Mon, 09 September 2024
Your Visitor Number :-   7220027
SuhisaverSuhisaver Suhisaver

ਜ਼ਿਆਦਾ ਪੜ੍ਹੀ-ਲਿਖੀ ਹੋਣ ਕਰਕੇ ਕੁਝ ਵੀ ਬੋਲਦੇ ਰਹਿੰਦੇ ਹਨ ਡਾ. ਨਵਜੋਤ ਕੌਰ ਸਿੱਧੂ : ਮਜੀਠੀਆ

Posted on:- 15-11-2014

suhisaver

ਖੰਨਾ : ਪੰਜਾਬ ਦੇ ਮਾਲ ਤੇ ਮੁੜ ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਵੱਲੋਂ ਅਕਾਲੀ ਦਲ 'ਤੇ ਲਗਾਤਾਰ ਕੀਤੇ ਜਾ ਰਹੇ ਸਿਆਸੀ ਹਮਲਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਡਾ. ਸਿੱਧੂ ਨੂੰ ਬੋਲਣ ਤੋਂ ਤਾਂ ਉਸ ਦਾ ਪਤੀ ਵੀ ਨਹੀਂ ਰੋਕ ਸਕਦਾ ਤਾਂ ਅਸੀਂ ਕੌਣ। ਡਾ. ਸਿੱਧੂ ਜ਼ਿਆਦਾ ਪੜ੍ਹੀ ਲਿਖੀ ਹੋਣ ਕਰਕੇ ਅਜਿਹੇ ਬਿਆਨ ਦੇ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਸਭ ਕੁੱਝ ਠੀਕ ਹੈ ਅਤੇ ਦੋਵਾਂ ਭਾਈਵਾਲੀ ਪਾਰਟੀਆਂ ਵਿਚਾਲੇ ਸਬੰਧਾਂ ਬਾਰੇ ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। 

ਉਨ੍ਹਾਂ ਕਿਹਾ ਕਿ ਦੋਵੇਂ ਲੋਕਤੰਤਰੀ ਪਰਿਵਾਰਾਂ ਵਾਂਗ ਹਨ ਅਤੇ ਜੇਕਰ ਦੋਵੇਂ ਪਰਿਵਾਰਾਂ ਦੇ ਮੈਂਬਰਾਂ ਦੇ ਵਿਚਾਰਾਂ ਵਿਚਕਾਰ ਕੋਈ ਫਰਕ ਹੈ ਤਾਂ ਸਿਰਫ ਮੀਡੀਆ ਵੱਲੋਂ ਬੇਲੋੜਾ ਵਿਵਾਦ ਖੜ੍ਹਾ ਕੀਤਾ ਗਿਆ ਹੈ।
ਸ. ਮਜੀਠੀਆ ਜੋ ਇੱਥੇ ਦਿੱਲੀ ਪਬਲਿਕ ਸਕੂਲ, ਖੰਨਾ ਦੀ ਚੌਥੇ ਸਾਲਾਨਾ ਖੇਡ ਦਿਵਸ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ, ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈਵਾਲੀ ਪਾਰਟੀਆਂ ਅਕਾਲੀ ਦਲ ਤੇ ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਦੋਵਾਂ ਵਿਚਕਾਰ ਕੋਈ ਮੱਤਭੇਦ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਦੇ ਸਬੰਧਾਂ ਦੀ ਨੀਂਹ ਬਹੁਤ ਡੂੰਘੀ ਹੈ ਜਿਹੜੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਦੇ ਆਗੂ ਇਨ੍ਹਾਂ ਗੂੜ੍ਹੇ ਸਬੰਧਾਂ ਨੂੰ ਅੱਗੇ ਲਿਜਾਣ ਲਈ ਪ੍ਰਤੀਬੱਧਤ ਹਨ।
ਸ. ਮਜੀਠੀਆ ਨੇ ਕਿਹਾ ਦੋਵੇਂ ਪਾਰਟੀਆਂ ਵਿਚਾਲੇ ਦੱਸੀ ਜਾ ਰਹੀ ਕਥਿਤ ਖਿੱਚੋਤਾਣ ਸਿਰਫ ਮੀਡੀਆ ਦੀ ਹੀ ਪੈਦਾਇਸ਼ ਹਨ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਆਗਾਮੀ ਮਿਊਂਸਪਲ ਚੋਣਾਂ ਰਲ ਕੇ ਲੜਨਗੀਆਂ। ਉਨ੍ਹਾਂ ਕਿਹਾ ਕਿ ਉਹ ਨਾ ਸਿਰਫ ਇਹ ਚੋਣਾਂ ਲੜਨਗੀਆਂ ਬਲਕਿ ਦੋਵੇਂ ਮਿਲ ਕੇ ਵੱਡੀ ਜਿੱਤ ਹਾਸਲ ਕਰਨਗੀਆਂ। ਉਨ੍ਹਾਂ ਕਿਹਾ, ''ਮੇਰੇ ਖਿਆਲ ਵਿੱਚ ਸਾਡੇ ਸਬੰਧਾਂ ਬਾਰੇ ਫਿਕਰ ਸਿਰਫ ਮੀਡੀਆ ਤੇ ਕਾਂਗਰਸ ਨੂੰ ਹੈ।''
ਸ. ਮਜੀਠੀਆ ਨੇ ਕਾਂਗਰਸ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਜੋ ਆਪਣੇ ਪੰਜ ਵੱਡੇ ਆਗੂਆਂ ਨੂੰ ਇਕੱਠਿਆਂ ਲੈ ਕੇ ਨਹੀਂ ਚੱਲ ਸਕਦੀ ਹੈ, ਦੂਜੇ ਪਾਸੇ ਅਕਾਲੀ-ਭਾਜਪਾ ਗਠਜੋੜ ਦੇ ਸਬੰਧਾਂ ਬਾਰੇ ਫਿਕਰ ਕਰ ਰਹੀ। ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ ਨਸੀਹਤ ਦਿੱਤੀ ਕਿ ਉਹ ਪਹਿਲਾਂ ਆਪਣੀ ਪਾਰਟੀ ਸੰਭਾਲ ਲੈਣ।
ਯੂਥ ਅਕਾਲੀ ਦਲ ਦੇ ਨਵੇਂ ਢਾਂਚੇ 'ਤੇ ਗੱਲ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪਾਰਟੀ ਨੂੰ ਹੇਠਲੇ ਪੱਧਰ 'ਤੇ ਹੋਰ ਮਜ਼ਬੂਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦੇ ਪੰਜ ਜ਼ੋਨਲ ਪ੍ਰਧਾਨ ਨਿਯੁਕਤ ਕੀਤੇ ਜਾਣਗੇ ਜਿਨ੍ਹਾਂ ਵਿੱਚੋਂ ਤਿੰਨ ਮਾਲਵਾ ਅਤੇ ਇਕ-ਇਕ ਦੋਆਬਾ ਤੇ ਮਾਝਾ ਖੇਤਰ ਲਈ ਹੋਣਗੇ। ਹਰ ਜ਼ੋਨ ਵਿੱਚ 21 ਤੋਂ 25 ਵਿਧਾਨ ਸਭਾ ਹਲਕੇ ਹੋਣਗੇ। ਉਨ੍ਹਾਂ ਕਿਹਾ ਕਿ ਪੰਜੇ ਜ਼ੋਨਲ ਪ੍ਰਧਾਨ ਸਿੰਜਾਈ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸ. ਸ਼ਰਨਜੀਤ ਸਿੰਘ ਢਿੱਲੋਂ ਨੂੰ ਰਿਪੋਰਟ ਕਰਨਗੇ।
ਸਕੂਲ ਦੇ ਖੇਡ ਸਮਾਗਮ ਦੌਰਾਨ ਵਿਦਿਆਰਥੀਆਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਜੇਕਰ ਦੇਸ਼ ਅਤੇ ਸੂਬੇ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਸਮਾਜਿਕ ਬੁਰਾਈਆਂ ਜਿਵੇਂ ਨਸ਼ੇ, ਦਾਜ, ਮਾਦਾ ਭਰੂਣ ਹੱਤਿਆ ਤੇ ਹੋਰ ਬੁਰਾਈਆਂ ਖਿਲਾਫ ਮਿਲ ਕੇ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਆਪਣੀਆਂ ਯਾਦਾਂ ਦੇ ਝਰੋਖੇ ਵਿੱਚੋਂ ਗੱਲ ਸਾਂਝੀ ਕਰਦਿਆਂ ਕਿਹਾ ਕਿ 15-20 ਸਾਲਾਂ ਦੇ ਵਕਫੇ ਬਾਅਦ ਉਹ ਸਕੂਲ ਦੇ ਕਿਸੇ ਖੇਡ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਸਕੂਲ ਦੇ ਖੇਡ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਉਨ੍ਹਾਂ ਬਾਬਾ ਬੁੱਲੇ ਸ਼ਾਹ, ਸ਼ਹੀਦ ਭਗਤ ਸਿੰਘ, ਮਾਰਟਿਨ ਲੂਥਰ ਕਿੰਗ, ਸਚਿਨ ਤੇਂਦੁਲਕਰ, ਮਾਈਕਲ ਜੋਰਡਨ ਜਿਹੀ ਹਸਤੀਆਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇਨ੍ਹਾਂ ਦੀਆਂ ਜੀਵਨੀਆਂ ਸਾਡੇ ਲਈ ਪ੍ਰੇਰਨਾ ਸ੍ਰੋਤ ਹਨ।
ਸ. ਮਜੀਠੀਆ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਮਜ਼ਬੂਤ ਦੇਸ਼ ਦੀ ਬੱਚੇ ਹੀ ਨੀਂਹ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਵਿਕਾਸ ਵਿੱਚ ਮਾਪਿਆਂ ਅਤੇ ਅਧਿਆਪਕਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਇਸ ਮੌਕੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸੰਤਾ ਸਿੰਘ ਊਮੇਦਪੁਰੀ, ਡਿਪਟੀ ਕਮਿਸ਼ਨਰ  ਰਜਤ ਅਗਰਵਾਲ, ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਜੀ.ਐਸ. ਢਿੱਲੋਂ, ਸਾਬਕਾ ਆਈ.ਏ.ਐਸ. ਅਧਿਕਾਰੀ ਡੀਐਸ ਬੈਂਸ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