Thu, 03 October 2024
Your Visitor Number :-   7228746
SuhisaverSuhisaver Suhisaver

ਸਿੱਖਿਆ ਮੰਤਰੀ ਤੋਂ ਰੁਜ਼ਗਾਰ ਦੀ ਲੋਹੜੀ ਮੰਗਣ ਲਈ ਵੱਡੀ ਗਿਣਤੀ 'ਚ ਜੁੜੇ ਬੇਰੁਜ਼ਗਾਰ ਅਧਿਆਪਕ

Posted on:- 12-01-2020

ਸੰਗਰੂਰ  :  ਪਿਛਲੇ ਚਾਰ ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਪੱਕਾ-ਮੋਰਚਾ ਲਾ ਕੇ ਬੈਠੇ ਟੈੱਟ ਪਾਸ ਬੇਰੁਜ਼ਗਾਰ ਈਟੀਟੀ ਅਤੇ ਬੀਐੱਡ ਅਧਿਆਪਕਾਂ ਵੱਲੋਂ ਵੱਡੀ ਗਿਣਤੀ 'ਚ ਮੰਤਰੀ ਦੀ ਕੋਠੀ ਅੱਗੇ ਵੱਡਾ ਇਕੱਠ ਕਰਕੇ 'ਰੁਜ਼ਗਾਰ ਦੀ ਲੋਹੜੀ' ਮੰਗੀ ਗਈ।  ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਡਟਵਾਂ ਰੋਸ-ਮੁਜ਼ਾਹਰਾ ਕੀਤਾ। ਬੇਸ਼ੱਕ ਭਾਰੀ ਪੁਲਿਸ ਬਲ ਤੈਨਾਤ ਹੋਣ ਅਤੇ ਬੇਰੁਜ਼ਗਾਰ ਅਧਿਆਪਕਾਂ 'ਚ ਮੰਤਰੀ ਪ੍ਰਤੀ ਗੁੱਸਾ ਹੋਣ ਕਾਫ਼ੀ ਸਮਾਂ ਤਣਾਅ ਦੀ ਹਾਲਤ ਬਣੀ ਰਹੀ, ਪਰ ਬੇਰੁਜ਼ਗਾਰ ਅਧਿਆਪਕਾਂ ਨੇ ਬੜੇ ਅਨੁਸ਼ਾਸਨ ਨਾਲ ਪ੍ਰਦਰਸ਼ਨ ਕੀਤਾ। ਕਰੀਬ ਦੋ ਘੰਟੇ ਮੰਤਰੀ ਦੀ ਕੋਠੀ ਅੱਗੇ ਮੁਜ਼ਾਹਰਾ ਕਰਨ ਤੋਂ ਬਾਅਦ ਦੋ ਘੰਟੇ ਲਈ ਸੰਗਰੂਰ-ਲੁਧਿਆਣਾ ਮੁੱਖ-ਮਾਰਗ ਜਾਮ ਕਰ ਦਿੱਤਾ ਗਿਆ। ਜਿਸ ਉਪਰੰਤ ਐਸਡੀਐੱਮ ਸੰਗਰੂਰ ਬਬਨਜੀਤ ਸਿੰਘ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਹੋਈ ਗੱਲਬਾਤ ਕਰਕੇ ਐਲਾਨ ਕੀਤਾ ਕਿ 14 ਜਨਵਰੀ ਦੀ ਕੈਬਨਿਟ ਮੀਟਿੰਗ 'ਚ ਅਧਿਆਪਕ ਭਰਤੀ ਦਾ ਏਜੰਡਾ ਆਵੇਗਾ ਅਤੇ ਸਿੱਖਿਆ ਮੰਤਰੀ ਨਾਲ 18 ਜਨਵਰੀ ਨੂੰ ਪੈੱਨਲ ਮੀਟਿੰਗ ਤੈਅ ਕਰਵਾਈ ਗਈ। ਬੇਰੁਜ਼ਗਾਰ ਅਧਿਆਪਕਾਂ ਨੇ ਐਲਾਨ ਕੀਤਾ ਕਿ ਜੇਕਰ 14 ਜਨਵਰੀ ਨੂੰ ਕੈਬਨਿਟ-ਮੀਟਿੰਗ ਦੌਰਾਨ ਯੂਨੀਅਨ ਦੀਆਂ ਮੰਗਾਂ ਅਨੁਸਾਰ ਨਵੀਂ-ਭਰਤੀ ਦਾ ਏਜੰਡਾ ਨਾ ਪਾਸ ਕੀਤਾ ਗਿਆ ਤਾਂ 26 ਜਨਵਰੀ ਨੂੰ 'ਗੁਪਤ-ਐਕਸ਼ਨ' ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਾਨਸਾ ਵਿਖੇ 28 ਜਨਵਰੀ ਨੂੰ ਦੌਰੇ 'ਤੇ ਘੇਰਿਆ ਜਾਵੇਗਾ। ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨਾਂ ਦੇ ਆਗੂਆਂ ਦੀਪਕ ਕੰਬੋਜ਼, ਸੁਖਵਿੰਦਰ ਢਿੱਲਵਾਂ, ਸੰਦੀਪ ਸਾਮਾ, ਗੁਰਜੀਤ ਕੌਰ ਖੇੜੀ, ਦੀਪ ਬਨਾਰਸੀ, ਨਿੱਕਾ ਸਮਾਓਂ ਅਤੇ ਰਣਦੀਪ ਸੰਗਤਪੁਰਾ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ 2500 ਅਧਿਆਪਕਾਂ ਦੀਆਂ ਅਸਾਮੀਆਂ ਕੱਢਣ ਬਾਰੇ ਬਿਆਨ ਦੇ ਕੇ ਮਜ਼ਾਕ ਕਰ ਰਹੇ ਹਨ, ਪੰਜਾਬ ਭਰ 'ਚ ਖ਼ਾਲੀ ਕਰੀਬ 30 ਹਜ਼ਾਰ ਅਸਾਮੀਆਂ ਭਰੀਆਂ ਜਾਣ। ਕਿਓਂਕਿ ਕਰੀਬ 65 ਹਜ਼ਾਰ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰ ਬੇਰੁਜ਼ਗਾਰ ਹਨ।

