Sat, 12 October 2024
Your Visitor Number :-   7231771
SuhisaverSuhisaver Suhisaver

ਪੁਲਿਸ ਦਾ ਅਕਸ ਸੁਧਾਰਨ ਦੀ ਪਹਿਲਕਦਮੀ ਕਰੇ ਪੰਜਾਬ ਸਰਕਾਰ

Posted on:- 04-10-2014

ਕਾਰਗੁਜ਼ਾਰੀ 'ਤੇ ਉੱਠ ਰਹੇ ਸਵਾਲੀਆ ਨਿਸ਼ਾਨ
ਬੀ ਐਸ ਭੁੱਲਰ/ਬਠਿੰਡਾ :
ਸੱਤਾ ਪੱਖ ਦੇ ਲਠੈਤਾਂ ਵਾਲੀ ਬਦਨਾਮੀ ਦੇ ਟਿੱਕੇ ਨਾਲ ਆਪਣੀ ਛਵੀਂ ਖਰਾਬ ਕਰਵਾ ਚੁੱਕੀ ਪੰਜਾਬ ਪੁਲਿਸ ਦੀ ਕਾਰਗੁਜਾਰੀ ਵਿੱਚ ਸੁਧਾਰ ਵਾਸਤੇ ਸਿਰਫ ਥੋੜਚਿਰੀ ਮੁਅੱਤਲੀ ਜਾਂ ਬਰਖਾਸਤਗੀ ਹੀ ਕਾਫ਼ੀ ਨਹੀਂ, ਲੋੜ ਉਸ ਵਰਤਾਰੇ ਨੂੰ ਤੇਜੀ ਨਾਲ ਤਬਦੀਲ ਕਰਨ ਦੀ ਹੈ, ਰਾਜਸੀ ਖੁਸ਼ਾਮਦੀ ਦੇ ਚਲਦਿਆਂ ਜਿਸਨੇ ਇਸ ਫੋਰਸ ਨੂੰ ਹਰ ਰੰਗ ਦੇ ਹਾਕਮਾਂ ਦੀ ਕਠਪੁਤਲੀ ਬਣਾ ਧਰਿਐ। ਲੋਕ ਪੱਖੀ ਧਿਰਾਂ ਦੇ ਆਗੂਆਂ ਤੋਂ ਇਲਾਵਾ ਸੁਹਿਰਦ ਪੁਲਿਸ ਕਰਮਚਾਰੀਆਂ ਦੀ ਮਾਨਸਿਕਤਾ ਨੂੰ ਵੀ ਇਹ ਅਹਿਸਾਸ ਹੋਣ ਲੱਗ ਪਿਆ ਹੈ। ਇਸ ਹਕੀਕਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਰਕਾਰ ਭਾਵੇਂ ਚਿੱਟੇ ਰੰਗ ਵਾਲਿਆਂ ਦੀ ਹੋਵੇ ਜਾਂ ਨੀਲੀਆਂ ਦਸਤਾਰਾਂ ਵਾਲਿਆਂ ਦੀ, ਹਕੂਮਤ ਦੀ ਖੁਸ਼ਾਮਦ ਵਜੋਂ ਪੰਜਾਬ ਪੁਲਿਸ ਦੇ ਬਹੁਤੇ ਕਰਮਚਾਰੀ ਤੇ ਅਧਿਕਾਰੀ ਉਹੀ ਕਾਰਜਸ਼ੈਲੀ ਅਪਣਾਉਂਦੇ ਆ ਰਹੇ ਹਨ, ਗਰੀਬ ਗੁਰਬੇ ਦੀ ਔਲਾਦ ਤੇ ਕਹਿਰ ਢਾਹ ਕੇ ਜੋ ਹਾਕਮਾਂ ਦੀ ਜਗੀਰੂ ਸੋਚ ਨੂੰ ਪੱਠੇ ਪਾਉਂਦੀ ਹੈ।

