Sun, 13 October 2024
Your Visitor Number :-   7232283
SuhisaverSuhisaver Suhisaver

ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ ਵੱਲੋਂ ਜੋਨ ਪੱਧਰੀ ਵਿਸ਼ਾਲ ਰੈਲੀ

Posted on:- 01-10-2014

suhisaver

ਬਰਨਾਲਾ: ਪੰਜਾਬ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿਲ 2014 ਦੇ ਨਾਮ ਹੇਠ ਬਣੇ ਕਾਲਾ ਕਾਨੂੰਨ ਰੱਦ ਕਰਾਉਣ ਲਈ ਪੰਜਾਬ ਦੀਆਂ 41 ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਸੰਘਰਸ਼ਸ਼ੀਲ ਜਨਤਕ ਤੇ ਜਮਹੂਰੀ ਜਥੇਬੰਦੀਆਂ ’ਤੇ ਆਧਾਰਤ ਬਣੇ ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚਾ, ਪੰਜਾਬ ਦੇ ਸੱਦੇ ਉੱਤੇ ਮਾਂਝਾ ਦੁਆਬਾ ਜੋਨ ਪੱਧਰੀ ਰੈਲੀਆਂ ਉਪਰੰਤ ਅੱਜ ਸਥਾਨਕ ਨਵੀਂ ਦਾਣਾ ਮੰਡੀ ਵਿੱਚ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਮੁੱਚੇ ਮਾਲਵੇ ਵਿੱਚੋਂ ਜਥੇਬੰਦੀਆਂ ਦੀ ਅਗਵਾਈ ਵਿੱਚ ਕਿਰਤੀ ਲੋਕ ਕਾਫਲੇ ਬੰਨ੍ਹ ਕੇ ਸ਼ਾਮਲ ਹੋਏ। ਹਜ਼ਾਰਾਂ ਦੀ ਗਿਣਤੀ ਵਿੱਚ ਜੁੜੇ ਇਕੱਠ ਦੀ ਪ੍ਰਧਾਨਗੀ ਹਰ ਇੱਕ ਜਥੇਬੰਦੀ ਦੇ ਸੂਬਾ ਆਗੂ ਆਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ ਰੈਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੰਚਾਲਨ ਕਮੇਟੀ ਵੀ ਬਣਾਈ ਗਈ।

ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਕਾਨੂੰਨ ਇਸ ਹੱਦ ਤੱਕ ਕਾਲ਼ਾ ਕਾਨੂੰਨ ਹੈ ਕਿ ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਜਨਤਕ ਸੰਘਰਸ਼ ਵਰਤਮਾਨ ਰੂਪ ਵਿੱਚ ਜਾਰੀ ਨਹੀਂ ਰਹਿ ਸਕੇਗਾ। ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਜਾਮ ਹੋ ਜਾਣਗੀਆਂ। ਐਮਰਜੈਂਸੀ ਵਿਰੋਧੀ ਮੋਰਚੇ ਦਾ ਦਾਅਵਾ ਕਰਨ ਵਾਲੀ ਅਕਾਲੀ ਦਲ ਦੀ ਅਗਵਾਈ ਵਾਲੀ ਅਕਾਲੀ, ਭਾਜਪਾ ਸਰਕਾਰ ਨੇ ਉਸ ਤੋਂ ਵੀ ਭੈੜਾ ਕਾਨੂੰਨ ਬਣਾ ਦਿੱਤਾ ਹੈ। ਲੋਕਾਂ ਦੇ ਫੌਰੀ ਤੇ ਲੰਬੇ ਦਾਅ ਦੇ ਮਸਲਿਆਂ ਤੇ ਸੰਘਰਸ਼ ਦੀ ਆਪਣੀ ਅਹਿਮੀਅਤ ਹੈ। ਪਰ ਇਹ ਕਾਲ਼ਾ ਕਾਨੂੰਨ ਰੱਦ ਕਰਾਉਣਾ ਸਭ ਤੋਂ ਵੱਧ ਜ਼ਰੂਰੀ ਹੈ। ਇਸੇ ਲਈ ਲੋਕਾਂ ਦੇ ਹਰ ਵਰਗ ਦੀਆਂ ਜਥੇਬੰਦੀਆਂ ਇਸ ਮੋਰਚੇ ਵਿੱਚ ਸ਼ਾਮਲ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਾਂਝਾ ਸੰਘਰਸ਼ ਇਹ ਜਾਬਰ ਕਾਲਾ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ।

