Fri, 06 December 2024
Your Visitor Number :-   7277555
SuhisaverSuhisaver Suhisaver

ਹਰਿਆਣਾ : ਚੋਣ ਅਮਲ ਅਕਾਲੀ-ਭਾਜਪਾ ਗੱਠਜੋੜ ਲਈ ਭੜਾਕਾਪਾਊ ਹਾਲਤ ਪੈਦਾ ਕਰਦਾ ਜਾਪਦੈ

Posted on:- 09-10-2014

ਬੀ ਐਸ ਭੁੱਲਰ/ਬਠਿੰਡਾ : ਮੌਜੂਦਾ ਲੋਕ ਸਭਾ ਦੀ ਚੋਣ ਦੌਰਾਨ ਅੰਮ੍ਰਿਤਸਰ ਦੇ ਹਲਕੇ ਤੋਂ ਅਰੁਣ ਜੇਤਲੀ ਨੂੰ ਹੋਈ ਲੱਕ ਤੋੜਵੀਂ ਹਾਰ ਨਾਲ ਅਕਾਲੀ-ਭਾਜਪਾ ਦਰਮਿਆਨ ਜੋ ਖਟਾਸ ਪੈਦਾ ਹੋਈ ਸੀ, ਹਰਿਆਣਾ ਦਾ ਚੋਣ ਅਮਲ ਖਤਮ ਹੋਣ ਉਪਰੰਤ ਉਹ ਦੋਵਾਂ ਪਾਰਟੀਆਂ ਦੇ ਪੰਜਾਬ ਵਿਚਲੇ ਗੱਠਜੋੜ ਲਈ ਭੜਾਕਾਪਾਊ ਹਾਲਾਤ ਪੈਦਾ ਕਰਦੀ ਜਾਪਦੀ ਹੈ।

ਬਿਨ੍ਹਾਂ ਸੱਕ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਦੇ ਸਿਆਸੀ ਖੇਤਰ ਦਾ ਇੱਕ ਅਜਿਹਾ ਘਾਗ ਹੋਣ ਦਾ ਮਾਣ ਪ੍ਰਾਪਤ ਹੈ, ਲੰਬੇ ਅਰਸੇ ਤੋਂ ਵੱਡੇ-ਵੱਡੇ ਰਾਜਸੀ ਭਲਵਾਨਾਂ ਨੂੰ ਪਲ ਭਰ ਵਿੱਚ ਚਿੱਤ ਕਰਦੇ ਆ ਰਹੇ ਸਨ। ਉਹ ਭਲਵਾਨ ਅਕਾਲੀ ਪਾਰਟੀ ਅੰਦਰਲੇ ਰਕੀਬ ਹੋਣ ਜਾਂ ਦੂਜੀਆਂ ਧਿਰਾਂ ਨਾਲ ਸਬੰਧਤ ਆਗੂ, ਸ੍ਰ. ਬਾਦਲ ਦੀ ਇਸ ਕਰਾਮਾਤ ਦਾ ਸਿੱਕਾ ਮੰਨਦੇ ਆ ਰਹੇ ਹਨ। ਇਹ ਵੀ ਇਸੇ ਕ੍ਰਿਸ਼ਮੇ ਦਾ ਹੀ ਨਤੀਜਾ ਹੈ, ਕਿ ਨਹਿਰੂ ਗਾਂਧੀ ਖਾਨਦਾਨ ਨਾਲ ਦੁਸ਼ਮਣਾਂ ਵਰਗੇ ਸਬੰਧ ਹੋਣ ਦੇ ਬਾਵਜੂਦ ਸ੍ਰ. ਬਾਦਲ ਉਸ ਮਨਮੋਹਨ ਸਿੰਘ ਤੋਂ ਮੂੰਹੋਂ ਮੰਗੀ ਆਰਥਿਕ ਮੱਦਦ ਹਾਸਲ ਕਰ ਲੈਂਦੇ ਸਨ, ਪ੍ਰਧਾਨ ਮੰਤਰੀ ਵਾਲੀ ਕੁਰਸੀ 'ਤੇ ਖ਼ਦ ਜਿਸ ਨੂੰ ਸੋਨੀਆ ਗਾਂਧੀ ਨੇ ਬਿਠਾਇਆ ਸੀ।