ਨਿਯਮਾਂ ਦੇ ਉਲਟ ਬਹੁਤੇ ਥਾਨਾ ਮੁਖੀ ਛੋਟੇ ਰੈਂਕਾਂ ਵਾਲੇ ਅਜਿਹੇ ਸਖ਼ਸ ਹਨ, ਸਿਆਸੀ ਦਖਲ ਅੰਦਾਜੀ ਦੀ ਵਜ੍ਹਾ ਕਾਰਨ ਆਰਜੀ ਤਰੱਕੀਆਂ ਦੇ ਕੇ ਜਿਹਨਾਂ ਨੂੰ ਐਸ ਐਚ ਓ ਲਾਇਆ ਗਿਆ ਹੈ
ਜੇਕਰ ਅਕਾਲੀ ਭਾਜਪਾ ਸਰਾਕਰ ਦੇ ਸਾਢੇ ਕੁ ਸੱਤ ਸਾਲ ਦੇ ਕਾਰਜਕਾਲ ਦੀ ਚੀਰਫਾੜ ਕੀਤੀ ਜਾਵੇ, ਤਾਂ ਦੋ ਘਟਨਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ, ਕਿ ਕਾਨੂੰਨ ਦੀ ਬਜਾਏ ਬਹੁਤੇ ਥਾਨਾ ਮੁਖੀ ਤੇ ਉਪਰਲੇ ਅਧਿਕਾਰੀ ਉਹੀ ਪਹੁੰਚ ਅਪਣਾਉਂਦੇ ਆ ਰਹੇ ਹਨ, ਜੋ ਮੌਕੇ ਦੇ ਮਾਲਕਾਂ ਦੀ ਮਰਜੀ ਹੁੰਦੀ ਹੈ। ਪਹਿਲੀ ਘਟਨਾ ਫਰੀਦਕੋਟ ਨਾਲ ਸਬੰਧਤ ਉਸ ਸਰੂਤੀ ਅਗਵਾ ਕਾਂਡ ਵਜੋਂ ਜਾਣੀ ਜਾਂਦੀ ਹੈ, ਜਿਸਦੇ ਦੋਸੀਆਂ ਨੂੰ ਜਨਤਕ ਦਬਾਅ ਦੇ ਚਲਦਿਆਂ ਗਿਰਫਤਾਰ ਕਰਕੇ ਕਾਨੂੰਨ ਦੇ ਹਵਾਲੇ ਕਰਨ ਉਪਰੰਤ ਅਦਾਲਤ ਨੇ ਸਖ਼ਤ ਸਜਾਵਾਂ ਸੁਣਾ ਦਿੱਤੀਆਂ, ਪਰੰਤੂ ਜੇਕਰ ਪੁਲਿਸ ਦੀ ਕਾਰਗੁਜਾਰੀ ਤੇ ਨਜਰ ਮਾਰੀ ਜਾਵੇ, ਤਾਂ ਵੱਡੇ ਅਧਿਕਾਰੀਆਂ ਨੇ ਇਸ ਗੰਭੀਰ ਮਾਮਲੇ ਨੂੰ ਨਬਾਲਗ ਕੁੜੀ ਵੱਲੋਂ ਮਰਜ਼ੀ ਨਾਲ ਵਿਆਹ ਕਰਵਾਉਣ ਵਾਲਾ ਕਾਲਾ ਕਾਰਨਾਮਾ ਕਰਾਰ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ।
ਦੂਜਾ ਮਾਮਲਾ ਜਮਾਲਪੁਰਾ ਦੀ ਆਹਲੂਵਾਲੀਆ ਕਲੌਨੀ ਵਿਖੇ ਖੰਨਾ ਪੁਲਿਸ ਦੀ ਕਥਿਤ ਮਿਲੀਭੁਗਤ ਨਾਲ ਇੱਕ ਰਸੂਖਦਾਰ ਅਕਾਲੀ ਆਗੂ ਵੱਲੋਂ ਦੋ ਦਲਿਤ ਨੌਜਵਾਨ ਭਰਾਵਾਂ ਦਾ ਦਿਨ ਦਿਹਾੜੇ ਕੀਤਾ ਕਤਲ ਹੈ। ਵਾਰਦਾਤ ਵਾਲੇ ਦਿਨ 27 ਸਤੰਬਰ ਦੇ ਘਟਨਾਕ੍ਰਮ ਨੂੰ ਹੀ ਜੇ ਦੇਖਿਆ ਜਾਵੇ ਤਾਂ ਸੁਰੂ ਵਿੱਚ ਲੁਧਿਆਣਾ ਰੇਂਜ ਦੇ ਡੀ ਆਈ ਜੀ ਸਾਹਿਬ ਮੀਡੀਆ ਨੂੰ ਇਹ ਫੁਰਮਾਉਂਦੇ ਹਨ, ਕਿ ਛਾਪਾ ਮਾਰਨ ਵਾਲੀ ਪੁਲਿਸ ਪਾਰਟੀ ਨਾਲ ਹਾਜਰ ਸਰਪੰਚਨੀ ਦੇ ਘਰਵਾਲੇ ਅਕਾਲੀ ਆਗੂ ਨੂੰ ਉਦੋਂ ਗੋਲੀ ਚਲਾਉਂਣੀ ਪਈ, ਜਦ ਨਿਹੱਥੇ ਭਰਾਵਾਂ ਨੇ ਇੱਕ ਹੋਮਗਾਰਡ ਜਵਾਨ ਦੀ ਅਸਾਲਟ ਰਾਈਫਲ ਖੋਹ ਲਈ ਸੀ।  ਜਦ ਕਿ ਲੁਧਿਆਣਾ ਪੁਲਿਸ ਦੇ ਕਮਿਸਨਰ ਅਨੁਸਾਰ ਅਕਾਲੀ ਆਗੂ ਹੱਥੋਂ ਜਖ਼ਮੀ ਹੋਏ ਦੋਵਾਂ ਭਰਾਵਾਂ ਨੂੰ ਉਸ ਸਮੇਤ ਪੁਲਿਸ ਪਾਰਟੀ ਦੇ ਵਾਪਸ ਜਾਣ ਤੋਂ ਬਾਅਦ ਕਿਸੇ ਹੋਰ ਨੇ ਕਤਲ ਕਰ ਦਿੱਤਾ।
ਇਹ ਵੱਖਰੀ ਗੱਲ ਹੈ ਕਿ ਮਾਮਲੇ ਦੇ ਤੂਲ ਫੜਣ ਤੇ ਮੀਡੀਆ ਦੀ ਸਰਗਰਮੀ ਦੇ ਚਲਦਿਆਂ ਭਾਵੇਂ ਵਾਰਦਾਤ ਵਾਲੀ ਸਾਮ ਹੀ ਪੁਲਿਸ ਪਾਰਟੀ ਅਤੇ ਅਕਾਲੀ ਆਗੂ ਵਿਰੁੱਧ ਦੋਵਾਂ ਭਰਾਵਾਂ ਨੂੰ ਗਿਣੇ ਮਿਥੇ ਢੰਗ ਨਾਲ ਕਤਲ ਕਰਨ ਦੇ ਦੋਸ ਤਹਿਤ ਮੁਕੱਦਮਾ ਦਰਜ ਕਰਨਾ ਪੈ ਗਿਆ, ਲੇਕਿਨ ਪੋਸਟ ਮਾਰਟਮ ਰਿਪੋਰਟ ਤੋਂ ਇਹ ਪੁਸਟੀ ਹੋਣ ਤੇ ਕਿ ਮ੍ਰਿਤਕਾਂ ਦੀ ਮੌਤ ਅਕਾਲੀ ਆਗੂ ਵੱਲੋਂ ਚਲਾਈਆਂ ਗੋਲੀਆਂ ਨਾਲ ਹੋਈ ਹੈ, ਡੀ ਆਈ ਜੀ ਤੇ ਪੁਲਿਸ ਕਮਿਸਨਰ ਵੱਲੋਂ ਦਿੱਤੇ ਪਹਿਲੇ ਬਿਆਨਾਂ ਤੋਂ ਇਹ ਪੂਰੀ ਤਰ੍ਹਾਂ ਸਪਸਟ ਹੋ ਜਾਂਦਾ ਹੈ ਕਿ ਉਹਨਾਂ ਜਾਣ ਬੁੱਝ ਕੇ ਇਸ ਕਤਲ ਕਾਂਡ ਨੂੰ ਭੰਬਲਭੂਸੇ ਵਿੱਚ ਪਾਉਣ ਦਾ ਯਤਨ ਕੀਤਾ ਸੀ। ਅਜਿਹਾ ਕਿਉਂ ਤੇ ਕਿਹਨਾਂ ਨੂੰ ਖੁਸ਼ ਕਰਨ ਲਈ ਕੀਤਾ ਗਿਆ, ਇਹ ਸਵਾਲ ਪੁਖਤਾ ਜੁਆਬ ਦੀ ਮੰਗ ਕਰਦਾ ਹੈ।
