ਮਜੀਠੀਆ ਜੇਕਰ ਦੋਸ਼ੀ ਨਹੀਂ ਤਾਂ ਸੁਖਬੀਰ ਸਿੰਘ ਬਾਦਲ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਸੀ ਬੀ ਆਈ ਤੋਂ ਕਰਵਾਉਣ ਲਈ ਕਿਉਂ ਘਾਬਰਦੈ: ਐਡਵੋਕੇਟ ਪੰਕਜ ਕ੍ਰਿਪਾਲ
Posted on:- 09-01-2014
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਮਾਲ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਜੇਕਰ ਆਪਣੇ ਨਸ਼ਾ ਤਸਕਰਾਂ ਨਾਲ ਕੋਈ ਵੀ ਨੇੜਲੇ ਸਬੰਧ ਨਾ ਹੋਣ ਦਾ ਦਾਅਵਾ ਕਰਦੇ ਹਨ ਤਾਂ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਓਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਗਦੀਸ਼ ਭੋਲੇ ਵਲੋਂ ਬਿਕਰਮ ਸਿੰਘ ਮਜੀਠੀਆ ਦਾ ਨਸ਼ਾ ਤਸਕਰੀ ਵਿੱਚ ਲਏ ਜਾ ਰਹੇ ਨਾਮ ਅਤੇ ਉਹਨਾਂ ਵਿਰੁੱਧ ਕਾਂਗਰਸੀ ਆਗੂਆਂ ਵਲੋਂ ਮਾਮਲੇ ਦੀ ਨਿਰਪੱਖ ਜਾਂਚ ਲਈ ਕੀਤੀ ਜਾ ਰਹੀ ਸੀ ਬੀ ਆਈ ਜਾਂਚ ਤੋਂ ਮੁਕਰਨ ਦੀ ਕੀ ਲੋੜ ਹੈ। ਸ ਮਜੀਠੀਆ ਜੇਕਰ ਸੱਚ ਮੁੱਚ ਨਿਰਦੋਸ਼ ਹਨ ਤਾਂ ਉਹ ਆਪਣੇ ਤੇ ਲੱਗ ਰਹੇ ਦੋਸ਼ਾਂ ਦੀ ਨਿਰਪੱਖ ਜਾਂਚ ਲਈ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦੇਣ ,ਕਿਉਂਕਿ ਉਹਨਾਂ ਵਿਰੱਧ ਲੱਗੇ ਦੋਸ਼ ਬਹੁਤ ਹੀ ਗੰਭੀਰ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਘਾਤਕ ਹਨ ਜਿਹਨਾਂ ਦਾ ਜਵਾਬ ਵੀ ਉਕਤ ਆਗੂ ਨੂੰ ਸੂਬੇ ਦੇ ਲੋਕਾਂ ਨੂੰ ਦੇਣਾ ਚਾਹੀਦਾ ਹੈ।
ਉਪ੍ਰੋਕਤ ਵਿਚਾਰ ਅੱਜ ਮਾਹਿਲਪੁਰ ਦੇ ਮੁੱਖ ਚੌਂਕ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਨਸ਼ਿਆਂ ਦੇ ਤਸਕਰ ਜਗਦੀਸ਼ ਭੋਲਾ ਵਲੋਂ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ’ ਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਿਲ ਹੋਣ ਦੇ ਲਗਾਏ ਦੋਸ਼ਾਂ ਦੇ ਸਬੰਧ ਵਿੱਚ ਸੀ ਬੀ ਆਈ ਦੀ ਜਾਂਚ ਕਰਵਾਉਣ ਅਤੇ ਉਸਨੂੰ ਗਿ੍ਰਫਤਾਰ ਕਰਨ ਦੀ ਮੰਗ ਕਰਦਿਆਂ ਕਾਂਗਰਸ ਸੇਵਾ ਦਲ ਪੰਜਾਬ ਦੇ ਕਨਵੀਨਰ ਐਡਵੋਕੇਟ ਪੰਕਜ ਕ੍ਰਿਪਾਲ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਇਸ ਮੌਕੇ ਭੜਕੇ ਹੋਏ ਕਾਂਗਰਸੀ ਵਰਕਰਾਂ ਵਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਬਿਕਰਮ ਸਿੰਘ ਦਾ ਮੁੱਖ ਚੌਂਕ ਵਿੱਚ ਪੁੱਤਲਾ ਫੂਕਿਆ।
