਾਰੀ ਦੀ ਇਕ ਖਾਸ ਕਿਸਮ ਦੀ ਤਬਦੀਲੀ ਕਰ ਰਹੇ ਹਨ। ਜਿਸਨੂੰ ਅਸੀਂ ਪਿੱਛੇ ਬਿਆਨ ਕੀਤਾ ਹੈ। ਪਰ ਨਾਲੋ-ਨਾਲ ਸੱਤਾ ਦੇ ਪਿਛਾਖੜੀ ਅਦਾਰਿਆਂ 'ਚ “ਰਵਾਇਤੀ ਨੈਤਿਕਤਾ” ਨੂੰ ਨਵੀਂ ਸ਼ਕਲ 'ਚ ਸਥਾਪਿਤ ਕਰ ਰਹੇ ਹਨ।

 
ਇਹ ਟਕਰਾਅ ਕਿਧਰ ਨੂੰ ਜਾਵੇਗਾ, ਇਸਦਾ ਇਕ ਪੱਖ ਸਾਡੇ ਸਾਹਮਣੇ ਹੈ ਕਿ ਹੋਈਆਂ ਤਬਦੀਲੀਆਂ 'ਚੋਂ “ਰਵਾਇਤੀ ਨੈਤਿਕਤਾ” ਨੂੰ ਚਕਨਾਚੂਰ ਕਰਨ ਲਈ ਔਰਤਾਂ ਅਜ਼ਾਦੀ ਤੇ ਬਰਾਬਰੀ ਦੀ ਮੰਗ ਤੇ ਕੇਂਦਰਤ ਕਰ ਰਹੀਆਂ ਹਨ। ਭਾਵੇਂ ਅੱਜ ਸਮੁੱਚੇ ਤੌਰ ਤੇ “ਰਵਾਇਤੀ ਨੈਤਿਕਤਾ” ਨੂੰ ਹਰਾਕੇ ਮੁਢੋਂ ਨਵੀਂ ਨੈਤਿਕਤਾ ਸਥਾਪਿਤ ਕਰਨ ਦਾ ਅਧਾਰ ਅਜੇ ਕੰਮਜ਼ੋਰ ਹੈ। ਦੂਜੇ ਪਾਸੇ ਪਿਛਾਖੜੀ ਇਸ 'ਚੋਂ ਨਿਕਲਣ ਲਈ ਤੇ ਇਸਦਾ ਪੂਰੀ ਤਰ੍ਹਾਂ ਪਿਛਾਖੜੀ ਦਿਸ਼ਾਂ 'ਚ ਹੱਲ ਕਰਨ ਲਈ ਸਮੁੱਚੇ ਤੌਰ ਤੇ ਲੋਕਾਂ ਸਮੇਤ ਔਰਤਾਂ ਤੇ ਉਪਰੋਂ ਫਾਸ਼ੀ ਹੱਲਾ ਕਰਨ ਸਮੇਤ ਫਾਸ਼ੀ ਰਾਜ ਮੜਨ ਤੱਕ ਜਾ ਸਕਦੇ ਹਨ। ਪਰ ਜੋ ਵਿਰੋਧਤਾਈ ਮੌਜੂਦ ਹੈ (ਕਿ ਸਮਾਜ ਮੂਲੋਂ ਨਵੀਂ ਨੈਤਿਕਤਾ ਦੀ ਦਿਸ਼ਾ ਵੱਲ ਵੱਧ ਰਿਹਾ ਹੈ) ਉਹ ਮੌਜੂਦ ਰਹੇਗੀ ਤੇ ਕੁਝ ਸਮੇਂ ਲਈ ਇਹ ਤਿੱਖੇ ਤੌਰ ਤੇ ਇਜ਼ਹਾਰ ਕਰਦੀ ਰਹੇਗੀ।

ਸਮਾਜ ਦੀ ਨੈਤਿਕਤਾ ਨੂੰ ਮੂਲੋਂ ਤਬਦੀਲ ਕਰਨ ਦਾ ਸਵਾਲ ਇਨਕਲਾਬ ਕਰਨ ਰਾਹੀਂ ਹੀ ਹੱਲ ਹੋ ਸਕਦਾ ਹੈ। ਜਿਸ ਲਈ ਇਕ ਪਾਸੇ ਹਾਲਤਾਂ ਸਾਜਗਾਰ ਹਨ ਦੂਜੇ ਪਾਸੇ ਗੰਭੀਰ ਖਤਰੇ ਹਨ, ਪਰ ਇਹ ਗੱਲ ਪੱਕੀ ਹੈ ਕਿ ਪਿਛਾਖੜੀਏ ਹਰ ਕਿਸਮ ਦੇ ਦਾਬੇ ਤੇ ਲੁੱਟ ਤੋਂ ਮੁਕਤ ਆਪਸੀ ਬਰਾਬਰਤਾ, ਸਾਂਝੀਵਾਲਤਾ ਤੇ ਅਜ਼ਾਦੀ ਤੇ ਅਧਾਰਿਤ ਮੂਲੋਂ ਨਵੀਂ ਨੈਤਿਕਤਾ ਸਥਾਪਿਤ ਨਹੀਂ ਕਰ ਸਕਦੇ । ਉਨ੍ਹਾਂ ਦੀ ਪਿਛਾਖੜੀ ਵਿਚਾਰਧਾਰਾ ਮੁਤਾਬਕ ਉਹ “ਰਵਾਇਤੀ ਨੈਤਿਕਤਾ” ਨੂੰ ਹੀ ਨਵੀਆਂ ਸ਼ਕਲਾਂ 'ਚ ਬਰਕਰਾਰ ਰੱਖਣਗੇ। ਇਸਤੋਂ ਉਲਟ ਇਨਕਲਾਬ ਹਕੀਕੀ ਇਨਕਲਾਬੀ ਦਿਸ਼ਾ 'ਚ ਅੱਗੇ ਵੱਧੇਗਾ, ਜੋ ਧੁਰ ਹੇਠਾਂ ਤੋਂ ਸਮਾਜ ਦੇ ਵਿਸ਼ਾਲ ਹਿੱਸੇ ਅਤੇ ਪੇਂਡੂ ਖਿੱਤੇ ਸਮੇਤ ਸ਼ਹਿਰੀ ਖੇਤਰ ਦੀਆਂ ਔਰਤਾਂ ਸ਼ਾਮਲ ਹੋਣਗੀਆਂ, ਜਿਸ ਰਾਹੀਂ ਮੌਜੂਦਾ ਪ੍ਰਬੰਧ ਨੂੰ ਢਹਿ-ਢੇਰੀ ਕੀਤਾ ਜਾਵੇਗਾ ਤੇ ਬੁਨਿਆਦੀ ਤੌਰ ਤੇ ਨਵਾਂ ਸਮਾਜ ਤੇ ਨਵੀਂ ਕਿਸਮ ਦੀ ਨੈਤਿਕਤਾ ਹੋਵੇਗੀ। ਇਸ ਤਰ੍ਹਾਂ ਕਮਿਊਨਿਸਟ ਨੈਤਿਕਤਾ ਤੇ “ਰਵਾਇਤੀ ਨੈਤਿਕਤਾ” ਦਰਮਿਆਨ ਜੱਦੋਜਹਿਦ ਜਿਸ ਵੀ ਸ਼ਕਲ 'ਚ ਹੋਵੇ, ਇਹ ਬੇਹੱਦ ਮਹੱਤਵਪੂਰਨ ਹੈ। ਇਸ ਸਬੰਧੀ ਜਰੂਰ ਜੱਦੋਜਹਿਦ ਆਮ ਹਾਲਤਾਂ ਔਰਤਾਂ ਦੇ ਉਭਾਰ ਅੰਦਰ ਸਾਹਮਣੇ ਆ ਰਹੀ ਹੈ, ਉਹ ਬੇਹੱਦ ਮਹੱਤਵਪੂਰਨ ਹੈ। ਇਸ ਤਰ੍ਹਾਂ ਹੋ ਰਹੀਆਂ ਵੱਡੀਆਂ ਤਬਦੀਲੀਆਂ ਤੇ ਉੱਠ ਰਹੇ ਉਭਾਰਾਂ ਦੀ ਸਮਾਜਿਕ ਵਿਰੋਧਤਾਈ ਦੀ ਬਣ ਰਹੀ ਧਮਾਕਾਖੇਜ ਹਾਲਤ ਤੇ ਇਸਦਾ ਔਰਤਾਂ ਤੇ ਪੈ ਰਿਹਾ ਅਸਰ ਸਾਡੇ ਲਈ ਤੇ ਇਨਕਲਾਬ ਲਈ ਬੇਹੱਦ ਲਾਹੇਵੰਦਾ ਹੈ, ਜਿਸਦਾ ਹੋਰ ਵਧੇਰੇ ਡੂੰਘਾਈ ਤੱਕ ਨਿਰੀਖਣ ਕਰਨ ਦੀ ਲੋੜ ਹੈ।

ਸ਼ਾਦੀਸ਼ੁਦਾ ਜੀਵਨ 'ਚ ਬਲਾਤਕਾਰ : ਇਕ ਲੁਕਵਾਂ ਅਪਰਾਧ