ਲੋਕਪੱਖੀ ਧਿਰਾਂ ਨਾਲ ਸਬੰਧਤ ਆਗੂਆਂ ਦੀ ਸਮਝ ਅਨੁਸਾਰ ਇਸ ਬੀਮਾਰੀ ਦਾ ਮੁੱਖ ਕਾਰਨ ਪੁਲਿਸ ਦਾ ਕੀਤਾ ਜਾ ਚੁੱਕਾ ਸਿਆਸੀਕਰਨ ਹੈ। ਕਾਲੇ ਕਾਨੂੰਨਾਂ ਵਿਰੁੱਧ ਸੰਘਰਸਸ਼ੀਲ ਕਮਿਊਨਿਸਟ ਆਗੂ ਮਹੀਂਪਾਲ ਦਾ ਕਹਿਣਾ ਹੈ ਕਿ ਭਾਵੇਂ ਪ੍ਰਕਾਸ ਸਿੰਘ ਵੱਲੋਂ ਦਾਇਰ ਪਟੀਸਨ ਦਾ ਨਿਪਟਾਰਾ ਕਰਦਿਆਂ ਪੁਲਿਸ ਦਾ ਸਿਆਸੀਕਰਨ ਰੋਕਣ ਲਈ ਦੇਸ ਦੀ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਲਈ ਦਿਸ਼ਾ ਨਿਰਦੇਸ ਜਾਰੀ ਕੀਤੇ ਸਨ, ਲੇਕਿਨ ਜਿੱਥੋਂ ਤੱਕ ਪੰਜਾਬ ਦਾ ਸੁਆਲ ਹੈ ਅੱਜ ਵੀ ਇੱਥੋਂ ਦਾ ਹਰ ਥਾਨਾ ਮੁਖੀ ਆਪਣੇ ਐਸ ਐਸ ਪੀ ਦੀ ਬਜਾਏ ਅਕਾਲੀ ਦਲ ਨਾਲ ਸਬੰਧਤ ਵਿਧਾਇਕ ਜਾਂ ਹਲਕਾ ਇੰਚਾਰਜ ਨੂੰ ਹੀ ਜਵਾਬਦੇਹ ਹੈ। ਜਿਨੀ ਦੇਰ ਤੱਕ ਇਸ ਅਮਲ ਨੂੰ ਖਤਮ ਨਹੀਂ ਕੀਤਾ ਜਾਂਦਾ, ਪੁਲਿਸ ਦੀ ਕਾਰਜ ਪ੍ਰਣਾਲੀ 'ਚ ਸੁਧਾਰ ਹੋਣਾ ਅਸੰਭਵ ਹੈ।
ਅੱਤਵਾਦ ਦੇ ਕਾਲੇ ਦੌਰ ਦੌਰਾਨ ਲੋਹੜੇ ਦੀਆਂ ਉਲਟ ਪ੍ਰਸਥਿਤੀਆਂ ਵਿੱਚ ਕੰਮ ਕਰ ਚੁੱਕੇ ਇੱਕ ਸੇਵਾਮੁਕਤ ਪੁਲਿਸ ਇੰਸਪੈਕਟਰ ਅਨੁਸਾਰ ਦਹਿਸਤਗਰਦੀ ਦਾ ਖਾਤਮਾ ਕਦੇ ਵੀ ਨਾ ਹੁੰਦਾ, ਜੇਕਰ ਉਸ ਵੇਲੇ ਦੇ ਡੀ ਜੀ ਪੀ ਸ੍ਰੀ ਕੇ ਪੀ ਐਸ ਗਿੱਲ ਪੁਲਿਸ ਨੂੰ ਸਿਆਸੀ ਗੁਲਾਮੀ ਤੋਂ ਮੁਕਤ ਕਰਵਾਉਣ ਵਿੱਚ ਸਫ਼ਲਤਾ ਹਾਸਲ ਨਾ ਕਰਦੇ। ਜਾਤੀ ਤਜਰਬੇ ਦਾ ਹਵਾਲਾ ਦਿੰਦਿਆਂ ਉਹਨਾਂ ਦੱਸਿਆ ਕਿ ਬੇਅੰਤ ਸਿੰਘ ਸਰਕਾਰ ਦੇ ਵਜੀਰ ਤਾਂ ਕੀ ਖ਼ੁਦ ਮੁੱਖ ਮੰਤਰੀ ਵੀ ਆਪਣੇ ਜੱਦੀ ਥਾਨੇ ਵਿੱਚ ਥਾਨਾ ਮੁਖੀ ਨਿਯੁਕਤ ਨਹੀਂ ਸੀ ਕਰਵਾ ਸਕਦਾ, ਹਰ ਜਿਲ੍ਹਾ ਪੁਲਿਸ ਮੁਖੀ ਪੂਰੀ ਤਰ੍ਹਾਂ ਫਰੀਹੈਂਡ ਹੋਇਆ ਕਰਦਾ ਸੀ।
