Mon, 14 October 2024
Your Visitor Number :-   7232454
SuhisaverSuhisaver Suhisaver

ਜੈਲਲਿਤਾ ਨੂੰ 4 ਸਾਲ ਦੀ ਕੈਦ, 100 ਕਰੋੜ ਰੁਪਏ ਜੁਰਮਾਨਾ

Posted on:- 28-09-2014

suhisaver

ਸਜ਼ਾ ਦੇ ਐਲਾਨ ਤੋਂ ਬਾਅਦ ਤਾਮਿਲਨਾਡੂ 'ਚ ਹਿੰਸਾ ਭੜਕੀ
ਬੰਗਲੁਰੂ :
ਬੰਗਲੁਰੂ ਦੀ ਵਿਸ਼ੇਸ਼ ਅਦਾਲਤ ਨੇ ਅੱਜ ਆਮਦਨ ਦੇ ਸਰੋਤਾਂ ਤੋਂ ਵਧ ਜਾਇਦਾਦ ਦੇ 18 ਸਾਲ ਪੁਰਾਣੇ ਮਾਮਲੇ 'ਚ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਦੋਸ਼ੀ ਕਰਾਰ ਦਿੰਦਿਆਂ 4 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ 100 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਫੈਸਲੇ ਦੇ ਨਾਲ ਹੀ ਹੁਣ ਜੈਲਲਿਤਾ ਦੀ ਮੁੱਖ ਮੰਤਰੀ ਦੀ ਕੁਰਸੀ ਵੀ ਚਲੀ ਗਈ।

