Mon, 14 October 2024
Your Visitor Number :-   7232452
SuhisaverSuhisaver Suhisaver

ਸਰਹੱਦ 'ਤੇ ਗੋਲੀਬਾਰੀ ਬੰਦ ਕਰੇ ਪਾਕਿ : ਜੇਤਲੀ

Posted on:- 09-10-2014

suhisaver

ਪਾਕਿਸਤਾਨ ਵੱਲੋਂ ਘੁਸਪੈਠ ਕਰਵਾਉਣ ਦੀ ਕੋਸ਼ਿਸ਼
ਜੰਮੂ, ਨਵੀਂ ਦਿੱਲੀ :
ਜੰਮੂ 'ਚ ਭਾਰਤ-ਪਾਕਿ ਸਰਹੱਦ 'ਤੇ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਗੋਲੀਬਾਰੀ ਕਾਰਨ ਪੈਦਾ ਹੋਏ ਤਣਾਅ ਦੇ ਦਰਮਿਆਨ ਅੱਜ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਪਾਕਿਸਤਾਨ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ। ਨਵੀਂ ਦਿੱਲੀ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਰੁਣ ਜੇਤਲੀ ਨੇ ਕਿਹਾ ਕਿ ਪਾਕਿਸਤਾਨ ਜੇਕਰ ਹੁਣ ਵੀ  ਬਾਜ ਨਾ ਆਇਆ ਤਾਂ ਉਸ ਨੂੰ ਮਹਿੰਗੀ ਕੀਮਤ ਚੁਕਾਉਣੀ ਪਵੇਗੀ।