ਐਡਵੋਕੇਟ ਪੰਕਜ ਕ੍ਰਿਪਾਲ ਨੇ ਆਖਿਆ ਕਿ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਰਾਜ ਕਾਲ ਦੌਰਾਨ ਸੂਬੇ ਵਿੱਚ ਨਸ਼ਿਆਂ ਦੀ ਤਸਕਰੀ ਦਾ ਕਾਰੋਬਾਰ ਵੱਡੇ ਪੱਧਰ ਤੇ ਵੱਧਿਆ ਹੈ । ਨਸ਼ੇ ਦੇ ਤਸਕਰ ਅਤੇ ਅਪਰਾਧੀ ਕਿਸਮ ਦੇ ਲੋਕ ਜੋ ਅੰਦਰ ਖਾਤੇ ਪੰਜਾਬ ਦੇ ਚੋਟੀ ਦੇ ਅਕਾਲੀ ਆਗੂਆਂ ਅਤੇ ਸਰਕਾਰ ਵਿੱਚ ਸ਼ਾਮਿਲ ਮੰਤਰੀਆਂ ਅਤੇ ਵਿਧਾਇਕਾਂ ਨਾਲ ਨੇੜਲੇ ਸਬੰਧ ਰੱਖਦੇ ਹਨ,ਦੇ ਹੋਸਲੇ ਜੇਲ੍ਹਾਂ ਵਿੱਚ ਬੰਦ ਹੁੰਦੇ ਹੋਏ ਵੀ ਬੁਲੰਦ ਹਨ। ਤਸਕਰ ਅਤੇ ਅਪਰਾਧੀ ਕਿਸਮ ਦੇ ਲੋਕਾਂ ਦਾ ਗਠਜੋੜ ਪੰਜਾਬ ਨੂੰ ਤਬਾਹ ਕਰਕੇ ਰੱਖ ਦੇਵੇਗਾ ਕਿਉਂਕਿ ਅਜਿਹੀ ਕਿਸਮ ਦੇ ਲੋਕਾਂ ਨੂੰ ਸਰਕਾਰ ਦਾ ਪੂਰਾ ਥਾਪੜਾ ਹੈ। ਉਹਨਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਪੰਜਾਬ ਪੁਲੀਸ ਦੇ ਸਾਬਕਾ ਅਧਿਕਾਰੀ ਕਦੇ ਸਰਕਾਰ ਅਤੇ ਕਦੇ ਸਰਕਾਰ ਦੇ ਵਿਰੋਧ ਵਿੱਚ ਬੋਲਕੇ ਆਪਣੀ ਜਾਣ ਬੁੱਝਕੇ ਮਿੱਟੀ ਪੁਲੀਤ ਕਰ ਰਹੇ ਹਨ।
ਉਹਨਾਂ ਕਿਹਾ ਕਿ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਅਜਿਹੇ ਤਸਕਰ ਕਾਂਢ ਦਾ ਭੰਨਣ ਉਪਰੰਤ ਹੁਣ ਸਰਕਾਰ ਦੀ ਬੋਲੀ ਨਹੀਂ ਬੋਲਣੀ ਚਾਹੀਦੀ। ਉਹਨਾਂ ਕਿਹਾ ਕਿ ਜਗਦੀਸ਼ ਭੋਲਾ ਸਮੇਤ ਉਸਦੇ ਸਾਥੀ ਪੰਜਾਬ ਸਰਕਾਰ ਦੇ ਸਾਏ ਹੇਠ ਪੁਲੀਸ ਕੋਲ ਜਾਂਚ ਲਈ ਥਾਣਿਆਂ ਵਿੱਚ ਬੰਦ ਹਨ ਪ੍ਰੰਤੂ ਪੰਜਾਬ ਦੇ ਸੀਨੀਅਰ ਅਕਾਲੀ ਆਗੂ ਅਤੇ ਮੰਤਰੀ ਸ਼ਰੇਆਮ ਇਹ ਕਹਿਕੇ ਆਪਣਾ ਆਪੇ ਜਲੂਸ ਕੱਢ ਰਹੇ ਹਨ ਕਿ ਜਗਦੀਸ਼ ਭੋਲਾ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਸ਼ਹਿ ਤੇ ਅਕਾਲੀਆਂ ਸਮੇਤ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੂੰ ਬਦਨਾਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਭੋਲੇ ਸਮੇਤ ਉਸਦੇ ਸਾਥੀਆਂ ਨਾਲ ਕਦੇ ਮੇਲ ਨਹੀਂ ਹੋਇਆ ਪਰੰਤੂ ਅਕਾਲੀ ਆਗੂ ਖੁਦ ਅਜਿਹੀਆਂ ਗੱਲਾਂ ਕਰਕੇ ਸੱਚ ਸਾਹਮਣੇ ਲਿਆ ਰਹੇ ਹਨ। ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਬਿਕਰਮ ਸਿੰਘ ’ ਤੇ ਲੱਗੇ ਦੋਸ਼ ਬਹੁਤ ਹੀ ਗੰਭੀਰ ਅਤੇ ਸੰਗੀਨ ਹਨ ਅਤੇ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ਵਿੱਚ ਘਿਰੇ ਮਜੀਠੀਆ ਨੂੰ ਹੁਣ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ।
