ਸ਼ਹੀਦ ਮੇਵਾ ਸਿੰਘ ਖੇਡ ਮੇਲਾ ਸਫਲਤਾ ਦੀਆਂ ਨਵੀਆਂ ਪਿਰਤਾਂ ਨਾਲ ਸੰਪੂਰਨ
Posted on:- 28-08-2013
ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਵਲੋਂ ਬੀਤੇ ਦਿਨੀਂ ਚੌਥਾ ਸਭਿਆਚਾਰਕ ਖੇਡ ਮੇਲਾ ਕਰਵਾਇਆ ਗਿਆ। ਇਹ ਖੇਡ ਮੇਲਾ ਗਦਰੀ ਬਾਬਿਆਂ ਦੀ ਲਾਸਾਨੀ ਕੁਰਬਾਨੀ ਨੂੰ ਚੇਤੇ ਕਰਦਿਆਂ ਉਹਨਾਂ ਦੀ ਪਾਈ ਪਿਰਤ ਕਮਿਊਨਿਟੀ ਦੀ ਇੱਕਮੁੱਠਤਾ, ਸਿਹਤਮੰਦ ਤੇ ਨਰੋਏ ਸਮਾਜ ਦੀ ਕਾਮਨਾ ਨੂੰ ਜੱਗ ਜ਼ਾਹਰ ਕਰਦਾ ਹੈ। ਇਸ ਸਾਲ 2013 ਦਾ ਸਾਲ ਗ਼ਦਰ ਲਹਿਰ ਦਾ ਸ਼ਤਾਬਦੀ ਵਰ੍ਹਾ ਹੈ ਇਸ ਕਰਕੇ ਇਹ ਮੇਲਾ ਸਮੁੱਚੀ ਗ਼ਦਰ ਪਾਰਟੀ ਨੂੰ ਸਮਰਪਤ ਕੀਤਾ ਗਿਆ। ਇਸ ਮੇਲੇ ਵਿੱਚ ਗ਼ਦਰੀ ਬਾਬਿਆਂ ਦੀ ਜ਼ਿੰਦਗੀ ਤੇ ਚਾਨਣਾ ਪਾਉਂਦਾ, ਖੇਡਾਂ ਵਿੱਚ ਤਰਕ, ਅਜੋਕੇ ਜੀਵਨ ਵਿੱਚ ਖੇਡਾਂ ਦਾ ਮਹੱਤਵ, ਚੱਲ ਰਿਹਾ ਵਰਤਾਰਾ, ਸਮਾਜ ਵਿੱਚ ਸੰਸਥਾਵਾਂ ਦਾ ਯੋਗਦਾਨ ਅਤੇ ਗ਼ਦਰ ਲਹਿਰ ਨੂੰ ਸਮਰਪਤ ਕਵਿਤਾਵਾਂ ਨਾਲ ਸ਼ਿੰਗਾਰ ਕੇ ਬਹੁਤ ਹੀ ਪ੍ਰਭਾਵਸ਼ਾਲੀ ਗਿਆਨ ਭਰਭੂਰ ਲੇਖਾਂ ਦੀ ਹਾਜ਼ਰੀ ਨਾਲ ਇੱਕ ਸਲਾਨਾ ਮੈਗਜ਼ੀਨ ਵੀ ਐਸੋਸਇੇਸ਼ਨ ਵਲੋਂ ਲੋਕ ਅਰਪਣ ਕੀਤਾ ਗਿਆ।
ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਵੈਚ ਨੇ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਗ਼ਦਰੀ ਬਾਬਿਆਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਂਦਿਆਂ, ਉਹਨਾਂ ਨੂੰ ਚੇਤਿਆਂ ਵਿੱਚ ਯਾਦ ਰੱਖਣ ਦਾ ਪ੍ਰਣ ਲੈਂਦਿਆਂ, ਬੱਚਿਆਂ ਦੀਆਂ ਖੇਡਣ ਦੀਆਂ ਰੁਚੀਆਂ ਤੇ ਸਿਹਤਮੰਦ ਸਮਾਜ ਵੱਲ ਕਦਮ ਪੁੱਟਣ ਲਈ ਉਤਸ਼ਾਹਤ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਾਰਾ ਹੀ ਦਿਨ ਅਵਤਾਰ ਗਿੱਲ, ਸੰਤੋਖ ਢੇਸੀ ਤੇ ਕ੍ਰਿਪਾਲ ਬੈਂਸ ਸਟੇਜ ਤੋਂ ਹੋ ਰਹੀਆਂ ਖੇਡ ਕਾਰਵਾਈਆਂ ਬਾਰੇ ਦੱਸਦੇ ਰਹੇ। ਗ਼ਦਰ ਸ਼ਤਾਬਦੀ ਸਮਾਰੋਹ ਕਮੇਟੀ ਵਲੋਂ ਅਗਾਂਹਵਧੂ ਸਾਹਿਤ ਦਾ ਸਟਾਲ ਅਤੇ ਪ੍ਰਦਰਸ਼ਨੀ ਵੀ ਲਾਈ ਗਈ ਜਿਸ ਦੀ ਜ਼ੁੰਮੇਵਾਰੀ ਸ਼ਮਸ਼ੇਰ ਭੱਟੀ ਤੇ ਮੱਖਣ ਟੁੱਟ ਨੇ ਬਾਖੂਬੀ ਨਿਭਾਈ।
ਦੋ ਤੋਂ ਤਿੰਨ ਵਜੇ ਦੇ ਦਰਮਿਆਨ ਸਭਿਆਚਾਰਕ ਪ੍ਰੋਗਰਾਮ ਵੀ ਉਲੀਕਿਆ ਗਿਆ ਜਿਸ ਵਿੱਚ ਪਰਮਿੰਦਰ ਸਵੈਚ ਨੇ ਗ਼ਦਰੀ ਬਾਬਿਆਂ ਦਾ ਸੁਨੇਹਾ, ਖੇਡਾਂ ਦੀ ਮਹੱਤਤਾ ਅਤੇ ਸਾਡੀ ਪਰਿਵਾਰਕ, ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਕਮੇਟੀ ਦੇ ਯੋਗਦਾਨ ਬਾਰੇ ਦੱਸਿਆ।ਰਛਪਾਲ ਥਾਂਦੀ, ਦਵਿੰਦਰ ਬਚਰਾ, ਮਨਜੀਤ ਨਾਗਰਾ ਤੇ ਹੋਰ ਭੈਣਾਂ ਵਲੋਂ ਇੱਕ ਗਰੁੱਪ ਗੀਤ ਗਾਇਆ ਗਿਆ। ਦਲਜੀਤ ਕਲਿਆਣਪੁਰੀ ਨੇ ਕਾਮਾਗਾਟਾਮਾਰੂ ਨੂੰ ਸਮਰਪਤ ਇੱਕ ਕਵਿਤਾ ਸਾਂਝੀ ਕੀਤੀ। ਤਰਕਸ਼ੀਲ ਸੁਸਾਇਟੀ, ਪੰਜਾਬ ਦੇ ਕੌਮੀ ਤੇ ਕੌਮਾਂਤਰੀ ਮਾਮਲਿਆਂ ਦੇ ਮੁਖੀ ਬਲਵਿੰਦਰ ਬਰਨਾਲਾ ਨੇ ਸ਼ਮੂਲੀਅਤ ਕਰਕੇ ਸ਼ਹੀਦਾਂ ਦਾ ਸਹੀ ਸੁਨੇਹਾ ਤਰਕ ਦੀ ਕਸਵੱਟੀ ਤੇ ਉਤਰਨ ਦਾ ਅਤੇ ਖੇਡ ਮੇਲੇ ਦੇ ਭਰਭੂਰ ਇਕੱਠ ਦੀ ਲੋਕਾਂ ਨਾਲ ਖੁਸ਼ੀ ਜ਼ਾਹਰ ਕੀਤੀ।ਸਾਡੀ ਕਮਿਊਨਿਟੀ ਦਾ ਮਾਣ ਉਹ ਖਿਡਾਰੀ ਜਿਨ੍ਹਾਂ ਨੇ ਤਗ਼ਮੇ ਜਿੱਤ ਕੇ ਆਪਣਾ ਤੇ ਕਮਿਊਨਿਟੀ ਦਾ ਨਾਂ ਉੱਚਾ ਕੀਤਾ ਹੈ ਉਹਨਾਂ ਨੂੰ ਸਨਮਾਨਤ ਕੀਤਾ ਗਿਆ।