Sun, 08 September 2024
Your Visitor Number :-   7219735
SuhisaverSuhisaver Suhisaver

ਪਾਕਿ ਦੀਆਂ ਕਾਲਕੋਠੜੀਆਂ 'ਚ ਬੰਦ ਹਨ 54 ਭਾਰਤੀ ਫੌਜੀ

Posted on:- 21-8-2014

ਨਵੀਂ ਦਿੱਲੀ : ਦੇਸ਼ ਦੀ ਰੱਖਿਆ ਲਈ ਆਪਣਾ ਸਭ ਕੁਝ ਵਾਰ ਦੇਣ ਵਾਲੇ ਭਾਰਤ ਦੇ 54 ਫੌਜੀ ਦਹਾਕਿਆਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਇਨ੍ਹਾਂ ਨੂੰ ਛੁਡਾਉਣ ਦੇ ਸਾਰੇ ਯਤਨ ਅਸਫ਼ਲ ਰਹੇ ਹਨ। ਇਨ੍ਹਾਂ ਫੌਜੀਆਂ ਦੀ ਜ਼ਿੰਦਗੀ ਦਹਾਕਿਆਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਹਨ੍ਹੇਰੇ ਵਿੱਚ ਕੈਦ ਹੈ। ਭਾਰਤੀ ਫੌਜ ਦੇ ਇਨ੍ਹਾਂ ਜਾਂਬਾਜਾਂ ਨੂੰ 1965 ਅਤੇ 1971 'ਚ ਹੋਈ ਲੜਾਈ ਦੌਰਾਨ ਪਾਕਿਸਤਾਨ ਨੇ ਬੰਦੀ ਬਣਾ ਲਿਆ ਸੀ।
ਰੱਖਿਆ ਮੰਤਰਾਲਾ ਨੇ ਸੂਚਨਾ ਦੇ ਅਧਿਕਾਰ ਤਹਿਤ ਦਾਇਰ ਅਰਜ਼ੀ ਦੇ ਜਵਾਬ ਵਿੱਚ ਦੱਸਿਆ ਹੈ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਭਾਰਤ ਦੇ 54 ਫੌਜੀ ਬੰਦ ਹਨ, ਜਿਨ੍ਹਾਂ ਨੂੰ 1965 ਅਤੇ 1971 ਦੀ ਲੜਾਈ ਦੌਰਾਨ ਬੰਦੀ ਬਣਾ ਲਿਆ ਗਿਆ ਸੀ। ਅਰਜ਼ੀ ਵਿੱਚ ਪੁੱਛਿਆ ਗਿਆ ਸੀ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕਿੰਨੇ ਭਾਰਤੀ ਬੰਦ ਹਨ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਕੀ ਯਤਨ ਕੀਤੇ ਜਾ ਰਹੇ ਹਨ।