ਸਮਾਜ ਵਿਚ ਔਰਤਾਂ ਨਾਲ ਵਾਪਰਦੀਆਂ ਛੇੜਛਾੜ, ਅਗਵਾ, ਯੌਨ ਹਿੰਸਾ ਤੇ ਬਲਾਤਕਾਰ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੁੰਦਾ ਆ ਰਿਹਾ ਹੈ। ਪਿਛਲੇ ਅਰਸੇ 'ਚ ਇਹ ਘਟਨਾਵਾਂ ਉਘੜਵੇਂ ਰੂਪ 'ਚ ਸਾਹਮਣੇ ਆਉਣ ਲੱਗੀਆਂ ਹਨ ਅਤੇ ਇਹਨਾਂ ਅਮਾਨਵੀਂ ਘਟਨਾਵਾਂ ਪ੍ਰਤੀ ਅਵਾਜ਼ ਵੀ ਉਠਣ ਲੱਗੀ ਹੈ। ਲੋਕਾਂ ਦੇ ਇਸ ਵਿਰੋਧ ਕਾਰਨ ਸਰਕਾਰਾਂ ਨਵੇਂ-ਨਵੇਂ ਕਾਨੂੰਨ ਬਣਾਉਣ ਲਈ ਸਰਗਰਮੀ ਵਿਖਾ ਰਹੀਆਂ ਹਨ। ਪ੍ਰੰਤੂ ਇਨ੍ਹਾਂ ਕਾਨੂੰਨਾਂ, ਸੋਧਾਂ ਤੇ ਬਿਆਨਬਾਜ਼ੀ ਨਾਲ ਔਰਤਾਂ ਉਪਰ ਹੁੰਦੇ ਜ਼ਬਰ ਦੀ ਤਸਵੀਰ ਨਹੀਂ ਬਦਲ ਰਹੀ। ਸਗੋਂ ਹਾਲਤ ਇਹ ਬਣੀ ਹੋਈ ਹੈ ਕਿ ਭਾਰਤ ਔਰਤਾਂ ਲਈ ਸਭ ਤੋਂ ਵੱਧ ਬੁਰਾ ਦੇਸ਼ ਮੰਨਿਆ ਜਾਂਦਾ ਹੈ। ਭਾਰਤੀ ਲੁਟੇਰੇ ਪ੍ਰਬੰਧ ਦੇ ਮੱਥੇ ਉਤੇ ਔਰਤਾਂ ਨਾਲ ਹੁੰਦੇ ਬਲਾਤਕਾਰ ਇਕ ਵੱਡਾ ਕਲੰਕ ਹਨ ਅਤੇ ਇਸਦੇ ਕਾਨੂੰਨ ਬਲਾਤਕਾਰੀਆਂ ਨੂੰ ਸਜ਼ਾ ਦੇਣ ਦੇ ਮਿਆਰ ਤੈਅ ਕਰਨ ਲਈ ਸ਼ਰਮਨਾਕ ਪਰਿਭਾਸ਼ਾਵਾਂ ਪੇਸ਼ ਕਰਦੇ ਆ ਰਹੇ ਹਨ। ਬਲਾਤਕਾਰੀਆਂ ਨੂੰ ਸਜ਼ਾ ਦੇਣ ਲਈ ਭਾਰਤੀ ਸੰਵਿਧਾਨ ਵਿਚ 305 ਧਾਰਾ ਨਿਯਮਿਤ ਕੀਤੀ ਗਈ ਹੈ ਜੋ ਕਿ ਲੰਮੇ ਸਮੇਂ ਵਿਵਾਦਿਤ ਚੱਲੀ ਆ ਰਹੀ ਹੈ। ਇਸ ਧਾਰਾ ਤਹਿਤ ਪਹਿਲਾਂ ਕੇਵਲ ਔਰਤ ਦੀ ਇੱਛਾ ਤੋਂ ਬਿਨਾਂ ਸੰਭੋਗ ਕਰਨ ਨੂੰ ਬਲਾਤਕਾਰ ਮੰਨਿਆਂ ਜਾਂਦਾ ਰਿਹਾ ਪ੍ਰੰਤੂ ਹੌਲੀ-ਹੌਲੀ ਲੋਕ ਪ੍ਰਤੀਰੋਧ ਨੇ ਇਸ ਧਾਰਾ ਵਿਚ ਕਿਸੇ ਵੀ ਕਿਸਮ ਦੀ ਜ਼ਬਰਦਸਤੀ ਨੂੰ ਸ਼ਮਿਲ ਕਰਵਾਇਆ ਗਿਆ। 1995 'ਚ ਬਲਾਤਕਾਰ ਨੂੰ ਔਰਤ ਖਿਲਾਫ ਹਿੰਸਾ ਦੇ ਤੌਰ ਤੇ ਦਰਜ ਕੀਤਾ ਗਿਆ। 