ਇਸ ਕਾਨੂੰਨ ਦੀ ਚੀਰਫਾੜ ਕਰਦਿਆਂ ਬੁਲਾਰਿਆਂ ਨੇ ਵਿਸਥਾਰ ਸਾਹਿਤ ਦੱਸਿਆ ਕਿ ਧਾਰਾ 3 ਵਿੱਚ ਕਿਸੇ ਵੀ ਅੰਦੋਲਨ, ਹੜਤਾਲ, ਧਰਨੇ, ਬੰਦ, ਮੁਜ਼ਾਹਰੇ ਮਾਰਚ ਜਲੂਸ, ਰੇਲ ਜਾਂ ਸੜਕੀ ਆਵਾਜਾਈ ਜਾਮ ਹੋਣ ਕਾਰਨ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਜਾਇਦਾਦ ਨੂੰ ਪੁੱਜੇ ਨੁਕਸਾਨ ਲਈ ਜ਼ੁੰਮੇਵਾਰ ਵਿਅਕਤੀ/ਵਿਅਕਤੀਆਂ ਨੂੰ ਸਜ਼ਾ ਤੇ ਜ਼ੁਰਮਾਨਾ ਹੋ ਸਕਦਾ ਹੈ। ਇਸ ਨੁਕਸਾਨ ਲਈ ਐਕਸ਼ਨ ਵਿੱਚ ਭਾਗ ਲੈਣ ਵਾਲੇ ਸੰਬੰਧਤ ਜਥੇਬੰਦੀਆਂ/ਪਾਰਟੀਆਂ ਦੇ ਸਮੁੱਚੇ ਆਗੂ, ਐਕਸ਼ਨ ਦੇ ਹੱਕ ਵਿੱਚ ਬਿਆਨ ਦੇਣ ਵਾਲੇ ਜਾਂ ਲੇਖ ਲਿਖਣ ਵਾਲੇ ਇੱਥੋਂ ਤੱਕ ਕਿ ਲਾਊਡ ਸਪੀਕਰ ਦੇਣ ਵਾਲੇ, ਸ਼ਮਿਆਨੇ ਵਾਲੇ, ਵਾਹਨ ਦੇਣ ਵਾਲੇ ਸਾਰਿਆਂ ਨੂੰ ਜ਼ੁੰਮੇਵਾਰ ਬਣਾਇਆ ਜਾ ਸਕੇਗਾ। ਇੱਕ ਹੌਲਦਾਰ ਨੂੰ ਕੇਸ ਦਰਜ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਸਬੂਤ ਵਜੋਂ ਵੀਡੀਓ ਪੇਸ਼ ਕੀਤੀ ਜਾ ਸਕੇਗੀ ਵੀਡੀਓ ਦੀ ਦੁਰਵਰਤੋਂ ਦੀਆਂ ਖਬਰਾਂ ਅਖਬਾਰਾਂ ਵਿੱਚ ਛਪਦੀਆ ਹੀ ਰਹਿੰਦੀਆਂ ਹਨ। ਅੰਗਰੇਜ਼ਾਂ ਵਾਂਗ ਮਾਲ ਮਹਿਕਮੇ ਦੇ ਅਧੀਨ ਕੀਤੇ ਜਾਣ ਕਾਰਨ ਨੁਕਸਾਨ ਦੀ ਪੂਰਤੀ ਸੰਬੰਧਤ ਵਿਅਕਤੀ ਦੀ ਜਾਇਦਾਦ ਦਰਜ ਕਰਕੇ ਕੀਤੀ ਜਾ ਸਕੇਗੀ।

ਵਿਧਾਨ ਸਭਾ ਵਿੱਚ ਇਹ ਕਾਨੂੰਨ ਪਾਸ ਕਰਨ ਸਮੇਂ ਕਾਂਗਰਸ ਦਾ ਚੁੱਪ ਰਹਿਣਾ ਸਾਬਤ ਕਰਦਾ ਹੈ ਕਿ ਲੋਕ ਲਹਿਰ ਨੂੰ ਕੁਚਲਣ ਦੇ ਸੰਬੰਧ ਵਿੱਚ ਸਾਰੀਆਂ ਹਾਕਮ ਜਮਾਤ ਪਾਰਟੀਆਂ ਇੱਕ ਹਨ। ਅਜਿਹੇ ਕਾਨੂੰਨ ਲਿਆਉਣ ਪਿੱਛੇ ਮਕਸਦ ਦੀ ਵਿਆਖਿਆ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦਿਨੋਂ ਦਿਨ ਲੁਟੇਰੇ ਹਾਕਮ ਬੇਪੜਦ ਹੋ ਰਹੇ ਹਨ ਲੋਕਾਂ ਨੂੰ ਵਰਗਲਾਉਣ ਲਈ ਨਾਅਰੇ/ਨਾਰੇ ਕਾਰਗਰ ਨਹੀਂ ਰਹੇ। ਸੰਭਾਵਤ ਲੋਕ ਸੰਘਰਸ਼ਾਂ ਤੋਂ ਡਰਦਿਆ ਅਜਿਹੇ ਜਾਬਰ ਹੱਥ ਕੰਡੇ ਅਪਣਾਉਣੇ ਜਾ ਰਹੇ ਹਨ। ਮੋਦੀ ਸਰਕਾਰ ਪਹਿਲੀਆਂ ਸਰਕਾਰਾਂ ਦੇ ਪਦਚਿੰਨਾਂ ਤੇ ਚਲਦਿਆਂ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਨੂੰ ਹੋਰ ਵੀ ਤੇਜੀ ਨਾਲ ਲਾਗੂ ਕਰਨ ਜਾ ਰਹੀ ਹੈ। ਮੋਦੀ ਦਾ ਵਿਕਾਸ ਦਾ ਨਾਅਰਾ ਇੱਕ ਛਲਾਵਾ ਹੈ। ਸਿੱਟੇ ਵੱਜੋਂ ਕਿਸਾਨਾਂ ਦਾ ਉਜਾੜਾ, ਮਜ਼ਦੂਰਾਂ ਦੀਆਂ ਛਾਂਟੀਆਂ, ਬੇਰੁਜ਼ਗਾਰਾਂ ਦੀ ਫੌਜ ਵਿੱਚ ਵਾਧਾ ਅਤੇ ਘਿ੍ਰਣਤ ਅਪਰਾਧਾਂ ਵਿੱਚ ਹੋਰ ਵੀ ਤੇਜ਼ੀ ਆਵੇਗੀ। ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਜਗਤ ਦੇ ਨੁਮਾਇੰਦਾਂ ਤੋਂ ਭਲੇ ਦੀ ਝਾਕ ਨਹੀਂ ਰੱਖਣੀ ਚਾਹੀਦੀ। ਬੁਲਾਰਿਆ ਨੇ ਇਸ ਲੁਟੇਰੇ ਪ੍ਰਬੰਧ ਵਿਰੁੱਧ ਤਕੜੀ ਲੋਕ ਲਹਿਰ ਦੀ ਉਸਾਰੀ ਤੇ ਜ਼ੋਰ ਦਿੱਤਾ।

ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬੂਟਾ ਸਿੰਘ ਬੁਰਜਗਿੱਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੁਗਿੰਦਰ ਸਿੰਘ ਉਗਰਾਹਾਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕੁਲਵੰਤ ਸਿੰਘ ਸੰਧੂ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਮਜ਼ਦੂਰ ਮੁਕਤੀ ਮੋਰਚਾ ਦੇ ਭਗਵੰਤ ਸਮਾਓ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਦਲਵਾਰਾ ਸਿੰਘ ਫੂਲੇਵਾਲ, ਦਿਹਾਤੀ ਮਜ਼ਦੂਰ ਸਭਾ ਦੇ ਮਹੀਪਾਲ ਟੀ. ਐਸ. ਯੂ. (ਰਜਿ) ਦੇ ਗੁਰਦੀਪ ਸਿੰਘ, ਰਾਮਪੁਰਾ ਹੌਜਰੀ ਕਾਮਗਾਰ ਯੂਨੀਅਨ ਪੰਜਾਬ ਦੇ ਰਾਜਵਿੰਦਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਰਾਜਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਰਾਪਿੰਦਰ ਪਟਿਆਲਾ, ਨਵਕਿਰਨ ਪੱਤੀ, ਛਿੰਦਰਪਾਲ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਮਨਦੀਪ ਸੱਦੋਵਾਲ, ਇਸਤ੍ਰੀ ਜਾਮਰਤੀ ਮੰਚ ਦੀ ਅਮਨਦੀਪ ਕੌਰ ਦਿਓਲ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਦੇ ਰਾਜ ਮਲੋਟ ਪੀ. ਐਸ. ਐਸ. ਐਫ. ਦੇ ਸਾਥੀ ਕਰਮਜੀਤ ਸਿੰਘ, ਡੀਐਸਓ ਦੇ ਅਮਰਜੀਤ ਬਾਜੇਕੇ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਕੁਲਵੰਤ ਪੰਡੋਰੀ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਡੈਮੋਕਰੈਟਿਕ ਇੰਪਲਾਈਜ਼ ਫਰੰਟ ਦੇ ਆਦਿ ਨੇ ਸੰਬੋਧਨ ਕੀਤਾ ਜਮਹੂਰੀ ਅਧਿਕਾਰ ਸਭਾ ਦੇ ਤਰਸੇਮ ਲਾਲ ਸਾਥੀ ਮਨਜੀਤ ਧਨੇਰ ਨੇ ਸਟੇਜ ਦਾ ਸੰਚਾਲਨ ਬਾਖੁਬੀ ਨਿਭਾਇਆ।
  
ਇਨਕਲਾਬੀ ਨਾਅਰਿਆਂ ਦੀ ਗੂੰਜ ਵਿੱਚ ਲੋਕਾਂ ਨੇ ਇਕ ਆਵਾਜ਼ ਹੋ ਕੇ ਕਿਹਾ ਕਿ 2010 ਦੇ ਕਾਲੇ ਕਾਨੂੰਨਾਂ ਵਾਂਗ ਇਸ ਕਾਲੇ ਕਾਨੂੰਨ ਨੂੰ ਵੀ ਰੱਦ ਕਰਨ ਲਈ ਸਰਕਾਰ ਨੂੰ ਮਜਬੂਰ ਕਰਾਂਗੇ।


Comments

ਲਖਵਿੰਦਰ

ਰਾਮਪੁਰਾ ਹੌਜਰੀ ਕਾਮਗਾਰ ਯੂਨੀਅਨ ਨਹੀਂ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਲਿਖੋ ਜੀ

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