ਨੌਜਵਾਨ ਭਾਰਤ ਸਭਾ ਨੇ ਅੱਠਵਾਂ ਬਾਲ ਮੇਲਾ ਗਦਰ ਪਾਰਟੀ ਨੂੰ ਸਮਰਪਿਤ ਕੀਤਾ
Posted on:- 14-10-2013
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ( 28 ਸਤੰਬਰ) ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨੌਜਵਾਨ ਭਾਰਤ ਸਭਾ ਵੱਲੋਂ ਅੱਠਵਾਂ ਬਾਲ ਮੇਲਾ ਪਿੰਡ ਪੱਖੋਵਾਲ਼ ਵਿਖੇ ਕਰਵਾਇਆ ਗਿਆ। ਇਸ ਵਾਰ ਇਹ ਬਾਲ ਮੇਲਾ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਨੂੰ ਸਮਰਪਿਤ ਰਿਹਾ। ਸਾਡੇ ਆਲ਼ੇ-ਦੁਆਲ਼ੇ ਗੰਧਲ਼ੇ ਸੱਭਿਆਚਾਰ ਦੀ ਹਨੇਰੀ ਚੱਲ ਰਹੀ ਹੈ। ਪੂਰਾ ਸਮਾਜ ਘਟੀਆ ਕਦਰਾਂ-ਕੀਮਤਾਂ ਤੇ ਮਨੁੱਖ ਦੋਖੀ ਵਿਚਾਰਾਂ ਨਾਲ਼ ਗ੍ਰਸਿਆ ਹੋਇਆ ਹੈ ਤੇ ਬੱਚੇ ਜੋ ਸਾਡਾ ਭਵਿੱਖ, ਆਸਾਂ-ਉਮੀਦਾਂ, ਸਾਡਾ ਸਭ ਕੁਝ ਹਨ, ਉਹ ਵੀ ਇਸ ਸੱਭਿਆਚਾਰ ਦੇ ਪ੍ਰਭਾਵ ਤੋਂ ਅਛੂਤੇ ਨਹੀਂ ਰਹਿ ਸਕਦੇ। ਅਜੋਕੇ ਪਿ੍ਰੰਟ ਤੇ ਇਲੈਕਟ੍ਰਾਨਿਕ ਮੀਡੀਆ ਘਟੀਆ ਤੇ ਲੱਚਰ ਸੱਭਿਆਚਾਰ ਦੇਣ ਤੋਂ ਬਿਨਾਂ ਕੁਝ ਨਹੀਂ ਕਰਦਾ। ਮੀਡੀਆ ਦੁਆਰਾ ਬੱਚਿਆਂ ਨੂੰ ਗੈਰ-ਤਰਕਸ਼ੀਲਤਾ, ਅਵਿਗਿਆਨਕਤਾ, ਧਾਰਮਿਕ ਕੱਟੜਤਾ, ਅਸ਼ਲੀਲਤਾ ਤੇ ਸੰਵੇਦਨਹੀਣਤਾ ਦੀਆਂ ਜ਼ਹਿਰੀਲੀਆਂ ਖ਼ੁਰਾਕਾਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ, ਜੋ ਬੱਚਿਆਂ ਦੀ ਕਲਪਨਸ਼ੀਲਤਾ, ਉਡਾਰ-ਮਨ ਤੇ ਉਹਨਾਂ ਦੀ ਬੇਮੁਹਾਰ ੳੂਰਜਾ ਖਤਮ ਕਰਕੇ, ਉਹਨਾਂ ਦੇ ਦਿਮਾਗਾਂ ਨੂੰ ਦੂਸ਼ਿਤ ਕਰਕੇ ਸਾਡੇ ਚੰਗੇ ਭਵਿੱਖ ’ਤੇ ਹਮਲਾ ਕਰ ਰਹੀਆਂ ਹਨ। ਅਜਿਹੇ ਆਲੇ-ਦੁਆਲੇ ਵਿੱਚ ਸਾਨੂੰ ਆਪਣੇ ਬੱਚਿਆਂ ਦਾ ਭਵਿੱਖ ਕੋਈ ਬਹੁਤਾ ਉਜਲਾ ਨਹੀਂ ਦਿਖਾਈ ਦਿੰਦਾ।