ਉਹਨਾਂ ਕਿਹਾ ਕਿ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਈਟੀਟੀ ਅਤੇ ਬੀਐੱਡ ਉਮੀਦਵਾਰਾਂ ਨੂੰ ਭਰਤੀ ਕਰਨ ਲਈ ਘੱਟੋ-ਘੱਟ 12 ਹਜ਼ਾਰ ਈਟੀਟੀ ਅਤੇ 15 ਹਜ਼ਾਰ ਬੀਐੱਡ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ,  ਟੈੱਸਟ ਪਾਸ ਕਰਨ ਦੇ ਬਾਵਜੂਦ ਓਵਰਏਜ਼ ਹੋ ਰਹੇ ਉਮੀਦਵਾਰਾਂ ਲਈ ਉਮਰ ਸ਼ਰਤ 37 ਤੋਂ 42 ਸਾਲ ਕੀਤੀ ਜਾਵੇ , ਬੈਕਲਾਗ ਦੀਆਂ 161 ਈਟੀਟੀ ਤੇ ਬੈਕਲਾਗ ਐਸ. ਸੀ 595 ਦਾ ਹੱਲ ਅਤੇ ਬੀਐੱਡ ਦੀਆਂ 90 ਅਸਾਮੀਆਂ ਸਬੰਧੀ ਵੀ ਭਰਤੀ ਨਿਯਮਾਂ 'ਚ ਸੋਧ ਕਰਕੇ ਨਿਯੁਕਤੀ ਹੋਵੇ, ਅਧਿਆਪਕ ਭਰਤੀ ਲਈ ਗ੍ਰੈਜੂਏਸ਼ਨ 'ਚੋਂ ਪਹਿਲਾਂ ਲਾਜ਼ਮੀ ਕੀਤੇ 55 ਫੀਸਦੀ ਅੰਕਾਂ ਦੀ ਸ਼ਰਤ ਤੋਂ ਪੀੜਤ ਹੋਕੇ ਖ਼ੁਦਕੁਸ਼ੀ ਲਈ ਮਜ਼ਬੂਰ ਹੋਏ ਜਗਸੀਰ ਸਿੰਘ ਚੱਕ ਭਾਈਕਾ ਦੇ ਪਰਿਵਾਰ ਨੂੰ ਇੱਕ ਨੌਕਰੀ ਅਤੇ ਦਸ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, 58 ਤੋਂ 60 ਦੋ ਸਾਲ ਦੀ ਐਕਸ਼ਟੈਨਸ਼ਨ ਤੇ ਚਲਦੇ ਮੁਲ਼ਾਜ਼ਮਾਂ ਨੂੰ ਤੁਰੰਤ ਸੇਵਾ-ਮੁਕਤ ਕਰਕੇ ਅਸਾਮੀਆਂ ਖਾਲੀ ਕੀਤੀਆਂ ਜਾਣ,  ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਸਾਰੀਆਂ ਅਧਿਆਪਕ ਅਸਾਮੀਆਂ ਰੈਗੂਲਰ ਆਧਾਰ ਤੇ ਭਰਤੀ ਹੋਵੇ, ਭਰਤੀ ਪ੍ਰਕਿਰਿਆਵਾਂ ਨੂੰ ਨਿਰਧਾਰਤ ਦਿਨਾਂ ਵਿੱਚ ਪੂਰਾ ਕਰਨ, ਇੱਕ ਅਧਿਆਪਕ ਤੋਂ ਸਿਰਫ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ, 50 ਤੋਂ ਘੱਟ ਗਿਣਤੀ ਵਾਲੇ ਪ੍ਰਾਇਮਰੀ ਸਕੂਲਾਂ 'ਚ ਵੀ ਹੈੱਡ-ਮਾਸਟਰ ਦੀ ਅਸਾਮੀ ਬਰਕਰਾਰ ਰੱਖੀ ਜਾਵੇ, ਸੈਕੰਡਰੀ ਪੱਧਰ ਤੱਕ ਅਧਿਆਪਕ-ਵਿਦਿਆਰਥੀ ਅਨੁਪਾਤ 30 :1 ਕਰਨ, ਪ੍ਰਾਇਮਰੀ ਆਧਿਆਪਕ ਵਿਦਿਆਰਥੀਆਂ ਅਨੁਪਾਤ 20:1 ਕਰਨ ਜਦੋਂ ਤੱਕ ਉਮੀਦਵਾਰਾਂ ਦੀ ਨਿਯੁਕਤੀ ਨਹੀਂ ਹੁੰਦੀ, ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਿਕ 2500 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।

