Thu, 21 November 2024
Your Visitor Number :-   7255403
SuhisaverSuhisaver Suhisaver

ਪਿੰਡ ਹਵੇਲੀ ਦੇ ਲੋਕ ਬਦਬੂਦਾਰ ਛੱਪੜ ਤੋਂ ਪ੍ਰੇਸ਼ਾਨ

Posted on:- 24-09-2013

suhisaver

-ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਪਿੰਡ ਹਵੇਲੀ ਦੇ ਲੋਕ ਪਿੰਡ ਵਿਚਕਾਰ ਸਥਿਤ ਗੰਦੇ ਅਤੇ ਬਦਬੂਦਾਰ ਪਾਣੀ ਕਾਰਨ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਮਾਹਿਲਪੁਰ ਸ਼ਹਿਰ ਨਾਲ ਜੁੜ ਚੁੱਕੇ ਇਸ ਪਿੰਡ ਦੀ ਅਬਾਦੀ 1500 ਤੋਂ ਵੱਧ ਹੈ। ਮਾਹਿਲਪੁਰ ਹਵੇਲੀ ਸੰਪਰਕ ਸੜਕ ਦਾ ਆਪਸ ਵਿੱਚ ਫਾਸਲਾ ਇੱਕ ਕਿਲੋਮੀਟਰ ਹੈ ਅਤੇ ਦੋਵੇਂ ਪਾਸੇ ਆਲੀਸ਼ਾਨ ਕੋਠੀਆਂ ਅਤੇ ਦੁਕਾਨਾ ਬਣਨ ਕਾਰਨ ਇਹ ਸੰਪਰਕ ਸੜਕ ਬਜ਼ਾਰ ਦਾ ਰੂਪ ਧਾਰਨ ਕਰ ਚੁੱਕੀ ਹੈ।

ਨਵੀਂ ਚੁਣੀ ਗਈ ਪੰਚਾਇਤ ਪਿੰਡ ਦੇ ਵਿਕਾਸ ਲਈ ਯਤਨਸ਼ੀਲ ਹੈ ਪ੍ਰੰਤੂ ਪਿੰਡ ਨੂੰ ਮਾਹਿਲਪੁਰ ਨਾਲ ਜੋੜਨ ਵਾਲੀ ਉਕਤ ਸੜਕ ਅਤੇ ਪਿੰਡ ਦੇ ਚੁਫੇਰੇ ਦੀਆਂ ਸੜਕਾਂ ਅਤੇ ਗਲੀਆਂ ਦੀ ਹਾਲਤ ਐਨੀ ਮਾੜੀ ਹੈ ਕਿ ਲੋਕਾਂ ਦਾ ਜੀਣਾ ਬੇਹਾਲ ਹੋਇਆ ਪਿਆ ਹੈ। ਅੱਜ ਪਿੰਡ ਦੇ ਲੋਕਾਂ ਜੋਗਿੰਦਰ ਸਿੰਘ ਸਾਬਕਾ ਸਰਪੰਚ ਅਤੇ ਅਮਰਜੀਤ ਸਿੰਘ ਦੀ ਹਾਜ਼ਰੀ ਵਿੱਚ ਦੱਸਿਆ ਕਿ ਸਰਕਾਰ ਵਲੋਂ ਪਿੰਡ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹਨ ਪ੍ਰੰਤੂ ਪਿੰਡ ਦੇ ਵਿੱਚਕਾਰ ਕਈ ਸਾਲਾ ਤੋਂ ਬਣਿਆਂ ਗੰਦੇ ਪਾਣੀ ਨਾਲ ਭਰਿਆ ਛੱਪੜ ਹੁਣ ਲੋਕਾਂ ਦੀ ਜਾਨ ਦਾ ਖੋਅ ਬਣਿਆ ਹੋਇਆ ਹੈ।

ਅਮਰਜੀਤ ਸਿੰਘ ਨੇ ਦੱਸਿਆ ਕਿ ਛੱਪੜ ਪਿੰਡ ਦੇ ਵਿਚਕਾਰ ਹੋਣ ਕਾਰਨ ਜ਼ਹਿਰੀਲੇ ਸੱਪਾਂ, ਕੀੜਿਆਂ ਅਤੇ ਸੁੰਡੀਆਂ ਨਾਲ ਭਰਿਆ ਹੋਣ ਕਾਰਨ ਸਮੁੱਚੇ ਪਿੰਡ ਦੇ ਲੋਕਾਂ ਲਈ ਮੁਸੀਬਤ ਬਣ ਚੁੱਕਾ ਹੈ। ਇਸ ਛੱਪੜ ਵਿੱਚ ਪਿੰਡ ਦੇ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਪੈਂਦਾ ਹੈ ਅਤੇ ਇਸ ਦੀ ਕਦੇ ਵੀ ਸਫਾਈ ਨਾ ਹੋਣ ਕਾਰਨ ਇਸ ਵਿੱਚ ਬੇਲਾਂ, ਵੱਡਾ ਘਾਹ ਅਤੇ ਭੰਗ ਦੇ ਬੂਟੇ ਉਗਣ ਕਾਰਨ ਜ਼ਹਿਰੀਲੇ ਕੀੜਿਆਂ ਨਾਲ ਭਰ ਚੁੱਕਾ ਹੈ।

ਸਾਬਕਾ ਸਰਪੰਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਦਾ ਹੋਰ ਕੋਈ ਨਿਕਾਸ ਦਾ ਪ੍ਰਬੰਧ ਨਾ ਹੋਣ ਕਾਰਨ ਸਰਕਾਰ ਵਲੋਂ ਇਥੇ ਸੀਵਰੇਜ ਪਾਕੇ ਪਿੰਡ ਦੇ ਗੰਦੇ ਪਾਣੀ ਨੂੰ ਬਾਹਰ ਕੱਢਣ ਅਤੇ ਉਕਤ ਛੱਪੜ ਨੂੰ ਪੂਰਨ ਦੀ ਯੋਜਨਾ ਹੈ ਪ੍ਰੰਤੂ ਉਕਤ ਕਾਰਜ ਲਈ ਕਰੋੜਾਂ ਰੁਪਏ ਦੀ ਗਰਾਂਟ ਦੀ ਲੋੜ ਹੈ ਜੋ ਸਮੇਂ ਦੀਆਂ ਵੱਖ ਵੱਖ ਸਰਕਾਰਾਂ ਉਪਲਬਧ ਨਹੀਂ ਕਰਵਾ ਸਕੀਆਂ। ਉਹਨਾਂ ਦੱਸਿਆ ਕਿ ਇਸ ਵਕਤ ਪਿੰਡ ਦੀਆਂ ਸਮੂਹ ਗਲੀਆਂ ਨਾਲੀਆਂ ਦੀ ਹਾਲਤ ਖਸਤਾ ਹੈ ਅਤੇ ਗੰਦਾ ਪਾਣੀ ਗਲੀਆਂ ਅਤੇ ਸੜਕਾਂ ਵਿੱਚ ਖੜ੍ਹਾ ਰਹਿਣ ਕਾਰਨ ਪਿੰਡ ਦੇ ਲੋਕ ਅਤਿ ਦੇ ਪ੍ਰੇਸ਼ਾਨ ਹਨ।

ਇਸ ਮੌਕੇ ਲੋਕਾਂ ਨੇ ਦੱਸਿਆ ਕਿ ਗੰਦੇ ਅਤੇ ਬਦਬੂਦਾਰ ਪਾਣੀ ਨਾਲ ਭਰੇ ਛੱਪੜ ਕਾਰਨ ਨਾਲ ਲਗਦੇ ਘਰਾਂ ਵਿੱਚ ਕੀੜੇ ਮਕੌੜੇ ਅਤੇ ਸੱਪ ਘਰਾਂ ਅੰਦਰ ਆ ਵੜਦੇ ਹਨ। ਗੰਦੇ ਪਾਣੀ ਦੇ ਧਰਤੀ ਵਿੱਚ ਉਤਰਨ ਕਾਰਨ ਸਾਰੇ ਪਿੰਡ ਦੇ ਨਲਕਿਆਂ ਅਤੇ ਖੂਹਾਂ ਦਾ ਪਾਣੀ ਤੇਜ਼ਾਬੀ ਬਣਕੇ ਪੀਲਾ ਪੈ ਚੁੱਕਾ ਹੈ। ਪਿੰਡ ਦੇ ਸਮੂਹ ਲੋਕਾਂ ਨੇ ਆਪਣੇ ਘਰਾਂ ਵਿੱਚ ਲੱਗੇ ਨਲਕੇ ਪਟਵਾ ਦਿੱਤੇ ਹਨ ਅਤੇ ਖੂਹਾਂ ਨੂੰ ਜਾਲ ਲਾ ਕੇ ਬੰਦ ਕਰ ਦਿੱਤਾ ਹੈ।

ਉਹਨਾਂ ਦੱਸਿਆ ਕਿ ਬਰਸਾਤਾਂ ਦੇ ਮੌਸਮ ਤੋਂ ਇਲਾਵਾ ਭਰਵੀਂ ਬਾਰਸ਼ ਦੌਰਾਨ ਛੱਪੜ ਦਾ ਗੰਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਬੜ ਜਾਂਦਾ ਹੈ ਬਹੁਤੇ ਘਰਾਂ ਦੀਆਂ ਕੰਧਾਂ ਨੂੰ ਸਲ੍ਹਾਬ ਪੈ ਚੁੱਕੀ ਹੈ। ਸਰਪੰਚ ਜਸਪਾਲ ਸਿੰਘ ਅਤੇ ਪਿੰਡ ਵਾਸੀਆਂ ਵਲੋਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪਿੰਡ ਦੀ ਸੰਪਰਕ ਸੜਕ, ਗੰਦੇ ਪਾਣੀ ਨਾਲ ਭਰੇ ਛੱਪੜ ਦੇ ਪਾਣੀ ਦੇ ਨਿਕਾਸ ਦਾ ਢੁਕਵਾਂ ਪ੍ਰਬੰਧ ਅਤੇ ਖਸਤਾ ਹਾਲਤ ਗਲੀਆਂ ਨਾਲੀਆਂ ਨੂੰ ਤੁਰੰਤ ਸੁਧਾਰਿਆ ਜਾਵੇ। ਇਸ ਸਬੰਧ ਵਿੱਚ ਬੀ ਡੀ ਪੀ ਓ ਸੁਖਦੇਵ ਸਿੰਘ ਮਾਹਿਲਪੁਰ ਨੇ ਦੱਸਿਆ ਕਿ ਉਹ ਜਲਦ ਹੀ ਮੌਕੇ ਦੇਖਕੇ ਢੁਕਵੇਂ ਪ੍ਰਬੰਧ ਕਰਨਗੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