ਪੰਜਾਬ ਦੀ ਸਿਆਸਤ ਵਿੱਚ ਰੁੜ੍ਹਦੇ ਟੁੱਕ ਤੇ ਡੇਲੇ - ਕਰਨ ਬਰਾੜ
Posted on:- 05-03-2014
ਕਿਸੇ ਵੀ ਨਵੀਂ ਚੀਜ਼ ਦਾ ਸਵਾਗਤ ਕਰਨਾ ਬਣਦਾ, ਪਰ ਡਰ ਵੀ ਲਗਦਾ ਕਿ ਪਤਾ ਨੀ ਕਿਹੋ ਜਿਹੀ ਨਿਕਲੂ। ਪੰਜਾਬ 'ਚ ਮਨਪ੍ਰੀਤ ਬਾਦਲ ਵਾਰੀ ਵੀ ਇਹੋ ਗੱਲ ਸੀ। ਉਸ ਵੇਲੇ ਹਰ ਪਾਸੇ ਨਿਜ਼ਾਮ ਬਦਲਣ ਦੀਆਂ ਗੱਲਾਂ ਵਿਦੇਸ਼ਾਂ ਚੋਂ ਲੋਕ ਵਹੀਰਾਂ ਘੱਤ ਘੱਤ ਕੇ ਪੰਜਾਬ ਆਏ, ਪਰ ਮਡੀਰ ਗਲੀਆਂ 'ਚ ਐਵੇਂ ਧੂੜਾਂ ਉਡਾਉਂਦੀ ਰਹਿ ਗਈ ਮਿਲਿਆ ਕੀ ਛਿੱਕੂ? ਬਾਜ਼ੀ ਫੇਰ ਬਾਬਾ ਬਾਦਲ ਮਾਰ ਗਿਆ। ਲੋਕ ਪਾਗਲ ਨੀ ਜੋ ਐਵੇਂ ਅੱਖਾਂ ਮੀਚ ਤੱਕੜੀ ਅਤੇ ਪੰਜੇ ਨੂੰ ਜੀਭਾਂ ਮਾਰ ਮਾਰ ਚੱਟੀ ਜਾਂਦੇ। ਅਗਲਿਆਂ ਆਪਣੇ ਕੰਮ ਕਰਵਾਉਣੇ ਆ ਕਿਸੇ ਨੇ ਆਪਣਾ ਮੋਘਾ ਵੱਡਾ ਕਰਵਾਉਣਾ, ਕਿਸੇ ਨੇ ਮੀਟਰ ਤੇ ਕੁੰਡੀ ਲਾਉਣੀ ਹੈ, ਕਿਸੇ ਨੇ ਇੰਤਕਾਲ ਦੀਆਂ ਜਮਾਂ ਬੰਦੀਆਂ ਕਢਵਾਉਣੀਆਂ, ਕਿਸੇ ਨੇ ਇੱਕ ਕਨੈੱਕਸ਼ਨ ਤੇ ਦੋ ਦੋ ਮੋਟਰਾਂ ਚਲਾਉਣੀਆਂ, ਲੋਕਾਂ ਨੇ ਨਿਜ਼ਾਮ ਦੱਸ ਚੱਟਣਾ।
ਮਨਪ੍ਰੀਤ ਮਗਰ ਪੂਛਾਂ ਚੱਕਣ ਵਾਲਿਆਂ ਨੂੰ ਦੱਸੋ ਕੀ ਮਿਲਿਆ ਅਗਲਾ ਸ਼ਹੀਦਾਂ ਦੀਆਂ ਸਹੁੰਆਂ ਖਾ ਕੇ ਵੀ ਜਾ ਬੈਠਾ ਵੱਡਿਆਂ ਦੀ ਝੋਲੀ ਚ। ਇਉਂ ਫਿਰ ਅੱਗੇ ਵਾਲੇ ਚੰਗੇ ਬੰਦਿਆਂ ਦਾ ਵੀ ਇਤਬਾਰ ਮਾਰਿਆ ਜਾਂਦਾ। ਲੋਕ ਸੋਚਦੇ ਨੇ ਕਿ ਇਸਦਾ ਵੀ ਕੀ ਪਤਾ। ਜਦੋਂ ਮਨਪ੍ਰੀਤ ਦੀ ਹਨੇਰੀ ਚੱਲੀ ਸੀ, ਉਦੋਂ ਮੈਂ ਪੰਜਾਬ 'ਚ ਸੀ। ਉਸ ਵੇਲੇ ਸੱਥ ਵਿਚ ਬੈਠੇ ਬਾਬਿਆਂ ਦੀ ਮਨਪ੍ਰੀਤ ਬਾਰੇ ਕੀਤੀ ਭਵਿੱਖਬਾਣੀ ਸੱਚ ਸਾਬਤ ਹੋਈ। ਉਨ੍ਹਾਂ ਦਾ ਕਹਿਣਾ ਸੀ ਕਿ ਪੁੱਤਰਾ ਨਵਾਂ ਖ਼ੂਨ ਹੈ, ਆਪੇ ਬੈਠ ਜੂ ਮੂਤ ਦੀ ਝੱਗ ਵਾਂਗੂੰ, ਹੁਣ ਤਾਂ ਕਿਸੇ ਦੀ ਸ਼ੈਅ ਤੇ ਉੱਡਿਆ ਫਿਰਦਾ।
ਕੇਜਰੀਵਾਲ ਬਾਰੇ ਵੀ ਇਹੀ ਵਿਚਾਰ ਹੈ ਕਿ ਕਿਸੇ ਵੀ ਚੀਜ਼ ਨੂੰ ਟਾਈਮ ਲੱਗਦਾ ਸਮੇਂ ਨਾਲ ਸਭ ਨਤੀਜੇ ਆਪਣੇ ਆਪ ਸਾਹਮਣੇ ਆ ਜਾਂਦੇ ਹਨ। ਦਿੱਲੀ ਚ ਲੋਕ ਪੜ੍ਹੇ ਲਿਖੇ ਸਨ। ਅਗਲਿਆਂ ਆਪਣਾ ਰੰਗ ਵਿਖਾ ਤਾ, ਪਰ ਇਹਨਾਂ ਜੱਟ ਬੂਟਾਂ ਨੂੰ ਕੌਣ ਸਮਝਾਵੇ ਆਪਣੇ ਤਾਂ ਜੱਟ ਬੂਟ ਹਾਲੇ ਵੀ ਤੱਕੜੀ ਤੇ ਮੋਹਰਾਂ ਆਪਣੀ ਜਿੰਦੜੀ ਪੰਥ ਦੇ ਲੇਖੇ ਸਮਝ ਕੇ ਠੱਪੀ ਜਾਂਦੇ ਹਨ। ਇਹਨਾਂ ਨੂੰ ਤਾਂ ਬਾਦਲ ਘਰ ਦਾ ਬੰਦਾ ਹੀ ਲੱਗਦਾ ਜਿਹੜੇ ਪੱਕੇ ਕਾਂਗਰਸੀ ਨੇ ਉਹ ਭਾਵੇਂ ਮਰ ਜਾਣ ਪਰ ਵੋਟ ਨੀ ਕਿਸੇ ਹੋਰ ਨੂੰ ਪਾਉਂਦੇ। ਆਹ ਲਾਲ ਝੰਡੇ ਵਾਲੇ ਕੁਝ ਚੰਗੇ ਸੀ, ਪਰ ਹੁਣ ਤਾਂ ਇਹਨਾਂ ਵਿਚਾਰਿਆਂ ਨੂੰ ਕੋਈ ਆਪਣੇ ਘਰ 'ਚ ਨੀ ਪੁੱਛਦਾ ਇਹਨਾਂ ਨੂੰ ਤਾਂ ਆਪ ਹੁਣ ਘਰੋਂ ਰੋਟੀ ਵੀ ਬੇ ਟਾਈਮੀ ਮਿਲਦੀ ਹੈ। ਆਹ ਨਵੇਂ ਛੋਰ ਛੱਕਰਾਂ ਦਾ ਤਾਂ ਪਤਾ ਨੀ ਕਿਹੜੇ ਪਾਸੇ ਜਾਣ ਬਾਕੀ ਫੇਸਬੁੱਕ ਤੇ ਤਾਂ ਹਰ ਰੋਜ਼ ਇਨਕਲਾਬ ਆਇਆ ਰਹਿੰਦਾ।
