Mon, 09 September 2024
Your Visitor Number :-   7220115
SuhisaverSuhisaver Suhisaver

ਹਿਸਾਰ : ਆਖ਼ਰ ਰਾਮਪਾਲ ਸਤਲੋਕ ਆਸ਼ਰਮ 'ਚੋਂ ਗ੍ਰਿਫ਼ਤਾਰ

Posted on:- 19-11-2014

suhisaver

ਬਾਬੇ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਗਈਆਂ 6 ਇਨਸਾਨੀ ਜਾਨਾਂ
ਚੰਡੀਗੜ੍ਹ : ਅਖੀਰ 6 ਕੀਮਤੀ ਇਨਸਾਨੀ ਜਾਨਾਂ ਜਾਣ ਤੋਂ ਬਾਅਦ ਹਰਿਆਣਾ ਪੁਲਿਸ ਨੇ ਅੱਜ ਲੰਬੇ ਚੱਲੇ ਅਪ੍ਰੇਸ਼ਨ ਤੋਂ ਬਾਅਦ ਦੇਰ ਸ਼ਾਮ ਸਤਲੋਕ ਆਸ਼ਰਮ ਦੇ ਮੋਢੀ ਬਾਬਾ ਰਾਮਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਮਪਾਲ ਨੂੰ ਪੁਲਿਸ ਉਸ ਦੇ ਆਸ਼ਰਮ ਤੋਂ ਗ੍ਰਿਫ਼ਤਾਰ ਕਰਕੇ ਇਕ ਐਂਬੂਲੈਂਸ ਰਾਹੀਂ ਪਹਿਲਾਂ ਹਿਸਾਰ ਲੈ ਗਈ, ਜਿਥੇ ਉਸ ਦਾ ਮੈਡੀਕਲ ਕਰਵਾਇਆ ਜਾਵੇਗਾ ਤੇ ਉਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਲਿਜਾਇਆ ਜਾਵੇਗਾ। ਪੁਲਿਸ ਸੂਤਰਾਂ ਅਨੁਸਾਰ ਅਜੇ ਵੀ ਆਸ਼ਰਮ 'ਚ 5 ਹਜ਼ਾਰ ਦੇ ਕਰੀਬ ਲੋਕ ਮੌਜੂਦ ਹਨ। ਜਦੋਂ ਉਸ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ।

ਇਸ ਤੋਂ ਪਹਿਲਾਂ ਜ਼ਿਲ੍ਹਾ ਹਿਸਾਰ ਦੇ ਬਰਵਾਲਾ 'ਚ ਸਤਲੋਕ ਆਸ਼ਰਮ ਦੇ ਮੋਢੀ ਬਾਬਾ ਰਾਮਪਾਲ 'ਤੇ ਆਤਮ ਸਮਰਪਣ ਕਰਨ ਲਈ ਦਬਾਅ ਬਣਾਉਂਦੇ ਹੋਏ ਹਰਿਆਣਾ ਪੁਲਿਸ ਨੇ ਬਾਬੇ ਤੇ ਉਸ ਦੇ ਕਈ ਸਮਰਥਕਾਂ ਦੇ ਖਿਲਾਫ ਰਾਜਧਰੋਹ ਤੇ ਕਈ ਗੰਭੀਰ ਦੋਸ਼ਾਂ ਦੇ ਤਹਿਤ ਮਾਮਲੇ ਦਰਜ ਕੀਤੇ ਹਨ ਤੇ ਉਸ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਤੋਂ ਨਾਂਹ ਕਰ ਦਿੱਤੀ। ਇਸੇ ਦੌਰਾਨ ਬਾਬਾ ਰਾਮਪਾਲ ਦੇ ਭਰਾ ਜਿਸ ਨੂੰ ਆਸ਼ਰਮ ਦਾ ਬੁਲਾਰਾ ਕਿਹਾ ਜਾ ਰਿਹਾ ਹੈ, ਨੂੰ ਪੁਲਿਸ ਨੇ ਭੱਜੇ ਜਾਂਦੇ ਨੂੰ ਫੜਿਆ। ਖਬਰਾਂ ਅਨੁਸਾਰ ਉਹ ਲੁਕ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਬਾਬਾ ਰਾਮਪਾਲ ਦੇ ਖਿਲਾਫ ਧਾਰਾ 121 (ਭਾਰਤ ਸਰਕਾਰ ਦੇ ਖਿਲਾਫ ਜੰਗ ਛੇੜਣ ਜਾਂ ਜੰਗ ਛੇੜਣ ਦਾ ਯਤਨ, ਜਾਂ ਜੰਗ ਛੇੜਣ ਲਈ ਭੜਕਾਉਣ ਦੀ ਕੋਸ਼ਿਸ਼), ਧਾਰਾ 121ਏ (ਰਾਜ ਦੇ ਖਿਲਾਫ ਕੁਝ ਵਿਸ਼ੇਸ਼ ਅਪਰਾਧਾਂ ਨੂੰ ਅੰਜਾਮ ਦੇਣ ਲਈ ਸਾਜਿਸ਼ ਰਚਨਾ) ਤੇ ਧਾਰਾ 122 (ਭਾਰਤ ਸਰਕਾਰ ਦੇ ਖਿਲਾਫ ਜੰਗ ਛੇੜਣ ਦੇ ਮਕਸਦ ਨਾਲ ਹਥਿਆਰ ਆਦਿ ਇਕੱਠੇ ਕਰਨਾ) ਦੇ ਤਹਿਤ ਮਾਮਲੇ ਦਰਜ ਕੀਤੇ ਹਨ।
ਇਸ ਤੋਂ ਇਲਾਵਾ ਦੋਸ਼ੀਆਂ ਦੇ ਵਿਰੁਧ ਧਾਰਾ 123 (ਜੰਗ ਛੇੜਣ ਦੀ ਮਨਸ਼ਾ ਨੂੰ ਲਿਕਾਉਣਾ) ਤੇ ਕਤਲ ਦੀ ਕੋਸ਼ਿਸ਼, ਮਾਰਕੁੱਟ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਅੱਜ ਹਰਿਆਣਾ ਦੇ ਪੁਲਿਸ ਮੁਖੀ ਐਸ.ਐਨ.ਵਸ਼ਿਸ਼ਠ ਨੇ  ਸਥਾਨਕ ਹਰਿਆਣਾ ਸਿਵਲ ਸਕੱਤਰੇਤ ਵਿਖੇ ਬੁਲਾਈ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਤਲੋਕ ਆਸ਼ਰਮ ਦੇ ਮੋਢੀ ਰਾਮਪਾਲ ਦੀ ਗ੍ਰਿਫਤਾਰੀ ਲਈ ਚਲਾਏ ਜਾ ਰਹੇ ਅਪ੍ਰੇਸ਼ਨ ਦੌਰਾਨ ਆਸ਼ਰਮ ਵੱਲੋਂ ਪੁਲਿਸ ਨੂੰ ਚਾਰ ਮਹਿਲਾਵਾਂ ਦੀਆਂ ਲਾਸ਼ਾਂ ਸੌਪੀਆਂ ਗਈਆਂ ਹਨ ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਕ ਮਹਿਲਾ ਤੇ ਡੇਢ ਸਾਲ ਦੇ ਬੱਚੇ ਦੀ ਕੁਦਰਤੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ 31 ਸਾਲਾ ਸਵਿਤਾ ਪਤਨੀ ਸ਼ਿਵ ਪਾਲ ਵਾਸਵ ਵਾਸੀ ਰੋਗਨਪੁਰ, ਤਹਿਸੀਲ ਆਇਆ, ਜ਼ਿਲ੍ਹਾ ਏਟਾ, ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ, ਪਰ ਮੌਜ਼ੂਦਾ ਸਮੇਂ 'ਚ ਲਖਪਤ ਕਾਲੋਨੀ ਮੀਤਾਪੁਰ, ਨਵੀਂ ਦਿੱਲੀ ਦੀ ਵਾਸੀ ਸੀ।
ਉਨ੍ਹਾਂ ਦੱਸਿਆ ਕਿ ਦੂਜੀ ਮ੍ਰਿਤਕਾ 45 ਸਾਲਾ ਸੰਤੋਸ਼ ਪਤਨੀ ਰਾਮ ਮੇਹਰ ਵਾਸੀ ਭਗਵਤੀਪੁਰ ਜ਼ਿਲ੍ਹਾ ਰੋਹਤਕ ਦੀ ਰਹਿਣ ਵਾਲੀ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਮ੍ਰਿਤਕਾ 50 ਸਾਲਾ ਮਲਕੀਤ ਕੌਰ ਪਤਨੀ ਜਰਨੈਲ ਸਿੰਘ ਵਾਸੀ ਸ਼ੇਖਾਪੁਰ ਧੂਰੀ ਸੰਗਰੂਰ ਪੰਜਾਬ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ, 70 ਸਾਲਾ ਮ੍ਰਿਤਕਾ ਰਾਜਬਾਲਾ, ਬਿਜਨੌਰ ਦੀ ਰਹਿਣ ਵਾਲੀ ਹੈ।
ਪੁਲਿਸ ਮੁੱਖੀ ਨੇ ਦੱਸਿਆ ਕਿ ਇਸ ਤੋਂ ਇਲਾਵਾ 20 ਸਾਲਾ ਮ੍ਰਿਤਕਾ ਰਜਨੀ ਪਤਨੀ ਸੁਰੇਸ਼ ਪ੍ਰਜਾਪਤ ਵਾਸੀ ਜਖੋਰਾ ਜ਼ਿਲ੍ਹਾ ਲਲਿਤਪੁਰ, ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਤੇ ਅੱਜ ਉਹ ਸਵੇਰੇ 4:00 ਵਜੇ ਗੰਭੀਰ ਸਥਿਤੀ 'ਚ ਆਸ਼ਰਮ ਤੋਂ ਬਾਹਰ ਆਈ, ਜਿਸ ਨੂੰ ਦਿਲ ਦੀ ਬਿਮਾਰੀ ਦੀ ਸਮੱਸਿਆ ਸੀ ਅਤੇ ਜਿਸ ਦਾ ਇਲਾਜ ਉਤਰ ਪ੍ਰਦੇਸ਼ ਵਿਚ ਚਲ ਰਿਹਾ ਸੀ। ਉਨ੍ਹਾਂ ਕਿਹਾ ਕਿ ਰਜਨੀ ਨੂੰ ਤੁਰੰਤ ਅਗ੍ਰੋਹਾ ਮੈਡੀਕਲ ਕਾਲਜ ਲਿਜਾਇਆ ਗਿਆ, ਪਰ ਸਵੇਰੇ 8:00 ਵਜੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਕ ਡੇਢ ਸਾਲ ਦੇ ਬੱਚੇ ਸ਼ਿਸ਼ੂ ਪੁੱਤਰ ਵਿਪਿਨ ਪ੍ਰਤਾਪ ਸਿੰਘ ਛਤਰੀਆ ਵਾਸੀ ਪਿੰਡ ਮਾਵਾ-5, ਤਹਿਸੀਲ ਗੁਰਦ, ਜਿਲ੍ਹਾ ਰੇਵਾ, ਮੱਧ ਪ੍ਰਦੇਸ਼ ਦੀ ਅੱਜ ਸਵੇਰੇ ਸਤਲੋਕ ਆਸ਼ਰਮ ਵਿਚ ਮੌਤ ਹੋ ਗਈ । ਜਿਸ ਨੂੰ ਜਨਮ ਤੋਂ ਹੀ ਪੀਲੀਏ ਦੀ ਸਮੱਸਿਆ ਸੀ ਅਤੇ ਇਸ ਬੱਚੇ ਦੀ ਲਾਸ਼ ਅਗਰੋਹਾ ਮੈਡੀਕਲ ਕਾਲਜ ਵਿਚ ਲਿਜਾਈ ਗਈ ਹੈ।
ਪੁਲਿਸ ਮੁੱਖੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਵ ਸਤਲੋਕ ਆਸ਼ਰਮ ਵਿਚ ਫਸੇ ਬੇਗੁਨਾਹ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ ਤੇ ਦੋਸ਼ੀ ਰਾਮਪਾਲ ਨੂੰ ਗ੍ਰਿਫਤਾਰ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਪੇਸ਼ ਕਰਨਾ ਹੈ।
ਉਨ੍ਹਾਂ  ਕਿਹਾ ਕਿ ਰਾਮਪਾਲ ਇਕ ਦੋਸ਼ੀ ਹੈ ਅਤੇ ਕਲ ਦੀ ਘਟਨਾ ਤੋਂ ਬਾਅਦ ਉਸ 'ਤੇ ਸੰਗੀਨ ਦੋਸ਼ ਹਨ ਤੇ ਇਸ ਮਾਮਲੇ ਵਿਚ ਗੱਲਬਾਤ ਦਾ ਕੋਈ ਪ੍ਰਸਤਾਵ ਨਹੀਂ ਹੈ ਅਤੇ ਨਾ ਹੀ ਹੋਵੇਗਾ। ਉਨ੍ਹਾਂ ਦੋਸ਼ੀ ਰਾਮਪਾਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਰਾਮਪਾਲ ਕਾਨੂੰਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਲਦ ਤੋਂ ਜਲਦ ਆਤਮਸਮਰਪਣ ਕਰ ਦੇਵੇ । ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬੇਗੁਨਾਹ ਲੋਕਾਂ ਨੂੰ ਬੱਚਾਉਣ ਵਿਚ ਕੋਈ ਢਿੱਲਾਈ ਨਹੀਂ ਬਰਤੀ ਗਈ ਹੈ । ਉਨ੍ਹਾਂ ਕਿਹਾ ਕਿ ਹੁਣ ਤਕ 10,000 ਤੋਂ ਵੱਧ ਲੋਕ ਆਸ਼ਰਮ ਤੋਂ ਸੁਰੱਖਿਅਤ ਬਾਹਰ ਕੱਢੇ ਜਾ ਚੁੱਕੇ ਹਨ । ਇਨ੍ਹਾਂ ਵਿਚ ਜ਼ਿਆਦਾਤਰ ਮਹਿਲਾਵਾਂ, ਬੱਚੇ ਤੇ ਬਜੁਰਗ ਲੋਕ ਸ਼ਾਮਿਲ ਹਨ । ਇਨ੍ਹਾਂ ਨੂੰ ਪੂਰੀ ਸਾਵਧਾਨੀ ਨਾਲ ਉਨ੍ਹਾਂ ਦੇ ਘਰਾਂ ਤੱਕ  ਭੇਜਿਆ ਜਾ ਚੁੱਕਿਆ ਹੈ । ਉਨ੍ਹਾਂ ਕਿਹਾ ਕਿ ਆਸ਼ਰਮ ਤੋਂ ਅਜੇ ਵੀ ਸ਼ਰਾਂਧਲੂਆਂ ਦਾ ਆਉਣਾ ਲਗਾਤਾਰ ਜਾਰੀ ਹੈ ਅਤੇ ਬੇਗੁਨਾਹ ਲੋਕਾਂ ਦੀ ਜਾਨ ਬਚਾਉਣ ਲਈ ਪੁਲਿਸ ਵਚਨਬੱਧ ਹੈ। ਪੁਲਿਸ ਮੁੱਖੀ ਨੇ ਕਿਹਾ ਕਿ ਇੰਨੀ ਵੱਡੀ ਘਟਨਾ ਹੋਣ ਤੋਂ ਬਾਅਦ ਵੀ ਪੁਲਿਸ ਵੱਲੋਂ ਅਜੇ ਤੱਕ ਉਥੇ ਕੋਈ ਗੋਲੀ ਨਹੀਂ ਚਲਾਈ ਗਈ ਹੈ ਅਤੇ ਨਾ ਹੀ ਪੁਲਿਸ ਆਸ਼ਰਮ ਵਿਚ ਦਾਖਲ ਹੋਈ ਹੈ । ਉਨ੍ਹਾਂ ਕਿਹਾ ਕਿ ਆਸ਼ਰਮ ਵਿਚ ਅਜੇ ਵੀ ਲਗਭਗ 5,000 ਲੋਕ ਮੌਜ਼ੂਦ ਹਨ । ਉਨ੍ਹਾਂ ਉਮੀਦ ਜਤਾਈ ਕਿ ਅਗਲੇ ਕੁਝ ਘੰਟਿਆਂ 'ਚ ਸਾਰੇ ਲੋਕਾਂ ਨੂੰ ਆਸ਼ਰਮ 'ਚੋਂ ਸੁਰੱਖਿਅਤ ਕੱਢ ਕੇ ਦੋਸ਼ੀ ਰਾਮਪਾਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਸ੍ਰੀ ਵਿਸ਼ਿਸ਼ਠ ਨੇ ਕਿਹਾ ਕਿ ਇਸ ਘਟਨਾ ਦੌਰਾਨ ਕਾਨੂੰਨ ਨੂੰ ਹੱਥ ਵਿਚ ਲੈਣ ਵਾਲੇ ਸ਼ਾਮਿਲ ਲੋਕਾਂ ਨੂੰ ਵੀ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿਚ ਮੁੱਖ ਤੌਰ 'ਤੇ 20 ਵਿਅਕਤੀਆਂ ਸਮੇਤਅ 250 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਖਿਲਾਫ ਮੁਕਦਮੇ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ ਅਤੇ ਮੁੱਢਲੀ ਸੂਚਨਾ ਰਿਪੋਰਟ ਦਰਜ ਕਰਕੇ ਕਾਰਵਾਈ ਜਾਰੀ ਹੈ । ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਵਿਚ ਸ਼ਾਮਿਲ ਲੋਕਾਂ ਨੂੰ ਪੁਲਿਸ ਫੋਰਸ ਦਾ ਸਾਹਮਣਾ ਕਰਨਾ ਪਏਗਾ ਤੇ ਰਾਮਪਾਲ ਦੀ ਗ੍ਰਿਫਤਾਰੀ ਤਕ ਇਹ ਅਪਰੇਸ਼ਨ ਜਾਰੀ ਰਹੇਗਾ।
