Mon, 09 September 2024
Your Visitor Number :-   7220133
SuhisaverSuhisaver Suhisaver

ਹਰਿਆਣਾ : ਚੋਣ ਪ੍ਰਚਾਰ ਦੇ ਬਹਾਨੇ ਸਿੱਧੂ ਵੱਲੋਂ ਅਕਾਲੀਆਂ 'ਤੇ ਤਿੱਖ਼ੇ ਹਮਲੇ

Posted on:- 08-10-2014

suhisaver

ਡੱਬਵਾਲੀ : ਅੰਮ੍ਰਿਤਸਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਦੀ ਭਾਈਵਾਲੀ ਦੇ ਭਾਂਡੇ 'ਚ ਦਰਾੜਾਂ ਨੂੰ ਖੁੱਲ੍ਹੇਆਮ ਜੱਗਜਾਹਰ ਕਰਕੇ ਅਕਾਲੀ-ਭਾਜਪਾ ਗੱਠਜੋੜ ਵਿਚਕਾਰਲੀ ਖਿੱਚੋਤਾਣ 'ਤੇ 'ਪੱਕੀ ਮੁਹਰ' ਲਗਾ ਦਿੱਤੀ। ਸਿੱਧੂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਹੁਣ ਸਿਰਫ਼ ਭਾਂਡਾ ਫੁੱਟਣਾ ਬਾਕੀ ਹੈ।