ਇਹਨਾਂ ਮੰਗਾਂ ਦਾ ਹੱਲ ਹੋਣ ਉਪਰੰਤ ਹੀ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਲਾਇਆ ਪੱਕਾ-ਮੋਰਚਾ ਚੁੱਕਿਆ ਜਾਵੇਗਾ। ਰੋਸ-ਮੁਜ਼ਾਹਰੇ ਨੂੰ ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ ਦੇ ਗੁਰਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ-ਡਕੌਂਦਾ ਦੇ ਤਾਰਾ ਚੰਦ ਬਰੇਟਾ, ਪੰਜਾਬ ਕਿਸਾਨ ਯੂਨੀਅਨ ਦੇ ਊਧਮ ਸਿੰਘ ਸੰਤੋਖਪੁਰਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਕੁਲਦੀਪ ਸਿੰਘ, ਡੀਟੀਐੱਫ  ਦੇ ਦਾਤਾ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਹਥੋਆ, ਜਮਹੂਰੀ ਅਧਿਕਾਰ ਸਭਾ ਦੇ ਮਨਧੀਰ ਸਿੰਘ, ਸਵਰਨਜੀਤ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ, ਐਸ ਐਸ ਏ ਰਮਸਾ ਅਧਿਆਪਕ ਯੂਨੀਅਨ ਦੇ ਹਰਦੀਪ ਟੋਡਰਪੁਰ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸਤਨਾਮ, 6060 ਅਧਿਆਪਕ ਯੂਨੀਅਨ ਦੇ ਰਘਵੀਰ ਭਵਾਨੀਗੜ੍ਹ, ਪੰਜਾਬ ਸਟੂਡੈਂਟਸ ਵੈਲਫੇਅਰ ਐਸ਼ੋਸੀਏਸ਼ਨ ਦੇ ਕੁਲਵਿੰਦਰ ਨਦਾਮਪੁਰ, ਪੈਨਸ਼ਨਰਜ਼ ਐਸ਼ੋਸੀਏਸ਼ਨ ਦੇ ਦਸੌਂਧਾ ਸਿੰਘ ਸਮੇਤ ਦਰਜ਼ਨਾਂ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਪ੍ਰਤੀ ਇੱਕਜੁੱਟਤਾ ਪ੍ਰਗਟਾਈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