ਸੋ ਅਜਿਹੀਆਂ ਤਰਾਸਦਿਕ ਹਾਲਤਾਂ ਵਿੱਚ ਨੌਜਵਾਨ ਭਾਰਤ ਸਭਾ ਦਾ ਇਹ ਬਾਲ ਮੇਲੇ ਦੇ ਰੂਪ ਵਿੱਚ ਇਕ ਨਵਾਂ ਬਦਲ ਪੇਸ਼ ਕਰਨਾ ਹੈ, ਆਪਣੇ ਆਪ ਵਿੱਚ ਜ਼ਿੰਦਾ ਉਪਰਾਲਾ ਹੈ। ਇਸ ਵਾਰ 8ਵੇਂ ਬਾਲ ਮੇਲੇ ਵਿੱਚ ਸਕੂਲੀ ਬੱਚਿਆਂ ਦੇ ਭਾਸ਼ਣ ਤੇ ਲੇਖ ਲਿਖਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿੰਨਾ ਦੀ ਜੱਜਮੈਂਟ ਪ੍ਰੋ. ਕੁਲਦੀਪ (ਗੁਰੂ ਕਾਂਸ਼ੀ ਕਾਲਜ, ਤਲਵੰਡੀ ਸਾਬੋ), ਲਲਕਾਰ ਮੈਗਜ਼ੀਨ ਦੇ ਪ੍ਰਬੰਧਕ ਗੁਰਪ੍ਰੀਤ ਅਤੇ ਦੇਸ਼ ਸੇਵਕ ਅਖ਼ਬਾਰ ਦੇ ਐਡੀਟਰ-ਇਨ-ਚੀਫ ਸ਼ਿਵਇੰਦਰ ਨੇ ਕੀਤੀ। ਭਾਸ਼ਣ ਮੁਕਾਬਲੇ ਦੀ ਜੱਜਮੈਂਟ ਦਿੰਦਿਆਂ ਪੋ੍ਰ. ਕੁਲਦੀਪ ਨੇ ਬਿਨਾਂ ਕਿਸੇ ਸੰਕੋਚ ਦੇ ਅਧਿਆਪਕਾਂ ਨੂੰ ਹਿਦਾਇਤ ਕੀਤੀ ਕਿ ਉਹ ਬੱਚਿਆਂ ਦੇ ਵਿਸ਼ਾ-ਵਸਤੂ ਦੇ ਸਾਰ-ਤੱਤ ਵੱਲ ਖ਼ਾਸ ਧਿਆਨ ਦੇਣ ਤੇ ਐਮ.ਬੀ.ਡੀ ਗਾਇਡਾਂ ਤੋਂ ਬਣੇ ਬਣਾਏ ਵਿਸ਼ਾ-ਵਸਤੂਆਂ ਨੂੰ ਭਾਸ਼ਣ ਦਾ ਰੂਪ ਨਾ ਦੇਣ। ਲੇਖ-ਲਿਖਣ ਮੁਕਾਬਲਿਆਂ ਦੀ ਜੱਜਮੈਂਟ ਦਿੰਦਿਆਂ ਗੁਰਪ੍ਰੀਤ ਨੇ ਵੀ ਅਧਿਆਪਕਾਂ ਤੇ ਬੱਚਿਆਂ ਲੇਖਾਂ ਦੇ ਹਲਕੇ ਪੱਧਰ ਹੋਣ ਦੀ ਕਮੀ ਤੋਂ ਜਾਣੂ ਕਰਾਇਆ।
ਬਾਲ ਮੇਲੇ ਦੇ ਦੂਸਰੇ ਦਿਨ (8 ਅਕਤੂਬਰ) ਕਵਿਤਾ ਉਚਾਰਨ ਮੁਕਾਬਲਿਆਂ ਦੀ ਜੱਜਮੈਂਟ ਡਾ. ਅੰਮਿ੍ਰਤ (ਸਮਾਜਿਕ ਕਾਰਕੁੰਨ), ਸੁਖਪਾਲ ਨਸਰਾਲੀ, ਜੀ.ਐੱਚ.ਜੀ ਖਾਲਸਾ ਕਾਲਜ ਆਫ ਐਜੂਕੇਸ਼ਨ ਦੀ ਪ੍ਰੋ.ਰੁਪਿੰਦਰਜੀਤ ਕੌਰ ਨੇ ਕੀਤੀ। ਬੱਚਿਆਂ ਨੇ ਕਵਿਤਾ ਮਕਾਬਲੇ ’ਚ ਵਧ-ਚੜਕੇ ਹਿੱਸਾ ਲਿਆ। ਮੰਚ ਤੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਅੰਮਿ੍ਰਤ ਨੇ ਸਖ਼ਤ ਸ਼ਬਦਾਂ ਵਿੱਚ ਅਧਿਆਪਕਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਸ਼ਹੀਦਾਂ ਦੇ ਜੀਵਨ ਸੰਬੰਧੀ ਤੇ ਸਾਹਿਤ ਪੜਨ ਤਾਂ ਜੋ ਉਹ ਕੱਲ ਬੱਚਿਆਂ ਨੂੰ ਉਸਾਰੂ ਸੇਧ ਦੇ ਸਕਣ। ਚਿੱਤਰਕਲਾ ਮੁਕਾਬਲਿਆਂ ਦੀ ਜੱਜਮੈਂਟ ਸ਼ਮਸ਼ੇਰ ਨੂਰਪੁਰੀ ਜੀ ਨੇ ਕੀਤੀ। ਬਾਲ ਮੇਲੇ ਦੇ ਤੀਜੇ ਦਿਨ ਕੁਇਜ਼ ਮੁਕਾਬਲੇ ਹੋਏ ਜਿਸ ਦਾ ਸੰਚਾਲਨ ਨੌਜਵਾਨ ਭਾਰਤ ਸਭਾ ਦੇ ਸੂਬਾ ਕਨਵੀਨਰ ਛਿੰਦਰਪਾਲ ਨੇ ਕੀਤੀ। ਸ਼ਹੀਦ ਭਗਤ ਸਿੰਘ ’ਤੇ ਗ਼ਦਰ ਲਹਿਰ ਨਾਲ ਸੰਬੰਧਿਤ ਪ੍ਰਸ਼ਨ ਵਿਦਿਆਰਥੀਆਂ ਤੋਂ ਪੁੱਛੇ ਗਏ ਜਿੰਨਾ ਦੇ ਵਿਦਿਆਰਥੀਆਂ ਨੇ ਦਿੱਕਤ ਜਵਾਬ ਦਿੱਤੇ। ਛਿੰਦਰਪਾਲ ਨੇ ਅਧਿਆਪਕਾਂ ’ਤੇ ਵਿਦਿਆਰਥੀ, ਮਾਪਿਆਂ ਤੇ ਸਮਾਜਿਕ ਕਾਰਕੁੰਨਾਂ ਨੂੰ ਗ਼ਦਰ ਲਹਿਰ ਤੇ ਸ਼ਹੀਦਾਂ ਦੇ ਜੀਵਨ ਸੰਬੰਧੀ ਪੜਨ ਦਾ ਸਝਾਅ ਦਿੱਤਾ।
ਮੁੱਖ-ਮਹਿਮਾਨਾਂ ਵਿੱਚ ਪਹਿਲੇ ਦਿਨ ਪ੍ਰੋ. ਬਾਵਾ ਸਿੰਘ ਖਾਲਸਾ ਕਾਲਜ ਗੁਰੂਸਰ ਸੁਧਾਰ ਤੇ ਦੂਸਰੇ ਦਿਨ ਕਾਮਰੇਡ ਕਸ਼ਮੀਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਕਾਮਰੇਡ ਕਸ਼ਮੀਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਸਾਹਿਤ ਪੜਨ ਲਈ ਪ੍ਰੇਰਿਆ। ਦਸਤਕ ਟੀਮ ਵੱਲੋਂ ਰਾਜਵਿੰਦਰ ਅਤੇ ਕੁਲਵਿੰਦਰ ਨੇ ਇਨਕਲਾਬੀ ਗੀਤ ਪੇਸ਼ ਕੀਤੇ ਅਤੇ ਨੌਜਵਾਨ ਭਾਰਤ ਸਭਾ ਇਕਾਈ ਪੱਖੋਵਾਲ ਵੱਲੋਂ ਨਾਟਕ ਟੋਆ ਪੇਸ਼ ਕੀਤਾ ਗਿਆ ਅਤੇ ਰਵਿੰਦਰਨਾਥ ਟੈਗੋਰ ਦਾ ਨਾਟਕ ਤੋਤਾ ਪਿੰਡ ਪੱਖੋਵਾਲ ਦੇ ਬੱਿਚਆਂ ਦੁਆਰਾ ਖੇਡਿਆ ਗਿਆ ਅੰਤ ਵਿੱਚ ਬਾਲ ਮੇਲੇ ਦੇ ਤਿੰਨ ਦਿਨਾਂ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਜੇਤੂ ਰਹੇ ਸਾਰੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਸਾਰੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਮੂਹ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਬਾਲ ਮੇਲੇ ਵਿੱਚ ਕੁੱਲ ਤਿੰਨ ਦਿਨਾਂ ’ਚ 100 ਤੋਂ ਜ਼ਿਆਦਾ ਸਕੂਲਾਂ ਦੇ 600 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਤਿੰਨੇ ਦਿਨ ਪਿੰਡ ਨਿਵਾਸੀਆਂ ਤੇ ਆਲੇ-ਦੁਆਲੇ ਦੇ ਸੂਝਵਾਨ ਲੋਕਾਂ ਨੇ ਵੀ ਭਾਰੀ ਗਿਣਤੀ ’ਚ ਸ਼ਮੂਲੀਅਤ ਕੀਤੀ। ਨੌਜਵਾਨ ਭਾਰਤ ਸਭਾ ਦੇ ਸੂਬਾ ਕਨਵੀਨਰ ਛਿੰਦਰਪਾਲ ਨੇ ਬਾਲ ਮੇਲੇ ਵਿੱਚ ਤਿੰਨ ਦਿਲ ਸ਼ਿਰਕਤ ਕਰਨ ਵਾਲੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਸਮਾਜ ਦੇ ਪੱਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।