ਅਮਰੀਕਾ ਤੋਂ ਆਏ ਮਸ਼ਹੂਰ ਹਾਕੀ ਖਿਡਾਰੀ ਬੂਟਾ ਸਿੰਘ ਜੋਹਲ ਤੇ ਉਸਦੇ ਸਾਥੀ ਖਿਡਾਰੀ, ਕਨੇਡਾ ਦੀ ਸੌਕਰ ਨੈਸ਼ਨਲ ਟੀਮ (ਕੁੜੀਆਂ) ਜਾਸਮਿਨ ਢੰਡਾ, ਪ੍ਰਿਆ ਸੰਧੂ, ਅਮਨ ਸ਼ੇਰਗਿੱਲ, ਸਿਮਰਨ ਧਾਲੀਵਾਲ, ਰੀਤੂ ਜੋਹਲ ਤੇ ਜਾਸਮਿਨ ਮੰਡੇਰ ਤੇ ਉਹਨਾਂ ਦੇ ਕੋਚ ਜੱਸੀ ਸਾਈਮਨਜ਼ ਅਤੇ ਨੈਸ਼ਨਲ ਟੀਮ ਵਿੱਚ ਚੁਣੇ ਜਾਣ ਵਾਲੇ ਯੁਵਰਾਜ ਕੂਨਰ ਨੂੰ, ਰੈਸਲਿੰਗ ਵਿੱਚ ਸਨੀ ਢੀਂਡਸਾ ਤੇ ਅਮ੍ਰਿਤ ਬਿਨਿੰਗ ਨੂੰ ਤਗ਼ਮੇ ਜਿੱਤ ਕੇ ਲਿਆਉਣ ਲਈ, ਵੇਟ੍ਹ ਲਿਫਟਿੰਗ ਵਿਚੋਂ ਜੂਨੀਅਰ ਵਰਲਡ ਚੈਂਪੀਅਨ ਹੈਲੀਨਾ ਬਿਲਨ ਤੇ ਪ੍ਰਭਦੀਪ ਸੰਘੇੜਾ ਨੂੰ ਸਨਮਾਨਤ ਕੀਤਾ ਗਿਆ।ਇਸੇ ਤਰ੍ਹਾਂ ਸੀਨੀਅਰ ਦੌੜਾਕ ਐਂਡੀ ਆਦਮੀ, ਬੀਬੀ ਮਾਨ ਕੌਰ ਤੇ ਸੇਵਾ ਬਰਿੰਗ ਅਤੇ ਗਰੇ ਹਾਊਂਡ ਕਲੱਬ ਦੇ ਕੋਚ ਹੈਰਲਡ ਮੈਰੀਓਕਾ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਬਣਦਾ ਸਤਿਕਾਰ ਦਿੱਤਾ ਗਿਆ।ਬੂਟਾ ਸਿੰਘ, ਸ਼ੀਰੀ ਪਹਿਲਵਾਨ ਅਤੇ ਮੱਖਣ ਸੰਧੂ ਨੇ ਮੇਲੇ ਦੇ ਸਾਰੇ ਪ੍ਰਬੰਧ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਅਜਿਹਾ ਇੱਕੋ ਇੱਕ ਖੇਡ ਮੇਲਾ ਹੈ ਜਿੱਥੇ ਮੁਕਾਬਲੇ ਦੀ ਨਹੀਂ ਸਗੋਂ ਸਾਰੇ ਭਾਈ ਚਾਰਿਆਂ ਵਿੱਚ ਇੱਕ ਪਿਆਰ ਦੀ ਭਾਵਨਾ ਨੂੰ ਬੱਚਿਆਂ ਵਿੱਚ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਇਸ ਖੇਡ ਮੇਲੇ ਵਿੱਚ ਸੌਕਰ ਦੀਆਂ 30 ਟੀਮਾਂ ਨੇ, ਵਾਲੀਵਾਲ ਦੀਆਂ 6 ਟੀਮਾਂ ਨੇ, ਬਾਸਕਟਵਾਲ ਦੀਆਂ 4 ਟੀਮਾਂ, 250 ਕੁਸ਼ਤੀ ਖਿਡਾਰੀਆਂ ਨੇ, 15 ਭਾਰ ਚੁੱਕਣ ਵਾਲੇ ਖਿਡਾਰੀਆਂ (ਮੁੰਡੇ ਤੇ ਕੁੜੀਆਂ ਸਮੇਤ) ਨੇ ਅਤੇ ਇਸ ਤੋਂ ਇਲਾਵਾ ਦੌੜਾਂ ਵਿੱਚ ਔਰਤਾਂ ਤੇ ਛੋਟੇੇ ਬੱਚਿਆਂ ਨੇ ਭਾਗ ਲਿਆ। ਜਿੱਥੇ ਇਸ ਪ੍ਰੋਗਰਾਮ ਨੂੰ ਤਰਤੀਬਵੱਧ ਕਰਨ ਲਈ ਪ੍ਰਬੰਧਕਾਂ ਨੇ ਸਿਰਤੋੜ ਯਤਨ ਕੀਤੇ ਉੱਥੇ ਸੌਕਰ ਟੀਮਾਂ ਦੇ ਪ੍ਰਬੰਧਕ ਮੌਂਟੀ ਬੌਲ ਤੇ ਜਸਵੀਰ ਪੁਰੇਵਾਲ, ਵੇਟ ਲਿਫਟਰ ਪ੍ਰਬੰਧਕ ਮੱਖਣ ਸੰਧੂ, ਕੁਸ਼ਤੀਆਂ ਮੁਕਾਬਲੇ ਦੇ ਜੈਸੀ ਪੁਰੇਵਾਲ, ਗੁਰਮੇਲ ਥਾਂਦੀ ਤੇ ਕ੍ਰਿਪਾਲ ਬੈਂਸ, ਵਾਲੀਵਾਲ ਦੇ ਜੱਗਾ ਬਾਸੀ ਤੇ ਜਸਵੰਤ ਬੈਂਸ ਅਤੇ ਫੂਡ ਕੋਰਟ ਦਾ ਸਾਰਾ ਪ੍ਰਬੰਧ ਹਰਬੰਸ ਕੌਰ ਪੁਰੇਵਾਲ, ਭੁਪਿੰਦਰ ਪੁਰੇਵਾਲ, ਸੋਹਣ ਮਾਨ ਤੇ ਹੋਰ ਸਾਥੀਆਂ ਨੇ ਪੂਰੀ ਜੁੰਮੇਵਾਰੀ ਨਾਲ ਨਿਭਾਇਆ। ਜਿੰਨੇ ਵੀ ਖਿਡਾਰੀਆਂ ਨੇ ਹਿੱਸਾ ਲਿਆ ਉਹਨਾਂ ਨੂੰ ਗ਼ਦਰ ਲਹਿਰ ਦੇ ਸ਼ਹੀਦਾਂ ਦੀ ਫੋਟੋ ਵਾਲੇ ਲੋਗੋ ਵਾਲੀ ਟੀ-ਸ਼ਰਟ, ਮੈਡਲ ਤੇ ਟਰੌਫੀਆਂ ਨਾਲ ਸਨਮਾਨਿਆ ਗਿਆ। ਇਹਨਾਂ ਦਾ ਸਾਰਾ ਪ੍ਰਬੰਧ ਇਕਬਾਲ ਪੁਰੇਵਾਲ ਨੇ ਬਹੁਤ ਹੀ ਸਲੀਕੇ ਨਾਲ ਕੀਤਾ।ਇਸ ਖੇਡ ਮੇਲੇ ਵਿੱਚ ਸਾਰੀਆਂ ਕਮਿਊਨਿਟੀਆਂ ਦੇ ਛੋਟੇ ਬੱਚਿਆਂ, ਬਜ਼ੁਰਗਾਂ, ਔਰਤਾਂ ਤੇ ਮਰਦਾਂ ਦੀ ਸਮੁੱਚੀ ਸਾਂਝੀ ਸ਼ਮੂਲੀਅਤ ਸੀ।ਵੰਨ ਸੁਵੰਨੇ ਖਾਣਿਆਂ ਨਾਲ ਲੋਕਾਂ ਨੇ ਇਸ ਖੇਡ ਮੇਲੇ ਅਰਥਾਤ ਪਿਕਨਿਕ ਦੇ ਵਿੱਚ ਹਾਜ਼ਰੀ ਦੇ ਕੇ ਇੱਕ ਪਰਿਵਾਰਕ ਮਾਹੌਲ ਪੈਦਾ ਕੀਤਾ। ਤਕਰੀਬਨ 2600 ਲੋਕ ਇਸ ਗ਼ਦਰੀ ਬਾਬਿਆਂ ਦੇ ਖੇਡ ਮੇਲੇ ਵਿੱਚੋਂ ਆਪਦੀਆਂ ਅਗਾਂਹਵਧੂ ਰੁਚੀਆਂ ਵਾਪਸ ਲੈ ਕੇ ਅਗਲੇ ਸਾਲ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਵਾਇਦਾ ਕਰਕੇ ਆਏ।ਸਾਰੀ ਐਡਜੈਕਟਿਵ ਕਮੇਟੀ ਇਸ ਮੇਲੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ, ਵਲੰਟੀਅਰਾਂ, ਮੀਡੀਆ ਸ਼ਖ਼ਸੀਅਤਾਂ, ਸੰਪੌਂਸਰਾਂ ਅਤੇ ਰੌਣਕ ਵਧਾਉਣ ਵਾਲੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿਨ੍ਹਾਂ ਦਾ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਵਡਮੁੱਲਾ ਹਿੱਸਾ ਹੈ।