Sat, 12 October 2024
Your Visitor Number :-   7231792
SuhisaverSuhisaver Suhisaver

‘ਸੁਪਨੇ ਸੱਚ ਹੋਣਗੇ’ ਦਾ ਲੋਕ ਅਰਪਣ 17 ਅਗਸਤ ਨੂੰ

Posted on:- 08-08-2014

suhisaver

-ਬਲਜਿੰਦਰ ਸੰਘਾ

ਜੋਰਾਵਰ ਸਿੰਘ ਬਾਂਸਲ ਆਪਣੀਆਂ ਕਹਾਣੀਆਂ ਅਤੇ ਕਵਿਤਾਵਾਂ ਨਾਲ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣਾ ਸਥਾਨ ਬਣਾ ਚੁੱਕਾ ਹੈ। ਉਹ ਪਰਵਾਸੀ ਜਿ਼ੰਦਗੀ ਦੀ ਹੰਡ ਭੰਨਵੀਂ ਮਿਹਨਤ ਅਤੇ ਸਖ਼ਤ ਜੀਵਨ ਕਾਰਨ ਇੱਕ ਅੱਧੀ ਕਿਤਾਬ ਛਪਾ ਕੇ ਜਿ਼ੰਦਗੀ ਦੇ ਆਮ ਕੰਮ-ਧੰਦਿਆਂ ਵਿਚ ਅਲੋਪ ਨਹੀਂ ਹੋਇਆ ਬਲਕਿ ਸਾਹਿਤ ਸਿਰਜਣ ਦੇ ਕਾਰਜ ਵਿਚ ਲਗਾਤਾਰ ਗਤੀਸ਼ੀਲ ਹੈ।

ਉਹ ਆਪਣੇ ਪਹਿਲੇ ਕਹਾਣੀ ਸੰਗ੍ਰਹਿ ‘ਤਰੇੜਾਂ’ ਤੋਂ ਬਾਅਦ ਹੁਣ ਦੂਸਰਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’ ਲੈਕੇ ਸਾਹਿਤਕ ਖੇਤਰ ਵਿਚ ਆਇਆ ਹੈ ਜੋ ‘ਪੰਜਾਬੀ ਲਿਖ਼ਾਰੀ ਸਭਾ ਕੈਲਗਰੀ’ ਕੈਨੇਡਾ ਵੱਲੋਂ 17 ਅਗਸਤ 2014 ਦਿਨ ਐਤਵਾਰ ਨੂੰ ਦਿਨ ਦੇ ਠੀਕ ਦੋ ਵਜੇ ਕੋਸੋ ਹਾਲ ਕੈਲਗਰੀ ਵਿਚ ਰੀਲੀਜ਼ ਕੀਤਾ ਜਵੇਗਾ। ਉਹਨਾਂ ਦਾ ਇਹ ਕਹਾਣੀ ਸੰਗ੍ਰਿਹ ‘ਚੇਤਨਾ ਪ੍ਰਕਾਸ਼ਨ’ ਵੱਲੋਂ ਛਾਪਿਆ ਗਿਆ ਹੈ ਅਤੇ ਇਸ ਵਿਚ ‘ਮਨਹੂਸ’ ਤੋਂ ਲੈਕੇ ‘ਸੁਪਨੇ ਸੱਚ ਹੋਣਗੇ’ ਤੱਕ 9 ਕਹਾਣੀਆਂ ਦਰਜ ਹਨ।