ਰੱਖਿਆ ਮੰਤਰਾਲਾ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਜਦੋਂ 1971 ਵਿੱਚ ਪਾਕਿਸਤਾਨ ਨੇ 90 ਹਜ਼ਾਰ ਤੋਂ ਵਧ ਫੌਜੀਆਂ ਦੇ ਨਾਲ ਭਾਰਤ ਦੇ ਸਾਹਮਣੇ ਸਮਰਪਣ ਕਰ ਦਿਤਾ ਸੀ ਤਾਂ ਲੜਾਈ ਦੇ ਦੌਰਾਨ ਬੰਦੀ ਬਣਾਏ ਗਏ ਫੌਜੀਆਂ ਨੂੰ ਉਸੇ ਸਮੇਂ ਛੁਡਾ ਸਕਣਾ ਸੰਭਵ ਕਿਉਂ ਨਹੀਂ ਹੋ ਸਕਿਆ।
ਅਰਜ਼ੀ ਦੇ ਜਵਾਬ ਵਿੱਚ ਕਿਹਾ ਗਿਆ ਹੈ ਕਿ ਲੜਾਈ ਦੌਰਾਨ ਬੰਦੀ ਬਣਾਏ ਗਏ ਫੌਜੀਆਂ ਨੂੰ ਛੁਡਾਉਣ ਲਈ ਮਾਮਲੇ ਨੂੰ ਪਾਕਿਸਤਾਨ ਦੇ ਸਾਹਮਣੇ ਉਠਾਇਆ ਜਾਂਦਾ ਰਿਹਾ ਹੈ। ਪਾਕਿਸਤਾਨ ਨੇ ਅੱਜ ਤੱਕ ਇਨ੍ਹਾਂ ਫੌਜੀਆਂ ਨੂੰ ਬੰਦੀ ਬਣਾ ਕੇ ਆਪਣੀਆਂ ਜੇਲ੍ਹਾਂ ਵਿੱਚ ਰੱਖਣ ਦੀ ਗੱਲ ਸਵੀਕਾਰ ਨਹੀਂ ਕੀਤੀ ਹੈ। 2007 ਵਿੱਚ ਇਨ੍ਹਾਂ ਰੱਖਿਆ ਕਰਮੀਆਂ ਦੇ 14 ਰਿਸ਼ਤੇਦਾਰਾਂ ਨੇ ਪਾਕਿਸਤਾਨ ਦੀਆਂ ਜੇਲ੍ਹਾਂ ਦਾ ਦੌਰਾ ਵੀ ਕੀਤਾ ਸੀ, ਪਰ ਉਹ ਲੜਾਈ ਦੌਰਾਨ ਬੰਦੀ ਬਣਾਏ ਗਏ ਫੌਜੀਆਂ ਦੀ ਅਸਲ ਸਰੀਰਕ ਮੌਜੂਦਗੀ ਦੀ ਪੁਸ਼ਟੀ ਨਹੀਂ ਕਰ ਸਕੇ ਸਨ।
ਰੱਖਿਆ ਮੰਤਰਾਲਾ ਨੇ ਜਵਾਬ ਲਈ ਅਰਜ਼ੀ ਦੀ ਕਾਪੀ ਦੇਸ਼ ਮੰਤਰਾਲਾ ਨੂੰ ਵੀ ਭੇਜੀ ਸੀ। ਵਿਦੇਸ਼ ਮੰਤਰਾਲਾ ਨੇ ਆਪਣੇ ਜਵਾਬ ਵਿੱਚ ਦੱਸਿਆ ਹੈ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ 54 ਭਾਰਤੀ ਫੌਜੀਆਂ ਦੇ ਹੋਣ ਦਾ ਵਿਸ਼ਵਾਸ ਹੈ, ਇਨ੍ਹਾਂ 'ਚੋਂ 6 ਰੱਖਿਆ ਕਰਮੀ, ਲੈਫਟੀਨੈਂਟ ਬੀ ਕੇ ਆਜ਼ਾਦ, ਮਦਨ ਮੋਹਨ, ਸੁਜਾਨ ਸਿੰਘ, ਫਲਾਇਟ ਲੈਫਟੀਨੈਂਟ ਬਾਬੁਲ ਗੁਹਾ, ਫਲਾਇੰਗ ਅਫ਼ਸਰ ਤੇਜਿੰਦਰ ਸਿੰਘ ਸੇਠੀ ਅਤੇ ਸਕਵਾਰਡਨ ਲੀਡਰ ਦੇਵ ਪ੍ਰਸਾਦ ਚੈਟਰਜੀ ਨੂੰ 1965 ਦੀ ਲੜਾਈ ਦੌਰਾਨ ਬੰਦੀ ਬਣਾ ਲਿਆ ਗਿਆ ਸੀ, ਜਦਕਿ 48 ਰੱਖਿਆ ਕਰਮੀਆਂ ਨੂੰ 1971 ਦੀ ਲੜਾਈ ਦੌਰਾਨ ਬੰਦੀ ਬਣਾਇਆ ਗਿਆ ਸੀ। ਰੱਖਿਆ ਅਤੇ ਵਿਦੇਸ਼ ਮੰਤਰਾਲਾ ਦੋਵਾਂ ਵਿੱਚੋਂ ਕਿਸੇ ਨੇ ਵੀ ਅਰਜ਼ੀ ਵਿੱਚ ਪੁੱਛੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਜਦੋਂ 1971 ਵਿੱਚ ਪਾਕਿਸਤਾਨ ਨੇ ਸ਼ਰਮਨਾਕ ਹਾਰ ਤੋਂ ਬਾਅਦ 90 ਹਜ਼ਾਰ ਤੋਂ ਵਧ ਫੌਜੀਆਂ ਦੇ ਨਾਲ ਆਤਮਸਮਰਪਣ ਕਰ ਦਿੱਤਾ ਸੀ ਤਾਂ ਉਸੇ ਸਮੇਂ ਭਾਰਤ ਆਪਣੇ ਬੰਦੀ ਬਣਾਏ ਗਏ ਫੌਜੀਆਂ ਨੂੰ ਛੁਡਾਉਣ ਵਿੱਚ ਕਾਮਯਾਬ ਕਿਉਂ ਨਹੀਂ ਹੋ ਸਕਿਆ।
ਦੱਸਣਾ ਬਣਦਾ ਹੈ ਕਿ 1971 ਵਿੱਚ ਪਾਕਿਸਤਾਨ ਦੇ ਸਮਰਪਣ ਦੇ ਨਾਲ ਹੀ ਭਾਰਤੀ ਫੌਜ ਨੇ ਉਸ ਦੇ ਕਰੀਬ 93 ਹਜ਼ਾਰ ਫੌਜੀਆਂ ਨੂੰ ਬੰਦੀ ਬਣਾ ਲਿਆ ਸੀ। ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਫੜੇ ਜਾਣ ਵਾਲੇ ਜੰਗਬੰਦੀਆਂ ਦੀ ਸਭ ਤੋਂ ਵੱਡੀ ਗਿਣਤੀ ਸੀ। ਬਾਅਦ ਵਿੱਚ ਭਾਰਤ ਨੇ 1973 ਵਿੱਚ ਹੋਏ ਸਮਝੌਤੇ ਦੇ ਤਹਿਤ ਪਾਕਿਸਤਾਨ ਦੇ ਇਨ੍ਹਾ ਬੰਦੀ ਫੌਜੀਆਂ ਨੂੰ ਰਿਹਾਅ ਕਰ ਦਿੱਤਾ ਸੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