ਪੰਜਾਬ ਵਾਲੇ ਭਾਜਪਾਈਆਂ ਨਾਲ ਹਾਲਾਂਕਿ ਇੱਥੋਂ ਦੇ ਜਥੇਦਾਰ ਪ੍ਰਵਾਸੀ ਮਰਦੂਰਾਂ ਵਰਗਾ ਵਰਤਾਅ ਕਰਦੇ ਆ ਰਹੇ ਹਨ, ਪਰ ਇਹ ਬਾਦਲ ਸਾਹਿਬ ਦੀ ਆਧੁਨਿਕ ਚਾਣਕੀਆ ਨੀਤੀ ਹੀ ਸੀ ਕਿ ਅਟੱਲ ਬਿਹਾਰੀ ਵਾਜਪਾਈ ਤੋਂ ਲੈ ਕੇ ਰਾਜਨਾਥ ਸਿੰਘ ਤੱਕ ਦੇ ਉਹ ਹਰ ਭਾਜਪਾ ਪ੍ਰਧਾਨ ਦੇ ਸਿਰ ਦਾ ਤਾਜ ਬਣਨ ਦਾ ਮਾਣ ਪ੍ਰਾਪਤ ਕਰਦੇ ਰਹੇ ਹਨ। ਭਾਜਪਾ ਦੀ ਕੌਮੀ ਲੀਡਰਸ਼ੀਪ ਤੇ ਬਾਦਲ ਹੋਰਾਂ ਦੇ ਪ੍ਰਭਾਵ ਦਾ ਹੀ ਇਹ ਨਤੀਜਾ ਸੀ, ਕਿ ਸੂਬੇ ਦੇ ਸਭ ਤੋਂ ਸਿਰਕੱਢ ਸਿੱਖ ਆਗੂ ਨੂੰ ਸਿਆਸੀ ਬਣਵਾਸ ਵਿੱਚ ਧੱਕਣ ਦੇ ਯਤਨ ਵਜੋਂ ਤਿੰਨ ਵਾਰ ਦੇ ਜੇਤੂ ਨਵਜੋਤ ਸਿੱਧੂ ਦੀ ਟਿਕਟ ਕਟਵਾ ਕੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਹ ਅਰੁਣ ਜੇਤਲੀ ਨੂੰ ਉਮੀਦਵਾਰ ਬਣਾ ਲਿਆਏ।
ਪਰਿਵਾਰਕ ਪ੍ਰਭਾਵ ਹੇਠ ਆ ਕੇ ਅਪਨਾਏ ਇਸ ਉਭੜ ਖੁੱਭੇ ਰਾਹ 'ਤੇ ਬਾਦਲ ਸਾਹਿਬ ਬੁਢਾਪੇ ਦੇ ਆਲਮ ਵਿੱਚ ਉਦੋਂ ਇੱਕ ਵੱਡਾ ਸਿਆਸੀ ਠੇਡਾ ਖਾ ਬੈਠੇ, ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਵਾਲੇ ਉਨ੍ਹਾਂ ਦੇ ਸਭ ਤੋਂ ਵੱਡੇ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਫ਼ਰਕ ਨਾਲ ਜਦ ਅਰੁਣ ਜੇਤਲੀ ਨੂੰ ਮੂਧੇ ਮੂੰਹ ਸੁੱਟ ਦਿੱਤਾ।
ਯਾਦ ਰਹੇ ਕਿ ਜੇਤਲੀ ਨੂੰ ਉਮੀਦਵਾਰ ਬਣਾਉਣ ਪਿੱਛੇ ਨਵਜੋਤ ਸਿੱਧੂ ਦਾ ਮੱਕੂ ਠੱਪਣ ਤੋਂ ਇਲਾਵਾ ਬਾਦਲ ਪਰਿਵਾਰ ਦੀ ਦੀਵਾਲੀਏਪਨ ਵਿੱਚ ਦਾਖਲ ਹੋ ਚੁੱਕੇ ਪੰਜਾਬ ਲਈ ਵੱਡੇ ਮਾਲੀ ਲਾਭ ਇੱਕ ਲੱਖ ਕਰੋੜ ਰੁਪਏ ਦਾ ਆਰਥਿਕ ਪੈਕੇਜ ਪ੍ਰਾਪਤ ਕਰਨ ਲਈ ਭਾਜਪਾ ਦੇ ਇਸ ਪ੍ਰਮੁੱਖ ਆਗੂ ਦੇ ਪ੍ਰਭਾਵ ਨੂੰ ਇਸਤੇਮਾਲ ਕਰਨ ਦੀ ਸੋਚ ਵੀ ਕੰਮ ਕਰਦੀ ਸੀ।
ਲੋਕ ਸਭਾ ਦੀ ਚੋਣ ਉਪਰੰਤ ਡਾਹਢੀ ਭੱਜ-ਨੱਠ ਕਰਦਿਆਂ ਬੇਸ਼ੱਕ ਬਾਦਲ ਆਪਣੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਦੀ ਵਜ਼ੀਰ ਬਣਾਉਣ ਵਿੱਚ ਤਾਂ ਕਾਮਯਾਬ ਹੋ ਗਏ, ਪਰ ਅੰਮ੍ਰਿਤਸਰ ਤੋਂ ਪੁੱਠੀ ਪੈ ਚੁੱਕੀ ਬਾਜੀ ਦਾ ਅਹਿਸਾਸ ਉਦੋਂ ਹੋਇਆ, ਜਦ ਮਾਲੀ ਮੱਦਦ ਤੋਂ ਟਕੇ ਵਰਗਾ ਜਵਾਬ ਦਿੰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਦੀ ਹਕੂਮਤ ਆਪਣੇ ਬਣਦੇ ਹਿੱਸੇ ਤੋਂ ਕਿਤੇ ਵੱਧ ਦੀਆਂ ਰਕਮਾਂ ਕਾਂਗਰਸੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਾਲੀ ਸਰਕਾਰ ਤੋਂ ਪਹਿਲਾਂ ਹੀ ਹਾਸਲ ਕਰ ਚੁੱਕੀ ਹੈ। ਇੱਥੇ ਹੀ ਬੱਸ ਨਹੀਂ ਫਜੂਲ-ਖ਼ਰਚੀ ਬੰਦ ਕਰਨ ਦਾ ਸੁਝਾਅ ਦਿੰਦਿਆਂ ਜੇਤਲੀ ਹੋਰਾਂ ਨੇ ਇਹ ਹਦਾਇਤਨਾਮਾ ਵੀ ਜਾਰੀ ਕਰ ਦਿੱਤਾ ਕਿ ਉਹ ਸਬਸਿਡੀਆਂ ਵੀ ਸਮਾਪਤ ਕੀਤੀਆਂ ਜਾਣ, ਜਿਨ੍ਹਾਂ ਦੀ ਦੁਰਵਰਤੋਂ ਰਾਹੀਂ ਗਰੀਬ ਗੁਰਬੇ ਦੀਆਂ ਵੋਟਾਂ ਬਟੋਰਨ ਵਾਸਤੇ ਜਥੇਦਾਰਾਂ ਨੇ ਉਨ੍ਹਾਂ ਦੀ ਮਾਨਸਿਕਤਾ ਨੂੰ ਪੰਗੂ ਬਣਾ ਰੱਖਿਆ ਹੈ।
ਪਰਿਵਾਰਕ ਯਰਾਨਾ ਨਿਭਾਉਣ ਲਈ ਚੌਟਾਲਿਆਂ ਨਾਲ ਚੋਣ ਗੱਠਜੋੜ ਦਾ ਫੈਸਲਾ ਲੈਣ ਸਮੇਂ ਬਾਦਲ ਸਾਹਿਬ ਇਹ ਸਮਝਣ ਵਿੱਚ ਮਾਰ ਖਾ ਬੈਠੇ ਕਿ ਵਾਜਪਾਈ ਤੇ ਗੁਜਰਾਲ ਵਰਗੇ ਵਿਵਹਾਰਕ ਮਿੱਤਰਾਂ ਤੋਂ ਇਲਾਵਾ ਮਨਮੋਹਨ ਸਿੰਘ ਵਰਗੇ ਸਾਊ ਸਿੱਖ ਦੀ ਬਜਾਏ ਦੇਸ ਦੇ ਪ੍ਰਧਾਨ ਮੰਤਰੀ ਵਾਲੀ ਕੁਰਸੀ ਤੇ ਆਰ ਐਸ ਐਸ ਦਾ ਚੰਡਿਆ ਹੋਇਆ ਉਹ ਨਰਿੰਦਰ ਮੋਦੀ ਕਾਬਜ਼ ਹੋ ਚੁੱਕੈ, ਉੱਚੇ ਅਹੁਦੇ ਦੀ ਕਾਮਨਾ ਕਰਨ ਵਾਲੇ ਆਪਣੇ ਸਿਆਸੀ ਗੁਰੂ ਲਾਲ ਕ੍ਰਿਸਨ ਅਡਵਾਨੀ ਨੂੰ ਕੱਖੋਂ ਹੌਲਾ ਕਰਕੇ ਜਿਸਨੇ ਘਰ ਬਹਿ ਕੇ ਮਾਲਾ ਫੇਰਨ ਲਈ ਮਜਬੂਰ ਕਰ ਦਿੱਤਾ।
ਜਨਤਕ ਤੌਰ ਤੇ ਭਾਵੇਂ ਚੌਟਾਲਾ ਪਰਿਵਾਰ ਨੇ ਸਪੱਸ਼ਟ ਬਹੁਮੱਤ ਨਾ ਮਿਲਣ ਦੀ ਸੂਰਤ ਵਿੱਚ ਹਰਿਆਣਾ 'ਚ ਸਰਕਾਰ ਬਣਾਉਣ ਲਈ ਖ਼ੁਦ ਤਾਂ ਕਦੇ ਵੀ ਹਿਮਾਇਤ ਦੇਣ ਦੀ ਪੇਸਕਸ਼ ਨਹੀਂ ਕੀਤੀ, ਪਰ ਸਿਆਸੀ ਜਲਸਿਆਂ ਵਿੱਚ ਦਿੱਤੇ ਭਾਸਣਾਂ ਸਮੇਂ ਬਾਦਲ ਸਾਹਿਬ ਇੱਕ ਤੋਂ ਵੱਧ ਵਾਰ ਅਜਿਹੇ ਦਾਅਵੇ ਕਰ ਚੁੱਕੇ ਹਨ। ਚੌਧਰੀ ਦੇਵੀ ਲਾਲ ਦੇ ਸੌਵੇਂ ਜਨਮ ਦਿਨ ਦੇ ਬਹਾਨੇ ਆਯੋਜਿਤ ਵਿਸ਼ਾਲ ਰੈਲੀ ਜਿਸ ਰਾਹੀਂ ਜਨਤਾ ਦਲ ਯੂ ਦੇ ਪ੍ਰਧਾਨ ਸਰਦ ਯਾਦਵ ਤੇ ਬਿਹਾਰ ਦੇ ਸਾਬਕਾ ਮੁੱਖ  ਮੰਤਰੀ ਨਿਤੀਸ ਕੁਮਾਰ ਨੇ ਭਾਜਪਾ ਅਤੇ ਕਾਂਗਰਸ ਨੂੰ ਰੱਦ ਕਰਕੇ ਖੇਤਰੀ ਪਾਰਟੀਆਂ ਨੂੰ ਪ੍ਰਸਤਾਵਿਤ ਤੀਜੇ ਮੋਰਚੇ ਵਿੱਚ ਸਾਮਲ ਹੋਣ ਦਾ ਸੱਦਾ ਦਿੱਤਾ ਸੀ, 'ਚ ਬਾਦਲ ਸਾਹਿਬ ਦੀ ਸ਼ਮੂਲੀਅਤ ਦਾ ਗੰਭੀਰ ਨੋਟਿਸ ਲੈਂਦਿਆਂ ਨਰਿੰਦਰ ਮੋਦੀ ਨੇ ਜੋ ਅਸਿੱਧਾ ਪ੍ਰਤੀਕਰਮ ਜਾਹਰ ਕੀਤਾ, ਉਸ ਬਾਰੇ ਪੰਜਾਬ ਦੇ ਇਸ ਘਾਗ ਸਿਆਸਤਦਾਨ ਨੇ ਕਦੇ ਸੋਚਿਆ ਵੀ ਨਹੀਂ ਸੀ।
ਚੌਟਾਲਿਆਂ ਤੋਂ ਹਮਾਇਤ ਦਿਵਾਉਣ ਦੀ ਪੇਸਕਸ ਤੇ ਕਾਟਾਂ ਫੇਰਦਿਆਂ ਸ੍ਰੀ ਮੋਦੀ ਨੇ ਇਹ ਸਪੱਸ਼ਟ ਕਰ ਦਿੱਤਾ ਸੀ, ਕਿ ਸਰਕਾਰ ਬਣਾਉਣ ਲਈ ਉਹ ਕਿਸੇ ਵੀ ਉਸ ਪਾਰਟੀ ਦੀ ਮੱਦਦ ਪ੍ਰਵਾਨ ਨਹੀਂ ਕਰਨਗੇ, ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜਿਸ ਦੇ ਪ੍ਰਮੁੱਖ ਆਗੂ ਜੇਲ੍ਹਾਂ ਵਿੱਚ ਅੱਡੀਆਂ ਰਗੜ ਰਹੇ ਹੋਣ। ਅਕਾਲੀ ਦਲ ਲਈ ਸ਼ੁਰੂ ਹੋਣ ਵਾਲੇ ਮਾੜੇ ਦਿਨਾਂ ਦਾ ਅੰਦਾਜ਼ਾ ਇਸ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਤਾਂ ਭਾਵੇਂ ਨਾ ਲੱਗਾ ਹੋਵੇ, ਪਰ ਸਿਆਸੀ ਵਿਸਲੇਸ਼ਕਾਂ ਨੂੰ ਆਉਣ ਵਾਲੇ ਕੱਲ੍ਹ ਦਾ ਅਹਿਸਾਸ ਪਿਛਲੇ ਦਿਨੀਂ ਹੀ ਹੋ ਗਿਆ ਸੀ।
ਹੁਣ ਲਓ! ਅਗਲੇ ਘਟਨਾਕ੍ਰਮ ਦਾ ਸਿਲਸਿਲਾ ਮੋਦੀ ਤੋਂ ਬਾਅਦ ਪੰਜਾਬ ਨਾਲ ਸਬੰਧਤ ਮਾਮਲਿਆਂ ਦੇ ਭਾਜਪਾ ਇੰਚਾਰਜ ਸਾਂਤਾ ਕੁਮਾਰ ਮੀਡੀਆ ਰਾਹੀਂ ਬਾਦਲ ਸਰਕਾਰ ਨੂੰ ਇਹ ਨਸੀਅਤ ਦੇ ਰਹੇ ਹਨ, ਕਿ ਸੂਬੇ ਦੀ ਆਰਥਿਕਤਾ ਨੂੰ ਲੀਹ ਤੇ ਲਿਆਉਣ ਲਈ ਫਜੂਲ ਖ਼ਰਚੀ ਬੰਦ ਕਰਕੇ ਸਬਸਿਡੀਆਂ ਖਾਸਕਰ ਕਿਸਾਨੀ ਦਿੱਤੀ ਜਾ ਰਹੀ ਬਿਜਲੀ ਦੇ ਮਾਮਲੇ ਨੂੰ ਤਰਕਸੰਗਤ ਬਣਾਇਆ ਜਾਵੇ। ਲੁਧਿਆਣਾ ਦੀ ਆਹਲੂਵਾਲੀਆਂ ਕਲੌਨੀ ਵਿਖੇ ਪੁਲਿਸ ਪਾਰਟੀ ਦੀ ਮੱਦਦ ਨਾਲ ਇੱਕ ਅਕਾਲੀ ਆਗੂ ਵੱਲੋਂ ਕਤਲ ਕੀਤੇ ਦੋ ਦਲਿਤ ਭਰਾਵਾਂ ਦੇ ਭੋਗ ਸਮਾਗਮ 'ਚ ਸਾਮਲ ਹੋਣ ਵਾਲੀ ਭਾਜਪਾ ਦੀ ਕੌਮੀ ਮੀਤ ਪ੍ਰਧਾਨ ਸ੍ਰੀਮਤੀ ਲਕਸਮੀ ਕਾਂਤ ਚਾਵਲਾ ਦਾ ਇਹ ਕਹਿਣਾ ਕਿ ਵਿਰੋਧੀਆਂ ਵਿਰੁੱਧ ਦਰਜ ਹੋਣ ਵਾਲੇ ਨਜਾਇਜ ਮੁਕੱਦਮਿਆਂ ਦਾ ਫੈਸਲਾ ਖ਼ੁਦ ਸੁਖਬੀਰ ਬਾਦਲ ਵੱਲੋਂ ਲਿਆ ਜਾਂਦਾ ਹੈ, ਭਾਜਪਾ ਦੀ ਅਕਾਲੀ ਦਲ ਪ੍ਰਤੀ ਸੋਚ ਦਾ ਪ੍ਰਗਟਾਵਾ ਹੋ ਨਿਬੜਿਐ।
ਜੋ ਕਸਰ ਬਾਕੀ ਰਹਿੰਦੀ ਸੀ, ਡੱਬਵਾਲੀ ਅਤੇ ਕਾਲਿਆਂਵਾਲੀ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਓਹ ਹਰਿਆਣਾ ਲਈ ਭਾਜਪਾ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਨੇ ਪੂਰੀ ਕਰ ਦਿੱਤੀ। ਬਾਦਲਾਂ ਲਈ ਅਕ੍ਰਿਤਘਣ ਵਿਸਵਾਸਘਾਤੀ ਟਰਾਂਸਪੋਰਟ ਤੋਂ ਲੈ ਕੇ ਰੇਤਾ ਬੱਜਰੀ ਆਦਿ ਧੰਦੇ ਹਥਿਆਉਣ ਸੌ ਚੋਂ ਨੱਬੇ ਡਕਾਰਣ ਵਾਲੇ ਵਿਸੇਸ਼ਣ ਇਸਤੇਮਾਲ ਕਰਕੇ ਉਹ ਇਹ ਕਹਿਣ ਤੱਕ ਵੀ ਚਲਾ ਗਿਆ, ਕਿ ਅਕਾਲੀਆਂ ਨਾਲੋਂ ਪੰਜਾਬ ਵਾਲੇ ਭਾਂਡੇ ਵੀ ਹੁਣ ਵੰਡਣੇ ਪੈਣਗੇ। ਇਸ ਤੋਂ ਇਹ ਸਪੱਸ਼ਟ ਹੋ ਜਾਂਦੈ ਕਿ ਹਰਿਆਣਾ ਦਾ ਚੋਣ ਅਮਲ ਸਮਾਪਤ ਹੁੰਦਿਆਂ ਹੀ ਅਕਾਲੀ-ਭਾਜਪਾ ਗੱਠਜੋੜ ਲਈ ਖਤਰੇ ਦੇ ਬੱਦਲ ਗੱਜਣੇ ਸੰਭਵ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