-ਸ਼ਿਵ ਕੁਮਾਰ ਬਾਵਾ
ਡੰਡਿਆਂ ਨਾਲ ਕੁੱਟ ਕੁੱਟਕੇ ਬਾਂਹ ਤੋੜੀ, ਹਾਲਤ ਗੰਭੀਰ
ਮਾਹਿਲਪੁਰ: ਬਲਾਕ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਦੀ ਇੱਕ ਅਧਿਾਅਪਕਾ ਵਲੋਂ ਡੰਡੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਕੇ ਬਾਂਹ ਤੋੜ ਦਿੱਤੀ ਗਈ। ਉਕਤ ਅਧਿਆਪਕਾ ਨੇ ਲੜਕੀ ਦੀ ਬਾਂਹ ਟੁੱਟ ਜਾਣ ਤੇ ਵੀ ਆਪਣਾ ਗੁੱਸਾ ਸ਼ਾਂਤ ਨਹੀਂ ਕੀਤਾ ਸਗੋਂ ਉਸਨੇ ਕਲਾਸ ਦੀਆਂ ਹੋਰ ਵਿਦਿਆਰਥਣਾਂ ਨੂੰ ਵੀ ਕੁੱਟ ਦਾ ਸ਼ਿਕਾਰ ਬਣਾਕੇ ਗਾਲੀ ਗਲੋਚ ਕੀਤਾ। ਇਸ ਮਾਮਲੇ ਦਾ ਜਦ ਪੀੜਤ ਲੜਕੀ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਹ ਸਕੂਲ ਪਹੁੰਚ ਗਏ ਜਿਥੇ ਉਕਤ ਅਧਿਆਪਕਾ ਮਾਪਿਆਂ ਨੂੰ ਕੁੱਟਮਾਰ ਦਾ ਬਿਨਾਂ ਕੋਈ ਕਾਰਨ ਦੱਸਿਆਂ ਕਹਿਣ ਲੱਗ ਪਈ ਕਿ ਉਹ ਗਲਤੀਆਂ ਕਰਨ ਵਾਲੇ ਬੱਚਿਆਂ ਦਾ ਆਪਣੇ ਤਰੀਕੇ ਨਾਲ ਸਹੀ ਇਲਾਜ ਕਰ ਰਹੀ ਹੈ।
ਉਹ ਸਕੂਲ ਦੇ ਅਧਿਆਪਕ ਨਰੰਜਣ ਸਿੰਘ ਸਾਹਮਣੇ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਉਸਦੇ ਮਾਪਿਆਂ ਨੂੰ ਕੋਈ ਢੁਕਵਾਂ ਜਵਾਬ ਵੀ ਨਹੀਂ ਦੇ ਸਕੀ। ਪੀੜਤ ਲੜਕੀ ਨੂੰ ਇਲਾਜ ਲਈ ਮਾਹਿਲਪੁਰ ਦੇ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ, ਜਿਥੇ ਡਾਕਟਰਾਂ ਵਲੋਂ ਗੰਭੀਰ ਹਾਲਤ ਕਾਰਨ ਉਸਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜੇਰੇ ਇਲਾਜ ਮਨਪ੍ਰੀਤ ਕੌਰ (11) ਪੁੱਤਰੀ ਮੋਹਣ ਲਾਲ ਵਾਸੀ ਬਾੜੀਆਂ ਕਲਾਂ ਨੇ ਪਿੰਡ ਦੀ ਸਰਪੰਚ ਅੰਜੂ ਹੰਸ, ਪੰਚਾਇਤ ਮੈਂਬਰਾਂ ਮਨਜੀਤ ਕੌਰ, ਚੈਨ ਕੁਮਾਰ, ਸੁੱਚਾ ਰਾਮ ਢਾਂਡਾ ਅਤੇ ਆਪਣੀ ਮਾਂ ਚਰਨਜੀਤ ਕੌਰ ਦੀ ਹਾਜਰੀ ਵਿੱਚ ਦੱਸਿਆ ਕਿ ਉਹ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਵਿੱਚ ਛੇਵੀਂ ਕਲਾਸ ਵਿੱਚ ਪੜ੍ਹਦੀ ਹੈ। ਅੱਜ ਦੂਸਰੇ ਪੀਰੀਅਡ ਦੌਰਾਨ ਸਕੂਲ ਦੀ ਮੈਡਮ ਨੀਲਮ ਕੁਮਾਰੀ ਨੇ ਸਾਡੀ ਕਲਾਸ ਵਿੱਚ ਨੌਂਵੀਂ ਕਲਾਸ ਦੇ ਲੜਕਿਆਂ ਨੂੰ ਸਦਕੇ ਬਾਹਰੋਂ ਡੰਡੇ ਮਗਵਾਏ ਅਤੇ ਕਲਾਸ ਦੀਆਂ ਸਾਰੀਆਂ ਲੜਕੀਆਂ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਉਸਨੇ ਮੇਰੇ ਸਮੇਤ ਕਲਾਸ ਦੀਆਂ ਸਾਰੀਆਂ ਲੜਕੀਆਂ ਦਾ ਬੜੀ ਬੇਰਹਿਮੀ ਨਾਲ ਕੁਟਾਪਾ ਚਾੜ੍ਹਿਆ । ਉਸਨੇ ਦੱਸਿਆ ਸਾਡੀ ਕਲਾਸ ਵਿੱਚ ਕੁੱਲ 26 ਵਿਦਿਆਰਥੀ ਹਨ ਜਿਹਨਾਂ ਵਿੱਚ ਲੜਕੀਆਂ ਦੀ ਗਿਣਤੀ 11 ਹੈ। ਮੈਡਮ ਦੇ ਕੁਟਾਪੇ ਕਾਰਨ ਸਾਰੇ ਸਕੂਲ ਵਿੱਚ ਬੱਚਿਆਂ ਦੇ ਰੋਣ ਦੀਆਂ ਅਵਾਜ਼ਾਂ ਆਉਂਣ ਲੱਗ ਪਈਆਂ ਜਿਸ ਸਦਕਾ ਹੋਰ ਬੱਚੇ ਅਤੇ ਅਧਿਆਪਕ ਸਾਡੀ ਕਲਾਸ ਅੱਗੇ ਆ ਗਏ। ਉਹਨਾਂ ਮੈਡਮ ਨੂੰ ਬੜੀ ਮੁਸ਼ਕਲ ਨਾਲ ਅਜਿਹਾ ਤਸ਼ਦੱਦ ਕਰਨ ਤੋਂ ਰੋਕਿਆ ਪ੍ਰੰਤੂ ਉਸਨੇ ਮੇਰੀ ਡੰਡੇ ਨਾਲ ਅਜਿਹੀ ਪਿਟਾਈ ਕੀਤੀ ਕਿ ਉਸਦੀ ਬਾਂਹ ਟੁੱਟ ਗਈ ਜਿਸ ਕਾਰਨ ਉਹ ਬੇਹੋਸ਼ ਹੋ ਕੇ ਧਰਤ ਤੇ ਡਿੱਗ ਪਈ। ਉਸਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਮੈਡਮ ਨਾਲ ਸਕੂਲ ਵਿੱਚ ਜਾਕੇ ਲੜਕੀ ਨੂੰ ਕੁੱਟਣ ਦਾ ਕਾਰਨ ਪੁੱਛਿਆ ਤਾਂ ਉਸਨੇ ਕੋਈ ਜਵਾਬ ਦੇਣ ਦੀ ਬਜਾਏ ਸਾਨੂੰ ਜ਼ਲੀਲ ਕੀਤਾ। ਉਸਨੇ ਸਕੂਲ ਦੇ ਅਧਿਆਪਕ ਨਰੰਜਣ ਸਿੰਘ ਦਾ ਵੀ ਕਹਿਣਾ ਨਹੀਂ ਮੰਨਿਆ,ਸਗੋਂ ਆਪਣੀਆਂ ਮਾਰਦੀ ਹੋਈ ਸਕੂਲੋਂ ਚਲੇ ਗਈ।
ਇਸ ਸਬੰਧ ਵਿੱਚ ਸਕੂਲ ਦੇ ਪ੍ਰਿੰਸੀਪਲ ਗੁਰਮੀਤ ਚੰਦ ਨੇ ਦੱਸਿਆ ਕਿ ਉਸਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਸਕੂਲ ਸਬੰਧੀ ਵਿਭਾਗ ਦੀ ਇਕ ਮੀਟਿੰਗ ਲਈ ਬਾਹਰ ਗਏ ਹੋਏ ਸਨ। ਉਹਨਾਂ ਸਕੂਲ ਅਧਿਆਪਕ ਨਰੰਜਣ ਸਿੰਘ ਤੋਂ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜੋ ਸਰਾ ਸਰ ਗਲਤ ਹੈ। ਉਹਨਾਂ ਮੈਡਮ ਨੀਲਮ ਕੁਮਾਰੀ ਨੂੰ ਪੁੱਛਿਆ ਸੀ ਅਤੇ ਲੜਕੀ ਦੀ ਮਾਂ ਚਰਨਜੀਤ ਕੌਰ ਨੂੰ ਸੱਦਕੇ ਆਪਸ ਵਿੱਚ ਰਾਜੀਨਾਮਾ ਕਰਵਾ ਦਿੱਤਾ ਸੀ। ਇਸ ਸਬੰਧੀ ਮੈਡਮ ਨੀਲਮ ਕੁਮਾਰੀ ਨੇ ਕਿਹਾ ਕਿ ਉਸਨੇ ਕਿਸੇ ਬੱਚੇ ਦੀ ਕੋਈ ਕੁੱਟਮਾਰ ਨਹੀਂ ਕੀਤੀ । ਪਿੰਡ ਦੀ ਨਵੀਂ ਪੰਚਾਇਤ ਉਸਦੀ ਵਿਰੋਧੀ ਹੈ ਅਤੇ ਉਸਨੂੰ ਬਦਨਾਮ ਕਰਨ ਲਈ ਨਿੱਤ ਨਵੇਂ ਦੋਸ਼ ਲਗਾ ਰਹੀ ਹੈ। ਉਹ ਖਫਾ ਹਨ ਕਿ ਉਹ ਸਕੂਲ ਪ੍ਰਿੰਸੀਪਲ ਦੀ ਸਕੀ ਭਤੀਜੀ ਹੈ।