Thu, 03 October 2024
Your Visitor Number :-   7228744
SuhisaverSuhisaver Suhisaver

ਰੋਕਾਂ ਦੇ ਬਾਵਜੂਦ ਬਾਦਲਾਂ ਦੀ ਰਿਹਾਇਸ਼ ਮੂਹਰੇ ਸੰਘਰਸ਼ ਨੂੰ ਅੰਜ਼ਾਮ ਦੇਣ 'ਚ ਕਾਂਗਰਸੀ ਹੋਏ ਸਫ਼ਲ

Posted on:- 20-10-2014

suhisaver

ਡੱਬਵਾਲੀ : ਪੰਜਾਬ ਦੀਆਂ ਮੰਡੀਆਂ 'ਚ ਕਿਸਾਨਾਂ ਦੀ ਖੱਜਲ-ਖੁਆਰੀ ਅਤੇ ਫ਼ਸਲਾਂ ਦੀ ਬਦਹਾਲੀ ਖਿਲਾਫ਼ ਕਾਂਗਰਸ ਪਾਰਟੀ ਦਾ ਸੰਘਰਸ਼ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਬਰੂਹਾਂ 'ਤੇ ਪੁੱਜ ਗਿਆ। ਪੰਜਾਬ ਪੁਲੀਸ ਦੀਆਂ ਲੱਖ ਰੋਕਾਂ ਅਤੇ ਸਖ਼ਤ ਨਾਕਾਬੰਦੀ ਦੇ ਬਾਵਜੂਦ ਅੱਜ ਪੰਜਾਬ ਕਾਂਗਰਸ ਦੇ ਕਿਸਾਨ-ਮਜ਼ਦੂਰ ਵਿੰਗ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜੀਰਾ ਆਪਣੇ ਸਾਥੀਆਂ ਸਮੇਤ ਪਿੰਡ ਬਾਦਲ ਪੁੱਜ ਕੇ ਮੁੱਖ ਮੰਤਰੀ ਦੀ ਨਿੱਜੀ ਰਿਹਾਇਸ਼ ਮੂਹਰੇ ਮਿੱਥੇ ਰੋਸ ਪ੍ਰਦਰਸ਼ਨ ਨੂੰ ਅੰਜਾਮ ਦੇਣ 'ਚ ਸਫ਼ਲ ਹੋ ਗਏ। 

ਪੁਲੀਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਹੋਏ 'ਗੁਰਿੱਲਾ ਸਟਾਈਲ' 'ਚ ਹੋਏ ਇਸ ਸੂਬਾ ਪੱਧਰੀ ਪ੍ਰਦਰਸ਼ਨ ਨੂੰ ਮਹਿਜ਼ 9 ਮਿੰਟ 'ਚ ਸਮੇਟ ਦਿੱਤਾ ਅਤੇ ਅਕਾਲੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਇੰਦਰਜੀਤ ਸਿੰਘ ਜੀਰਾ ਸਮੇਤ ਹੋਰਨਾਂ ਨੂੰ ਜ਼ਬਰੀ ਚੁੱਕ-ਚੁੱਕ ਕੇ ਗੱਡੀਆਂ 'ਚ ਲੱਦ ਕੇ ਲੰਬੀ ਥਾਣੇ ਲੈ ਗਈ।
ਇਸਤੋਂ ਪਹਿਲਾਂ ਅੱਜ ਸਵੇਰੇ ਜ਼ਿਲ੍ਹਾ ਪੁਲੀਸ ਨੇ ਲੰਬੀ ਵਿਖੇ ਕਿਸਾਨ-ਮਜ਼ਦੂਰ ਕਾਂਗਰਸ ਦੇ ਧਰਨੇ 'ਚ ਸ਼ਾਮਲ ਹੋਣ ਲਈ ਪੁੱਜੇ ਜ਼ਿਲ੍ਹਾ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ, ਸੀਨੀਅਰ ਕਾਂਗਰਸ ਆਗੂ ਰਣਧੀਰ ਸਿੰਘ 'ਧੀਰਾ ਖੁੱਡੀਆਂ', ਬਲਾਕ ਕਾਂਗਰਸ ਲੰਬੀ ਦੇ ਪ੍ਰਧਾਨ ਗੁਰਬਾਜ ਵਣਵਾਲਾ ਸਣੇ ਲੰਬੀ ਹਲਕੇ ਦੇ ਕਰੀਬ ਦੋ ਦਰਜਨਾਂ ਕਾਂਗਰਸੀਆਂ ਨੂੰ ਹਿਰਾਸਤ 'ਚ ਲੈ ਲਿਆ। ਜਾਣਕਾਰੀ ਅਨੁਸਾਰ ਸੂਬੇ ਭਰ ਦੀਆਂ ਮੰਡੀਆਂ ਵਿਚੋਂ ਜਿਨਸਾਂ ਦੀ ਚੁਕਵਾਈ ਨਾ ਹੋਣ ਦੇ ਖਿਲਾਫ਼ ਅੱਜ ਮੁੱਖ ਮੰਤਰੀ ਦੀ ਬਾਦਲ ਪਿੰਡ 'ਚ ਰਿਹਾਇਸ਼ ਮੂਹਰੇ ਕਿਸਾਨ-ਮਜ਼ਦੂਰ ਕਾਂਗਰਸ ਵਿੰਗ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ। ਇਸਤੋਂ ਪਹਿਲਾਂ ਧਰਨੇ ਸਬੰਧੀ ਲਈ ਲੰਬੀ ਵਿਖੇ ਕਾਂਗਰਸ ਦੇ ਚੋਣ ਦਫ਼ਤਰ ਵਾਲੀ ਇਮਾਰਤ ਦੇ ਮੂਹਰੇ ਲਈ ਟੈਂਟ ਲਗਾਇਆ ਗਿਆ ਸੀ। ਵੱਡੀ ਗਿਣਤੀ 'ਚ ਪੁਲੀਸ ਤੰਤਰ ਨੇ ਇਸ ਟੈਂਟ ਨੂੰ ਜ਼ਬਰੀ ਪੁਟਵਾ ਕੇ ਜਗ੍ਹਾ ਖਾਲੀ ਕਰਵਾ ਕਰਕੇ ਉਥੇ ਵੱਡੀ ਗਿਣਤੀ ਅਮਲੇ ਦਾ ਪੱਕਾ ਮੋਰਚਾ ਲਗਵਾ ਦਿੱਤਾ। ਇਸਦੇ ਇਲਾਵਾ ਖੇਤਰ ਵਿਚ ਜਗ੍ਹਾ-ਜਗ੍ਹਾ ਵੱਡੇ ਪੱਧਰ 'ਤੇ ਨਾਕੇਬੰਦੀ ਕਰਕੇ ਸੰਘਰਸ਼ ਲਈ ਕਾਂਗਰਸੀਆਂ ਨੂੰ ਪਿੰਡ ਬਾਦਲ 'ਚ ਪੁੱਜਣੋਂ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਸਨ। ਪਰੰਤੂ ਬਾਅਦ ਦੁਪਿਹਰ ਲਗਪਗ 12.38 ਵਜੇ ਇੰਦਰਜੀਤ ਸਿੰਘ ਜੀਰਾ ਸਮੁੱਚੇ ਪੁਲੀਸ ਪ੍ਰਬੰਧਾਂ ਨੂੰ ਫੇਲ੍ਹ ਕਰਕੇ 5-6 ਗੱਡੀਆਂ ਦੇ ਕਾਫ਼ਲੇ ਨਾਲ ਅਚਨਚੇਤ ਪਿੰਡ ਬਾਦਲ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੀ ਰਿਹਾਇਸ਼ ਮੂਹਰੇ ਪ੍ਰਗਟ ਹੋਏ। ਜਿਨ੍ਹਾਂ ਦੀ ਆਮਦ ਨੂੰ ਵੇਖ ਕੇ ਉਥੇ ਪਹਿਲਾਂ ਤੋਂ ਮੌਜੂਦ ਸੀਨੀਅਰ ਪੁਲੀਸ ਅਧਿਕਾਰੀਆਂ ਅਤੇ ਅਮਲੇ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਆਪਣੇ ਐਲਾਨ ਮੁਤਾਬਕ ਇੰਦਰਜੀਤ ਸਿੰਘ ਜੀਰਾ ਆਪਣੇ ਨੇੜਲੇ ਆਗੂ ਗੁਰਭਜਨ ਸਿੰਘ ਵਣਵਾਲਾ ਅਤੇ ਹੋਰਨਾਂ ਸਾਥੀਆਂ ਦੇ ਨਾਲ ­ਮੁੱਖ ਮੰਤਰੀ ਬਾਦਲ ਦੀ ਨਿੱਜੀ ਰਿਹਾਇਸ਼ ਮੂਹਰੇ ਲੰਬੀ-ਬਠਿੰਡਾ ਸੜਕ 'ਤੇ ਧਰਨਾ ਲਗਾ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਮੌਕੇ 'ਤੇ ਪਹਿਲਾਂ ਤੋਂ ਤਿਆਰ-ਬਰ-ਤਿਆਰ ਪੁਲੀਸ ਕਰਮਚਾਰੀਆਂ ਨੇ ਸ੍ਰੀ ਜੀਰਾ ਅਤੇ ਉਨ੍ਹਾਂ ਦੇ ਨਾਲ ਬੈਠੇ 27-28 ਵਰਕਰਾਂ ਅਤੇ ਆਗੂਆਂ ਨੂੰ ਜ਼ਬਰੀ ਧੂਹ-ਧੂਹ ਕੇ ਚੁੱਕਣਾ ਸ਼ੁਰੂ ਦਿੱਤਾ। ਇਸ ਦੌਰਾਨ ਪੁਲੀਸ ਨੇ ਕਈ ਵਾਰ ਸਮਝਾ ਕੇ ਅਤੇ ਖਿੱਚ-ਧੂਹ ਕੇ ਇੰਦਰਜੀਤ ਸਿੰਘ ਜੀਰਾ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਧਰਨਾ ਲਾ ਕੇ ਬੈਠਣ ਲਈ ਬਜਿੱਦ ਰਹੇ। ਕੁਝ ਪਲਾਂ ਬਾਅਦ ਥਾਈਂ ਬੈਠੇ-ਬੈਠੇ ਜਦੋਂ ਜੀਰਾ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ''ਮੰਡੀਆਂ 'ਚ ਕਿਸਾਨਾਂ ਦੀ ਖੱਜਲ-ਖੁਆਰੀ ਦੇ ਮਾਮਲੇ ਨੂੰ ਲੈ ਕੇ ਉਹ ਪਹਿਲਾਂ 29 ਸਤੰਬਰ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਮਿਲੇ ਸੀ ਅਤੇ ਫਿਰ 3 ਅਕਤੂਬਰ ਨੂੰ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਸੀ।'' ਅਜੇ ਜੀਰਾ ਆਪਣੀ ਗੱਲ ਪੱਤਰਕਾਰਾਂ ਨੂੰ ਗੱਲ ਆਖ ਹੀ ਰਹੇ ਸਨ ਕਿ ਐਸ.ਪੀ. (ਡੀ.) ਗੁਰਿੰਦਰਜੀਤ ਸਿੰਘ ਦੇ ਨਿਰਦੇਸ਼ਾਂ 'ਤੇ ਪੁਲੀਸ ਅਮਲੇ ਨੇ ਸ੍ਰੀ ਜੀਰਾ ਨੂੰ ਜ਼ਬਰੀ ਲੱਤਾਂ-ਬਾਹਾਂ ਤੋਂ ਚੁੱਕਿਆ ਅਤੇ ਪੁਲੀਸ ਗੱਡੀ 'ਚ ਲੱਦ ਕੇ ਲੰਬੀ ਥਾਣੇ ਲੈ ਗਏ। ਇਸ ਦੌਰਾਨ ਹੋਰਨਾਂ ਕਾਂਗਰਸੀ ਵਰਕਰਾਂ ਦੀ ਪੁਲੀਸ ਵੱਲੋਂ ਕਾਫ਼ੀ ਖਿੱਚ-ਧੂਹ ਹੋਈ। ਜਦੋਂ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੋਂ ਕਾਂਗਰਸੀਆਂ ਦੀ ਇੱਕ ਗੱਡੀ ਪੁਲੀਸ ਨੂੰ ਚਕਮਾ ਦੇ ਕੇ ਨਿਕਲ ਗਈ। ਗ੍ਰਿਫ਼ਤਾਰੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਅੱਜ ਸੂਬੇ ਦੀ ਰੀਢ ਦੀ ਹੱਡੀ ਕਿਸਾਨ ਵਰਗ ਦੀ ਖੱਜਲ-ਖੁਆਰੀ ਖਿਲਾਫ਼ ਸੰਘਰਸ਼ ਨੂੰ ਦਬਾ ਕੇ ਅਕਾਲੀ ਸਰਕਾਰ ਨੇ ਆਪਣੀ ਕਿਸਾਨ ਵਿਰੋਧੀ ਸੋਚ ਨੂੰ ਪ੍ਰਤੱਖ ਤੌਰ 'ਤੇ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਲੋਕ ਹਿੱਤਾਂ 'ਚ ਅਵਾਜ਼ ਉਠਾਈ ਹੈ ਅਤੇ ਸ਼ਾਂਤਮਈ ਅਤੇ ਲੋਕਪੱਖੀ ਸੰਘਰਸ਼ਾਂ ਨੂੰ ਦਬਾ ਕੇ ਅਕਾਲੀ ਸਰਕਾਰ ਆਪਣੇ ਕਫ਼ਨ 'ਚ ਅਖੀਰਲੇ ਕਿੱਲਾਂ ਠੋਕ ਰਹੀ ਹੈ। ਬਾਅਦ 'ਚ ਪਿੰਡ ਖਿਉਵਾਲੀ ਵਿਖੇ ਖੜਕਾ ਚੌਂਕ 'ਤੇ ਬਾਦਲ ਪਿੰਡ ਨੂੰ ਸੰਘਰਸ਼ ਲਈ ਜਾਂਦੇ ਬਰਨਾਲ ਜ਼ਿਲ੍ਹੇ ਦੇ ਦਰਜਨ ਭਰ ਕਾਂਗਰਸ ਆਗੂਆਂ ਨੂੰ ਹਿਰਾਸਤ 'ਚ ਲੈ ਕੇ ਕਿੱਲਿਆਂਵਾਲੀ ਚੌਕੀ ਭੇਜ ਦਿੱਤਾ। ਦੂਜੇ ਪਾਸੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਸੰਪਰਕ ਕਰਨ 'ਤੇ ਆਖਿਆ ਕਿ ਇਸ ਮਾਮਲੇ 'ਚ 100 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