ਜੇਕਰ ਇਸ ਕਹਾਣੀ ਸੰਗ੍ਰਿਹ ਬਾਰੇ ਸੰਖੇਪ ਵਿਚ ਕਹਿਣਾ ਹੋਵੇ ਤਾਂ ਜਿੱਥੇ ਇਹ ਪੰਜਾਬ ਦੀ ਧਰਤੀ ਅਤੇ ਵਿਦੇਸ਼ ਵਿਚ ਪੰਜਾਬੀ ਔਰਤ ਨਾਲ ਜੁੜੇ ਸਰੋਕਾਰਾਂ ਜਿਸ ਵਿਚ ਰੂੜੀਵਾਦੀ ਸੋਚ ਭਾਰੂ ਹੈ ਦੀ ਕਥਾ ਕਹਿੰਦਾ ਹੈ, ਉੱਥੇ ਹੀ ਪਰਵਾਸ ਅਤੇ ਪਾਰ-ਸੱਭਿਆਚਾਰ ਵਿਚ ਪੰਜਾਬੀ ਸਰੋਕਾਰਾਂ ਨਾਲ ਜੁੜੀਆਂ ਸਮਾਜਿਕ, ਆਰਥਿਕ ਸਥਿਤੀਆਂ ਤੇ ਵੀ ਸਾਡੀ ਰੂੜੀਵਾਦੀ ਸੋਚ, ਆਰਥਿਕਤਾ ਦੀ ਗੁਲਾਮ ਸੋਚ ਕਿਸ ਤਰ੍ਹਾਂ ਔਰਤ ਦੀ ਜਿ਼ੰਦਗੀ ਨੂੰ ਪ੍ਰਭਾਵਿਤ ਕਰਦੀ ਦੀ ਗੱਲ ਇਸ ਢੰਗ ਨਾਲ ਕਰਦਾ ਹੈ ਕਿ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬੀ ਔਰਤ ਚਾਹੇ ਵਿਦੇਸ਼ ਵਿਚ ਪਰਵਾਸ ਵੀ ਕਰ ਜਾਵੇ ਪਰ ਰੂੜੀਵਾਦੀ ਸੰਸਕਾਰ, ਸਾਡੇ ਆਪਣੇ ਸਿਰਜੇ ਵਿਦੇਸ਼ ਰਹਿਣ ਨਾਲ ਮਿਲੀ ਆਰਥਿਕ ਤਰੱਕੀ ਦੇ ਭਰਮ ਜਾਂ ਆਪਣੇ-ਆਪ ਨੂੰ ਸਫਲ ਕਰਨ ਤੇ ਕਹਾਉਣ ਦੇ ਮਾਨਸਿਕਤਾ ਵਿਚ ਘਰ ਕਰ ਗਏ ਵਿਚਾਰ ਜੋ ਸਿਰਫ ਆਰਿਥਕ ਲਾਭ ਦੇਖਦੇ ਹਨ, ਹਮੇਸ਼ਾਂ ਸਾਡੇ ਨਾਲ ਜੁੜਦੇ, ਸਾਡਾ ਜੀਵਨ ਪ੍ਰਭਾਵਤ ਕਰਦੇ ਹਨ।

ਜੋਰਾਵਰ ਸਿੰਘ ਬਾਂਸਲ ਜਿ਼ੰਦਾਦਿਲ ਅਤੇ ਮਨੁੱਖਤਾ ਦਾ ਹਾਮੀ ਕਹਾਣੀਕਾਰ ਹੈ। ਲੰਬੇ ਸਮਾਂ ਜਰਮਨ ਅਤੇ ਫਿਰ ਕੈਨੇਡਾ ਵਿਚ ਰਹਿੰਦਿਆ ਹੋਣ ਕਰਕੇ ਉਸਨੂੰ ਪੰਜਾਬੀ ਜੀਵਨ ਦੇ ਪਰਵਾਸ ਨਾਲ ਸਬੰਧਤ ਮਾਨਸਿਕ, ਆਰਥਿਕ ਸਰੋਕਾਰਾਂ ਦੀ ਡੂੰਘੀ ਸਮਝ ਹੈ । ਉਹ ਇਸ ਕਹਾਣੀ ਸੰਗ੍ਰਹਿ ਦੀ ‘ਨਵੀਂ ਰੁੱਤ’ ਕਹਾਣੀ ਰਾਹੀਂ ਪੰਜਾਬ ਦੀ ਧਰਤੀ ਦੁਆਰਾ ਹੰਢਾਏ 1984 ਤੋਂ ਬਾਅਦ ਦੇ ਸੰਤਾਪ ਦੀ ਅਨੋਖੀ ਅਤੇ ਮਨੁੱਖੀ ਰਿਸ਼ਤਿਆਂ ਦੀ ਤਸਵੀਰ ਵੀ ਸਿਰਜਦਾ ਹੈ, ਜੋ ਉਹਨਾਂ ਜ਼ਖ਼ਮਾਂ ਤੋਂ ਅਗਾਂਹ ਦੀ ਬਾਤ ਪਾਉਂਦੇ ਹਨ ਜੋ ਅਖ਼ਬਾਰਾਂ ਦੀਆਂ ਸੁਰਖੀਆਂ ਬਣੇ ਹੀ ਨਹੀਂ ਜਾਂ ਬਣ ਹੀ ਨਹੀਂ ਸਕਦੇ ਸਨ। ਇਸ ਪੁਸਤਕ ਲੋਕ ਅਰਪਣ ਸਮਰੋਹ ਬਾਰੇ ਹੋਰ ਜਾਣਕਾਰੀ ਲਈ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਜਨਰਲ ਸਕੱਤਰ ਸੁਖਪਾਲ ਪਰਮਾਰ ਨਾਲ 403-830-2374 ਜਾਂ ਸਭਾ ਦੇ ਪ੍ਰਧਾਨ ਹਰੀਪਾਲ ਨਾਲ 403-714-4816 ਤੇ ਸਪੰਰਕ ਕੀਤਾ ਜਾ ਸਕਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