Wed, 18 September 2024
Your Visitor Number :-   7222574
SuhisaverSuhisaver Suhisaver

ਨਾਟਕ ਮੇਲਾ ਅਤੇ ਵਿਚਾਰ ਚਰਚਾ ਕਰਵਾਈ

Posted on:- 18-04-2016

suhisaver

ਬੀਹਲਾ: ਡਾ.ਬੀਆਰ ਅੰਬੇਡਕਰ ਸੁਸਾਇਟੀ ਬੀਹਲਾ ਵੱਲੋਂ ਨਗਰ ਨਿਵਾਸੀਆਂ ਦੇ ਭਰਵੇਂ ਸਹਿਯੋਗ ਨਾਲ ਡਾ ਬੀ.ਆਰ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਨਾਟਕ ਮੇਲਾ ਅਤੇ ਵਿਚਾਰ ਚਰਚਾ ਕਰਵਾਈ ਗਈ।ਪ੍ਰੋਗਰਾਮ ਦੀ ਸ਼ੁਰੂਆਤ ਸਕੂਲੀ ਬੱਚਿਆਂ ਅਤੇ ਪ੍ਰਸਿੱਧ ਲੋਕ ਪੱਖੀ ਢਾਡੀ ਮੁਖਤਿਆਰ ਸਿੰਘ ਤੂਫਾਨ ਬੀਹਲਾ ਦੀਆਂ ਪੋਤਰੀਆਂ ਵੱਲੋਂ ਬਹੁਤ ਹੀ ਖੁਬਸੂਰਤ ਅੰਦਾਜ਼ ’ਚ ਪੇਸ਼ ਕੀਤੀਆਂ ਢਾਡੀ ਵਾਰਾਂ ਨਾਲ ਹੋਈ। ਪੀਪਲਜ ਥੀਏਟਰ ਲਹਿਰਾਗਾਗਾ(ਨਿਰਦੇਸ਼ਕ ਸੈਮੂਅਲ ਜੌਹਨ) ਵੱਲੋਂ ਮਜ਼ਦੂਰਾਂ ਦੀ ਜ਼ਿੰਦਗੀ ਤੇ ਅਧਾਰਤ ਨਾਟਕ ‘ਘਸਿਆ ਆਦਮੀ’ਅਤੇ ਛੋਟੀ ਟੁੱਟ ਰਹੀ ਕਿਸਾਨੀ ਦੀ ਹਕੀਕੀ ਤਸਵੀਰ ਪੇਸ਼ ਕਰਦਾ ਨਾਟਕ ‘ਕਿਰਤੀ’ਪੇਸ਼ ਕੀਤੇ ਗਏ। ਡਾ. ਅੰਬੇਡਕਰ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਇਨਕਲਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਵਿਸਥਾਰ ਚ ਵਿਚਾਰ ਰੱਖੇ।ਆਪਣੇ ਸੰਬੋਧਨ ਰਾਹੀਂ ਸਾਥੀ ਦੱਤ ਨੇ ਕਿਹਾ ਕਿ ਡਾ.ਅੰਬੇਡਕਰ ਨੇ ‘ਪੜ੍ਹੋ, ਜੁੜੋ, ਸੰਘਰਸ਼ ਕਰੋ, ਮੁਕਤੀ ਲਈ ਜੂਝੋ’ ਦਾ ਨਾਅਰਾ ਮਹਿਜ ਨਾਅਰਾ ਨਹੀਂ ਸਗੋਂ ਹਕੀਕਤ ਵਿੱਚ ਇਸ ਨੂੰ ਲਾਗੂ ਕਰਵਾਉਣ ਲਈ ਦ੍ਰਿੜ ਸੰਘਰਸ਼ ਕੀਤਾ।

ਰਾਜ ਭਾਗ ਉੱਪਰ ਸਦੀਆਂ ਤੋਂ ਕਾਬਜ਼ ਸਵਰਨ ਜਾਤੀਆਂ ਵੱਲੋਂ ਦਲਿਤਾਂ ਨੂੰ ਆਪਣੇ ਜ਼ਿੰਦਗੀ ਜਿਉਣ ਦੇ ਮੁੱਢਲੇ ਹੱਕਾਂ ਤੋਂ ਵਾਂਝਿਆਂ ਰੱਖਣ ਖਿਲਾਫ ਹਰ ਪੱਖ ਤੋਂ ਦਲੀਲ ਨਾਲ ਹਰਾਇਆ ਵੀ ਅਤੇ ਆਪਣੇ ਹੱਕਾਂ ਹਿੱਤਾਂ ਦੀ ਕੌਮੀ ਅਤੇ ਕੌਮਾਂਤਰੀ ਮੰਚਾਂ ਸਮੇਤ ਬਰਤਾਨਵੀ ਸਾਮਰਾਜੀ ਸੰਸਥਾਵਾਂ ਅੰਦਰ ਵੀ ਜੋਰਦਾਰ ਅਵਾਜ਼ ਬੁਲੰਦ ਕੀਤੀ ਜਿਸ ਦਾ ਸਿੱਟਾ ਹੀ ਹੈ ਕਿ ਬਹੁਤ ਸਾਰੇ ਹੱਕ ਮਜ਼ਦੂਰਾਂ ਨੂੰ ਹਾਸਲ ਹੋਏ ਭੇਦ ਭਾਵ ਘਟਿਆ।ਮੌਜੂਦਾ ਦੌਰ ਦੀ ਗੱਲ ਕਰਦਿਆਂ ਸਾਥੀ ਦੱਤ ਨੇ ਕਿਹਾ ਭਲੇ ਹੀ ਸੰਵਿਧਾਨ ਵਿੱਚ ਬਹੁਤ ਸਾਰੀਆਂ ਮਜਦੂਰ ਪੱਖੀ ਧਾਰਾਵਾਂ ਸਾਮਲ ਕਰ ਲਈਆਂ ਪਰ ਮਜਦੂਰਾਂ ਦਾ ਸੰਸਾਰੀਕਰਨ ਨਿੱਜੀਕਰਨ ਦੇ ਦੌਰ ਅੰਦਰ ਸ਼ੋਸਣ(ਲੁੱਟ ਜਬਰ ਦਾਬਾ) ਨਾ ਸਿਰਫ ਉਸੇ ਤਰਾਂ ਬਰਕਰਾਰ ਹੈ ਸਗੋਂ ਪਹਿਲਾਂ ਨਾਲੋਂ ਕਿਤੇ ਵਧੇਰੇ ਤਿੱਖਾ ਵਿਕਰਾਲ ਰੂਪ ਧਾਰਨ ਕਰ ਰਿਹਾ ਹੈ।

