Wed, 04 December 2024
Your Visitor Number :-   7275386
SuhisaverSuhisaver Suhisaver

ਅਵਿਜੀਤ ਰਾਏ ਦੀ ਹੱਤਿਆ ਜਮਹੂਰੀ ਤਾਕਤਾਂ ਲਈ ਵੱਡੀ ਚੁਣੌਤੀ : ਖੰਨਾ

Posted on:- 05-03-2015

ਪਿਛਲੇ ਦਿਨੀਂ ਦਹਿਸ਼ਤਗਰਦਾਂ ਨੇ ਅਮਰੀਕੀ ਲੇਖਕ ਤੇ ਬਲੌਗਰ ਅਵਿਜੀਤ ਰਾਏ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਅਵਿਜੀਤ ਰਾਏ ਆਪਣੀ ਪਤਨੀ ਨਾਲ ਬੰਗਲਾਦੇਸ਼ ਪੁਸਤਕ ਮੇਲੇ ਤੋਂ ਵਪਸ ਘਰ ਪਰਤ ਰਹੇ ਸਨ। ਢਾਕਾ ਯੂਨੀਵਰਸਿਟੀ ਕੈਂਪਸ ਕੋਲ ਦਹਿਸ਼ਤਗਰਦਾਂ ਨੇ ਸ਼ਰੇਆਮ ਅਣਮਨੁੱਖੀ ਢੰਗ ਨਾਲ ਉਨ੍ਹਾਂ ਦਾ ਕਤਲ ਕਰ ਦਿੱਤਾ ਤੇ ਉਨ੍ਹਾਂ ਦੀ ਪਤਨੀ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ। ਅੱਜ ਇਨਕਲਾਬੀ ਕੇਂਦਰ ਦੇ ਬੁਲਾਰੇ ਕੰਵਲਜੀਤ ਖੰਨਾ ਤੇ ਨਰਾਇਣ ਦੱਤ ਨੇ ਇਸ ਘਿਣਾਉਣੇ ਹੱਤਿਆ ਕਾਂਡ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਵਿਜੀਤ ਅਗਾਂਹਵਧੂ, ਮਨੁੱਖੀ ਹਕੂਕ ਤੇ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਬਲੌਗਰ ਸਨ। ਉਨ੍ਹਾਂ ਨੇ ਧਾਰਮਿਕ ਕੱਟੜਪੰਥੀਆਂ ਸਮੇਤ ਸਭ ਤਰ੍ਹਾਂ ਦੇ ਜ਼ਾਬਰੀ, ਕੱਟੜ ਤੇ ਪਿਛਾਖੜੀ ਵਿਚਾਰਾਂ ਦਾ ਵਿਰੋਧ ਸੰਨ 2000 ਤੋਂ ਆਪਣੇ ਬਲੌਗ ‘ਮੁਖਤੋ ਮੋਨਾ’ (ਖੁੱਲ੍ਹ ਨਜ਼ਰੀ) ਤੋਂ ਕਰਨਾ ਸ਼ੁਰੂ ਕੀਤਾ ਸੀ।

ਪਿਛਾਖੜੀ ਵਿਚਾਰਧਾਰਾ ਦੀਆਂ ਧਾਰਨੀ ਮੁਸਲਿਮ ਜੱਥੇਬੰਦੀਆਂ ਨੂੰ ਉਸਦੇ ਅਗਾਂਹਵਧੂ ਵਿਚਾਰਾਂ ਤੋਂ ਸਖਤ ਇਤਰਾਜ਼ ਸੀ। ਮੱਧਯੁਗੀ ਕੱਟੜ ਧਾਰਮਿਕ ਸੋਚ ਦੇ ਧਾਰਨੀਆਂ ਨੇ ਪੂਰੇ ਯੋਜਨਾਬੱਧ ਢੰਗ ਨਾਲ ਜਮਹੂਰੀ ਹੱਕਾਂ ਦੀ ਅਵਾਜ਼ ਨੂੰ ਬੰਦ ਕਰਨ ਦੇ ਮਨਸ਼ੇ ਨਾਲ ਇਹ ਕਤਲ ਕੀਤਾ। ਉਨ੍ਹਾਂ ਦੁਆਰਾ ਬੇਰਹਿਮੀ ਨਾਲ ਕੀਤਾ ਇਹ ਕਤਲ ਜਮਹੂਰੀ ਹੱਕਾਂ ਦੀ ਅਵਾਜ਼ ਨੂੰ ਇਕ ਵੱਡਾ ਚੈਲੰਜ ਹੈ। ਇਹ ਚੈਲੰਜ ਮੁਸਲਿਮ ਦਹਿਸ਼ਤਗਰਦਾਂ ਸਮੇਤ ਹਿੰਦੂ ਫਾਸ਼ੀਵਾਦੀ ਤੇ ਹੋਰ ਧਾਰਮਿਕ ਮੂਲਵਾਦੀ ਤਾਕਤਾਂ ਵੱਲੋਂ ਸਮੇਂ-ਸਮੇਂ ਤੇ ਦੇਸ਼ ਦੀ ਇਨਕਲਾਬੀ, ਤਰਕਸ਼ੀਲ ਤੇ ਜਮਹੂਰੀ ਲਹਿਰ ਅੱਗੇ ਸੁੱਟੇ ਜਾਂਦੇ ਰਹੇ ਹਨ।