ਨਾਲ਼ੇ ਭਾਈ ਲੋਕੀਂ ਇਹਨਾਂ ਨੂੰ ਵੋਟਾਂ ਪਾਉਣ ਵੀ ਕਿਉਂ ਨਾ ਅਗਲਿਆਂ ਸਾਰੀ ਉਮਰ ਇਹਨਾਂ ਦੇ ਕੰਮ ਕੀਤੇ ਹਨ ਨਹੀਂ ਤਾਂ ਅਗਲੇ ਡਾਂਗ ਨਾਲ ਪਵਾ ਲੈਣਗੇ। ਉਦੋਂ ਤਾਂ ਮੇਰੇ ਵਰਗਾ ਵੀ ਫ਼ੋਨ ਕਰ ਦਿੰਦਾ ਕਿ ਜਥੇਦਾਰਾ ਆਪਣੀ ਮਾਸੀ ਦਾ ਮੁੰਡਾ ਫੜ ਲਿਆ ਪੁਲਿਸ ਵਾਲਿਆ ਕਰੀਂ ਫ਼ੋਨ ਥਾਣੇਦਾਰ ਨੂੰ ਸ਼ਾਮ ਤੱਕ ਮੁੰਡਾ ਘਰੇ ਆਉਣਾ ਚਾਹੀਦਾ। ਨਾਲ਼ੇ ਛੋਟਾ ਬਾਦਲ ਕਿਹੜਾ ਨਸ਼ੇ ਕਰਦਾ ਅਗਲੀਆਂ ਨੇ ਸਾਰਾ ਪੰਜਾਬ ਚਿੱਟਾ ਮੁਕਤ ਕਰ ਦਿੱਤਾ। ਪੰਜਾਬ ਚ ਤਾਂ ਹੁਣ ਰੇਤਾ ਵੀ ਮੁੱਲ ਵਿਕਦਾ।
ਕੇਜਰੀਵਾਲ ਭਾਵੇਂ ਬੰਦਾ ਚੰਗਾ ਸੁਣੀਦਾ ਪਰ ਬੰਦਾ ਤਾਂ ਮਨਪ੍ਰੀਤ ਵੀ ਚੰਗਾ ਸੀ, ਜਿਹਨਾਂ ਨੇ ਮਨਪ੍ਰੀਤ ਪਿੱਛੇ ਲੱਗ ਕੇ ਸਰ੍ਹੋਂ ਫੁੱਲੀਆਂ ਪੱਗਾਂ ਬੰਨੀਆਂ ਸੀ। ਹੁਣ ਉਹੀ ਸਰ੍ਹੋਂ ਫੁੱਲੀਆਂ ਪੱਗਾਂ ਦੇ ਅਗਲਿਆਂ ਰੋਟੀ ਵਾਲੇ ਪੋਣੇ ਬਣਾਏ ਨੇ। ਕਿਸੇ ਨੇ ਜਵਾਕਾਂ ਦੇ ਪੋਤੜੇ। ਨਾਲ਼ੇ ਵਿਚਾਰੇ ਕੇਜਰੀਵਾਲ ਨੂੰ ਕੀ ਪਤਾ ਕਿ ਪੰਜਾਬ ਵਿਚ ਟੇਲਾਂ ਤੇ ਪਾਣੀ ਦੀ ਵਾਰੀ ਕਿਵੇਂ ਵਧਾਉਣੀ ਹੈ, ਸ਼ਰਾਬ ਕੱਢੀ ਤੋਂ ਫੜਿਆ ਭੂਆ ਦਾ ਪੁੱਤ ਕਿਵੇਂ ਛਡਾਉਣਾ, ਕਿਸੇ ਜਥੇਦਾਰ ਦੀ ਸਿਫ਼ਾਰਿਸ਼ ਨਾਲ ਮੰਡੀ ਚੋਂ ਝੋਨਾ ਕਿਵੇਂ ਚਕਵਾਉਣਾ।