ਉਹਨਾਂ ਕਿਹਾ ਕਿ ਜੇਕਰ ਮਜੀਠੀਆ ਨਿਰਦੋਸ਼ ਅਤੇ ਸੱਚਾ ਹੈ ਤਾਂ ਸੁਖਬੀਰ ਸਿੰਘ ਬਾਦਲ ਸੀ ਬੀ ਆਈ ਦੀ ਜਾਂਚ ਤੋਂ ਕਿਉਂ ਘਬਰਾ ਰਿਹਾ ਹੈ। ਉਹਨਾਂ ਕਿਹਾ ਕਿ ਜਗਦੀਸ਼ ਭੋਲਾ ਵਲੋਂ ਅਕਾਲੀ ਦਲ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਨੰਗਾ ਕੀਤਾ ਹੈ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਿਕਰਮ ਸਿੰਘ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਗਿ੍ਰਫਤਾਰ ਕਰਵਾਕੇ ਨਿਰਪੱਖ ਜਾਂਚ ਲਈ ਕੇਸ ਸੀ ਬੀ ਆਈ ਨੂੰ ਦੇ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਵੱਧ ਫੁੱਲ ਰਹੇ ਨਸ਼ਿਆਂ ਦੇ ਰੁਝਾਨ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਅਤੇ ਹੁਣ ਪੰਜਾਬ ਸਰਕਾਰ ਦੇ ਮੰਤਰੀਆਂ ’ਤੇ ਨਸ਼ਾ ਕਾਰੋਬਾਰ ਵਿੱਚ ਸ਼ਾਮਿਲ ਹੋਣ ਬਾਰੇ ਲੱਗ ਰਹੇ ਦੋਸ਼ ਸੂਬੇ ਲਈ ਡੂੰਘੀ ਚਿੰਤਾ ਦਾ ਵਿਸ਼ਾ ਹਨ । ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਕਰਮ ਸਿੰਘ ਦੀ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਗਿ੍ਰਫਤਾਰੀ ਨਾ ਹੋਈ ਤਾਂ ਕਾਂਗਰਸ ਸੇਵਾ ਦਲ ਸਮੇਤ ਕਾਂਗਰਸ ਪਾਰਟੀ ਦੇ ਸਮੂਹ ਵਰਕਰ ਜਾਰੀ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਸੂਬੇ ਦੇ ਹਰ ਬਲਾਕ ਪੱਧਰ ਤੇ ਧਰਨੇ ਦੇ ਕੇ ਗਿ੍ਰਫਤਾਰੀਆਂ ਦੇਣਗੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਰਾਮਪਾਲ ਭਾਰਦਵਾਜ਼, ਬੀਬੀ ਹਰਬੰਸ ਕੌਰ, ਬਲਵਿੰਦਰ ਸਸੋਲੀ, ਮਨਿੰਦਰਜੀਤ ਸਿੰਘ ਨਾਗਰਾ ਸਰਪੰਚ, ਪਰਮਿੰਦਰ ਕੋਟਲਾ, ਸਰਪੰਚ ਕੁਲਵਿੰਦਰ ਸਿੰਘ ਪਰਸੋਤੇ, ਨਰਿੰਦਰ ਪ੍ਰਭਾਕਰ ਪਚਨੰਗਲਾਂ, ਨਰਿੰਦਰ ਮੋਹਣ ਨਿੰਦੀ, ਜਗਤਾਰ ਸਿੰਘ, ਕਮਲਜੀਤ ਸਿੰਘ ਸੰਘਾ, ਸੁਰਿੰਦਰ ਰਾਣਾ, ਸਤਪਾਲ ਜੱਸੀ, ਨੰਬਰਦਾਰ ਹਰਭਜਨ ਸਿੰਘ, ਡਾ ਸੁੱਚਾ ਸਿੰਘ ਲਹਿਲੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜਰ ਸਨ।