ਰੱਖਿਆ ਮੰਤਰੀ ਸ੍ਰੀ ਜੇਤਲੀ ਨੇ ਕਿਹਾ ਕਿ ਆਪਣੀ ਜ਼ਮੀਨ ਦੀ ਰਾਖ਼ੀ ਕਰਨਾ ਸਾਡੀ ਜ਼ਿੰਮੇਵਾਰੀ ਹੈ ਅਤੇ ਬੀਐਸਐਫ਼ ਦੇ ਜਵਾਨ ਇਹ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਬਾਅਦ ਉਥੇ ਕਈ ਦਹਿਸ਼ਤਗਰਦ ਵੀ ਮਾਰੇ ਗਏ ਹਨ। ਭਾਵ ਗੋਲੀਬਾਰੀ ਇਸ ਲਈ ਕੀਤੀ ਜਾ ਰਹੀ ਹੈ ਤਾਂ ਕਿ ਦਹਿਸ਼ਤਗਰਦਾਂ ਦੀ ਭਾਰਤ ਵਿੱਚ ਘੁਸਪੈਠ ਕਰਵਾਈ ਜਾ ਸਕੇ।
ਉਧਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਭਾਰਤ ਨੂੰ ਚੇਤਾਵਨੀ ਵਾਲੇ ਅੰਦਾਜ਼ ਵਿੱਚ ਕਿਹਾ ਕਿ ਉਹ ਵੀ ਭਾਰਤ ਨੂੰ ਢੁਕਵਾਂ ਜਵਾਬ ਦੇ ਸਕਦਾ ਹੈ। ਇੱਕ ਚੈਨਲ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਤਸਨੀਮ ਅਸਲਮ ਨੇ ਕਿਹਾ ਕਿ ਅਸੀਂ ਵੀ ਜਵਾਬ ਦੇ ਸਕਦੇ ਹਾਂ।
ਦੱਸਣਾ ਬਣਦਾ ਹੈ ਕਿ ਪਾਕਿਸਤਾਨ ਜੰਮੂ-ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ 'ਤੇ ਪਿਛਲੇ ਕੁਝ ਦਿਨਾਂ ਤੋਂ ਬੀਐਸਐਫ਼ ਦੀਆਂ ਅਗਾਊਂ ਚੌਕੀਆਂ ਅਤੇ ਭਾਰਤ ਦੇ ਰਿਹਾਇਸ਼ੀ ਇਲਾਕਿਆਂ 'ਤੇ ਗੋਲੀਬਾਰੀ ਕਰ ਰਿਹਾ ਹੈ। ਇਸ ਗੋਲੀਬਾਰੀ ਵਿੱਚ 8 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ 85 ਹੋਰ ਜ਼ਖ਼ਮੀ ਹੋ ਗਏ ਹਨ। ਇਸ ਤੋਂ ਇਲਾਵਾ ਗੋਲੀਬਾਰੀ ਦੇ ਚੱਲਦਿਆਂ 7 ਹਜ਼ਾਰ ਲੋਕ ਆਪਣੇ ਘਰ ਛੱਡ ਕੇ ਕੈਂਪਾਂ 'ਚ ਰਹਿ ਰਹੇ ਹਨ। ਬੁੱਧਵਾਰ ਰਾਤ ਨੂੰ ਹੋਈ ਫਾਇਰਿੰਗ ਵਿੱਚ ਵੀ ਕੁੱਲ 8 ਲੋਕ ਜ਼ਖ਼ਮੀ ਹੋ ਗਏ ਹਨ।
ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਕੌਮਾਂਤਰੀ ਸਰਹੱਦ 'ਤੇ ਜੰਗਬੰਦੀ ਦਾ ਉਲੰਘਣ ਕਰ ਰਿਹਾ ਹੈ। ਭਾਰਤ ਇੱਕ ਜ਼ਿੰਮੇਵਾਰ ਦੇਸ਼ ਹੈ ਜੋ ਹਮਲਾ ਨਹੀਂ ਕਰਦਾ, ਪਰ ਆਪਣੇ ਨਾਗਰਿਕਾਂ ਅਤੇ ਜ਼ਮੀਨ ਦੀ ਪੂਰਨ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਬੀਐਸਐਫ਼ ਪੂਰੀ ਕਾਬਲੀਅਤ ਨਾਲ  ਜ਼ਰੂਰੀ ਕਦਮ ਚੁੱਕ ਰਹੀ ਹੈ, ਇਸ ਲਈ ਪਾਕਿਸਤਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਹਮਲੇ ਦਾ ਸਾਡੀ ਫੌਜ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਵੇਗੀ।
ਸ੍ਰੀ ਜੇਤਲੀ ਨੇ ਕਿਹਾ ਕਿ ਜੇਕਰ ਉਹ ਇਸ ਤਰ੍ਹਾਂ ਹੀ ਅੱਗੇ ਵਧਦੇ ਰਹੇ ਤਾਂ ਪਾਕਿਸਤਾਨ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ।
ਲੜਾਈ ਦੇ ਸਵਾਲ 'ਤੇ ਰੱਖਿਆ ਮੰਤਰੀ ਸ੍ਰੀ ਜੇਤਲੀ ਨੇ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਬੋਲਾਂਗਾ। ਜੇਕਰ ਪਾਕਿਸਤਾਨ ਸਰਹੱਦ 'ਤੇ ਸ਼ਾਂਤੀ ਚਾਹੁੰਦਾ ਹਾਂ ਤਾਂ ਗੋਲੀਬਾਰੀ ਤੁਰੰਤ ਰੋਕੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਸੀਂ ਜੰਗਬੰਦੀ ਦੇ ਉਲੰਘਣ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਵਿਰੋਧੀ ਧਿਰ 'ਤੇ ਉਲਟਾ ਵਾਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜੰਗਬੰਦੀ ਦੇ ਉਲੰਘਣ ਜਿਹੇ ਮੁੱਦੇ ਸਿਆਸੀ ਲਾਭ ਲਈ ਚਰਚਾ ਦਾ ਵਿਸ਼ਾ ਨਹੀਂ ਹੋਣੇ ਚਾਹੀਦੇ। ਇਸ ਨਾਲ ਸਰਹੱਦ 'ਤੇ ਜਵਾਨਾਂ 'ਤੇ ਮਨੋਬਲ 'ਤੇ ਅਸਰ ਪੈਂਦਾ ਹੈ।
ਪਾਕਿ ਹਮਲਿਆਂ ਬਾਰੇ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਸ਼ਬਦੀ ਹਮਲਿਆਂ ਦੇ ਸਵਾਲ 'ਤੇ ਸ੍ਰੀ ਜੇਤਲੀ ਨੇ ਕਿਹਾ ਕਿ ਪਹਿਲਾਂ ਆਗੂ ਇਹ ਪਤਾ ਕਰਨ ਕਿ ਸਾਡੀ ਫੌਜ ਪਾਕਿਸਤਾਨ ਨੂੰ ਕਿਸ ਤਰ੍ਹਾਂ ਦਾ ਜਵਾਬ ਦੇ ਰਹੀ ਹੈ, ਫ਼ਿਰ ਕੋਈ ਪ੍ਰਤੀਕਿਰਿਆ ਦੇਣ।
ਇੱਕ ਪੱਤਰਕਾਰ ਨੇ ਜਦੋਂ ਬਿਲਾਵਲ ਭੁੱਟੋ ਦੇ ਬਿਆਨ 'ਤੇ ਉਨ੍ਹਾਂ ਦੀ ਰਾਏ ਜਾਨਣੀ ਚਾਹੀ ਤਾਂ ਸ੍ਰੀ ਜੇਤਲੀ ਨੇ ਕਿਹਾ ਕਿ ਇਸ 'ਤੇ ਪ੍ਰਤੀਕਿਰਿਆ ਦੇਣ ਦੀ ਲੋੜ ਨਹੀਂ। ਇਸ ਤੋਂ ਪਹਿਲਾਂ  ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਸਰਹੱਦ 'ਤੇ ਹੋ ਰਹੀਆਂ ਸਰਗਰਮੀਆਂ 'ਤੇ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਬੋਲਣ ਦੀ ਲੋੜ ਨਹੀਂ ਹੈ, ਕਿਉਂਕਿ ਬੀਐਸਐਫ਼ ਦੇ ਜਵਾਨ ਪਾਕਿਸਤਾਨ ਨੂੰ ਢੁਕਵਾਂ ਜਵਾਬ ਦੇ ਰਹੇ ਹਨ। ਅਸੀਂ ਬੀਐਸਐਫ਼ ਦੇ ਜਵਾਨਾਂ ਵੱਲੋਂ ਦਿੱਤੇ ਜਾ ਰਹੇ ਜਵਾਬ ਤੋਂ ਸੰਤੁਸ਼ਟ ਹਾਂ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