Mon, 09 September 2024
Your Visitor Number :-   7220060
SuhisaverSuhisaver Suhisaver

ਮਹਾਰਾਸ਼ਟਰ ਦੇ ਰਾਜਪਾਲ ਸ਼ੰਕਰ ਨਰਾਇਣਨ ਵੱਲੋਂ ਮਿਜ਼ੋਰਮ ਬਦਲੇ ਜਾਣ ਵਿਰੁੱਧ ਅਸਤੀਫ਼ਾ

Posted on:- 24-08-2014

suhisaver

ਨਵੀਂ ਦਿੱਲੀ : ਮਹਾਰਾਸ਼ਟਰ ਦੇ ਰਾਜਪਾਲ ਕੇ. ਸ਼ੰਕਰ ਨਾਰਾਇਣਨ ਨੇ ਮਿਜ਼ੋਰਮ 'ਚ ਹੋਏ ਆਪਣੇ ਤਬਾਦਲੇ ਤੋਂ ਨਾਰਾਜ਼ ਹੋ ਕੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਗ੍ਰਹਿ ਸਕੱਤਰ ਦੇ ਇਸ਼ਾਰੇ ਦੇ ਬਾਵਜੂਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਮਹਾਰਾਸ਼ਟਰ ਦੇ ਰਾਜਪਾਲ ਕੇ ਸ਼ੰਕਰ ਨਰਾਇਣਨ ਦਾ ਮਿਜ਼ੋਰਮ ਤਬਾਦਲਾ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਆਪਣੇ ਤਬਾਦਲੇ ਦੀ ਖ਼ਬਰ 'ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਸ਼ੰਕਰ ਨਰਾਇਣਨ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ ਤਾਂ ਉਹ ਇਸ ਅਪਮਾਨ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਸ੍ਰੀ ਨਰਾਇਣਨ ਨੇ ਇਹ ਗੱਲਾਂ ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਦੌਰਾਨ ਕਹੀਆਂ ਸਨ।

ਰਾਸ਼ਟਰਪਤੀ ਭਵਨ ਤੋਂ ਸ਼ਨੀਵਾਰ ਦੇਰ ਰਾਤ ਜਾਰੀ ਇਕ ਬਿਆਨ 'ਚ ਕਿਹਾ ਗਿਆ ਸੀ ਕਿ 82 ਸਾਲਾ ਮਹਾਰਾਸ਼ਟਰ ਦੇ ਰਾਜਪਾਲ ਸ਼ੰਕਰਾ ਨਰਾਇਣਨ ਨੂੰ ਮਿਜ਼ੋਰਮ ਬਦਲ ਦਿੱਤਾ ਗਿਆ ਹੈ ਅਤੇ ਗੁਜਰਾਤ ਦੇ ਰਾਜਪਾਲ ਓ.ਪੀ. ਕੋਹਲੀ ਨੂੰ ਮਹਾਰਾਸ਼ਟਰ ਦੇ ਰਾਜਪਾਲ ਦਾ ਕਾਰਜ ਭਾਰ ਸੰਭਾਲਣ ਲਈ ਕਿਹਾ ਗਿਆ ਹੈ। ਪਰ ਸ੍ਰੀ ਸ਼ੰਕਰ ਨਰਾਇਣਨ ਨੇ ਮਿਜ਼ੋਰਮ ਜਾਣ ਤੋਂ ਇਨਕਾਰ ਕਰਦਿਆਂ ਆਪਣਾ ਅਹੁਦਾ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸਰਗਰਮ ਰਾਜਨੀਤੀ 'ਚ ਵਾਪਸੀ ਕਰਨਗੇ। ਉਹ ਇਸ ਤੋਂ ਪਹਿਲਾਂ ਨਾਗਾਲੈਂਡ ਦੇ ਰਾਜਪਾਲ ਅਤੇ ਕੇਰਲ 'ਚ ਮੰਤਰੀ ਦੇ ਅਹੁਦੇ 'ਤੇ ਕੰਮ ਕਰ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਸ਼ੰਕਰਾ ਨਰਾਇਣਨ ਦਾ ਕਾਰਜਕਾਲ 2017 ਤੱਕ ਹੈ। ਸੀਨੀਅਰ ਕਾਂਗਰਸੀ ਆਗੂ ਕੇ. ਸ਼ੰਕਰਾ ਨਰਾਇਣਨ ਉਨ੍ਹਾਂ ਰਾਜਪਾਲਾਂ 'ਚੋਂ ਹਨ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਨੇ ਕੇਂਦਰ 'ਚ ਸਰਕਾਰ ਬਦਲਣ ਤੋਂ ਬਾਅਦ ਫੋਨ ਕਰਕੇ ਅਸਤੀਫ਼ਾ ਦੇਣ ਲਈ ਕਿਹਾ ਸੀ।
ਉਨ੍ਹਾਂ ਤੋਂ ਪਹਿਲਾਂ ਬੀ.ਐਲ.ਜੋਸ਼ੀ (ਉਤਰ ਪ੍ਰਦੇਸ਼), ਐਮ.ਕੇ. ਨਰਾਇਣਨ (ਪੱਛਮੀ ਬੰਗਾਲ), ਸ਼ੇਖਰ ਦੱਤ (ਛੱਤੀਸਗੜ੍ਹ), ਅਸ਼ਵਨੀ ਕੁਮਾਰ (ਨਾਗਾਲੈਂਡ) ਅਤੇ ਬੀ.ਵੀ. ਵਾਂਚੂ (ਗੋਆ) ਵੱਕਮ ਬੀ ਪੁਰਸ਼ੋਤਮਮ (ਮਿਜ਼ੋਰਮ) ਅਸਤੀਫ਼ਾ ਦੇ ਚੁੱਕੇ ਹਨ। ਪਾਂਡੀਚੇਰੀ ਦੇ ਉਪ ਰਾਜਪਾਲ ਵਿਰੇਂਦਰ ਕਟਾਰੀਆ ਅਤੇ ਮਿਜ਼ੋਰਮ ਦੀ ਰਾਜਪਾਲ ਕਮਲਾ ਬੇਨੀਵਾਲ ਨੂੰ ਵੀ ਹਟਾ ਦਿੱਤਾ ਗਿਆ ਸੀ। ਇਹ ਸਾਰੇ ਉਹ ਰਾਜਪਾਲ ਹਨ, ਜੋ ਪਹਿਲੀ ਯੂਪੀਏ ਸਰਕਾਰ ਦੌਰਾਨ ਨਿਯੁਕਤ ਕੀਤੇ ਗਏ ਸਨ। ਗੁਜਰਾਤ ਦੇ ਰਾਜਪਾਲ ਓਮ ਪ੍ਰਕਾਸ਼ ਕੋਹਲੀ ਮਹਾਰਾਸ਼ਟਰ ਦੇ ਰਾਜਪਾਲ ਦਾ ਵੀ ਕੰਮਕਾਜ ਦੇਖਣਗੇ।
ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਗੁਜਰਾਤ ਦੀ ਰਾਜਪਾਲ ਕਮਲਾ ਬੇਨੀਵਾਲ ਦਾ ਮਿਜ਼ੋਰਮ ਤਬਾਦਲਾ ਕੀਤਾ ਸੀ ਪਰ ਉਨ੍ਹਾਂ ਦੇ ਉਥੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਕੁਝ ਦਿਨ ਪਹਿਲਾਂ ਉਤਰਾਖੰਡ ਦੇ ਰਾਜਪਾਲ ਅਜੀਜ ਕੁਰੈਸ਼ੀ ਨੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ 'ਤੇ ਅਸਤੀਫ਼ੇ ਲਈ ਦਬਾਅ ਦੇਣ ਖਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਪਣੀ ਗੱਲ ਕਹਿਣ ਲਈ ਨੋਟਿਸ ਜਾਰੀ ਕੀਤਾ ਸੀ। ਦੱਸਣਾ ਬਣਦਾ ਹੈ ਕਿ ਸੱਤਾ 'ਚ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ ਯੂਪੀਏ ਸਰਕਾਰ ਦੇ ਸੱਤ ਰਾਜਪਾਲਾਂ 'ਤੇ ਅਸਤੀਫ਼ੇ ਲਈ ਦਬਾਅ ਬਣਾਇਆ ਸੀ ਅਤੇ ਉਨ੍ਹਾਂ 'ਚੋਂ ਕਈਆਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਸੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