ਨੌਕਰੀ ਕਰ ਰਹੇ ਇੱਕ ਇੰਸਪੈਕਟਰ ਨੇ ਦੱਸਿਆ ਕਿ ਨਿਯਮਾਂ ਦੇ ਉਲਟ ਬਹੁਤੇ ਥਾਨਾ ਮੁਖੀ ਛੋਟੇ ਰੈਂਕਾਂ ਵਾਲੇ ਅਜਿਹੇ ਸਖ਼ਸ ਹਨ, ਸਿਆਸੀ ਦਖਲ ਅੰਦਾਜੀ ਦੀ ਵਜ੍ਹਾ ਕਾਰਨ ਆਰਜੀ ਤਰੱਕੀਆਂ ਦੇ ਕੇ ਜਿਹਨਾਂ ਨੂੰ ਐਸ ਐਚ ਓ ਲਾਇਆ ਗਿਆ ਹੈ। ਸੁਆਲੀਆ ਲਹਿਜ਼ੇ ਵਿੱਚ ਉਸਨੇ ਦੱਸਿਆ ਕਿ ਇਹ ਹਲਕਾ ਇੰਚਾਰਜ ਜਾਂ ਹਾਕਮ ਧਿਰ ਦੇ ਵਿਧਾਇਕ 'ਤੇ ਹੀ ਨਿਰਭਰ ਹੈ ਕਿ ਉਸ ਵੱਲੋਂ ਐਸ ਐਚ ਓ ਲਗਵਾਏ ਆਮ ਥਾਨੇਦਾਰ ਤੋਂ ਉਹ ਅਫੀਮ ਭੁੱਕੀ ਦਾ ਧੰਦਾ ਕਰਵਾਏ ਜਾਂ ਵਿਰੋਧੀਆਂ ਦਾ ਸਫਾਇਆ।
ਮੌਜੂਦਾ ਡੀ ਜੀ ਪੀ ਸ੍ਰੀ ਸੁਮੈਧ ਸਿੰਘ ਸੈਣੀ ਦੇ ਐਸ ਐਸ ਪੀ ਹੁੰਦਿਆਂ ਉਹਨਾਂ ਨਾਲ ਕੰਮ ਕਰ ਚੁੱਕੇ ਇੱਕ ਥਾਨੇਦਾਰ ਨੇ ਪੇਸੇ ਪ੍ਰਤੀ ਉਹਨਾਂ ਦੀ ਲਗਨ ਤੇ ਪ੍ਰਤੀਬੱਧਤਾ ਦੀ ਤਾਰੀਫ਼ ਕਰਦਿਆਂ ਵਿਚਾਰ ਪ੍ਰਗਟ ਕੀਤਾ ਕਿ ਕੇ ਪੀ ਐਸ ਗਿੱਲ ਦੀ ਤਰਜ ਤੇ ਜੇ ਉਹ ਰਾਜ ਦੀ ਪੁਲਿਸ ਨੂੰ ਸਿਆਸੀ ਗੁਲਾਮੀ ਤੋਂ ਮੁਕਤ ਕਰਵਾ ਦੇਣ, ਤਾਂ ਯਕੀਨਨ ਪੰਜਾਬ ਪੁਲਿਸ ਦੇਸ ਦੀ ਸ਼ਾਨਦਾਰ ਫੋਰਸ ਦਾ ਰੂਪ ਧਾਰ ਸਕਦੀ ਹੈ। ਛੋਟੇ ਕਰਮਚਾਰੀਆਂ ਦੀ ਬਰਖਸਤਗੀ ਜਾਂ ਕਿਸੇ ਵੱਡੇ ਅਫ਼ਸਰ ਨੂੰ ਮੁਅੱਤਲ ਕਰਕੇ ਲਾਗ ਦੀ ਬੀਮਾਰੀ ਦੇ ਖਾਤਮੇ ਤੋਂ ਇਨਕਾਰ ਕਰਦਿਆਂ ਉਸਨੇ ਕਿਹਾ ਕਿ ਉਹ ਜਮਾਨਾ ਹੁਣ ਲੱਦ ਚੁੱਕੈ, ਜਦ ਇੱਕ ਕਾਂ ਨੂੰ ਮਾਰ ਕੇ ਖੇਤ 'ਚ ਟੰਗਣ ਉਪਰੰਤ ਫਸਲਾਂ ਨੂੰ ਉਜਾੜੇ ਤੋਂ ਬਚਾ ਲਿਆ ਜਾਂਦਾ ਸੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