ਅੱਜ ਇੱਥੇ ਦਾਣਾ ਮੰਡੀ 'ਚ ਭਾਜਪਾ ਉਮੀਦਵਾਰ ਦੇਵ ਕੁਮਾਰ ਸ਼ਰਮਾ ਦੇ ਹੱਕ 'ਚ ਜਨ ਅਧਿਕਾਰ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਭਾਜਪਾ ਦੇ ਤੇਜ਼-ਤਰਾਰ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਆਪਣੇ ਰਵਾਇਤੀ ਸ਼ਾਇਰਾਨਾ ਅੰਦਾਜ਼ ਅਤੇ ਸਿੱਝੇ ਧੁੱਖਦੇ ਸ਼ਬਦਾਂ ਰਾਹੀਂ ਵਗੈਰ ਨਾਂਅ ਲਏ ਹਰਿਆਣੇ 'ਚ ਅਕਾਲੀ ਦਲ-ਇਨੈਲੋ ਗੱਠਜੋੜ ਅਤੇ ਕਾਂਗਰਸ ਦੀ ਸਿੱਧੇ ਤੌਰ 'ਤੇ ਤਿੱਖੀ ਸਿਆਸੀ ਧੂਹ-ਘੜੀਸ ਕਰਨ 'ਚ ਕੋਈ ਕਸਰ ਨਹੀਂ ਬਾਕੀ ਛੱਡੀ। ਪੰਜਾਬ 'ਚ ਸਾਲੇ-ਜੀਜੇ ਦੀ ਸਿਆਸੀ ਸਿਤਮ-ਜਰੀਫ਼ੀ ਦੇ ਸ਼ਿਕਾਰ ਰਹੇ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪੰਜਾਬ 'ਚ ਸਾਡੇ (ਭਾਜਪਾ) ਨਾਲ ਜੱਫ਼ੀਆਂ ਅਤੇ ਹਰਿਆਣੇ 'ਚ ਕੁਸ਼ਤੀ-ਕਬੱਡੀ। ਉਨ੍ਹਾਂ ਕਿਹਾ ਵਾਜਪਈ ਸਾਬ੍ਹ ਦੀ ਕ੍ਰਿਪਾ ਕਰਕੇ ਸੱਤਾ 'ਚ ਪੱਕੇ ਹੋਏ ਲੋਕ ਹੁਣ ਸਾਡੇ (ਭਾਜਪਾ) ਦੀ ਪਿੱਠ 'ਚ ਛੁਰੀ ਮਾਰ ਕੇ ਆਪਣੀਆਂ ਯਾਰੀਆਂ ਪੁਗਾਉਂਦੇ ਫਿਰਦੇ ਹਨ। ਉਨ੍ਹਾਂ ਆਖਿਆ ਕਿ ''ਇਨ੍ਹਾਂ 'ਤੇ ਵਿਸ਼ਵਾਸ ਨਾ ਕਰਿਓ, ਮੈਂ ਇਨ੍ਹਾਂ ਨੂੰ ਜਿਤਾਉਣ ਲਈ 3-3 ਸੌ ਰੈਲੀਆਂ-ਜਲਸੇ ਕੀਤੇ, ਪਰ ਬਾਅਦ 'ਚ ਗੁਣ-ਅਹਿਸਾਨਾਂ ਤੋਂ ਕੋਹਾਂ ਦੂਰ ਇਹ ਲੋਕ ਬਾਅਦ 'ਚ ਅੰਮ੍ਰਿਤਸਰ 'ਚ ਮੇਰੀ ਮਾਲ ਰੋਡ, 6 ਨੰਬਰ ਰਿਹਾਹਿਸ਼ 'ਚ ਆਮਦ ਰੱਖਦੇ ਜਿੱਤੇ ਕੌਂਸਲਰਾਂ ਨੂੰ ਅਫਸਰਾਂ ਤੋਂ ਵੀ ਹਾਰਿਆ ਘੋਸ਼ਿਤ ਕਰਵਾਉਣ ਲੱਗੇ ਸਨ।
ਨਵਜੋਤ ਸਿੰਘ ਸਿੱਧੂ ਨੇ ਤਿੱਖੇ ਅਤੇ ਜਲਵਿਆਂ ਭਰੇ ਲਹਿਜੇ 'ਚ ਆਖਿਆ ਕਿ ਸੱਤਾ ਦੇ ਨਸ਼ੇ 'ਚ ਵੱਡੇ-ਵੱਡੇ ਅਫਸਰਾਂ ਅਤੇ  ਮੰਤਰੀ-ਵਿਧਾਇਕਾਂ ਨਾਲ ਖੁੱਲ੍ਹੇਆਮ ਕੁੱਤੇਖਾਣੀ ਕਰਨ ਵਾਲੇ ਲੋਕਾਂ ਨੇ ਸਿਆਸਤ ਨੂੰ ਪੂਰੀ ਤਰ੍ਹਾਂ ਧੰਦਾ ਅਤੇ ਲੋਕਤੰਤਰ ਨੂੰ ਡੰਡਾ ਤੰਤਰ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਹਿਟਲਰ ਅਤੇ ਮੁਸੋਲਿਨੀ ਦੇ ਸਮਤੁੱਲ ਦੱਸਦਿਆਂ ਆਖਿਆ ਕਿ ਕਿਧਰੇ ਮਿੱਠੇ ਭੁਲੇਖਿਆਂ 'ਚ ਨਾ ਆ ਜਾਇਓ, ਇਹ ਤੁਹਾਨੂੰ ਗੁੜ ਖੁਆ-ਖੁਆ ਕੇ ਮਾਰਨਗੇ।
ਉਨ੍ਹਾਂ ਭੁਪਿੰਦਰ ਸਿੰਘ ਹੁੱਡਾ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਆਖਿਆ ਕਿ ਹਰਿਆਣੇ 'ਚ ਸੀ.ਐਲ.ਯੂ. ਦੇ ਧੰਦਾ ਖੂਬ ਚੱਲਿਆ  ਤੇ ਸਰਕਾਰ 'ਚ ਬੈਠੇ ਲੋਕਾਂ ਨੇ ਵਿਕਾਸ ਦੇ ਨਾਂਅ 'ਤੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਰੋੜਾਂ 'ਚ ­­ਵੇਚ ਨੇ ਮੋਟਾ ਮਾਲ ਛਕਿਆ। ਉਨ੍ਹਾਂ ਹਰਿਆਣਾ 'ਚ ਨੌਜਵਾਨੀ ਨੂੰ ਨੌਕਰੀ ਤੋਂ ਵਾਂਝਾ ਰੱਖਣ ਦੇ ਦੋਸ਼ ਲਾਉਂਦਿਆਂ ਹੁੱਡਾ ਸਰਕਾਰ ਨੌਜਵਾਨ ਲਈ ਰੁਜ਼ਗਾਰ ਦੇ ਵਸੀਲੇ ਕਾਇਮ ਕਰਨ 'ਚ ਫੇਲ੍ਹ ਸਾਬਤ ਹੋਈ।
