ਖੇਤੀਬਾੜੀ ਅਧਿਕਾਰੀ ਵੱਲੋਂ ਕਿਸਾਨਾਂ ਨੂੰ ਨਵੀਂ ਕਣਕ ਫਸਲ ਸਬੰਧੀ ਜਾਣਕਾਰੀ ਦਿੱਤੀ
Posted on:- 15-10-2013
ਹੁਸ਼ਿਆਰਪੁਰ: ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਕੁਲਬੀਰ ਸਿੰਘ ਦਿਓਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ 10 ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰਾਂ ਵਿੱਚ ਕਣਕ ਦੀਆਂ ਅਗੇਤੀਆਂ ਸੁਧਰੀਆਂ ਕਿਸਮਾਂ ਜਿਸ ਵਿੱਚ ਐਚ ਡੀ 2967 ਅਤੇ ਪੀ ਬੀ ਡਬਲਯੂ 621 ਦਾ ਬੀਜ ਪਹੁੰਚ ਚੁੱਕਾ ਹੈ। ਇਸ ਬੀਜ ਤੇ ਵਿਭਾਗ ਵੱਲੋਂ 500/-ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਕਿਸਾਨ ਭਰਾ / ਬੀਬੀਆਂ ਇਹ ਬੀਜ ਵਿਭਾਗ ਵੱਲੋਂ ਨਿਰਧਾਰਤ ਅਰਜ਼ੀ ਪ੍ਰੋਫਾਰਮਾ ਭਰ ਕੇ ਆਪਣੇ ਪਿੰਡ ਦੇ ਨੰਬਰਦਾਰ ਜਾਂ ਸਰਪੰਚ ਤੋਂ ਤਸਦੀਕ ਕਰਵਾ ਕੇ ਅਰਜੀ ਫਾਰਮ ਨਾਲ ਆਪਣਾ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਨਿਰਧਾਰਤ ਸ਼ਨਾਖਤੀ ਪਰੂਫ ਲਗਾ ਕੇ ਆਪਣੇ ਨਾਲ ਸਬੰਧਤ ਬਲਾਕ ਖੇਤੀਬਾੜੀ ਦੇ ਅਫ਼ਸਰ ਤੋਂ ਪ੍ਰਾਪਤ ਕਰ ਸਕਦੇ ਹਨ।
ਨੋਡਲ ਅਫ਼ਸਰ (ਕੌਮੀ ਅੰਨ ਸੁਰੱਖਿਆ ਮਿਸ਼ਨ) ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਲਾਭਪਾਤਰੀ ਕਿਸਾਨ ਨੂੰ ਵੱਧ ਤੋਂ ਵੱਧ 5 ਹੈਕਟੇਅਰ ਤੱਕ ਹੀ ਕਣਕ ਦਾ ਬੀਜ ਦਿੱਤਾ ਜਾਵੇਗਾ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਖੇਤੀ ਮਸ਼ੀਨਰੀ ਨੂੰ ਬੜਾਵਾ ਦੇਣ ਲਈ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ ਜਿਸ ਵਿੱਚ ਰੋਟਾ-ਵੇਟਰ, ਜੀਰੋ ਟਿੱਲ ਡਰਿੱਲ, ਲੇਜਰ ਲੈਵਲਰ ਆਦਿ ਦਿੱਤੇ ਜਾਣੇ ਹਨ। ਇਸ ਸਕੀਮ ਵਿੱਚ ਜਿਹੜੇ ਕਿਸਾਨ ਵੀਰ / ਬੀਬੀਆਂ ਖੇਤੀ ਮਸ਼ੀਨਰੀ ਲੈਣਾ ਚਾਹੁੰਦੇ ਹੋਣ , ਉਹ ਨਿਰਧਾਰਤ ਅਰਜੀ ਫਾਰਮ ਨਾਲ ਸਵੈ-ਘੋਸ਼ਣਾ, ਫਰਦ, ਟਰੈਕਟਰ ਦੀ ਆਰ ਸੀ ਦੀ ਕਾਪੀ, ਸ਼ਨਾਖਤੀ ਪਰੂਫ ਅਤੇ ਜਿਸ ਫਰਮ ਤੋਂ ਮਸ਼ੀਨਰੀ ਲੈਣੀ ਹੈ, ਉਸ ਦੇ ਨਾਮ ਤੇ 5000/- ਰੁਪਏ ਦਾ ਡਰਾਫਟ ਲਗਾ ਕੇ ਮਿਤੀ 30 ਨਵੰਬਰ 2013 ਤੱਕ ਆਪਣੇ ਨਾਲ ਸਬੰਧਤ ਬਲਾਕ ਵਿੱਚ ਅਪਲਾਈ ਕਰ ਸਕਦੇ ਹਨ। ਇਸ ਦਫ਼ਤਰ ਵੱਲੋਂ ਸਬੰਧਤ ਬਲਾਕ ਨੂੰ ਦਿੱਤੇ ਟੀਚੇ ਤੋਂ ਵੱਧ ਅਰਜੀਆਂ ਹੋਣ ਦੀ ਸੂਰਤ ਵਿੱਚ ਬਲਾਕ ਖੇਤੀਬਾੜੀ ਅਫ਼ਸਰ ਵੱਲੋਂ ਜ਼ਿਲ੍ਹਾ ਦਫ਼ਤਰ ਵੱਲੋਂ ਭੇਜੇ ਗਏ ਨੁਮਾਇੰਦੇ ਦੀ ਹਾਜ਼ਰੀ ਵਿੱਚ 3 ਦਸੰਬਰ 2013 ਨੂੰ ਡਰਾਅ ਕੱਢਿਆ ਜਾਵੇਗਾ ਜਿਸ ਲਈ ਅਰਜ਼ੀ ਦੇਣ ਵਾਲੇ ਨੂੰ ਕੋਈ ਵੱਖਰਾ ਨੋਟਿਸ ਨਹੀਂ ਭੇਜਿਆ ਜਾਵੇਗਾ।