ਸਾਨਿਕਾ ਕਲਿਆਣਕਰ ਬਾਜ਼ੀ ਮਾਰ ਗਈ, ਪੰਜਾਬੀ ਗੱਭਰੂ ਮਨਪਰੀਤ ਨੂੰ ਦੂਜਾ ਸਥਾਨ
ਕੈਲਗਰੀ ਵਿਖੇ ਹੁਣੇ ਹੁਣੇ ਸ਼ੁਰੂ ਹੋਏ ਨਵੇਂ ਰੇਡੀਓ ਸਟੇਸ਼ਨ ਰੈਡ ਐਫ ਐਮ ਵੱਲੋਂ ਪਹਿਲਾ ਰੈਡ ਐਫ ਐਮ ਆਈਡਲ ਕੈਲਗਰੀ -2013 ਦਾ ਖਿਤਾਬ ਗੁਜਰਾਤੀ ਮੂਲ ਦੀ ਲੜਕੀ ਸਾਨਿਕਾ ਕਲਿਆਣਕਰ ਦੇ ਹਿੱਸੇ ਆਇਆ ਹੈ। ਬੀਤੇ ਕਾਫੀ ਦਿਨਾਂ ਤੋਂ ਕੁੱਲ 76 ਸਥਾਨਕ ਗਾਇਕ ਕਲਾਕਾਰਾਂ ਦੇ ਮੁਕਾਬਲਿਆਂ ਵਿੱਚੋਂ ਦੀ ਗੁਜ਼ਰਦਾ ਹੋਇਆ ਅੱਜ ਦਾ ਇਹ ਪਰੋਗਰਾਮ ਚੁਣੇ ਹੋਏ 8 ਗਾਇਕਾਂ ਦੇ ਆਪਸੀ ਮੁਕਾਬਲੇ ਨਾਲ ਸੁਰੂ ਹੋਇਆ।
ਪਹਿਲੇ ਗੇੜ ਵਿੱਚ ਸੰਦੀਪ ਸਹੋਤਾ,ਸਿਮਰਨ ਚੀਮਾ,ਬਲਬੀਰ ਸਿੰਘ,ਅੰਕੁਰ ਮੋਦਗਿੱਲ,ਸਾਨਿਕਾ ਕਲਿਆਣਕਾਰ, ਹੈਰੀ ਜੌਹਲ, ਰਮਨਜੀਤ ਪੁਰਬਾ ਅਤੇ ਮਨਪਰੀਤ ਸਿੰਘ ਹਾਜਿਰ ਰਹੇ । ਨਤੀਜੇ ਦੌਰਾਨ ਸੰਦੀਪ ਸਹੋਤਾ,ਸਿਮਰਨ ਚੀਮਾ ਅਤੇ ਬਲਬੀਰ ਸਿੰਘ ਇਸ ਮੁਕਾਬਲੇ ਵਿੱਚੋਂ ਬਾਹਰ ਹੋ ਗਏ। ਦੂਜੇ ਗੇੜ ਤੋਂ ਬਾਅਦ ਤੀਜੇ ਗੇੜ ਵਿੱਚ ਸਿਰਫ ਸਾਨਿਕਾ ਕਲਿਆਣਕਰ, ਮਨਪ੍ਰੀਤ ਸਿੰਘ ਅਤੇ ਰਮਨਜੀਤ ਪੁਰਬਾ ਵਿਚਕਾਰ ਮੁਕਾਬਲਾ ਸੀ।
ਪਹਿਲੇ ਸਥਾਨ ਉੱਪਰ ਜੇਤੂ ਦਾ ਖਿਤਾਬ ਪਾਉਣ ਵਾਲੀ ਲੜਕੀ ਸਾਨਿਕਾ ਕਲਿਅਣਕਰ ਨੂੰ ਪੰਜਾਬੀ ਬੋਲਣੀ ਲਿਖਣੀ ਇੱਥੋਂ ਤੱਕ ਕਿ ਸਮਝ ਵੀ ਨਹੀਂ ਆਉਂਦੀ ਸੀ, ਪਰ ਹਿੰਦੀ ਗੀਤਾਂ ਦੀ ਪੇਸ਼ਕਾਰੀ ਸਮੇਂ ਉਸ ਦੇ ਗਲੇ ਦਾ ਕਮਾਲ ਜੱਜ ਸਾਹਿਬਾਨ ਨੂੰ ਕੀਲ ਗਿਆ। ਦੂਜੇ ਨੰਬਰ ਉੱਪਰ ਆਉਣ ਵਾਲਾ ਮਨਪਰੀਤ ਸਿੰਘ ਜਦੋਂ ਵੀ ਸਟੇਜ ਉੱਪਰ ਆਉਂਦਾ ਸੀ ਤਾਂ ਉਸ ਦੇ ਚਿਹਰੇ ਉੱਪਰ ਹਸਮੁੱਖ ਕੁਦਰਤੀ ਝਲਕ ਦਾ ਨੂਰ ਡੁੱਲ ਡੁੱਲ ਪੈਂਦਾ ਸੀ । ਭੱਠੀ ਦੀਆਂ ਖਿੱਲਾਂ ਵਾਂਗ ਤਿੜਕ ਤਿੜਕ ਪੈਂਦੇ ਉਸ ਦੇ ਬੋਲਾਂ ਨੇ ਭਾਵੇਂ ਹਾਲ ਵਿੱਚੋਂ ਹਾਜਰੀਨ ਦੀਆਂ ਤਾੜੀਆਂ ਦੀ ਬਹੁਤਾਂਤ ਤਾਂ ਜਿੱਤ ਲਈ ਪਰ ਜੱਜ ਸਹਿਬਾਨ ਦੇ ਇਹਨਾਂ ਬੋਲਾਂ ਕਿ "ਕਾਕਾ ਗਾਉਂਦਾ ਤਾਂ ਤੂੰ ਬਹੁਤ ਸੋਹਣਾ ਹੈ ਪਰ ਹਾਲੇ ਹੋਰ ਸਿੱਖਣ ਦੀ ਲੋੜ ਹੈ" ਨੇ ਉਸ ਨੂੰ ਦੂਜੇ ਸਥਾਨ ਉੱਪਰ ਪਹੁੰਚਾ ਦਿੱਤਾ।ਜਦੋਂ ਕਿ ਰਮਨਜੀਤ ਪੁਰਬਾ ਤੀਜੇ ਸਥਾਨ ਉੱਪਰ ਰਿਹਾ।
