ਪੰਜਾਬੀ ਸੱਥ ਅੱਜ ਖਾਲਸਾ ਸਕੂਲ ਲਾਂਬੜਾ ਵਿਖੇ ਛੇ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਦਾ ਕੀਤਾ ਜਾਵੇਗਾ ਸਨਮਾਨ
Posted on:- 24-11-2013
ਪਿਛਲੇ ਢਾਈ ਦਹਾਕਿਆਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਜੁੱਟੀ ਕੌਮਾਂਤਰੀ ਪੱਧਰ ਦੀ ਸੰਸਥਾ ਪੰਜਾਬੀ ਸੱਥ ਲਾਂਬੜਾ ਦੀ 23ਵੀਂ ਵਰੇ੍ਹਵਾਰ ਪਰ੍ਹਿਆ 24 ਨਵੰਬਰ 2013 ਨੂੰ ਜ਼ਿਲ੍ਹਾ ਜਲੰਧਰ ਦੇ ਖਾਲਸਾ ਸਕੂਲ, ਲਾਂਬੜਾ ਵਿਖੇ ਸਵੇਰੇ 10 ਵਜੇ ਜੁੜ ਰਹੀ ਹੈ। ਇਸ ਮੌਕੇ ਡਾ. ਜਸਪਾਲ ਸਿੰਘ ਪਿ੍ਰੰਸੀਪਲ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੀ ਪ੍ਰਧਾਨਗੀ ਹੇਠ ਪੰਜਾਬੀ ਸੱਥ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਨ ਅਤੇ ਸ਼ਾਨ ਵਿਚ ਵਾਧਾ ਕਰਨ ਵਾਲੇ ਸ. ਨਰਿੰਜਨ ਸਿੰਘ ਸਾਥੀ ਸਮੇਤ ਛੇ ਸ਼ਖਸ਼ੀਅਤਾਂ_ਸੰਸਥਾਵਾਂ ਅਤੇ 13 ਪੁਸਤਕਾਂ ਨੂੰ ਸਨਮਾਨ ਭੇਟ ਕੀਤੇ ਜਾਣਗੇ। ਇਹ ਜਾਣਕਾਰੀ ਡਾ. ਨਿਰਮਲ ਸਿੰਘ ਮੁੱਖ ਸੇਵਾਦਾਰ ਪੰਜਾਬੀ ਸੱਥ ਨੇ ਅੱਜ ਪੱਤਰਕਾਰਾਂ ਨੂੰ ਦਿੱਤੀ।
ਡਾ. ਨਿਰਮਲ ਸਿੰਘ ਮੁੱਖ ਸੇਵਾਦਾਰ ਪੰਜਾਬੀ ਸੱਥ ਨੇ 23ਵੀਂ ਵਰ੍ਹੇਵਾਰ ਪਰ੍ਹਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਸਾਲ ਇਹ ਪਰ੍ਹਿਆ (ਸਨਮਾਨ ਸਮਾਰੋਹ) ਜ਼ਿਲ੍ਹਾ ਜਲੰਧਰ ਦੇ ਖਾਲਸਾ ਸਕੂਲ ਲਾਂਬੜਾ ਵਿਖੇ 24 ਨਵੰਬਰ 2013 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਿਹਰ ਬਾਅਦ 2 ਵਜੇ ਤੱਕ ਜੁੜੇਗੀ। ਜਿਸ ਦੀ ਪ੍ਰਧਾਨਗੀ ਡਾ. ਜਸਪਾਲ ਸਿੰਘ ਪਿ੍ਰੰਸੀਪਲ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਕਰਨਗੇ। ਡਾ. ਸਾਹਿਬ ਨੇ ਦੱਸਿਆ ਕਿ ਪੰਜਾਬੀ ਸੱਥ ਵੱਲੋਂ ਇਸ ਵਰੇ੍ਹ ਸ. ਨਿਰਜੰਨ ਸਿੰਘ ਸਾਥੀ ਜਲੰਧਰ ਨੂੰ ਭਾਈ ਗੁਰਦਾਸ ਪੁਰਸਕਾਰ (ਗੁਰਮਤਿ), ਸ. ਭਾਗ ਸਿੰਘ ਹੇਅਰ ਸਿੰਘ ਖਾਲਸਾ ਮਹਿਲਾ ਕਾਲਜ ਕਾਲਾ ਟਿੱਬਾ ਅਬੋਹਰ ਨੂੰ ਭਾਈ ਕਾਹਨ ਸਿੰਘ ਨਾਭਾ ਪੁਰਸਕਾਰ (ਵਿਦਿਆ), ਡਾ. ਸ਼ਿਆਮ ਸੁੰਦਰ ਦੀਪਤੀ ਮਿੰਨੀ ਅੰਮਿ੍ਰਤਸਰ ਨੂੰ ਸ. ਨਾਨਕ ਸਿੰਘ ਪੁਰਸਕਾਰ (ਸਾਹਿਤ), ਸ੍ਰੀ ਸੁਰਿੰਦਰ ਬਾਂਸਲ ਸ਼ਾਹਬਾਦ ਹਰਿਆਣਾ ਨੂੰ ਭਗਤ ਪੂਰਨ ਸਿੰਘ ਪੁਰਸਕਾਰ (ਵਾਤਾਵਰਣ ਅਤੇ ਵਿਰਾਸਤ), ਬੀਬੀ ਦਲੇਰ ਕੌਰ ਸੋਹੀ ਹਰਿਆਣਾ ਭੂੰਗਾ ਨੂੰ ਬਾਬਾ ਬੁਲ੍ਹੇ ਸ਼ਾਹ ਪੁਰਸਕਾਰ (ਲੋਕ ਸੰਗੀਤ_ਗਾਇਕੀ) ਅਤੇ ਜਨਾਬ ਨੂਰ ਮੁਹੰਮਦ ਨੂਰ ਮਲੇਰਕੋਟਲਾ ਨੂੰ ਅਲਾਮਾ ਇਕਬਾਲ ਪੁਰਸਕਾਰ (ਖੋਜ) ਭੇਟ ਕੀਤੇ ਜਾਣਗੇ ।
ਡਾ. ਸਾਹਿਬ ਨੇ ਇਹ ਵੀ ਜਾਣਕਾਰੀ ਦਿੱਤੀ ਕਿ 23ਵੀਂ ਵਰ੍ਹੇਵਾਰ ਸੱਥ ਦੀ ਪਰ੍ਹਿਆ ਮੌਕੇ ਸ਼ਬਦ ਸਤਿਕਾਰ ਮਾਣ ਪੱਤਰ ਡਾ. ਹਰਪ੍ਰੀਤ ਸਿੰਘ ਸਰਹਿੰਦ ਦੀ ਪੁਸਤਕ ਵਿਰਾਸਤ ਏ ਪੰਜਾਬ, ਗਿਆਨੀ ਆਤਮਾ ਸਿੰਘ ਚਿੱਟੀ ਦੀ ਪੁਸਤਕ ਦੇਖਿਆ ਸੁਣਿਆ ਪਿੰਡ ਚਿੱਟੀ, ਸ. ਰਘਬੀਰ ਸਿੰਘ ਤੀਰ ਤਰਨਤਾਰਨ ਦੀ ਪੁਸਤਕ ਪੈੜਾਂ ਦੇ ਪਰਛਾਵੇਂ, ਸੂਬੇਦਾਰ ਸ਼ਿਵ ਸਿੰਘ ਕਾਹਲਵਾਂ ਦੀ ਪੁਸਤਕ ਅਨਮੋਲ ਬਚਨ, ਡਾ. ਜਸਵਿੰਦਰ ਸ਼ਰਮਾ ਸਮਾਣਾ_ਪਟਿਆਲਾ ਅਣਗੌਲਿਆ ਬਾਜ਼ੀਗਰ ਕਬੀਲਾ, ਬੀਬੀ ਦਲਜੀਤ ਕੌਰ ਦਾੳੂਂ ਮੋਹਾਲੀ ਦੀ ਪੁਸਤਕ ਕੱਜਣ, ਡਾ. ਰਾਮ ਮੂਰਤੀ ਧਰਮਕੋਟ ਦੀ ਪੁਸਤਕ ਦੋਨਾ ਮੇਰਾ ਦੇਸ਼, ਬੀਬੀ ਜਗਦੀਸ਼ ਕੌਰ ਵਾਡੀਆ ਜਲੰਧਰ ਦੀ ਪੁਸਤਕ ਖਲੀਲ ਜ਼ਿਬਰਾਨ, ਬਾਬੂ ਸਿੰਘ ਚੌਹਾਨ ਖਮਾਣੋਂ ਦੀ ਪੁਸਤਕ ਪਿੰਡਾਂ ਵਿਚੋਂ ਪਿੰਡ ਰੰਗਲੇ ਪੰਜਾਬ ਦੇ, ਪਿ੍ਰੰਸੀਪਲ ਪਰਮਜੀਤ ਕੌਰ ਮੰਡੇਰ ਜਰਗ ਲੁਧਿਆਣਾ ਦੀ ਪੁਸਤਕ ਵਲਵਲਿਆਂ ਦੀ ਹੂਕ, ਸ. ਸਤਨਾਮ ਸਿੰਘ ਦਰਦੀ ਚਾਨੀਆਂ ਨਕੋਦਰ ਦੀ ਪੁਸਤਕ ਮੇਰਾ ਪਿੰਡ ਮੇਰੀਆਂ ਯਾਦਾਂ, ਜਨਾਬ ਅਹਿਸਨ ਬਾਜਵਾ ਸਿਆਲਕੋਟ ਵੱਲੋ ਰਚੇ ਕਿੱਸਾ ਪੂਰਨ ਬਾਣੀ (ਸ਼ਾਹਮੁੱਖੀ ਵਿਚ) ਅਤੇ ਜਨਾਬ ਅਸ਼ਰਫ਼ ਸੁਹੇਲ ਲਾਹੌਰ ਦੇ ਬਾਲ ਰਿਸਾਲੇ ਪਖੇਰੂ (ਸ਼ਾਹਮੁੱਖੀ ਵਿਚ) ਨੂੰ ਭੇਟ ਕੀਤੇ ਜਾਣਗੇ।
ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਵਰ੍ਹੇਵਾਰ ਪਰ੍ਹਿਆ ਮੌਕੇ ਵਿਸ਼ੇਸ਼ ਪੰਜਾਬੀ ਕਿਤਾਬ ਮੇਲਾ ਵੀ ਲਗਾਇਆ ਜਾਵੇਗਾ ਜਿਸ ਵਿਚ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ 150 ਤੋਂ ਵੱਧ ਪੁਸਤਕਾਂ ਖਿੱਚ ਦਾ ਕੇਂਦਰ ਹੋਣਗੀਆਂ ਅਤੇ ਇਹ ਇਸ ਮੌਕੇ ਅੱਧੇ ਮੁੱਲ ਉੱਤੇ ਪਾਠਕਾਂ ਨੂੰ ਮਿਲਣਗੀਆਂ। ਵਰੇ੍ਹਵਾਰ ਪਰ੍ਹਿਆ ਮੌਕੇ ਪੰਜਾਬ ਦੇ ਵਿਰਾਸਿਤੀ ਅਜ਼ਾਇਬ ਘਰ ਨੂੰ ਵੀ ਮੁਫ਼ਤ ਵਿਚ ਦੇਖੇ ਜਾਣ ਦੀ ਸਹੂਲਤ ਪੰਜਾਬੀ ਪਿਆਰਿਆਂ ਦਿੱਤੀ ਜਾ ਰਹੀ ਹੈ। ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। 23ਵੀਂ ਸਲਾਨਾ ਪਰ੍ਹਿਆ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦੇਣ ਮੌਕੇ ਡਾ. ਨਿਰਮਲ ਸਿੰਘ ਮੁੱਖ ਸੇਵਾਦਾਰ ਨਾਲ ਸ. ਬਲਦੇਵ ਸਿੰਘ ਸਿੱਧੂ, ਸ. ਹਿੰਦਪਾਲ ਸਿੰਘ ਚਿੱਟੀ, ਸ. ਗੁਰਦਿਆਲ ਸਿੰਘ ਚਿੱਟੀ, ਸ. ਕੁਲਵੰਤ ਸਿੰਘ ਅਠਵਾਲ ਅਤੇ ਏ_ਰੁਹੂਪਿੰਦਰ ਰੂਪ ਸਿੰਘ ਸੰਧੂ ਸੇਵਾਦਾਰ ਢੱਕ ਪੰਜਾਬੀ ਸੱਥ (ਨਵਾਂਸ਼ਹਿਰ) ਵੀ ਹਾਜ਼ਰ ਸਨ।