ਉਨ੍ਹਾਂ ਆਖਿਆ ਕਿ ਹਰਿਆਣੇ ਦੇ ਸੁਚੱਜੇ ਵਿਕਾਸ ਅਤੇ ਭ੍ਰਿਸ਼ਟਾਚਾਰ ਅਤੇ ਭੈਅ ਤੋਂ ਮੁਕਤ ਮਾਹੌਲ ਸਿਰਜਣ ਲਈ ਭਾਜਪਾ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਤਰੱਕੀ ਦੀਆਂ ਲੀਹਾਂ 'ਤੇ ਪੈ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣੇ 'ਚ ਭਾਜਪਾ ਸਰਕਾਰ ਆਉਣ 'ਤੇ ਇੱਕ ਰੁਪਏ ਕਿਲੋ ਚੌਲ ਅਤੇ ਬਜ਼ੁਰਗਾਂ ਨੂੰ 2 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤੁਸੀਂ ਇੱਕ ਵਾਰ ਮੌਕੇ ਦਿਓ, ਭਾਜਪਾ 5 ਸਾਲਾਂ 'ਚ ਕਾਂਗਰਸ ਦੇ 50 ਸਾਲਾਂ ਤੋਂ ਵੱਧ ਵਿਕਾਸ ਕਰਵਾ ਕੇ ਵਿਖਾਏਗੀ।  ਉਨ੍ਹਾਂ ਭਾਜਪਾ ਉਮੀਦਵਾਰ ਦੇਵ ਕੁਮਾਰ ਸ਼ਰਮਾ ਨੂੰ ਕਲਾਵੇ 'ਚ ਲੈਂਦਿਆਂ ਡੱਬਵਾਲੀ ਹਲਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਦੇਵ ਕੁਮਾਰ ਇੱਕ ਸੁਤੰਤਰਤਾ ਸੇਨਾਨੀ ਅਤੇ ਦੇਸ਼ ਭਗਤ ਪਰਿਵਾਰ ਦਾ ਪੁੱਤਰ ਹੈ। ਰੈਲੀ 'ਚ ਮੌਜੂਦ ਹਜ਼ਾਰਾਂ ਲੋਕਾਂ ਦਾ ਇਕੱਠ ਹਰਿਆਣੇ 'ਚ ਭਾਜਪਾ ਦੀ ਸਰਕਾਰ ਆਉਣ  ਦਾ ਸਬੂਤ ਹੈ। ਉਨ੍ਹਾਂ ਆਖਿਆ ਕਿ ਤੁਸੀਂ ਮੇਰੇ ਮਿੱਤਰ ਦੇਵ ਕੁਮਾਰ ਕੇ ਜਿਤਾ ਕੇ ਭੰਗੜੇ ਪੁਆ ਦਿਓ।
ਇਸ ਮੌਕੇ ਸਾਬਕਾ ਮੰਤਰੀ ਗਣੇਸ਼ੀ ਲਾਲ, ਭਾਜਪਾ ਉਮੀਦਵਾਰ ਦੇਵ ਕੁਮਾਰ ਸ਼ਰਮਾ, ਸਤੀਸ਼ ਕਾਲਾ, ਮਨੋਜ ਸ਼ਰਮਾ ਸਮੇਤ ਹੋਰਨਾਂ ਨੇ ਫੁੱਲ੍ਹਾਂ ਦੇ ਵਿਸ਼ਾਲ ਹਾਰ ਨਾਲ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕੀਤਾ। ਇਸ ਮੌਕੇ ਦੇਵ ਕੁਮਾਰ ਸ਼ਰਮਾ ਨੇ ਡੱਬਵਾਲੀ ਹਲਕੇ ਦੇ ਬਹੁਪੱਖੀ ਵਿਕਾਸ ਲਈ ਉਨ੍ਹਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸਦੇ ਇਲਾਵਾ ਸਾਬਕਾ ਮੰਤਰੀ ਗਣੇਸ਼ੀ ਲਾਲ, ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਹਰਦੀਪਇੰਦਰ ਸਿੰਘ ਬਾਦਲ, ਮਲਕੀਤ ਸਿੰਘ ਗੰਗਾ, ਰਾਮ ਲਾਲ ਬਾਗੜੀ, ਜ਼ਿਲ੍ਹਾ ਪ੍ਰਧਾਨ ਅਮੀਰ ਚੰਦ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।
ਰੈਲੀ ਵਿਚ ਨਵਜੋਤ ਸਿੰਘ ਸਿੱਧੂ ਲਗਪਗ 25 ਮਿੰਟ ਦੇ ਭਾਸ਼ਨ ਦੌਰਾਨ ਵੱਖ-ਵੱਖ ਤੁੱਕਾਂ, ਕਹਾਣੀਆਂ ਅਤੇ ਕਿੱਸਿਆਂ ਰਾਹੀਂ ਅਜਿਹ ਮਾਹੌਲ ਸਿਰਜਿਆ ਕਿ ਰੈਲੀ 'ਚ ਮੌਜੂਦ ਠਾਠਾਂ ਮਾਰਦਾ ਇਕੱਠ ਪੂਰੀ ਤਰ੍ਹਾਂ ਕੀਲਿਆ ਰਿਹਾ ਅਤੇ ਲੋਕ ਤਾੜੀਆਂ ਮਾਰ ਕੇ ਸਿੱਧੂ ਦੇ ਸ਼ਬਦਾਂ ਦੀ ਹੌਂਸਲਾ ਅਫਜਾਈ ਕਰਦੇ ਰਹੇ। ਨਵਜੋਤ ਸਿੰਘ ਸਿੱਧੂ ਦੇ ਭਾਸ਼ਨ ਨੂੰ ਸੁਣਨ ਲਈ ਲੰਬੀ ਹਲਕੇ 'ਚੋਂ ਅਕਾਲੀ ਦਲ ਦੇ ਕਈ ਵਰਕਰ ਅਤੇ ਆਗੂ ਵੀ ਪੁੱਜੇ ਹੋਏ ਸਨ। ਜਿਹੜੇ ਬਾਅਦ 'ਚ ਨਵਜੋਤ ਸਿੱਧੂ ਦੀ ਖੁੱਲ੍ਹਦਿਲੀ ਨਾਲ ਤਾਰੀਫ਼ ਵੇਖੇ ਗਏ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