ਕਿਸੇ ਵੀ ਚੀਜ਼ ਲਈ ਸਮਾਂ ਲੱਗਦਾ। ਜੇ ਕੇਜਰੀਵਾਲ ਚੰਗਾ ਹੋਇਆ ਤਾਂ ਆਪੇ ਹੌਲੀ ਹੌਲੀ ਅੱਗੇ ਆ ਜੂ ਨਾਲ਼ੇ ਹੌਲੀ ਹੌਲੀ ਕੀਤੀ ਗਈ ਤਰੱਕੀ ਹੀ ਸ਼ੋਭਾ ਦਿੰਦੀ ਹੈ ਨਹੀਂ ਤਾਂ ਜਿੰਨੀ ਛੇਤੀ ਕਿਸੇ ਦੀ ਚੜ੍ਹਾਈ ਹੁੰਦੀ ਹੈ ਓੱਨੀ ਹੀ ਛੇਤੀ ਭੁੰਜੇ ਆਉਂਦਾ ਹੈ। ਪੰਜਾਬ ਚ ਬਹੁਤ ਕਾਂਗਿਆਰੀਆਂ ਬੈਠੀਆ ਜਿੰਨਾ ਨੂੰ ਕੋਈ ਹੋਰ ਨੀ ਪੁੱਛਦਾ ਅਤੇ ਨਵੇਂ ਬੰਦੇ ਆਏ ਤੋਂ ਲਾਲਾ ਲਾਲਾ ਕਰਕੇ ਉਸਦੇ ਪਿੱਛੇ ਲੱਗ ਜਾਂਦੀਆਂ ਹਨ ਕਿ ਹੋਰ ਕਿਤੇ ਕੰਮ ਸੂਤ ਨਹੀਂ ਆਇਆ ਤਾਂ ਇਥੇ ਚੌਧਰ ਪੱਕੀ ਸਮਝੋ। ਬਾਕੀ ਆਪਾਂ ਵੱਡੀ ਸ਼ਰਟ ਵਾਲੇ ਬਾਬੂ ਕੇਜਰੀਵਾਲ ਨੂੰ ਕੀ ਸਮਝਾ ਸਕਦੇ ਹਾਂ ਅਗਲਾ ਆਪ ਹੀ ਬਥੇਰਾ ਸਿਆਣਾ ਭਾਈ।
ਸੰਪਰਕ: +61430850045
ਇਕਬਾਲ ਰਾਮੂਵਾਲੀਆ
ਵਿਅੰਗ ਚੰਗਾ ਹੈ, ਪਰ ਸੁਨੇਹਾਂ ਕੀ ਦਿੰਦਾ ਹੈ? ਏਹੀ ਕਿ ਏਥੇ ਕੁਝ ਨਹੀਂ ਬਣਨਾ। ਮੈਨੂੰ ਪਾਸ਼ ਯਾਦ ਆਊਂਦਾ ਹੈ: ਸਭ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਵੀਰੋ, ਵਿਅੰਗ ਸੰਜੀਦਾ ਕਰੋ। ਪੰਜਾਬ ਡੁੱਬ ਗਿਆ ਹੈ। ਕੇਜਰੀਵਾਲ ਨੂੰ ਮਨਪ੍ਰੀਤ ਨਾਲ਼ ਨਾ ਤੋਲੋ, ਨਾਲ਼ੇ ਜਿਨ੍ਹਾਂ ਨੇ ਸਰ੍ਹੌ ਫੁੱਲੀਆਂ ਬੰਨ੍ਹੀਆ ਸਨ, ਉਹ ਨੂੰ ਮਜ਼ਾਕ ਕਰਨੇ ਸੋਭਾ ਨਹੀਂ ਦਿੰਦੇ। ਉਹ ਤਾਂ ਪੰਜਾਬ ਨੂੰ ਹਸਦਾ ਵਸਦਾ ਦੇਖਣ ਦੇ ਚਾਹਵਾਨ ਸਨ। ਹੁਣ ਜੇ ਮਨਪ੍ਰੀਤ ਕੇਜਰੀਵਾਲ ਨਹੀਂ ਬਣ ਸਕਿਆ ਤਾਂ ਕਸੂਰ ਸਰ੍ਹੋਂ ਫੁੱਲੀਆ ਬਨ੍ਹਣ ਵਾਲਿਅਾਂ ਦਾ ਨਹੀਂ।