ਸਜ਼ਾ ਤੋਂ ਬਾਅਦ ਜੈਲਲਿਤਾ ਨੂੰ ਅਦਾਲਤ ਤੋਂ ਸਿੱਧਾ ਬੰਗਲੁਰੂ ਦੀ ਪਾਰਾਪੰਨਾ ਅਗਰਹਾਰਾ ਜੇਲ੍ਹ ਲਿਜਾਇਆ ਗਿਆ। ਸਜ਼ਾ ਸੁਣਨ ਤੋਂ ਬਾਅਦ ਜੈਲਲਿਤਾ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ, ਜਿਸ ਦੇ ਚੱਲਦਿਆਂ ਜੇਲ੍ਹ ਦੇ ਹਸਪਤਾਲ ਵਿੱਚ ਉਨ੍ਹਾਂ ਦਾ ਚੈਕਅਪ ਕੀਤਾ ਗਿਆ। ਅਦਾਲਤ ਨੇ ਇਸ ਮਾਮਲੇ ਵਿੱਚ ਜੈਲਲਿਤਾ ਦੀ ਸਾਬਕਾ ਸਹਿਯੋਗੀ ਸ਼ਸ਼ੀ ਕਲਾ ਨਟਰਾਜਨ, ਉਨ੍ਹਾਂ ਦੀ ਰਿਸ਼ਤੇਦਾਰ ਇਲਾਵਰਾਸੀ ਅਤੇ ਉਨ੍ਹਾਂ ਦੇ ਗੋਦ ਲਏ ਪਰ ਬਾਅਦ ਵਿੱਚ ਬੇਦਖ਼ਲ ਕੀਤੇ ਗਏ  ਪੁੱਤਰ ਸੁਧਾਕਰਨ ਨੂੰ ਵੀ 4-4 ਸਾਲ ਦੀ ਕੈਦ ਅਤੇ 10-10 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।
ਸਜ਼ਾ ਹੋਣ ਤੋਂ ਬਾਅਦ ਹੁਣ ਜੈਲਲਿਤਾ ਨਾ ਸਿਰਫ਼ ਮੁੱਖ ਮੰਤਰੀ ਅਹੁਦੇ ਤੋਂ ਹੱਥ ਧੋ ਬੈਠੀ ਹੈ, ਸਗੋਂ ਅਗਲੇ 10 ਸਾਲ ਤੱਕ ਉਹ ਕੋਈ ਚੋਣ ਵੀ ਨਹੀਂ ਲੜ ਸਕੇਗੀ।
ਬੰਗਲੁਰੂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਹੀ ਜੈਲਲਿਤਾ ਅਤੇ ਉਨ੍ਹਾਂ ਦੇ 3 ਸਹਿਯੋਗੀਆਂ ਨੂੰ ਆਮਦਨ ਦੇ ਸਰੋਤਾਂ ਤੋਂ ਵਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ।
ਜੈਲਲਿਤਾ ਦੀ ਵਿਧਾਨ ਸਭਾ ਦੀ ਮੈਂਬਰੀ ਰੱਦ ਹੋ ਜਾਵੇਗੀ, ਉਹ ਹਾਈ ਕੋਰਟ ਵਿੱਚ ਅਪੀਲ ਕਰ ਸਕਦੇ ਹਨ, ਜੇਕਰ ਉਥੋਂ ਬਰੀ ਹੋ ਗਏ ਤਾਂ ਉਹ ਚੋਣ ਲੜ ਸਕਣਗੇ।
ਏਆਈਏਡੀਐਮਕੇ ਮੁਖੀ ਜੈਲਲਿਤਾ 'ਤੇ ਦੋਸ਼ ਸੀ ਕਿ ਸਾਲ 1991-96 ਦੇ ਦੌਰਾਨ ਬਤੌਰ ਮੁੱਖ ਮੰਤਰੀ ਉਨ੍ਹਾਂ ਨੇ ਆਮਦਨ ਦੇ ਸਰੋਤਾਂ ਤੋਂ ਵਧ 66.65 ਕਰੋੜ ਦੀ ਜਾਇਦਾਦ ਬਣਾਈ ਹੈ। ਜਦੋਂ ਉਹ ਮੁੱਖ ਮੰਤਰੀ ਸਨ ਤਾਂ ਬਤੌਰ ਤਨਖ਼ਾਹ ਇੱਕ ਰੁਪਏ ਲੈਂਦੇ ਸਨ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਜਾਇਦਾਦ ਤਿੰਨ ਕਰੋੜ ਰੁਪਏ ਦੱਸੀ ਸੀ, ਪਰ ਪੰਜ ਸਾਲ ਵਿੱਚ ਜੈਲਲਿਤਾ ਦੀ ਜਾਇਦਾਦ 66.65 ਕਰੋੜ ਰੁਪਏ ਹੋ ਗਈ। ਜੈਲਲਿਤਾ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।  
1996 ਵਿੱਚ ਜਦੋਂ ਜੈਲਲਿਤਾ ਦੇ ਘਰ ਛਾਪਾ ਮਾਰਿਆ ਗਿਆ ਸੀ ਤਾਂ 896 ਕਿਲੋ ਚਾਂਦੀ, 28 ਕਿਲੋ ਸੋਨਾ, 10 ਹਜ਼ਾਰ ਸਾੜੀਆਂ, 750 ਜੁੱਤੀਆਂ ਦੇ ਜੋੜੇ ਅਤੇ 91 ਘੜੀਆਂ ਬਰਾਮਦ ਹੋਈਆਂ ਸਨ। ਜੈਲਲਿਤਾ ਹੁਣ ਇਸ ਫੈਸਲੇ ਦੇ ਖਿਲਾਫ਼ ਹਾਈ ਕੋਰਟ ਵਿੱਚ ਅਪੀਲ ਕਰ ਸਕਦੀ ਹੈ, ਜੇਕਰ ਉਹ ਬਰੀ ਹੋ ਗਏ ਤਾਂ ਚੋਣ ਲੜ ਸਕਣਗੇ।
ਸਜ਼ਾ ਦਾ ਐਲਾਨ ਹੁੰਦਿਆਂ ਹੀ ਜੈਲਲਿਤਾ ਦੇ ਸਮਰਥਕ ਭੜਕ ਉੱਠੇ ਅਤੇ ਉਨ੍ਹਾਂ ਨੇ ਚੇਨਈ ਵਿੱਚ ਡੀਐਮਕੇ ਮੁਖੀ ਕਰੁਣਾਨਿਧੀ ਅਤੇ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਦੇ ਘਰਾਂ 'ਤੇ ਪਥਰਾਅ ਵੀ ਕੀਤਾ।
ਜੈਲਲਿਤਾ ਸਮਰਥਕਾਂ ਵੱਲੋਂ ਥਾਂ-ਥਾਂ ਰੋਸ ਪ੍ਰਦਰਸ਼ਨ ਕੀਤੇ ਗਏ। ਤਾਮਿਲਨਾਡੂ ਵਿਚ ਕਈ ਥਾਈਂ ਸਾੜ ਫੂਕ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। 2001 ਵਿੱਚ ਵੀ ਅਦਾਲਤ  ਨੇ ਉਨ੍ਹਾਂ ਨੂੰ ਕੋਡਇਕਨਾਲ ਵਿੱਚ ਪਲੇਜੈਂਟ ਹੋਟਲ ਨੂੰ ਨਿਯਮਾਂ ਦੇ ਵਿਰੁੱਧ ਭਵਨ ਨਿਰਮਾਣ ਦੀ ਮਨਜ਼ੂਰੀ ਦੇਣ ਦਾ ਦੋਸ਼ੀ ਪਾਇਆ ਸੀ। ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ। 21 ਸਤੰਬਰ 2001 ਨੂੰ ਜੈਲਲਿਤਾ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਪਨੀਰਸੇਲਵਮ ਨੂੰ ਜੈਲਲਿਤਾ ਨੇ ਆਪਣੀ ਥਾਂ ਮੁੱਖ ਮੰਤਰੀ ਬਣਾ ਦਿੱਤਾ ਸੀ। ਦੋਸ਼ ਖਾਰਜ ਹੋਣ ਤੋਂ ਬਾਅਦ ਜੈਲਲਿਤਾ 21 ਫਰਵਰੀ 2002 ਨੂੰ ਅੰਦੀਪਟੀ ਚੋਣ ਹਲਕੇ ਤੋਂ ਉਪ ਚੋਣ ਵਿੱਚ ਚੋਣ ਜਿੱਤੇ ਅਤੇ ਮਾਰਚ 2002 ਵਿੱਚ ਦੁਬਾਰਾ ਮੁੱਖ ਮੰਤਰੀ ਬਣੇ।

Comments

Kulvir Manguwal

Case Da fainsla bohut der baad or vadhia Hoya ... Apeal vala kam galat hai...

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