1995 ਦੀਆਂ ਸੋਧਾਂ ਤੋਂ ਪਹਿਲਾਂ ਔਰਤ ਇੱਛਾ ਤੋਂ ਬਿਨਾਂ ਕੀਤੇ ਜਾਂਦੇ ਸੰਭੋਗ ਨੂੰ ਔਰਤ ਦੀ ਇੱਜ਼ਤ ਲੁੱਟਣਾ ਮੰਨਿਆ ਅਤੇ ਵੇਸ਼ਵਾਗਿਰੀ ਦਾ ਧੰਦਾ ਕਰਨ ਵਾਲੀ ਔਰਤ ਨਾਲ ਸੰਭੋਗ ਕਰਨ ਤੇ ਉਸਨੂੰ ਚਰਿੱਤਰਹੀਣ ਸਮਝਦਿਆਂ ਦੋਸ਼ੀ ਨੂੰ ਘੱਟ ਸਜ਼ਾ ਦਿੱਤੀ ਜਾਂਦੀ ਸੀ। ਪ੍ਰੰਤੂ ਇਸ ਸਬੰਧੀ ਹੁਣ ਵੀ ਕੋਈ ਸਪੱਸ਼ਟ ਕਾਨੂੰਨ ਨਹੀਂ ਹੈ। ਭਾਰਤੀ ਸੰਵਿਧਾਨ ਵੇਸ਼ਵਾਵਾਂ ਅਤੇ ਪਤਨੀ ਨਾਲ ਹੁੰਦੇ ਬਲਾਤਕਾਰ ਦੇ ਅਤਿਆਚਾਰ ਤੋਂ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਉਂਦਾ।


ਭਾਰਤੀ ਸੰਵਿਧਾਨ ਦੀ ਧਾਰਾ 376(6) ਅਨੁਸਾਰ 16 ਸਾਲ ਤੋਂ ਘੱਟ ਉਮਰ ਦੀ ਔਰਤ ਨਾਲ ਸਹਿਮਤੀ ਜਾਂ ਅਸਹਿਮਤੀ ਦੋਹਾ ਹਾਲਤਾਂ 'ਚ ਸਹਿਵਾਸ ਕਰਨਾ ਕਾਨੂੰਨਨ ਜੁਰਮ ਹੈ। ਜਦਕਿ ਪਤਨੀ ਜਿਸਦੀ ਉਮਰ 15 ਸਾਲ ਤੋਂ ਉਪਰ ਔਰਤ ਨਾਲ ਉਸਦੀ ਇੱਛਾ ਦੇ ਉਲਟ ਸਹਿਵਾਸ ਕਰਨਾ ਬਲਾਤਕਾਰ ਦੇ ਘੇਰੇ 'ਚ ਨਹੀਂ ਆਉਂਦਾ। ਇਸ ਧਾਰਾ ਵਿਚ ਦਰਜ ਹੈ ਕਿ ਜੇਕਰ ਪਤਨੀ ਪਰੰਪਰਾ ਜਾਂ ਅਦਾਲਤੀ ਫੈਸਲੇ ਮੁਤਾਬਿਕ ਪਤੀ ਤੋਂ ਅਲੱਗ ਰਹਿ ਰਹੀ ਹੈ ਤਾਂ ਉਸ ਨਾਲ ਸਹਿਵਾਸ ਬਲਾਤਕਾਰ ਮੰਨਿਆ ਜਾਵੇਗਾ ਇਸਦੇ ਉਲਟ ਉਸਨੇ ਕਾਨੂੰਨਨ ਤਲਾਕ ਨਹੀਂ ਲਿਆ ਤਾਂ ਉਸ ਨਾਲ ਕੀਤਾ ਜਾ ਰਿਹਾ ਸਹਿਵਾਸ (ਇੱਛਾ ਦੇ ਉਲਟ) ਤਾਂ ਉਸਨੂੰ ਬਲਾਤਕਾਰ ਨਹੀਂ ਮੰਨਿਆ ਜਾਵੇਗਾ।


