Mon, 09 September 2024
Your Visitor Number :-   7220050
SuhisaverSuhisaver Suhisaver

ਪੰਜਾਬ ਸਰਕਾਰ ਵੱਲੋਂ ਸ਼ਹਿਰੀ ਸਿਹਤ ਮਿਸ਼ਨ ਲਾਗੂ ਕਰਨ ਦੀ ਪ੍ਰਵਾਨਗੀ

Posted on:- 09-11-2014

ਚੰਡੀਗੜ੍ਹ : ਸੂਬੇ  ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜ ਦੇ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਗਰੀਬ ਅਤੇ ਹੋਰ ਅਣਸੁਰੱਖਿਅਤ ਵਰਗਾਂ ਦੇ ਲੋਕਾਂ ਲਈ ਸ਼ਹਿਰੀ ਸਿਹਤ ਮਿਸ਼ਨ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। 

ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੇ ਤਹਿਤ ਸਲੱਮ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਖਾਸ ਕਰਕੇ ਰਿਕਸ਼ਾ ਚਾਲਕਾਂ, ਭਿਖਾਰੀਆਂ, ਰੇਲਵੇ ਅਤੇ ਬੱਸ ਸਟੇਸ਼ਨਾਂ 'ਤੇ ਭਾਰ ਢੋਣ ਵਾਲੇ ਕੁਲੀਆਂ, ਬੇਘਰ ਲੋਕਾਂ ਅਤੇ ਬੇਆਸਰਾ ਬੱਚਿਆਂ, ਉਸਾਰੀ ਕਾਰਜਾਂ 'ਚ ਲੱਗੇ ਮਜ਼ਦੂਰਾਂ ਆਦਿ ਨੂੰ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਜ ਦੇ ਸਿਹਤ ਕੇਂਦਰਾਂ 'ਚ ਉਪਲਬਧ ਢਾਂਚੇ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ।
ਸ਼੍ਰੀ ਜਿਆਣੀ ਨੇ ਕਿਹਾ ਕਿ ਪੰਜਾਬ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਪੰਜਾਬ ਵੱਲੋਂ ਪੇਂਡੂ ਸਿਹਤ ਮਿਸ਼ਨ ਦੀ ਤਰਜ਼ 'ਤੇ ਸ਼ਹਿਰੀ ਸਿਹਤ ਮਿਸ਼ਨ ਦੀ ਸਥਾਪਨਾ ਦੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰੀ ਸਿਹਤ ਮਿਸ਼ਨ ਦੇ ਤਹਿਤ ਅਜਿਹੇ 40 ਸ਼ਹਿਰਾਂ ਦੀ ਪਛਾਣ ਕੀਤੀ ਗਈ ਹੈ ਜਿਥੇ 155 ਮੁਢਲੇ ਸਿਹਤ ਕੇਂਦਰਾਂ ਵਿੱਚ ਓ.ਪੀ.ਡੀ. ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ਅਤੇ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਕ੍ਰਮਵਾਰ ਛੇ, ਚਾਰ ਅਤੇ ਤਿੰਨ ਕਮਿਊਨਿਟੀ ਸਿਹਤ ਕੇਂਦਰਾਂ ਦੀ ਸਥਾਪਨਾ ਕੀਤੀ ਜਾਵੇਗੀ। ਇਹ ਕੇਂਦਰ ਆਧੁਨਿਕ ਮਸ਼ੀਨਰੀ, ਓ.ਪੀ.