ਪੁਲਿਸ ਮੁੱਖੀ ਨੇ ਕਿਹਾ ਕਿ ਹਰਿਆਣਾ ਪੁਲਿਸ ਦਿੱਲੀ ਪੁਲਿਸ ਕਮਿਸ਼ਨਰ ਤੇ ਯੂ.ਟੀ. ਦੇ ਪੁਲਿਸ ਦੇ ਇੰਸਪੈਕਟਰ ਜਰਨਲ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਪੁਲਿਸ ਤਾਲਮੇਲ  ਦਾ ਕੰਮ ਕਰ ਰਹੀ ਹੈ । ਉਨ੍ਹਾਂ  ਕਿਹਾ ਕਿ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਤੇ ਲੋਕਾਂ ਦੀ ਜਾਨ ਬਚਾਉਣਾ ਪੁਲਿਸ ਦੀ ਜਿੰਮੇਵਾਰੀ ਹੈ । ਉਨ੍ਹਾਂ  ਕਿਹਾ ਕਿ ਪੂਰਾ ਪੁਲਿਸ ਪ੍ਰਸ਼ਾਸਨ ਤਨ-ਮਨ ਨਾਲ ਲੋਕਾਂ ਨੂੰ ਬਚਾਉਣ ਵਿਚ ਲੱਗਾ ਹੋਇਆ ਹੈ । ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਇਕ ਪ੍ਰੋਫੈਸ਼ਨਲ ਫੋਰਸ ਹੈ ਅਤੇ ਕਾਨੂੰਨ ਦੀ ਪਾਲਣਾ ਕਰ ਰਹੀ ਹੈ।
ਉਨ੍ਹਾਂ  ਕਿਹਾ ਕਿ ਇਸ ਅਪਰੇਸ਼ਨ ਦੌਰਾਨ 12 ਲੋਕਾਂ ਦੇ ਖਿਲਾਫ ਮੁੱਢਲੀ ਸੂਚਨਾ ਰਿਪੋਰਟ ਦਰਜ ਕੀਤੀ ਗਈ  ਹੈ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਵਿਰੁੱਧ ਮੁੱਢਲੀ ਸੂਚਨਾ ਰਿਪੋਰਟ ਦਰਜ ਕੀਤੀ ਗਈ ਹੈ ਉਨ੍ਹਾਂ 'ਚ ਸੰਤ ਰਾਮਪਾਲ, ਰਾਜ ਕੁਮਾਰ, ਰਾਜ ਕਪੂਰ, ਮਹੇਂਦਰ, ਪੁਰੂਸ਼ੋਤਮ, ਧਰਮਬੀਰ ਢਾਂਡਾ, ਤਰੂਣ ਕੁਮਾਰ ਵਾਸੀ ਸਤਲੋਕ ਆਸ਼ਰਮ ਬਰਵਾਲਾ, ਦੀਪਦਾਸ ਪੁੱਤਰ ਪੁਰੂਸ਼ੋਤਮ  ਦਾਸ ਵਾਸੀ ਗਾਟੀਵਾਲਾ, ਬਲਜੀਤ ਸਿੰਘ ਪੁੱਤਰ ਅਰੁਣ ਵਾਸੀ ਲੱਛਮੀ ਵਿਹਾਰ ਬਰਵਾਲਾ, ਸਿਧਾਰਤ ਪੁੱਤਰ ਹੇਤਰਾਮ ਬਿਸ਼ਨੋਈ ਵਾਸੀ ਸੈਕਟਰ 15, ਰਵਿੰਦਰ ਪੁੱਤਰ ਰਾਮਮੇਹਰ ਵਾਸੀ ਸੁਲਾਨਾ, ਜਿਤੇਂਦਰ ਪੁੱਤਰ ਵਾਸੀ ਨਯਾਬਾਸ ਤੇ ਹੋਰਾਂ ਦੇ ਨਾਂ ਸ਼ਾਮਿਲ ਹਨ।
ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੇ ਪ੍ਰਮੁਖ ਸਕੱਤਰ ਸੰਜੀਵ ਕੌਸ਼ਲ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ.ਮਹਾਪਾਤਰਾ ਅਤੇ ਸੂਚਨਾ, ਲੋਕ ਸੰਪਰਕ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਜਰਨਲ ਸੁਧੀਰ ਰਾਜਪਾਲ ਵੀ ਹਾਜ਼ਿਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