ਕਮਲ ਖਾਨ, ਜੀ ਐਸ ਪੀਟਰ ਅਤੇ ਸਥਾਨ ਗਾਇਕ ਜਰਨੈਲ ਐਲੋਂ ਉੱਪਰ ਅਧਾਰਤ ਜੱਜਾਂ ਦੀ ਟੀਮ ਦੇ ਫੈਸਲੇ ਦਾ ਹਾਜਰੀਨ ਅਤੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਨੇ ਜੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ।ਸਮੁੱਚੇ ਸਟੇਜ ਨੂੰ ਬਾ ਕਮਾਲ ਤਰੀਕੇ ਨਾਲ ਚਲਾਉਣ ਅਤੇ ਟਾਈਮ ਦੀ ਕਦਰਦਾਨ ਟੀਮ ਗੁਰਪਰੀਤ ਕੌਰ ਅਤੇ ਅਮਰਜੀਤ ਰੱਖੜਾ ਦੇ ਹੱਥ ਸੀ । ਗੁਡ ਮਾਰਨਿੰਗ ਕੈਲਗਰੀ ਵਾਲੇ ਰਿਸੀ ਨਾਗਰ ਨੇ ਥੋੜੇ ਸਬਦਾਂ ਨਾਲ ਹੀ ਸਮੁੰਦਰ ਵਾਂਗ ਵਿਸਾਲ ਜਾਣਕਾਰੀ ਅਤੇ ਅਸਮਾਨੀ ਫਿਜ਼ਾ ਦੀ ਰੂਹ ਵਰਗੇ 'ਜੀ ਆਇਆਂ' ਵਾਲੇ ਸਬਦਾਂ ਨਾਲ ਪਰੋਗਰਾਮ ਦੀ ਸ਼ੁਰੂਆਤ ਕੀਤੀ। "ਏਕ ਝਲਕ" ਦੀ ਸੰਗੀਤਕ ਟੀਮ ਕੈਲਗਰੀ ਵਾਸੀਆਂ ਨੂੰ ਕੀਲ ਗਈ।
ਕੈਲਗਰੀ ਸ਼ਹਿਰ ਵਿੱਚ ਪਹਿਲੀ ਬਾਰ ਹੋਏ ਇਸ ਕਿਸਮ ਦੇ ਪ੍ਰੋਗਰਾਮ ਨਾਲ ਜਿੱਥੇ ਸਥਾਨ ਕਲਾਕਾਰਾਂ ਨੂੰ ਅੱਗੇ ਵਧਣ ਲਈ ਹੌਸਲਾ ਮਿਲੇਗਾ ਉੱਥੇ ਆਮ ਲੋਕਾਂ ਵਿੱਚ ਵੀ ਰੇਡੀਓ ਦੇ ਮਾਲਕ ਕੁਲਵਿੰਦਰ ਸੰਗੇੜਾ ਦੀ ਉਸਾਰੂ ਸੋਚ ਅਤੇ ਇਸ ਕਿਸਮ ਦੇ ਪਰੋਗਰਾਮਾਂ ਦੀ ਸਰਾਹਨਾ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਪਹਿਲੇ ਸਥਾਨ ਦੇ ਜੇਤੂ ਨੂੰ 1000 ਕਨੇਡੀਅਨ ਡਾਲਰ ਨਕਦ , ਉਸ ਦੇ ਇੱਕ ਗੀਤ ਦੀ ਰਿਕਾਰਡਿੰਗ, ਫੋਟੋ ਸ਼ੂਟ ਅਤੇ ਵੈਬ ਸਾਈਟ ਇਨਾਮ ਵਿੱਚ ਮਿਲੇਗੀ। ਜਦੋਂ ਕਿ ਦੂਜੇ ਸਥਾਨ ਵਾਲੇ 500 ਡਾਲਰ ਅਤੇ ਤੀਜੇ ਸਥਾਨ ਵਾਲੇ ਨੂੰ ਸਿਰਫ 250 ਡਾਲਰ ਇਨਾਮ ਵੱਜੋਂ ਮਿਲਣਗੇ।
- ਹਰਬੰਸ ਬੁੱਟਰ, ਕੈਲਗਰੀ