ਪਹਿਲਾਂ ਨਰੇਂਦਰ ਦਭੋਲਕਰ, ਗੋਵਿੰਦ ਪੰਸਾਰੇ ਤੇ ਹੁਣ ਅਵਿਜੀਤ। ਉਨ੍ਹਾਂ ਕਿਹਾ ਕਿ ਮੋਦੀ ਰਾਜ ਦੇ ਇਸ ਕਾਲੇ ਦੌਰ ਅੰਦਰ ਜਿਸ ਤਰ੍ਹਾਂ ਫਿਰਕੂ ਫਾਸ਼ੀ ਜ਼ਹਿਰ ਘੋਲੀ ਜਾ ਰਹੀ ਹੈ ਉਸਦੇ ਨਤੀਜੇ ਵਜੋਂ ਭਵਿੱਖ ਅੰਦਰ ਦੇਸ਼ ਦੀ ਸਮੁੱਚੀ ਇਨਕਲਾਬੀ, ਤਰਕਸ਼ੀਲ, ਅਗਾਂਹਵਧੂ ਤੇ ਜਮਹੂਰੀ ਲਹਿਰ ਉਪਰ ਹੋਣ ਵਾਲੇ ਹਮਲਿਆਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤੀ ਹਾਕਮ ਸਾਮਰਾਜੀ ਹਿੱਤਾਂ ਦੀ ਪਾਲਣਾ ਕਰਦਿਆਂ ਹਾਕਮ ਦੇਸੀ-ਬਦੇਸ਼ੀ ਕਾਰਪੋਰੇਟਾਂ ਨੂੰ ਦੇਸ਼ ਦੇ ਕੁਦਰਤੀ ਖਣਿਜ਼ ਸੋਮੇ, ਜਲ, ਜੰਗਲ, ਜ਼ਮੀਨ ਤੇ ਸਸਤੀ ਕਿਰਤ ਸ਼ਕਤੀ ਅੰਨ੍ਹੇਵਾਹ ਲੁਟਾ ਰਹੇ ਹਨ। ਇਸਦੇ ਵਿਰੋਧ ‘ਚ ਉਠਣ ਵਾਲੀ ਅਵਾਜ਼ ਨੂੰ ਜਿੱਥੇ ਉਹ ਆਪਣੀ ਸੱਤਾ ਦੇ ਅੰਗ ਪੁਲਿਸ, ਫੌਜ਼, ਜੇਲ੍ਹਾਂ ਰਾਹੀਂ ਕੁਚਲਦੇ ਹਨ ਉਥੇ ਆਪਣੀ ਬੁੱਕਲ ਦਾ ਨਿੱਘ ਦੇ ਕੇ ਪਾਲੀਆਂ ਫਿਰਕੂ ਫਾਸ਼ੀ ਤਾਕਤਾਂ ਦੇ ਰੱਸੇ ਬੇਲਗਾਮ ਖੋਲ੍ਹਕੇ ਲੋਕਾਂ ਨੂੰ ਦਹਿਸ਼ਤਜ਼ਦਾ ਕਰਕੇ ਲੁੱਟ-ਖਸੁੱਟ ਨੂੰ ਬੇਰੋਕ-ਟੋਕ ਅੱਗੇ ਵਧਾਉਂਦੇ ਹਨ। ਉਨ੍ਹਾਂ ਅਵੀਜੀਤ ਦੇ ਕਾਤਲ ਫਿਰਕੂ ਟੋਲੇ ਦੀ ਘਿਣਾਉਣੀ ਕਾਰਵਾਈ ਦੀ ਨਿੰਦਾ ਕਰਦਿਆਂ ਸਮੁੱਚੀ ਇਨਕਲਾਬੀ, ਤਰਕਸ਼ੀਲ, ਅਗਾਂਹਵਧੂ ਤੇ ਜਮਹੂਰੀ ਲਹਿਰ ਨੂੰ ਇਕਜੁੱਟ ਹੋ ਕੇ ਇਨ੍ਹਾਂ ਕੱਟੜ, ਪਿਛਾਖੜੀ ਤੇ ਧਾਰਮਿਕ ਮੂਲਵਾਦੀ ਤਾਕਤਾਂ ਦਾ ਡੱਟਵਾਂ ਵਿਰੋਧ ਕਰਨ ਲਈ ਯਤਨਸ਼ੀਲ ਹੋਣ ਦਾ ਸੱਦਾ ਦਿੱਤਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