ਯੂ.ਐਨ.ਡੀ.ਪੀ. ਦੀ ਰਿਪੋਰਟ ਮੁਤਾਬਿਕ ਭਾਰਤ 'ਚ ਔਰਤਾਂ ਜੀਵਨ ਦੇ ਨੇੜਲੇ ਰਿਸ਼ਤਿਆਂ 'ਚ ਅਨੇਕਾਂ ਜ਼ਬਰ-ਜ਼ੁਲਮ ਝੱਲਦੀਆਂ ਹਨ। ਭਾਰਤ 'ਚ ਹਰ ਤਿੰਨਾਂ ਵਿਚੋਂ ਇਕ ਔਰਤ ਅੱਤਿਆਰਚਾਰ ਦਾ ਸ਼ਿਕਾਰ ਹੁੰਦੀ ਹੈ। ਭਾਰਤ ਵਿਚ ਪਿਤਾਪੁਰਖੀ ਮਰਦ ਪ੍ਰਧਾਨਤਾ ਦੀ ਗਹਿਰੀ ਜਕੜ ਦੇ ਹੁੰਦਿਆਂ ਜ਼ਿਆਦਾਤਰ ਔਰਤਾਂ ਆਪਣੇ ਸ਼ਾਦੀਸੁਦਾ ਜੀਵਨ 'ਚ ਹੁੰਦੇ ਧੱਕੇ ਖਿਲਾਫ ਨਹੀਂ ਬੋਲਦੀਆਂ। ਜਿੱਥੇ ਇਕ ਪਾਸੇ ਉਹਨਾਂ ਉਪਰ ਮਰਦ ਦਾ ਦਾਬਾ ਹੁੰਦਾ ਹੈ ਉਥੇ ਦੂਜੇ ਪਾਸੇ ਸਮਾਜਿਕ ਊਂਝਾਂ, ਪਰੰਪਰਾਵਾਂ, ਤਲਾਕ ਦਾ ਡਰ, ਇੱਜ਼ਤ ਦੀ ਰਾਖੀ ਆਦਿ ਦਾ ਪ੍ਰੇਤ ਕਾਇਮ ਰਹਿੰਦਾ ਹੈ। ਸਮਾਜ ਵਿਚ ਔਰਤ ਦਾ ਦਰਜਾ ਘਰ ਦਾ ਕੰਮਕਾਰ ਕਰਨ ਵਾਲੀ ਨੌਕਰਾਨੀ ਜਾਂ ਸੇਵਾਦਾਰਨੀ ਵਜ਼ੋਂ ਮੰਨਿਆਂ ਜਾਂਦਾ ਹੈ। ਮਰਦ ਉਸਦੇ ਸਰੀਰ ਉਪਰ ਆਪਣਾ ਪੂਰਨ ਅਧਿਕਾਰ ਮੰਨਦਾ ਹੈ। ਇਸੇ ਕਾਰਨ ਰਿਪੋਰਟ 'ਚ ਦਰਜ ਹੈ ਕਿ ਭਾਰਤ 'ਚ ਹਰ ਸੱਤ ਔਰਤਾਂ ਚੋਂ ਇਕ ਨਾਲ ਪਤੀ ਵੱਲੋਂ ਘੱਟੋ-ਘੱਟ ਇਕ ਵਾਰ ਬਲਾਤਕਾਰ ਹੁੰਦਾ ਹੈ। ਪ੍ਰੰਤੂ ਕੋਈ ਕਾਨੂੰਨ ਨਾ ਹੋਣ ਕਾਰਨ ਇਸਦਾ ਕੋਈ ਕੇਸ ਦਰਜ ਨਹੀਂ ਹੁੰਦਾ। 15 ਜੂਨ 2006 ਦੇ 'ਦ ਟਾਇਮਜ਼ ਆਫ ਇੰਡੀਆਂ' ਵੱਲੋਂ ਲਖਨਊ 'ਚ ਇਕ ਸਰਵੇ 'ਚ ਨੋਟ ਕੀਤਾ ਗਿਆ ਕਿ 66 ਫੀਸਦੀ ਔਰਤਾਂ ਨੇ ਕਿਹਾ ਕਿ ਪਤੀਆਂ ਵੱਲੋਂ ਕੀਤੇ ਜਾਂਦੇ ਬਲਤਾਕਾਰ ਨੂੰ ਅਪਰਾਧ ਮੰਨਿਆਂ ਜਾਵੇ। ਇਸ ਲਈ ਉਹਨਾਂ ਨੂੰ ਸਜ਼ਾ ਨਿਸਚਿਤ ਕੀਤੀ ਜਾਵੇ। ਸਮਾਜ ਵਿਚ ਮੰਨਿਆਂ ਜਾਂਦਾ ਹੈ ਕਿ ਮਰਦ ਨੂੰ ਔਰਤ ਨਾਲ ਉਸਦੀ ਇੱਛਾ ਦੇ ਉਲਟ ਜਾ ਕੇ ਆਪਣੀ ਸਰੀਰਕ ਹਵਸ ਪੂਰੀ ਕਰਨ ਦਾ ਇਕ ਲਾਇਸੈਂਸ ਮਿਲ ਗਿਆ ਹੈ। ਇਹ ਸਮਾਜ ਦੀ ਨਿੱਘਰ ਰਹੀ ਸੋਚ ਜਾਂ ਪਸ਼ੂਬਿਰਤੀ ਹੀ ਹੈ ਕਿ ਔਰਤ ਨੂੰ ਬਰਾਬਰੀ ਦਾ ਜੀਵਨਸਾਥੀ ਮੰਨਣ ਦੀ ਬਜਾਏ ਉਸਨੂੰ ਬੱਚਾ ਪੈਦਾ ਕਰਨ, ਜਾਂ ਉਪਭੋਗ ਦੀ ਵਸਤੂ ਸਮਝਿਆਂ ਜਾਂਦਾ ਹੈ। ਕਿੱਡੀ ਵੱਡੀ ਤ੍ਰਾਸਦੀ ਹੈ ਕਿ ਸਮਾਜ ਇਸ ਘਿਨੋਣੇ ਅਪਰਾਧ ਖਿਲਾਫ ਚੁੱਪ ਧਾਰੀ ਬੈਠਾ ਹੈ। ਇਹੋ ਨਹੀਂ ਖੁਦ ਪੀੜਤ ਔਰਤਾਂ ਵੀ ਰੂੜੀਵਾਦੀ ਪਿਤਾ ਪੁਰਖੀ ਸੰਸਕਾਰਾਂ ਦੀ ਡੂੰਘੀ ਜਕੜ ਹੇਠਾਂ ਹਨ। ਅੱਜ ਲੋੜ ਮਹਿਜ਼ ਸ਼ਾਦੀਸੁਦਾ ਜੀਵਨ ਵਿਚ ਹੁੰਦੇ ਬਲਾਤਕਾਰਾਂ ਨੂੰ ਇਕ ਜੁਰਮ ਵਜ਼ੋਂ ਸੰਵਿਧਾਨ ਵਿਚ ਦਰਜ ਕਰਵਾਉਣ ਤੇ ਉਸ ਲਈ ਸਜ਼ਾ ਨਿਸਚਿਤ ਕਰਵਾਉਣ ਦੀ ਹੀ ਨਹੀਂ ਬਲਕਿ ਸਮਾਜ ਦੀ ਸੋਚ ਨੂੰ ਬਦਲਣ ਲਈ ਮੌਜੂਦਾ ਆਰਥਿਕ ਸਿਆਸੀ ਨਿਜ਼ਾਮ ਨੂੰ ਬਦਲਣ ਦੀ ਬਹੁਤ ਵੱਡੀ ਲੋੜ ਹੈ ਅਤੇ ਇਸ ਲਈ ਅਸਮਾਨ ਦਾ ਅੱਧ ਬਣਦੀਆਂ ਔਰਤਾਂ ਦੀ ਦਲੇਰਾਨਾ ਪਹਿਲਕਦਮੀ ਦੀ ਜ਼ਰੂਰਤ ਹੈ।

ਇਤਿਹਾਸ ਦੇ ਪੰਨਿਆਂ 'ਚੋਂ : ਵੇਸ਼ਵਾਵਾਂ ਵੀ ਮਜ਼ਦੂਰ ਹੁੰਦੀਆਂ ਹਨ

ਮੌਜੂਦਾ ਸਾਮਰਜੀ-ਸਰਮਾਏਦਾਰਾ ਪ੍ਰਬੰਧ ਨੇ ਕੁਦਰਤ ਤੇ ਮਨੁੱਖਤਾ ਦਾ ਜਿਣਸੀਕਰਨ ਕਰ ਦਿੱਤਾ ਹੈ। ਸਮਾਜ ਵਿਚ ਜਿੱਥੇ ਮਿੱਟੀ-ਪਾਣੀ ਵਰਗੇ ਕੁਦਰਤੀ ਸ੍ਰੋਤਾਂ ਨੂੰ ਵੇਚਿਆ ਜਾ ਰਿਹਾ ਹੈ ਉਥੇ ਮਨੁੱਖ ਅਤੇ ਮਨੁੱਖੀ ਜ਼ਜ਼ਬਿਆਂ ਨੂੰ ਵੀ ਮੰਡੀ ਦੀ ਵਸਤੂ ਬਣਾ ਦਿੱਤਾ ਗਿਆ ਹੈ। ਅੱਜ ਸਮਾਜ ਵਿਚ ਔਰਤ ਅਤੇ ਉਸਦੇ ਮਨ ਅੰਦਰਲੀਆਂ ਪਿਆਰ ਭਾਵਨਾਵਾਂ ਜਿਸਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਮਿੱਠਾ ਮਨੁੱਖੀ ਜ਼ਜ਼ਬਾ ਕਿਹਾ ਸੀ, ਦਾ ਵੀ ਬਜ਼ਾਰੀਕਰਨ ਕਰ ਦਿੱਤਾ ਹੈ। ਅੱਜ ਬੇਰੁਜ਼ਗਾਰੀ ਤੇ ਬੇਕਾਰੀ ਦੇ ਆਲਮ ਵਿਚ ਦੇਸ਼ ਦੀਆਂ 30 ਲੱਖ ਨੌਜਵਾਨ ਮੁਟਿਆਰਾਂ ਵੇਸ਼ਵਾਬਿਰਤੀ ਦੇ ਗਲੀਜ਼ ਧੰਦਾ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਦੀਆਂ ਜਵਾਨ ਸੱਧਰਾਂ ਪੈਸੇ, ਨਸ਼ਿਆਂ ਤੇ ਅਯਾਸ ਲੋਕਾਂ ਦੀ ਹਵਸ ਦੀ ਬਲੀ ਚੜ੍ਹ ਰਹੀਆਂ ਹਨ।

ਵੇਸ਼ਵਾ ਬਿਰਤੀ ਦੇ ਅੱਡਿਆਂ ਉਤੇ ਵੇਸ਼ਵਾਵਾਂ ਆਪਣਾ ਜਿਸਮ ਵੇਚਕੇ ਮਜ਼ਦੂਰੀ ਕਮਾਉਂਦੀਆਂ ਹਨ। ਜਿਵੇਂ ਇਕ ਮਜ਼ਦੂਰ ਫੈਕਟਰੀ ਅੰਦਰ ਘੱਟ ਉਜਰਤ ਤੇ ਮਾੜੀਆਂ ਕੰਮ ਹਾਲਤਾਂ 'ਚ ਰਹਿੰਦਿਆਂ ਫੈਕਟਰੀ ਮਾਲਕਾਂ ਦੇ ਜ਼ਬਰ ਦਾ ਸ਼ਿਕਾਰ ਹੁੰਦਾ ਹੈ ਤਿਵੇਂ ਇਹ ਵੇਸ਼ਵਾਵਾਂ ਵੀ ਵੇਸ਼ਵਾਘਰ ਦੀਆਂ ਬਾਈਆਂ ਜਾਂ ਮੌਸੀਆਂ ਦੀ ਅਧੀਨਗੀ ਹੇਠ ਸਸਤੇ 'ਚ ਆਪਣਾ ਜਿਸਮ ਵੇਚਦੀਆਂ ਹਨ। ਉਨ੍ਹਾਂ ਦੀਆਂ ਵੀ ਮਜ਼ਦੂਰਾਂ ਵਾਂਗ ਕੋਠੇ ਜਾਂ ਵੇਸ਼ਵਾਗਿਰੀ ਦੇ ਅੱਡਿਆਂ ਦੀਆਂ ਮਾਈਆਂ/ਮੌਸੀਆਂ ਕੋਲੋਂ ਜ਼ਿਆਦਾ ਤਨਖਾਹ ਲੈਣ, ਚੰਗੀਆਂ ਜੀਵਨ ਹਾਲਤਾਂ, ਬੁਨਿਆਦੀ ਸਹੂਲਤਾਂ ਤੇ ਮਾਣ-ਸਨਮਾਣ ਦੀਆਂ ਮੰਗਾਂ ਹੁੰਦੀਆਂ ਹਨ। ਪ੍ਰੰਤੂ ਸਮਾਜ ਵਿਚ ਇਨ੍ਹਾਂ ਮਜ਼ਬੂਰ ਔਰਤਾਂ ਨੂੰ ਬਦਚਲਣ, ਚਰਿੱਤਰਹੀਣ ਤੇ ਘਟੀਆ ਮੰਨਿਆ ਜਾਂਦਾ ਹੋਣ ਕਾਰਨ ਇਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ। ਪਰ ਇਤਿਹਾਸ 'ਚ ਦੇਖਣ ਨੂੰ ਮਿਲਦਾ ਹੈ ਕਿ ਇਹ ਵੀ ਆਪਣੇ ਹੱਕਾਂ ਲਈ, ਚੰਗੀ ਜ਼ਿੰਦਗੀ ਲਈ ਸੰਘਰਸਾਂ ਦਾ ਅੰਗ ਬਣਦੀਆਂ ਹਨ। ਅਜਿਹੀ ਸਭ ਤੋਂ ਪਹਿਲੀ ਘਟਨਾ 1907 ਵਿਚ ਅਮਰੀਕਾ ;ਚ ਵਾਪਰੀ। ਇੱਥੋਂ ਦੀ ਆਈ. ਡਬਲਯੂ, ਡਬਲਯੂ ਨਾਂ ਦੀ ਇਕ ਟਰੇਡ ਯੂਨੀਅਨ ਤੋਂ ਪ੍ਰੇਰਿਤ ਵੇਸ਼ਵਾਵਾਂ ਨੇ ਆਪਣੇ ਚਕਲਾਘਰ ਦੀਆਂ ਮਾਲਕਾਨਾ/ਦਲਾਲਾਂ ਤੋਂ ਬਿਹਤਰ ਜੀਵਨ ਹਾਲਤਾਂ ਦੀ ਮੰਗ ਨੂੰ ਲੈ ਕੇ ਵੱਡੀ ਹੜਤਾਲ ਕੀਤੀ ਸੀ। ਇਨ੍ਹਾਂ ਵੇਸ਼ਵਾਵਾਂ ਨੇ ਇਸ ਜੱਥੇਬੰਦੀ ਦੀ ਮੱਦਦ ਨਾਲ ਘੋਲ 'ਚ ਜਿੱਤ ਪ੍ਰਾਪਤ ਕੀਤੀ। ਇਹੀ ਨਹੀਂ ਉਨ੍ਹਾਂ ਨੇ ਹਮਾਇਤੀ ਟਰੇਡ ਯੂਨੀਅਨ ਦੇ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਪੂਰਾ ਸਹਿਯੋਗ ਦਿੱਤਾ ਅਤੇ ਫੈਕਟਰੀ ਮਾਲਕਾਂ ਦੇ ਗੁੰਡਿਆਂ ਨੂੰ ਆਪਣਾ ਸਰੀਰ ਵੇਚਣ ਤੋਂ ਇਨਕਾਰ ਕਰ ਦਿੱਤਾ। ਇਸਤੋਂ ਬਾਅਦ ਰੂਸ ਤੇ ਚੀਨ ਦੇ ਇਨਕਲਾਬ ਸਮੇਂ ਵੇਸ਼ਵਾਵਾਂ ਦੇ ਇਕ ਹਿੱਸੇ ਵੱਲੋਂ ਨਵੇਂ ਉਸਾਰੇ ਜਾ ਰਹੇ ਸਮਾਜ ਵਿਚ ਬਿਹਤਰ ਜ਼ਿੰਦਗੀ ਜਿਉਣ ਲਈ ਆਪਣੀ ਚੰਗੀ ਭੂਮਿਕਾ ਅਦਾ ਕੀਤੀ ਗਈ। ਸਮਾਜ ਦੀਆਂ ਇਨ੍ਹਾਂ ਬਦਨਸੀਬ ਸਮਝੀਆਂ ਜਾਂਦੀਆਂ ਔਰਤਾਂ ਦਾ ਵੀ ਇਕ ਬੱਜਰ ਹਕੀਕੀ ਦਰਦ ਹੈ ਜਿਸਨੂੰ ਮਨਜ਼ੂਰ ਕਰਨਾ, ਜਾਂ ਇਸ ਬਾਰੇ ਚੁੱਪ ਧਾਰੀ ਰੱਖਣੀ ਵੇਸ਼ਵਾਬਿਰਤੀ ਨੂੰ ਪੈਦਾ ਕਰਨ ਲਈ ਜ਼ਿੰਮੇਵਾਰ ਮੌਜੂਦਾ ਪ੍ਰਬੰਧ ਨੂੰ ਸਲਾਮਤ ਰੱਖਣ 'ਚ ਸਹਾਈ ਹੋਣ ਬਰਾਬਰ ਹੈ।

ਸੰਪਰਕ: +91 98764 42052

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