ਡੀ ਨਾਲ ਡਾਇਗਨੋਸਟਿਕ ਯੂਨਿਟ ਅਤੇ ਮਰੀਜ਼ਾਂ ਲਈ ਇਨਡੋਰ ਸੁਵਿਧਾਵਾਂ ਨਾਲ ਲੈਸ ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ਨਵੇਂ ਸਥਾਪਤ ਕੀਤੇ ਜਾਣ ਵਾਲੇ ਸਿਹਤ ਸੰਭਾਲ ਕੇਂਦਰਾਂ ਵਿੱਚ ਨਿਰਵਿਘਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 769 ਪੈਰਾਮੈਡੀਕਲ ਸਟਾਫ਼ ਦੀ ਵੀ ਭਰਤੀ ਕੀਤੀ ਜਾਵੇਗੀ। ਇਹ ਸ਼ਹਿਰੀ ਮੁਢਲੇ ਸਿਹਤ ਕੇਂਦਰ ਗਰਮੀਆਂ ਵਿੱਚ ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਅਤੇ ਸਰਦੀਆਂ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੇ।
ਸਿਹਤ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਿਸ਼ਨ ਤਹਿਤ ਜਿਹੜੇ 40 ਸ਼ਹਿਰਾਂ ਦੀ ਪਛਾਣ ਕੀਤੀ ਗਈ ਹੈ ਉਥੇ ਸ਼ੁਰੂਆਤੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਸ਼ੁਰੂਆਤੀ ਵਰ੍ਹੇ ਵਿੱਚ 93 ਸ਼ਹਿਰੀ ਮੁਢਲੇ ਸਿਹਤ ਕੇਂਦਰਾਂ ਦੀ ਸਥਾਪਨਾ ਕੀਤੀ ਜਾਵੇਗੀ ਅਤੇ 126 ਡਾਕਟਰ ਜਿਨ੍ਹਾਂ 'ਚ 33 ਪੂਰਨਕਾਲੀ ਅਤੇ 93 ਪਾਰਟ ਟਾਈਮ ਡਾਕਟਰ, 186 ਸਟਾਫ ਨਰਸਾਂ, 33 ਫਾਰਮਾਸਿਸਟ, 93 ਲੈਬ ਟੈਕਨੀਸ਼ੀਅਨ ਅਤੇ 340 ਏ.ਐਨ.ਐਮਜ਼ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਰਜਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਸਮੁੱਚੇ ਸਟਾਫ਼ ਦੇ ਤਾਇਨਾਤੀ ਹੁਕਮ ਇੱਕ ਮਹੀਨੇ ਅੰਦਰ ਜਾਰੀ ਕਰ ਦਿੱਤੇ ਜਾਣਗੇ।
ਸਰਕਾਰ ਵੱਲੋਂ ਸਲੱਮ ਖੇਤਰਾਂ ਦੇ ਨਿਵਾਸੀਆਂ ਨੂੰ ਲੋੜੀਂਦੀਆਂ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਉਂਦਿਆਂ ਸ਼੍ਰੀ ਜਿਆਣੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਸਿਹਤ ਅਤੇ ਸਿਹਤ ਵਿਗਿਆਨ ਬਾਰੇ ਜਾਗਰੂਕ ਕਰਨ ਲਈ 2394 ਆਸ਼ਾ ਵਰਕਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਛਾਣੇ ਗਏ ਸਲੱਮ ਖੇਤਰਾਂ ਵਿੱਚ ਕੁਲ 8974 ਮਹਿਲਾ ਅਰੋਗਿਆ ਸਮਿਤੀਆਂ ਦਾ ਗਠਨ ਵੀ ਕੀਤਾ ਜਾਵੇਗਾ। ਸਲੱਮ ਖੇਤਰਾਂ ਵਿੱਚ ਮਾਸਿਕ ਸਿਹਤ ਕੈਂਪਾਂ ਦਾ ਆਯੋਜਨ ਵੀ ਕੀਤਾ ਜਾਵੇਗਾ ਤਾਂ ਜੋ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਝੁੱਗੀਆਂ ਝੌਂਪੜੀਆਂ ਦੇ ਨਿਵਾਸੀਆਂ ਦੇ ਲੋੜੀਂਦੇ ਮੈਡੀਕਲ ਟੈਸਟਾਂ ਦੀ ਪ੍ਰਕਿਰਿਆ ਵੀ ਯਕੀਨੀ ਬਣਾਈ ਜਾ ਸਕੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