ਇੱਕ ਪਾਸੇ ਇਸੇ ਸੰਵਿਧਾਨ ਰਾਹੀਂ ਦੇਸੀ ਬਦੇਸ਼ੀ ਲੁਟੇਰਿਆਂ ਕੋਲ ਧਨ ਦੌਲਤ ਦੇ ਅੰਬਾਰ ਇਕੱਠੇ ਹੋ ਰਹੇ ਹਨ ਦੂਜੇ ਪਾਸੇ ਕਿਰਤੀ ਲੋਕ ਹਾਲੇ ਵੀ ਜ਼ਿੰਦਗੀ ਜਿਉਣ ਦੀਆਂ ਮੁੱਢਲੀਆਂ ਲੋੜਾਂ ਤੋਂ ਵੀ ਵਾਂਝੇ ਹਨ।ਇਸ ਲਈ ਬੀਆਰ ਅੰਬੇਡਕਰ ਦੇ ਵਿਚਾਰਾਂ ਤੋਂ ਪ੍ਰੇਰਨਾ ਹਾਸਲ ਕਰਦਿਆਂ ਗਦਰੀ ਬਾਬਿਆਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਲੁੱਟ ਰਹਿਤ ਸਮਾਜ ਸਿਰਜਣ ਲਈ ਜਮਾਤੀ ਜੱਦੋ ਜਹਿਦ ਦੇ ਰਾਹ ਅੱਗੇ ਵਧਣਾ ਹੀ ਹਕੀਕੀ ਰੂਪ ਵਿੱਚ ਡਾ ਬੀਆਰ ਅੰਬੇਡਕਰ ਦਾ ਅਸਲ ਮਾਅਨਿਆਂ ਚ ਜਨਮ ਦਿਨ ਮਨਾਉਣਾ ਹੈ।ਗੀਤ/ਢਾਡੀ ਕਵੀਸ਼ਰੀ ਪੇਸ਼ ਕਰਨ ਵਾਲੇ ਬੱਚਿਆਂ ਨੂੰ ਉਸਾਰੂ ਕਿਤਾਬਾਂ ਦੇਕੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਚ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾ ਸੁਖਵਿੰਦਰ ਬੀਕੇਯੂ ਏਕਤਾ ਡਕੌਂਦਾ ਦੇ ਆਗੂ ਬਲਦੇਵ ਸੱਦੋਵਾਲ ਪੇਂਡੂ ਮਜਦੂਰ ਯੂਨੀਅਨ ਮਸ਼ਾਲ ਦੇ ਆਗੂ ਏਕਮ ਛੀਨੀਵਾਲਕਲਾਂ,ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਆਗੂ ਵਰਿੰਦਰ ਦੀਵਾਨਾ,ਲੋਕ ਪੱਖੀ ਰੰਗ ਮੰਚ ਦੇ ਆਗੂ ਯਾਦਵਿੰਦਰ ਠੀਕਰੀਵਾਲ ਅਜਾਦ ਰੰਗ ਮੰਚ ਬਰਨਾਲਾ ਦੇ ਆਗੂ ਰਣਜੀਤ ਭੋਤਨਾ ਕਮਲ ਹਠੂਰ ਵੀ ਸ਼ਾਮਲ ਹੋਏ। ਸਟੇਜ ਸਕੱਤਰ ਦੇ ਫਰਜ ਮਨਵੀਰ ਬੀਹਲਾ ਅਤੇ ਗੁਰਪ੍ਰੀਤ ਸਿੰਘ ਨੇ ਨਿਭਾਏ।ਡਾ.ਬੀਆਰ ਅੰਬੇਡਕਰ ਸੁਸਾਇਟੀ ਦੇ ਆਗੂਆਂ ਇਕਬਾਲ ਬੀਹਲਾ ਅਮਰੀਕ ਸਿੰਘ ਨੇ ਆਏ ਸਾਰੇ ਪਿੰਡ ਨਿਵਾਸੀਆਂ ਦਾ ਪ੍ਰੋਗਰਾਮ ਨੂੰ ਸਫਲ ਬਨਾਉਣ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

-ਮਨਵੀਰ ਬੀਹਲਾ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